ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ 11ਵੇਂ ਰਾਸ਼ਟਰੀ ਮਤਦਾਤਾ ਦਿਵਸ ਸਮਾਰੋਹ ਵਿੱਚ ਵਰਚੁਅਲੀ ਹਿੱਸਾ ਲਿਆ

Posted On: 25 JAN 2021 12:32PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ (25 ਜਨਵਰੀ, 2021) ਭਾਰਤ ਦੇ ਚੋਣ ਕਮਿਸ਼ਨ ਦੁਆਰਾ ਆਯੋਜਿਤ ਕੀਤੇ ਜਾ ਰਹੇ 11ਵੇਂ ਰਾਸ਼ਟਰੀ ਮਤਦਾਤਾ ਦਿਵਸ ਸਮਾਰੋਹ ਵਿੱਚ ਵਰਚੁਅਲੀ ਹਿੱਸਾ ਲਿਆ ਅਤੇ ਸੰਬੋਧਨ ਕੀਤਾ। ਸਮਾਗਮ ਦੌਰਾਨ ਰਾਸ਼ਟਰਪਤੀ ਨੇ ਸਾਲ 2020-21 ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਅਤੇ ਭਾਰਤ ਚੋਣ ਕਮਿਸ਼ਨ ਦੇ ਵੈੱਬ ਰੇਡੀਓ: ‘ਹੈਲੋ ਵੋਟਰਸ’ - ਇੱਕ ਔਨਲਾਈਨ ਡਿਜੀਟਲ ਰੇਡੀਓ ਸੇਵਾ ਦੀ ਸ਼ੁਰੂਆਤ ਵੀ ਕੀਤੀ।

 

ਇਸ ਮੌਕੇ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰੀ ਮਤਦਾਤਾ ਦਿਵਸ ‘ਤੇ ਉਹ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਸਾਨੂੰ ਹਮੇਸ਼ਾ ਵੋਟ ਦੇ ਮਹੱਤਵਪੂਰਨ ਅਧਿਕਾਰ ਦਾ ਸਨਮਾਨ ਕਰਨਾ ਚਾਹੀਦਾ ਹੈ। ਵੋਟ ਪਾਉਣ ਦਾ ਅਧਿਕਾਰ ਕੋਈ ਸਧਾਰਨ ਅਧਿਕਾਰ ਨਹੀਂ ਹੈ; ਦੁਨੀਆ ਭਰ ਦੇ ਲੋਕਾਂ ਨੇ ਇਸ ਲਈ ਬਹੁਤ ਸੰਘਰਸ਼ ਕੀਤਾ ਹੈ। ਆਜ਼ਾਦੀ ਤੋਂ ਬਾਅਦ ਸਾਡੇ ਸੰਵਿਧਾਨ ਨੇ ਯੋਗਤਾ, ਧਰਮ, ਨਸਲ, ਜਾਤ ਦੇ ਅਧਾਰ 'ਤੇ ਬਿਨਾ ਕਿਸੇ ਭੇਦਭਾਵ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਵੋਟਿੰਗ ਦੇ ਅਧਿਕਾਰ ਦਿੱਤੇ ਹਨ। ਇਸ ਲਈ ਅਸੀਂ ਆਪਣੇ ਸੰਵਿਧਾਨ ਦੇ ਨਿਰਮਾਤਾਵਾਂ ਦੇ ਰਿਣੀ ਹਾਂ। 

 

ਰਾਸ਼ਟਰਪਤੀ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਮੁੱਖ ਆਰਕੀਟੈਕਟ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਵੋਟ ਦੇ ਅਧਿਕਾਰ ਨੂੰ ਸਰਬਉੱਤਮ ਮੰਨਦੇ ਹਨ। ਇਸ ਲਈ ਇਹ ਸਾਡੀ ਸਾਰਿਆਂ ਦੀ, ਖ਼ਾਸ ਕਰਕੇ ਸਾਡੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ, ਜਿਨ੍ਹਾਂ ਨੂੰ ਪਹਿਲੀ ਵਾਰ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਹੋਇਆ ਹੈ,ਕਿ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਅਧਿਕਾਰ ਦਾ ਇਸਤੇਮਾਲ ਕਰਨ ਅਤੇ ਦੂਸਰਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ।

 

ਕੋਵਿਡ-19 ਮਹਾਮਾਰੀ ਦੌਰਾਨ ਪਿਛਲੇ ਸਾਲ ਬਿਹਾਰ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਆਯੋਜਿਤ ਸਫਲ ਅਤੇ ਸੁਰੱਖਿਅਤ ਚੋਣਾਂ ਲਈ ਭਾਰਤ ਦੇ ਚੋਣ ਕਮਿਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਲੋਕਤੰਤਰ ਦੀ ਵਿਲੱਖਣ ਪ੍ਰਾਪਤੀ ਹੈ। ਉਹ ਇਹ ਜਾਣ ਕੇ ਖੁਸ਼ ਹੋਏ ਕਿ ਚੋਣ ਕਮਿਸ਼ਨ ਨੇ ਨਿਰਵਿਘਨ, ਸਮਾਵੇਸ਼ੀ ਅਤੇ ਸੁਰੱਖਿਅਤ ਚੋਣਾਂ ਕਰਵਾਉਣ ਲਈ ਕਈ ਨਵੇਂ ਢੁਕਵੇਂ ਅਤੇ ਸਮੇਂ ਸਿਰ ਕਦਮ ਉਠਾਏ ਹਨ।

 

ਰਾਸ਼ਟਰੀ ਮਤਦਾਤਾ ਦਿਵਸ 2011 ਤੋਂ ਲੈ ਕੇ ਹੁਣ ਤੱਕ ਹਰ ਸਾਲ 25 ਜਨਵਰੀ ਨੂੰ ਭਾਰਤ ਦੇ ਚੋਣ ਕਮਿਸ਼ਨ ਦੇ ਸਥਾਪਨਾ ਦਿਵਸ ਯਾਨੀ ਕਿ 25 ਜਨਵਰੀ, 1950 ਨੂੰ ਮਨਾਉਣ ਲਈ ਪੂਰੇ ਦੇਸ਼ ਵਿਚ ਮਨਾਇਆ ਜਾਂਦਾ ਹੈ। ਰਾਸ਼ਟਰੀ ਮਤਦਾਤਾ ਦਿਵਸ ਸਮਾਰੋਹ ਦਾ ਮੁੱਖ ਉਦੇਸ਼, ਖ਼ਾਸ ਕਰਕੇ ਨਵੇਂ ਵੋਟਰਾਂ ਨੂੰ ਨਾਮਾਂਕਨ ਕਰਵਾਉਣ ਲਈ ਵੱਧ ਤੋਂ ਵੱਧ ਉਤਸ਼ਾਹਿਤ ਕਰਨਾ ਅਤੇ ਸੁਵਿਧਾ ਦੇਣੀ ਹੈ। ਦੇਸ਼ ਦੇ ਵੋਟਰਾਂ ਨੂੰ ਸਮਰਪਿਤ, ਇਸ ਦਿਨ ਦੀ ਵਰਤੋਂ ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਚੋਣ ਪ੍ਰਕਿਰਿਆ ਵਿੱਚ ਸੂਚਿਤ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਹੈ।

 

ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

***

ਡੀਐੱਸ/ਐੱਸਐੱਚ/ਏਕੇ



(Release ID: 1692137) Visitor Counter : 168