ਪ੍ਰਧਾਨ ਮੰਤਰੀ ਦਫਤਰ
ਆਤਮਨਿਰਭਰ ਭਾਰਤ ਮਾਤਰਾ ਤੇ ਗੁਣਵੱਤਾ ਦੋਵਾਂ ਬਾਰੇ ਹੈ: ਪ੍ਰਧਾਨ ਮੰਤਰੀ
ਮੈਟ੍ਰੋਲੋਜੀ ਵਿਸ਼ਵ ’ਚ ਸਾਡੀ ਸਥਿਤੀ ਦੇ ਸ਼ੀਸ਼ੇ ਵਾਂਗ ਹੈ: ਪ੍ਰਧਾਨ ਮੰਤਰੀ
प्रविष्टि तिथि:
04 JAN 2021 5:10PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ‘ਆਤਮਨਿਰਭਰ ਭਾਰਤ’ ਮਾਤਰਾ ਦੇ ਨਾਲ–ਨਾਲ ਗੁਣਵੱਤਾ ਬਾਰੇ ਵੀ ਹੈ। ਉਹ ‘ਨੈਸ਼ਨਲ ਮੈਟ੍ਰੋਲੋਜੀ ਕਨਕਲੇਵ 2021’ ਮੌਕੇ ਬੋਲ ਰਹੇ ਸਨ, ਜਿੱਥੇ ਉਨ੍ਹਾਂ ਅੱਜ ਵੀਡੀਓ ਕਾਨਫ਼ਰੰਸ ਜ਼ਰੀਏ ‘ਨੈਸ਼ਨਲ ਐਟੌਮਿਕ ਟਾਈਮ–ਸਕੇਲ’ (ਰਾਸ਼ਟਰੀ ਪ੍ਰਮਾਣੂ ਟਾਈਮ–ਸਕੇਲ) ਅਤੇ ‘ਭਾਰਤੀਯ ਨਿਰਦੇਸ਼ਕ ਦ੍ਰਵਯ ਪ੍ਰਣਾਲੀ’ ਰਾਸ਼ਟਰ ਨੂੰ ਸਮਰਪਿਤ ਕੀਤੇ ਤੇ ‘ਰਾਸ਼ਟਰੀ ਵਾਤਾਵਰਣਕ ਮਾਪਦੰਡ ਲੈਬੋਰੇਟਰੀ’ (ਨੈਸ਼ਨਲ ਇਨਵਾਇਰਨਮੈਂਟਲ ਸਟੈਂਡਰਡਸ ਲੈਬੋਰੇਟਰੀ) ਦਾ ਨੀਂਹ–ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਕਿਹਾ, ‘ਸਾਡਾ ਉਦੇਸ਼ ਸੰਸਾਰ ਦੇ ਬਜ਼ਾਰਾਂ ਨੂੰ ਸਿਰਫ਼ ਭਾਰਤੀ ਉਤਪਾਦਾਂ ਨਾਲ ਭਰ ਦੇਣਾ ਹੀ ਨਹੀਂ ਹੈ, ਬਲਕਿ ਅਸੀਂ ਲੋਕਾਂ ਦੇ ਦਿਲ ਵੀ ਜਿੱਤਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਰਤੀ ਉਤਪਾਦਾਂ ਦੀ ਵਿਸ਼ਵ ਵਿੱਚ ਵਧੇਰੇ ਮੰਗ ਤੇ ਪ੍ਰਵਾਨਗੀ ਹੋਵੇ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਦਹਾਕਿਆਂ ਤੱਕ ਭਾਰਤ ਗੁਣਵੱਤਾ ਤੇ ਮਾਪਨ ਦੇ ਵਿਦੇਸ਼ੀ ਮਾਪਦੰਡਾਂ ਉੱਤੇ ਨਿਰਭਰ ਰਿਹਾ। ਪਰ ਹੁਣ ਭਾਰਤ ਦੀ ਗਤੀ, ਪ੍ਰਗਤੀ, ਉਭਾਰ, ਅਕਸ ਤੇ ਦੇਸ਼ ਦੀ ਤਾਕਤ ਦਾ ਫ਼ੈਸਲਾ ਸਾਡੇ ਆਪਣੇ ਖ਼ੁਦ ਦੇ ਮਾਪਦੰਡਾਂ ਅਨੁਸਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਾਪਣ ਦਾ ਵਿਗਿਆਨ ਮੈਟ੍ਰੋਲੋਜੀ ਕਿਸੇ ਵੀ ਵਿਗਿਆਨਕ ਪ੍ਰਾਪਤੀ ਲਈ ਨੀਂਹ ਵੀ ਤੈਅ ਕਰਦੀ ਹੈ। ਕੋਈ ਵੀ ਖੋਜ ਮਾਪ ਤੋਂ ਬਿਨਾ ਅੱਗੇ ਨਹੀਂ ਵਧ ਸਕਦੀ। ਸਾਡੀ ਪ੍ਰਾਪਤੀ ਨੂੰ ਵੀ ਕਿਸੇ ਪੈਮਾਨੇ ਨਾਲ ਮਾਪਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ’ਚ ਦੇਸ਼ ਦੀ ਭਰੋਸੇਯੋਗਤਾ ਉਸ ਦੇ ਮਾਪ–ਵਿਗਿਆਨ ਦੀ ਵਿਸ਼ਵਾਸਯੋਗਤਾ ਉੱਤੇ ਨਿਰਭਰ ਹੋਵੇਗੀ। ਉਨ੍ਹਾਂ ਕਿਹਾ ਕਿ ਮਾਪ–ਵਿਗਿਆਨ (ਮੈਟ੍ਰੋਲੋਜੀ) ਇੱਕ ਅਜਿਹੇ ਸ਼ੀਸ਼ੇ ਵਾਂਗ ਹੈ, ਜੋ ਵਿਸ਼ਵ ਵਿੱਚ ਸਾਡੀ ਸਥਿਤੀ, ਸੁਧਾਰ ਦੀ ਗੁੰਜਾਇਸ਼ ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮ–ਨਿਰਭਰ ਭਾਰਤ ਦਾ ਟੀਚਾ ਹਾਸਲ ਕਰਨ ਲਈ ਮਾਤਰਾ ਦੇ ਨਾਲ–ਨਾਲ ਗੁਣਵੱਤਾ ਨੂੰ ਵੀ ਚੇਤੇ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਬੇਨਤੀ ਕੀਤੀ ਕਿ ਦੁਨੀਆ ਨੂੰ ਭਾਰਤੀ ਉਤਪਾਦਾਂ ਨਾਲ ਭਰਨ ਦੀ ਥਾਂ ਉਸ ਹਰੇਕ ਗਾਹਕ ਦੇ ਦਿਲਾਂ ਨੂੰ ਜਿੱਤਿਆ ਜਾਵੇ, ਜੋ ਵੀ ਭਾਰਤੀ ਉਤਪਾਦ ਖ਼ਰੀਦੇ। ਉਨ੍ਹਾਂ ਇਹ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਕਿ ‘ਭਾਰਤ ਵਿੱਚ ਬਣੇ’ ਉਤਪਾਦਾਂ ਨਾਲ ਨਾ ਸਿਰਫ਼ ਅੰਤਰਰਾਸ਼ਟਰੀ ਮੰਗ ਦੀ ਪੂਰਤੀ ਹੁੰਦੀ ਹੈ, ਬਲਕਿ ਅੰਤਰਰਾਸ਼ਟਰੀ ਪ੍ਰਵਾਨਗੀ ਵੀ ਮਿਲਦੀ ਹੈ। ਸ਼੍ਰੀ ਮੋਦੀ ਨੇ ਕਿਹਾ,‘ਸਾਨੂੰ ਗੁਣਵੱਤਾ ਤੇ ਭਰੋਸੇਯੋਗਤਾ ਦੇ ਥੰਮ੍ਹਾਂ ਉੱਤੇ ‘ਬ੍ਰਾਂਡ ਇੰਡੀਆ’ ਨੂੰ ਮਜ਼ਬੂਤ ਕਰਨਾ ਹੋਵੇਗਾ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ‘ਭਾਰਤੀਯਾ ਨਿਰਦੇਸ਼ਕ ਦ੍ਰਵਯ’; ਇੱਕ ‘ਪ੍ਰਮਾਣਿਤ ਹਵਾਲਾ ਸਮੱਗਰੀ ਪ੍ਰਣਾਲੀ’ ਤਿਆਰ ਕਰ ਕੇ ਭਾਰੀ ਧਾਤਾਂ, ਕੀਟ–ਨਾਸ਼ਕਾਂ, ਫ਼ਾਰਮਾ ਤੇ ਟੈਕਸਟਾਈਲਸ ਜਿਹੇ ਖੇਤਰਾਂ ਵਿੱਚ ਮਿਆਰੀ ਉਤਪਾਦ ਬਣਾਉਣ ’ਚ ਮਦਦ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਉਦਯੋਗ ‘ਨਿਯੰਤ੍ਰਣ ਕੇਂਦ੍ਰਿਤ ਪਹੁੰਚ’ (ਰੈਗੂਲੇਸ਼ਨ ਸੈਂਟ੍ਰਿਕ ਐਪਰੋਚ) ਦੀ ਥਾਂ ‘ਗਾਹਕ–ਪੱਖੀ ਪਹੁੰਚ’ (ਕੰਜ਼ਿਊਮਰ ਔਰੀਐਂਟਡ ਐਪਰੋਚ) ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਮਾਪਦੰਡਾਂ ਨਾਲ ਦੇਸ਼ ਭਰ ਦੇ ਜ਼ਿਲ੍ਹਿਆਂ ਵਿੱਚ ਸਥਾਨਕ ਉਤਪਾਦਾਂ ਦੀ ਵਿਸ਼ਵ–ਪਛਾਣ ਬਣਾਉਣ ਦੀ ਇੱਕ ਮੁਹਿੰਮ ਹੈ, ਜੋ ਖ਼ਾਸ ਤੌਰ ਉੱਤੇ ਸਾਡੇ ‘ਸੂਖਮ, ਲਘੂ, ਦਰਮਿਆਨੇ ਉੱਦਮਾਂ’ ਦੇ (MSMEs) ਖੇਤਰ ਨੂੰ ਲਾਭ ਪਹੁੰਚਾਏਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਨ ਨਾਲ ਭਾਰਤ ਆਉਣ ਵਾਲੀਆਂ ਵੱਡੀਆਂ ਵਿਦੇਸ਼ੀ ਨਿਰਮਾਣ ਕੰਪਨੀਆਂ ਨੂੰ ਸਥਾਨਕ ਸਪਲਾਈ–ਚੇਨ ਲੱਭਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਰਾਮਦ ਤੇ ਦਰਾਮ ਦੋਵਾਂ ਦੀ ਗੁਣਵੱਤਾ ਦੇ ਨਵੇਂ ਮਾਪਦੰਡ ਯਕੀਨੀ ਹੋਣਗੇ। ਇਸ ਨਾਲ ਭਾਰਤ ਦੇ ਆਮ ਖਪਤਕਾਰ ਨੂੰ ਮਿਆਰੀ ਵਸਤਾਂ ਵੀ ਮੁਹੱਈਆ ਹੋਣਗੀਆਂ ਤੇ ਬਰਾਮਦਕਾਰਾਂ ਦੀਆਂ ਔਕੜਾਂ ਘਟਣਗੀਆਂ।
****
ਡੀਐੱਸ
(रिलीज़ आईडी: 1686099)
आगंतुक पटल : 232
इस विज्ञप्ति को इन भाषाओं में पढ़ें:
Urdu
,
English
,
Marathi
,
हिन्दी
,
Bengali
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam