ਪ੍ਰਧਾਨ ਮੰਤਰੀ ਦਫਤਰ

‘ਜਲਵਾਯੂ ਅਨੁਕੂਲਨ ਸਿਖ਼ਰ–ਸੰਮੇਲਨ 2021’ ਸਮੇਂ ਪ੍ਰਧਾਨ ਮੰਤਰੀ ਦਾ ਸੰਬੋਧਨ

Posted On: 25 JAN 2021 8:50PM by PIB Chandigarh

ਮਹਾਮਹਿਮਜਨ,

 

ਭਾਰਤ ‘ਜਲਵਾਯੂ ਅਨੁਕੂਲਨ ਸਿਖ਼ਰ–ਸੰਮੇਲਨ’ ਦਾ ਸੁਆਗਤ ਕਰਦਾ ਹੈ ਤੇ ਇਸ ਕਾਰਜ ਲਈ ਪ੍ਰਧਾਨ ਮੰਤਰੀ ਮਾਰਕ ਰੱਤੇ ਦੀ ਲੀਡਰਸ਼ਿਪ ਦੀ ਸ਼ਲਾਘਾ ਕਰਦਾ ਹੈ।

 

ਜਲਵਾਯੂ ਅਨੁਕੂਲਨ ਪਹਿਲਾਂ ਨਾਲੋਂ ਅੱਜ ਕਿਤੇ ਜ਼ਿਆਦਾ ਅਹਿਮ ਹੈ।

 

ਅਤੇ ਇਹ ਭਾਰਤ ਦੀਆਂ ਵਿਕਾਸ ਕੋਸ਼ਿਸ਼ਾਂ ਦਾ ਇੱਕ ਮੁੱਖ ਤੱਤ ਹੈ।

 

ਅਸੀਂ ਆਪਣੇ ਨਾਲ ਇਹ ਵਾਅਦੇ ਕੀਤੇ ਹਨ ਕਿ:

 

  • ਅਸੀਂ ਪੈਰਿਸ ਸਮਝੌਤੇ ਦੇ ਟੀਚੇ ਸਿਰਫ਼ ਪ੍ਰਾਪਤ ਹੀ ਨਹੀਂ ਕਰਾਂਗੇ, ਬਲਕਿ ਉਨ੍ਹਾਂ ਤੋਂ ਅਗਾਂਹ ਨਿਕਲਾਂਗੇ;

 

  • ਅਸੀਂ ਵਾਤਾਵਰਣ ਨੂੰ ਸਿਰਫ਼ ਹੋਰ ਖੋਰਾ ਲਗਣ ਤੋਂ ਬਚਾਵਾਂਗੇ ਹੀ ਨਹੀਂ, ਸਗੋਂ ਇਸ ਪ੍ਰਕਿਰਿਆ ਨੂੰ ਪਲਟ ਦੇਵਾਂਗੇ; ਅਤੇ

 

  • ਅਸੀਂ ਸਿਰਫ਼ ਨਵੀਆਂ ਸਮਰੱਥਾਵਾਂ ਦਾ ਨਿਰਮਾਣ ਹੀ ਨਹੀਂ ਕਰਾਂਗੇ, ਬਲਕਿ ਉਨ੍ਹਾਂ ਨੂੰ ਵਿਸ਼ਵ ਦੀ ਭਲਾਈ ਦੇ ਏਜੰਟ ਬਣਾਵਾਂਗੇ।

 

ਸਾਡੇ ਕਾਰਜ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।

 

ਅਸੀਂ 2030 ਤੱਕ 450 ਗੀਗਾਵਟ ਤੱਕ ਦੀ ਅਖੁੱਟ ਊਰਜਾ ਸਮਰੱਥਾ ਹਾਸਲ ਕਰਨ ਦਾ ਟੀਚਾ ਮਿੱਥਿਆ ਹੈ।

 

ਅਸੀਂ ਐੱਲਈਡੀ ਲਾਈਟਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਅਤੇ ਹਰ ਸਾਲ ਕਾਰਬਨ ਡਾਈਆਕਸਾਈਡ ਦੀ 3.80 ਕਰੋੜ ਟਨ ਸਲਾਨਾ ਨਿਕਾਸੀ ਹੋਣ ਤੋਂ ਬਚਾਅ ਕਰ ਰਹੇ ਹਾਂ।

 

ਅਸੀਂ 2030 ਤੱਕ 2.60 ਕਰੋੜ ਹੈਕਟੇਅਰ ਬੰਜਰ ਜ਼ਮੀਨ ਨੂੰ ਬਹਾਲ ਕਰਨ ਜਾ ਰਹੇ ਹਾਂ।

 

ਅਸੀਂ ਪਿੰਡਾਂ ਦੇ 8 ਕਰੋੜ ਪਰਿਵਾਰਾਂ ਨੂੰ ਖਾਣਾ ਪਕਾਉਣ ਲਈ ਸਵੱਛ ਈਂਧਣ ਮੁਹੱਈਆ ਕਰਵਾ ਰਹੇ ਹਾਂ।

 

ਅਸੀਂ 6.40 ਕਰੋੜ ਪਰਿਵਾਰਾਂ ਨੂੰ ਪਾਈਪ–ਯੁਕਤ ਜਲ–ਸਪਲਾਈ ਨਾਲ ਜੋੜ ਰਹੇ ਹਾਂ।

 

ਅਤੇ, ਸਾਡੀਆਂ ਪਹਿਲਾਂ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਹਨ।

 

‘ਇੰਟਰਨੈਸ਼ਨਲ ਸੋਲਰ ਅਲਾਇੰਸ’ ਅਤੇ ‘ਕੁਲੀਸ਼ਨ ਫ਼ਾਰ ਡਿਜ਼ਾਸਟਰ ਰੀਜ਼ੀਲੀਅੰਟ ਇਨਫ੍ਰਾਸਟਰਕਚਰ’ ਆਲਮੀ ਜਲਵਾਯੂ ਭਾਈਵਾਲੀ ਦੀ ਤਾਕਤ ਨੂੰ ਦਰਸਾਉਂਦੇ ਹਨ।

 

ਮੈਂ ‘ਗਲੋਬਲ ਕਮਿਸ਼ਨ ਔਨ ਐਡਾਪਟੇਸ਼ਨ’ (ਅਨੁਕੂਲਨ ਲਈ ਵਿਸ਼ਵ ਕਮਿਸ਼ਨ) ਨੂੰ ਪੂਰੀ ਦੁਨੀਆ ਵਿੱਚ ਝੱਲਣ ਵਾਲੇ ਮਜ਼ਬੂਤ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨ ਲਈ ਸੀਡੀਆਰਆਈ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹਾਂ।

 

ਅਤੇ, ਮੈਂ ਤੁਹਾਨੂੰ ਸਭ ਨੂੰ ਇਸ ਵਰ੍ਹੇ ਬਾਅਦ ‘ਚ ਭਾਰਤ ਵਿੱਚ ਹੋਣ ਵਾਲੀ ‘ਡਿਜ਼ਾਸਟਰ ਰੀਜ਼ੀਲੀਅੰਟ ਇਨਫ੍ਰਾਸਟਰਕਚਰ’ ਉੱਤੇ ਤੀਸਰੀ ‘ਇੰਟਰਨੈਸ਼ਨਲ ਕਾਨਫਰ਼ੰਸ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ।

 

ਮਹਾਮਹਿਮਜਨ,

 

ਭਾਰਤ ਦੀਆਂ ਸੱਭਿਅਕ ਕਦਰਾਂ–ਕੀਮਤਾਂ ਸਾਨੂੰ ਕੁਦਰਤ ਨਾਲ ਇੱਕਮਿੱਕ ਹੋ ਕੇ ਜੀਵਨ ਜਿਊਣ ਦਾ ਮਹੱਤਵ ਸਿਖਾਉਂਦੀਆਂ ਹਨ।

 

ਸਾਡਾ ਪ੍ਰਾਚੀਨ ਧਾਰਮਿਕ–ਗ੍ਰੰਥ ਯਜੁਰਵੇਦ ਸਾਨੂੰ ਸਿਖਾਉਂਦਾ ਹੈ ਕਿ ਧਰਤੀ ਨਾਲ ਸਾਡਾ ਰਿਸ਼ਤਾ ਮਾਂ ਤੇ ਉਸ ਦੇ ਬੱਚੇ ਵਾਲਾ ਹੈ।

 

ਜੇ ਅਸੀਂ ਧਰਤੀ–ਮਾਂ ਦੀ ਦੇਖਭਾਲ਼ ਕਰਦੇ ਹਾਂ, ਤਾਂ ਉਹ ਸਾਨੂੰ ਨਿਰੰਤਰ ਪਾਲਦੀ–ਪੋਸਦੀ ਰਹੇਗੀ।

 

ਜਲਵਾਯੂ ਪਰਿਵਰਤਨ ਦੇ ਅਨੁਕੂਲ ਬਣਨ ਲਈ, ਸਾਡੀਆਂ ਜੀਵਨ–ਸ਼ੈਲੀਆਂ ਨੂੰ ਵੀ ਜ਼ਰੂਰ ਇਸ ਆਦਰਸ਼ ਦੇ ਅਨੁਕੂਲ ਬਣਨਾ ਹੋਵੇਗਾ।

 

ਇਸ ਭਾਵਨਾ ਨੂੰ ਸਾਡੇ ਅੱਗੇ ਵਧਣ ਲਈ ਮਾਰਗ–ਦਰਸ਼ਨ ਕਰਨਾ ਚਾਹੀਦਾ ਹੈ।

 

ਮੈਂ ਤੁਹਾਡਾ ਧੰਨਵਾਦ ਕਰਦਾ ਹਾਂ!

 

https://youtu.be/0rm4K4FH_Hc 

 

*****

 

ਡੀਐੱਸ


(Release ID: 1692432) Visitor Counter : 191