ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨੈਸ਼ਨਲ ਮੈਟ੍ਰੋਲੋਜੀ ਕਨਕਲੇਵ ’ਚ ਉਦਘਾਟਨੀ ਭਾਸ਼ਣ ਦਿੱਤਾ


‘ਨੈਸ਼ਨਲ ਐਟੌਮਿਕ ਟਾਈਮਸਕੇਲ’ ਤੇ ‘ਭਾਰਤੀਯ ਨਿਰਦੇਸ਼ਕ ਦ੍ਰਵਯ’ ਦੇਸ਼ ਨੂੰ ਕੀਤੇ ਸਮਰਪਿਤ


ਰਾਸ਼ਟਰੀ ਵਾਤਾਵਰਣਕ ਮਾਪਦੰਡ ਲੈਬੋਰੇਟਰੀ ਦਾ ਨੀਂਹ–ਪੱਥਰ ਰੱਖਿਆ


ਸੀਐੱਸਆਈਆਰ ਨੂੰ ਬੇਨਤੀ ਕੀਤੀ ਕਿ ਵਿਦਿਆਰਥੀਆਂ ਨੂੰ ਭਵਿੱਖ ਦੇ ਵਿਗਿਆਨੀ ਬਣਨ ਲਈ ਪ੍ਰੇਰਿਤ ਕਰਨ ਵਾਸਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇ


ਭਾਰਤੀਯ ਨਿਰਦੇਸ਼ਕ ਦ੍ਰਵਯ ਦੀ ‘ਪ੍ਰਮਾਣਿਤ ਹਵਾਲਾ ਸਮੱਗਰੀ ਪ੍ਰਣਾਲੀ’ ਭਾਰਤੀ ਉਤਪਾਦਾਂ ਦਾ ਮਿਆਰ ਸੁਧਾਰਨ ’ਚ ਮਦਦ ਕਰੇਗੀ


ਵਿਗਿਆਨਕ ਭਾਈਚਾਰੇ ਨੂੰ ਵਿਗਿਆਨ, ਟੈਕਨੋਲੋਜੀ ਤੇ ਉਦਯੋਗ ਦਾ ‘ਮੁੱਲ ਸਿਰਜਣਾ ਚੱਕਰ’ ਉਤਸ਼ਾਹਿਤ ਕਰਨ ਦੀ ਦਿੱਤੀ ਸਲਾਹ


ਮਜ਼ਬੂਤ ਖੋਜ ਨਾਲ ਬ੍ਰਾਂਡ ਇੰਡੀਆ ਹੋਰ ਮਜ਼ਬੂਤ ਹੋਵੇਗਾ: ਪ੍ਰਧਾਨ ਮੰਤਰੀ

Posted On: 04 JAN 2021 1:49PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ‘ਨੈਸ਼ਨਲ ਮੈਟ੍ਰੋਲੋਜੀ ਕਨਕਲੇਵ 2021’ ਦਾ ਉਦਘਾਟਨੀ ਭਾਸ਼ਣ ਦਿੱਤਾ। ਉਨ੍ਹਾਂ ਅੱਜ ਵੀਡੀਓ ਕਾਨਫ਼ਰੰਸ ਰਾਹੀਂ ‘ਨੈਸ਼ਨਲ ਐਟੌਮਿਕ ਟਾਈਮ–ਸਕੇਲ’ (ਰਾਸ਼ਟਰੀ ਪ੍ਰਮਾਣੂ ਟਾਈਮ–ਸਕੇਲ) ਅਤੇ ‘ਭਾਰਤੀਯ ਨਿਰਦੇਸ਼ਕ ਦ੍ਰਵਯ ਪ੍ਰਣਾਲੀ’ ਰਾਸ਼ਟਰ ਨੂੰ ਸਮਰਪਿਤ ਕੀਤੇ ਤੇ ‘ਰਾਸ਼ਟਰੀ ਵਾਤਾਵਰਣਕ ਮਾਪਦੰਡ ਲੈਬੋਰੇਟਰੀ’ (ਨੈਸ਼ਨਲ ਇਨਵਾਇਰਨਮੈਂਟਲ ਸਟੈਂਡਰਡਸ ਲੈਬੋਰੇਟਰੀ) ਦਾ ਨੀਂਹ–ਪੱਥਰ ਰੱਖਿਆ। ਇਸ ਕਨਕਲੇਵ ਦਾ ਆਯੋਜਨ ‘ਕੌਂਸਲ ਆਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ–ਨੈਸ਼ਨਲ ਫ਼ਿਜ਼ੀਕਲ ਲੈਬੋਰੇਟਰੀ’ (ਸੀਐੱਸਆਈਆਰ-ਐੱਨਪੀਐੱਲ – ਵਿਗਿਆਨਕ ਤੇ ਉਦਯੋਗਿਕ ਖੋਜ ਪਰਿਸ਼ਦ–ਰਾਸ਼ਟਰੀ ਭੌਤਿਕ ਪ੍ਰਯੋਗਸ਼ਾਲਾ), ਨਵੀਂ ਦਿੱਲੀ ਵੱਲੋਂ ਆਪਣੇ 75ਵੇਂ ਸਥਾਪਨਾ–ਦਿਵਸ ਮੌਕੇ ਕਰਵਾਇਆ ਗਿਆ। ਇਸ ਕਨਕਲੇਵ ਦਾ ਵਿਸ਼ਾ ‘ਰਾਸ਼ਟਰ ਦੇ ਸਮਾਵੇਸ਼ੀ ਵਿਕਾਸ ਲਈ ਮਾਪ–ਪ੍ਰਣਾਲੀ’ (ਮੈਟ੍ਰੌਲੋਜੀ ਫ਼ਾਰ ਦ ਇਨਕਲੂਸਿਵ ਗ੍ਰੋਥ ਆਵ੍ ਦ ਨੇਸ਼ਨ) ਹੈ। ਕੇਂਦਰੀ ਮੰਤਰੀ ਡਾ. ਹਰਸ਼ ਵਰਧਨ ਤੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਡਾ. ਵਿਜੈ ਰਾਘਵਨ ਇਸ ਮੌਕੇ ਮੌਜੂਦ ਸਨ।

 

ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਇਸ ਨਵੇਂ ਸਾਲ ’ਚ ਦੋ ਭਾਰਤੀ ਕੋਵਿਡ ਵੈਕਸੀਨਾਂ ਸਫ਼ਲਤਾਪੂਰਬਕ ਵਿਕਸਿਤ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦਾ ਕੋਵਿਡ ਟੀਕਾਕਰਣ ਪ੍ਰੋਗਰਾਮ ਵਿਸ਼ਵ ’ਚ ਸਭ ਤੋਂ ਵਿਸ਼ਾਲ ਹੈ ਅਤੇ ਇਹ ਸ਼ੁਰੂ ਹੋਣ ਵਾਲਾ ਹੈ। ਉਨ੍ਹਾਂ ਦੇਸ਼ ਨੂੰ ਦਰਪੇਸ਼ ਹਰੇਕ ਚੁਣੌਤੀ ਦੇ ਹੱਲ ਲੱਭਣ ਲਈ ਸੀਐੱਸਆਈਆਰ ਸਮੇਤ ਵਿਗਿਆਨਕ ਸੰਸਥਾਨਾਂ ਦੇ ਇਕਜੁੱਟ ਹੋਣ ਦੀ ਸ਼ਲਾਘਾ ਕੀਤੀ।

 

ਪ੍ਰਧਾਨ ਮੰਤਰੀ ਨੇ ਸੀਐੱਸਆਈਆਰ ਨੂੰ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕਰਕੇ ਇਸ ਸੰਸਥਾਨ ਦੀਆਂ ਕੋਸ਼ਿਸ਼ਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਭਵਿੱਖ ’ਚ ਵਿਗਿਆਨੀ ਬਣਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਹੋਣਗੇ। ਉਨ੍ਹਾਂ ਦੇਸ਼ ਦੇ ਅਗਾਂਹ–ਵਧੂ ਵਿਕਾਸ ਵਿੱਚ CSIR NPL ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਨਕਲੇਵ ਅੱਜ ਪਿਛਲੀਆਂ ਪ੍ਰਾਪਤੀਆਂ ਤੇ ਭਵਿੱਖ ਦੀਆਂ ਚੁਣੌਤੀਆਂ ਦੇ ਹੱਲ ਲੱਭਣ ਉੱਤੇ ਵਿਚਾਰ–ਵਟਾਂਦਰਾ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਇੱਕ ਆਤਮ–ਨਿਰਭਰ ਭਾਰਤ ਬਣਾਉਣ ਲਈ ਸੰਸਥਾਨ ਨੂੰ ਅੱਗੇ ਆ ਕੇ ਨਵੇਂ ਮਾਪਦੰਡ ਤੇ ਨਿਰਦੇਸ਼–ਚਿੰਨ੍ਹ ਕਾਇਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਦੀ ਬੇਨਤੀ ਕੀਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਟਾਈਮ–ਕੀਪਰ ਸੀਐੱਸਆਈਆਰ-ਐੱਨਪੀਐੱਲ ਉੱਤੇ ਭਾਰਤ ਦਾ ਭਵਿੱਖ ਬਦਲਣ ਦੀ ਵੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਤੱਕ ਭਾਰਤ ਗੁਣਵੱਤਾ ਤੇ ਮਾਪਨ ਦੇ ਵਿਦੇਸ਼ੀ ਮਾਪਦੰਡਾਂ ਉੱਤੇ ਨਿਰਭਰ ਰਿਹਾ। ਪਰ ਹੁਣ ਭਾਰਤ ਦੀ ਗਤੀ, ਪ੍ਰਗਤੀ, ਉਭਾਰ, ਅਕਸ ਤੇ ਦੇਸ਼ ਦੀ ਤਾਕਤ ਦਾ ਫ਼ੈਸਲਾ ਸਾਡੇ ਆਪਣੇ ਖ਼ੁਦ ਦੇ ਮਾਪਦੰਡਾਂ ਅਨੁਸਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਾਪਣ ਦਾ ਵਿਗਿਆਨ ਮਾਪ–ਪ੍ਰਣਾਲੀ ਕਿਸੇ ਵੀ ਵਿਗਿਆਨਕ ਪ੍ਰਾਪਤੀ ਲਈ ਨੀਂਹ ਵੀ ਤੈਅ ਕਰਦੀ ਹੈ। ਕੋਈ ਵੀ ਖੋਜ ਮਾਪ ਤੋਂ ਬਿਨਾ ਅੱਗੇ ਨਹੀਂ ਵਧ ਸਕਦੀ। ਸਾਡੀ ਪ੍ਰਾਪਤੀ ਨੂੰ ਵੀ ਕਿਸੇ ਪੈਮਾਨੇ ਨਾਲ ਮਾਪਣਾ ਹੋਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ’ਚ ਦੇਸ਼ ਦੀ ਭਰੋਸੇਯੋਗਤਾ ਉਸ ਦੇ ਮਾਪ–ਵਿਗਿਆਨ ਦੀ ਵਿਸ਼ਵਾਸਯੋਗਤਾ ਉੱਤੇ ਨਿਰਭਰ ਹੋਵੇਗੀ। ਉਨ੍ਹਾਂ ਕਿਹਾ ਕਿ ਮਾਪ–ਵਿਗਿਆਨ (ਮੈਟ੍ਰੌਲੋਜੀ) ਇੱਕ ਅਜਿਹੇ ਸ਼ੀਸ਼ੇ ਵਾਂਗ ਹੈ, ਜੋ ਵਿਸ਼ਵ ਵਿੱਚ ਸਾਡੀ ਸਥਿਤੀ, ਸੁਧਾਰ ਦੀ ਗੁੰਜਾਇਸ਼ ਨੂੰ ਦਰਸਾਉਂਦਾ ਹੈ। ਉਨ੍ਹਾਂ ਆਤਮ–ਨਿਰਭਰ ਭਾਰਤ ਦਾ ਟੀਚਾ ਹਾਸਲ ਕਰਨ ਲਈ ਮਾਤਰਾ ਦੇ ਨਾਲ–ਨਾਲ ਗੁਣਵੱਤਾ ਨੂੰ ਵੀ ਚੇਤੇ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਬੇਨਤੀ ਕੀਤੀ ਕਿ ਦੁਨੀਆ ਨੂੰ ਭਾਰਤੀ ਉਤਪਾਦਾਂ ਨਾਲ ਭਰਨ ਦੀ ਥਾਂ ਉਸ ਹਰੇਕ ਗਾਹਕ ਦੇ ਦਿਲਾਂ ਨੂੰ ਜਿੱਤਿਆ ਜਾਵੇ, ਜੋ ਵੀ ਭਾਰਤੀ ਉਤਪਾਦ ਖ਼ਰੀਦੇ। ਉਨ੍ਹਾਂ ਇਹ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਕਿ ‘ਭਾਰਤ ਵਿੱਚ ਬਣੇ’ ਉਤਪਾਦਾਂ ਨਾਲ ਨਾ ਸਿਰਫ਼ ਅੰਤਰਰਾਸ਼ਟਰੀ ਮੰਗ ਦੀ ਪੂਰਤੀ ਹੁੰਦੀ ਹੈ, ਬਲਕਿ ਅੰਤਰਰਾਸ਼ਟਰੀ ਪ੍ਰਵਾਨਗੀ ਵੀ ਮਿਲਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਰਾਸ਼ਟਰ ਨੂੰ ਸਮਰਪਿਤ ਕੀਤਾ ‘ਭਾਰਤੀਯ ਨਿਰਦੇਸ਼ਕ ਦ੍ਰਵਯ’; ਇੱਕ ‘ਪ੍ਰਮਾਣਿਤ ਹਵਾਲਾ ਸਮੱਗਰੀ ਪ੍ਰਣਾਲੀ’ ਤਿਆਰ ਕਰ ਕੇ ਭਾਰੀ ਧਾਤਾਂ, ਕੀਟ–ਨਾਸ਼ਕਾਂ, ਫ਼ਾਰਮਾ ਤੇ ਟੈਕਸਟਾਈਲਜ਼ ਜਿਹੇ ਖੇਤਰਾਂ ਵਿੱਚ ਮਿਆਰੀ ਉਤਪਾਦ ਬਣਾਉਣ ’ਚ ਮਦਦ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਉਦਯੋਗ ‘ਨਿਯੰਤ੍ਰਣ ਕੇਂਦ੍ਰਿਤ ਪਹੁੰਚ’ (ਰੈਗੂਲੇਸ਼ਨ ਸੈਂਟ੍ਰਿਕ ਐਪਰੋਚ) ਦੀ ਥਾਂ ‘ਗਾਹਕ–ਪੱਖੀ ਪਹੁੰਚ’ (ਕੰਜ਼ਿਊਮਰ ਔਰੀਐਂਟਡ ਐਪਰੋਚ) ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਮਾਪਦੰਡਾਂ ਨਾਲ ਦੇਸ਼ ਭਰ ਦੇ ਜ਼ਿਲ੍ਹਿਆਂ ਵਿੱਚ ਸਥਾਨਕ ਉਤਪਾਦਾਂ ਦੀ ਵਿਸ਼ਵ–ਪਛਾਣ ਬਣਾਉਣ ਦੀ ਇੱਕ ਮੁਹਿੰਮ ਹੈ, ਜੋ ਖ਼ਾਸ ਤੌਰ ਉੱਤੇ ਸਾਡੇ ‘ਸੂਖਮ, ਲਘੂ, ਦਰਮਿਆਨੇ ਉੱਦਮਾਂ’ ਦੇ (MSMEs) ਖੇਤਰ ਨੂੰ ਲਾਭ ਪਹੁੰਚਾਏਗੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਨ ਨਾਲ ਭਾਰਤ ਆਉਣ ਵਾਲੀਆਂ ਵੱਡੀਆਂ ਵਿਦੇਸ਼ੀ ਨਿਰਮਾਣ ਕੰਪਨੀਆਂ ਨੂੰ ਸਥਾਨਕ ਸਪਲਾਈ ਚੇਨ ਲੱਭਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਬਰਾਮਦ ਤੇ ਦਰਾਮ ਦੋਵਾਂ ਦੀ ਗੁਣਵੱਤਾ ਦੇ ਨਵੇਂ ਮਾਪਦੰਡ ਯਕੀਨੀ ਹੋਣਗੇ। ਇਸ ਨਾਲ ਭਾਰਤ ਦੇ ਆਮ ਖਪਤਕਾਰ ਨੂੰ ਮਿਆਰੀ ਵਸਤਾਂ ਵੀ ਮੁਹੱਈਆ ਹੋਣਗੀਆਂ ਤੇ ਬਰਾਮਦਕਾਰਾਂ ਦੀਆਂ ਔਕੜਾਂ ਘਟਣਗੀਆਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸਿਕ ਤੌਰ ’ਤੇ ਕਿਸੇ ਵੀ ਦੇਸ਼ ਦੀ ਪ੍ਰਗਤੀ ਦਾ ਵਿਗਿਆਨ ਨੂੰ ਉਤਸ਼ਾਹਿਤ ਕਰਨ ਦੀ ਉਸ ਦੀ ਕੋਸ਼ਿਸ਼ ਨਾਲ ਪਰਸਪਰ ਸਬੰਧ ਰਿਹਾ ਹੈ। ਉਨ੍ਹਾਂ ਇਸ ਨੂੰ ਵਿਗਿਆਨ, ਟੈਕਨੋਲੋਜੀ ਤੇ ਉਦਯੋਗ ਦਾ ‘ਮੁੱਲ ਸਿਰਜਣਾ ਚੱਕਰ’ (ਵੈਲਿਊ ਕ੍ਰੀਏਸ਼ਨ ਸਾਈਕਲ) ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਵਿਸਥਾਰ ’ਚ ਜਾਂਦਿਆਂ ਕਿਹਾ ਕਿ ਇੱਕ ਵਿਗਿਆਨਕ ਖੋਜ ਇੱਕ ਟੈਕਨੋਲੋਜੀ ਦੀ ਸਿਰਜਣਾ ਕਰਦੀ ਹੈ ਅਤੇ ਉਹ ਟੈਕਨੋਲੋਜੀ ਉਦਯੋਗ ਦਾ ਵਿਕਾਸ ਕਰਦੀ ਹੈ। ਬਦਲੇ ਵਿੱਚ ਉਦਯੋਗ ਨਵੀਂ ਖੋਜ ਲਈ ਵਿਗਿਆਨ ਵਿੱਚ ਹੋਰ ਸਰਮਾਇਆ ਲਾਉਂਦਾ ਹੈ। ਇਹ ਚੱਕਰ ਸਾਨੂੰ ਨਵੀਆਂ ਸੰਭਾਵਨਾਵਾਂ ਦੀ ਦਿਸ਼ਾ ਵਿੱਚ ਲਿਜਾਂਦਾ ਰਹਿੰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਸੀਐੱਸਆਈਆਰ-ਐੱਨਪੀਐੱਲ ਇਸ ਮੁੱਲ–ਚੱਕਰ ਨੂੰ ਅੱਗੇ ਲਿਜਾਣ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ।

 

ਜਦੋਂ ਦੇਸ਼ ਆਤਮਨਿਰਭਰ ਭਾਰਤ ਦੇ ਨਿਸ਼ਾਨੇ ਵੱਲ ਅੱਗੇ ਵਧ ਰਿਹਾ ਹੈ, ਅਜਿਹੇ ਵੇਲੇ ਵੱਡੇ ਪੱਧਰ ਉੱਤੇ ਵਿਗਿਆਨ ਦਾ ‘ਮੁੱਲ ਸਿਰਜਣਾ ਚੱਕਰ’ ਹੋਰ ਵੀ ਅਹਿਮ ਹੋ ਗਿਆ ਹੈ। ਸੀਐੱਸਆਈਆਰ ਨੂੰ ਇਸ ਵਿੱਚ ਆਪਣੀ ਭੂਮਿਕਾ ਨਿਭਾਉਣੀ ਹੋਵੇਗੀ।

 

ਪ੍ਰਧਾਨ ਮੰਤਰੀ ਨੇ ‘ਸੀਐੱਸਆਈਆਰ-ਐੱਨਪੀਐੱਲ ਨੈਸ਼ਨਲ ਐਟੌਮਿਕ ਟਾਈਮਸਕੇਲ’ ਉੱਤੇ ਖ਼ੁਸ਼ੀ ਪ੍ਰਗਟਾਈ, ਜੋ ਅੱਜ ਉਨ੍ਹਾਂ ਮਾਨਵਤਾ ਨੂੰ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਇੱਕ ਨੈਨੋ ਸੈਕੰਡ ਦੀ ਰੇਂਜ ਦੇ ਅੰਦਰ ਜਾ ਕੇ ਵੀ ਸਮਾਂ ਮਾਪਣ ਵਿੱਚ ਆਤਮ–ਨਿਰਭਰ ਹੋ ਗਾ ਹੈ।  2.8 ਨੈਨੋ ਸੈਕੰਡ ਦਾ ਸ਼ੁੱਧਤਾ–ਪੱਧਰ ਹਾਸਲ ਕਰਨਾ ਆਪਣੇ ਆਪ ’ਚ ਇੱਕ ਵੱਡੀ ਸਮਰੱਥਾ ਹੈ। ਭਾਰਤੀ ਸਟੈਂਡਰਡ ਟਾਈਮ (IST) ਹੁਣ 3 ਨੈਨੋ ਸੈਕੰਡ ਤੋਂ ਘੱਟ ਦੀ ਸ਼ੁੱਧਤਾ–ਰੇਂਜ ਨਾਲ ‘ਅੰਤਰਰਾਸ਼ਟਰੀ ਸਟੈਂਡਰਡ ਟਾਈਮ’ ਨਾਲ ਮੇਲ ਖਾਂਦਾ ਹੈ। ਇਸ ਨਾਂਲ ‘ਇਸਰੋ’ (ISRO – ਭਾਰਤੀ ਪੁਲਾੜ ਖੋਜ ਸੰਗਠਨ) ਜਿਹੇ ਸੰਗਠਨ ਨੂੰ ਵੱਡੀ ਮਦਦ ਮਿਲੇਗੀ, ਜੋ ਅਤਿ–ਆਧੁਨਿਕ ਟੈਕਨੋਲੋਜੀ ਨਾਲ ਕੰਮ ਕਰ ਰਿਹਾ ਹੈ। ਆਧੁਨਿਕ ਟੈਕਨੋਲੋਜੀ ਨਾਲ ਸਬੰਧਤ ਬੈਂਕਿੰਗ, ਰੇਲਵੇਜ਼, ਰੱਖਿਆ, ਸਿਹਤ, ਦੂਰਸੰਚਾਰ, ਮੌਸਮ ਦੀ ਭਵਿੱਖਬਾਣੀ, ਆਫ਼ਤ ਪ੍ਰਬੰਧਨ ਤੇ ਅਜਿਹੇ ਹੋਰ ਬਹੁਤ ਸਾਰੇ ਖੇਤਰਾਂ ਨੂੰ ਇਸ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਲਾਭ ਪੁੱਜੇਗਾ।

 

ਪ੍ਰਧਾਨ ਮੰਤਰੀ ਨੇ ‘ਉਦਯੋਗ 4.0’ ਵਿੱਚ ਭਾਰਤ ਦੀ ਭੂਮਿਕਾ ਮਜ਼ਬੂਤ ਕਰਨ ਵਿੱਚ ਟਾਈਮਸਕੇਲ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਭਾਰਤ ਵਾਤਾਵਰਣ ਦੇ ਖੇਤਰ ’ਚ ਇੱਕ ਮੋਹਰੀ ਸਥਿਤੀ ਵੱਲ ਅੱਗੇ ਵਧ ਰਿਹਾ ਹੈ। ਹਵਾ ਦੀ ਗੁਣਵੱਤਾ ਤੇ ਕਾਰਬਨ ਗੈਸਾਂ ਦੀ ਨਿਕਾਸੀ ਮਾਪਣ ਲਈ ਟੈਕਨੋਲੋਜੀ ਤੇ ਟੂਲਜ਼ ਲਈ ਭਾਰਤ ਹਾਲੇ ਵੀ ਹੋਰਨਾਂ ਉੱਤੇ ਨਿਰਭਰ ਹੈ। ਇਹ ਪ੍ਰਾਪਤੀ ਇਸ ਖੇਤਰ ਵਿੱਚ ਆਤਮ–ਨਿਰਭਰਤਾ ਲਿਆਵੇਗੀ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਵਧੇਰੇ ਪ੍ਰਭਾਵੀ ਤੇ ਸਸਤੇ ਟੂਲਜ਼ ਦਾ ਨਿਰਮਾਣ ਹੋਵੇਗਾ। ਇਸ ਨਾਲ ਹਵਾ ਦੀ ਗੁਣਵੱਤਾ ਤੇ ਕਾਰਬਨ ਗੈਸਾਂ ਦੀ ਨਿਕਾਸੀ ਨਾਲ ਸਬੰਧਤ ਟੈਕਨੋਲੋਜੀ ਨਾਲ ਜੁੜੀਆਂ ਹੋਰ ਟੈਕਨੋਲੋਜੀਆਂ ਲਈ ਵਿਸ਼ਵ–ਬਾਜ਼ਾਰ ਵਿੱਚ ਭਾਰਤ ਦਾ ਹਿੱਸਾ ਵੀ ਵਧੇਗਾ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਸਾਡੇ ਵਿਗਿਆਨੀਆਂ ਦੀਆਂ ਨਿਰੰਤਰ ਕੋਸ਼ਿਸ਼ਾਂ ਸਦਕਾ ਅਸੀਂ ਇਸ ਨੂੰ ਹਾਸਲ ਕਰ ਲਿਆ ਹੈ।

 

ਪ੍ਰਧਾਨ ਮੰਤਰੀ ਨੇ ਵਿਭਿੰਨ ਗਿਆਨ ਖੇਤਰਾਂ ਵਿੱਚ ਖੋਜ ਦੀ ਭੂਮਿਕਾ ਬਾਰੇ ਲੰਮੀ ਵਿਚਾਰ–ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਗਤੀਸ਼ੀਲ ਸਮਾਜ ਵਿੱਚ ਖੋਜ ਨਾ ਸਿਰਫ਼ ਇੱਕ ਕੁਦਰਤੀ ਆਦਤ ਹੈ, ਸਗੋਂ ਇੱਕ ਕੁਦਰਤੀ ਪ੍ਰਕਿਰਿਆ ਵੀ ਹੈ। ਉਨ੍ਹਾਂ ਕਿਹਾ ਕਿ ਖੋਜ ਦਾ ਅਸਰ ਵਪਾਰਕ ਜਾਂ ਸਮਾਜਕ ਹੋ ਸਕਦਾ ਹੈ ਅਤੇ ਖੋਜ ਸਾਡੇ ਗਿਆਨ ਤੇ ਸਮਝ ਨੂੰ ਵਧਾਉਣ ਵਿੱਚ ਵੀ ਮਦਦ ਕਰਦੀ ਹੈ। ਖੋਜ ਦੇ ਫ਼ੈਸਲਾਕੁੰਨ ਅੰਤਿਮ ਟੀਚੇ ਤੋਂ ਇਲਾਵਾ ਭਵਿੱਖ ਦੀਆਂ ਦਿਸ਼ਾਵਾਂ ਅਤੇ ਖੋਜ ਦੇ ਉਪਯੋਗਾਂ ਦਾ ਅਗਾਊਂ ਅਨੁਮਾਨ ਲਾਉਣਾ ਹਰ ਸਮੇਂ ਸੰਭਵ ਨਹੀਂ ਹੁੰਦਾ। ਸਿਰਫ਼ ਇਹੋ ਚੀਜ਼ ਨਿਸ਼ਚਿਤ ਹੈ ਕਿ ਖੋਜ ਗਿਆਨ ਦੇ ਨਵੇਂ ਅਧਿਆਇ ਤੱਕ ਲਿਜਾਂਦੀ ਹੈ ਤੇ ਕਦੇ ਵੀ ਅਜਾਈਂ ਨਹੀਂ ਜਾਂਦੀ। ਪ੍ਰਧਾਨ ਮੰਤਰੀ ਨੇ ਜੀਨੈਟਿਕਸ ਦੇ ਪਿਤਾਮਾ ਮੈਂਡੇਲ ਤੇ ਨਿਕੋਲਸ ਟੇਸਲਾ ਦੀਆਂ ਉਦਾਹਰਣਾਂ ਗਿਣਵਾਈਆਂ, ਜਿਨ੍ਹਾਂ ਵੱਲੋਂ ਕੀਤੇ ਕੰਮ ਦੀ ਸੰਭਾਵਨਾ ਨੂੰ ਕਾਫ਼ੀ ਬਾਅਦ ’ਚ ਜਾ ਕੇ ਮਾਨਤਾ ਮਿਲੀ ਸੀ। ਬਹੁਤ ਵਾਰ, ਖੋਜ ਆਪਣੇ ਨਿਸ਼ਾਨੇ ਤੱਕ ਤੁਰੰਤ ਪੁੱਜ ਵੀ ਨਹੀਂ ਪਾਉਂਦੀ ਪਰ ਉਹੀ ਖੋਜ ਕਿਸੇ ਹੋਰ ਖੇਤਰ ਲਈ ਵਿਲੱਖਣ ਮਾਰਗ–ਦਰਸ਼ਕ ਬਣ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇਹ ਨੁਕਤਾ ਜਗਦੀਸ਼ ਚੰਦਰ ਬੋਸ ਦੀ ਉਦਾਹਰਣ ਦੇ ਕੇ ਸਮਝਾਇਆ, ਜਿਨ੍ਹਾਂ ਦੇ ਮਾਈਕ੍ਰੋਵੇਵ ਸਿਧਾਂਤ ਨੂੰ ਉਸ ਵੇਲੇ ਵਪਾਰਕ ਤੌਰ ਉੱਤੇ ਵਰਤਿਆ ਨਹੀਂ ਜਾ ਸਕਿਆ ਸੀ ਪਰ ਅੱਜ ਸਮੁੱਚੀ ਰੇਡੀਓ ਸੰਚਾਰ ਪ੍ਰਣਾਲੀ ਇਸ ਉੱਤੇ ਅਧਾਰਿਤ ਹੈ। ਉਨ੍ਹਾਂ ਵਿਸ਼ਵ–ਯੁੱਧਾਂ ਦੌਰਾਨ ਕੀਤੀ ਖੋਜ ਦੀਆਂ ਉਦਾਹਰਣਾਂ ਵੀ ਦਿੱਤੀਆਂ, ਜਿਨ੍ਹਾਂ ਨੇ ਬਾਅਦ ’ਚ ਵਿਭਿੰਨ ਖੇਤਰਾਂ ਵਿੱਚ ਇਨਕਲਾਬ ਲਿਆਂਦੇ। ਉਦਾਹਰਣ ਵਜੋਂ ਡ੍ਰੋਨ ਜੰਗ ਲਈ ਤਿਆਰ ਕੀਤੇ ਗਏ ਸਨ ਪਰ ਅੱਜ ਉਨ੍ਹਾਂ ਦੀ ਵਰਤੋਂ ਫ਼ੋਟੋ–ਸ਼ੂਟਸ ਤੇ ਸਾਮਾਨ ਇੱਧਰ–ਉੱਧਰ ਪਹੁੰਚਾਉਣ ਲਈ ਕੀਤੀ ਜਾ ਰਹੀ ਹੈ। ਇਹੋ ਕਾਰਣ ਹੈ ਕਿ ਸਾਡੇ ਵਿਗਿਆਨੀ, ਖ਼ਾਸ ਤੌਰ ’ਤੇ ਨੌਜਵਾਨ ਵਿਗਿਆਨੀਆਂ ਨੂੰ ਖੋਜ ਦੇ ਕ੍ਰਾਸ–ਨਿਸ਼ੇਚਨ (ਕ੍ਰਾਸ–ਫ਼ਰਟੀਲਾਈਜ਼ੇਸ਼ਨ) ਦੀਆਂ ਸੰਭਾਵਨਾਵਾਂ ਲੱਭਣੀਆਂ ਚਾਹੀਦੀਆਂ ਹਨ। ਉਨ੍ਹਾਂ ਦੀ ਖੋਜ ਦੀ ਉਨ੍ਹਾਂ ਦੇ ਖੇਤਰ ਤੋਂ ਬਾਹਰ ਵਰਤੋਂ ਦੀ ਸੰਭਾਵਨਾ ਸਦਾ ਉਨ੍ਹਾਂ ਸਾਹਮਣੇ ਰਹਿਣੀ ਚਾਹੀਦੀ ਹੈ।

 

ਪ੍ਰਧਾਨ ਮੰਤਰੀ ਨੇ ਬਿਜਲੀ ਦੀ ਉਦਾਹਰਣ ਦਿੰਦਿਆਂ ਸਮਝਾਇਆ ਕਿ ਕਿਵੇਂ ਇੱਕ ਛੋਟੀ ਜਿਹੀ ਖੋਜ ਵਿਸ਼ਵ ਦਾ ਚਿਹਰਾ ਬਦਲ ਸਕਦੀ ਹੈ। ਬਿਜਲੀ ਹਰੇਕ ਚੀਜ਼ ਚਲਾ ਰਹੀ ਹੈ; ਭਾਵੇਂ ਟ੍ਰਾਂਸਪੋਰਟੇਸ਼ਨ ਹੋਵੇ ਤੇ ਚਾਹੇ ਸੰਚਾਰ, ਉਦਯੋਗ ਜਾਂ ਰੋਜ਼ਮੱਰਾ ਦੀ ਜ਼ਿੰਦਗੀ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ ਸੈਮੀ–ਕੰਡਕਟਰ ਜਿਹੀ ਖੋਜ ਨੇ ਸਾਡੇ ਜੀਵਨ ਨੂੰ ਡਿਜੀਟਲ ਇਨਕਲਾਬ ਨਾਲ ਅਮੀਰ ਬਣਾਇਆ ਹੈ। ਅਜਿਹੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਸਾਡੇ ਨੌਜਵਾਨ ਖੋਜਕਾਰਾਂ ਦੇ ਸਾਹਮਣੇ ਹਨ, ਜੋ ਆਪਣੀ ਖੋਜ ਤੇ ਈਜਾਦਾਂ ਨਾਲ ਇੱਕ ਬਿਲਕੁਲ ਵੱਖਰੀ ਕਿਸਮ ਦੇ ਭਵਿੱਖ ਲਈ ਰਾਹ ਪੱਧਰਾ ਕਰਨਗੇ।

 

ਪ੍ਰਧਾਨ ਮੰਤਰੀ ਨੇ ਭਵਿੱਖ ਲਈ ਤਿਆਰ ਈਕੋ–ਸਿਸਟਮ ਸਿਰਜਣ ਵਾਸਤੇ ਕੀਤੀਆਂ ਕੋਸ਼ਿਸ਼ਾਂ ਵੀ ਗਿਣਵਾਈਆਂ। ਭਾਰਤ ਗਲੋਬਲ ਇਨੋਵੇਸ਼ਨ ਰੈਂਕਿੰਗ ਦੇ ਚੋਟੀ ਦੇ 50 ਵਿੱਚ ਆ ਗਿਆ ਹੈ, ਭਾਰਤ ਹਮ–ਉਮਰਾਂ ਦੀ ਸਮੀਖਿਆ ਕੀਤੇ ਵਿਗਿਆਨ ਤੇ ਇੰਜੀਨੀਅਰਿੰਗ ਦੀਆਂ ਪ੍ਰਕਾਸ਼ਨਾਵਾਂ ਵਿੱਚ ਤੀਜੇ ਨੰਬਰ ਉੱਤੇ ਰਿਹਾ ਹੈ, ਜੋ ਬੁਨਿਆਦੀ ਖੋਜ ਉੱਤੇ ਜ਼ੋਰ ਨੂੰ ਦਰਸਾਉਂਦਾ ਹੈ।  ਉਦਯੋਗ ਤੇ ਸੰਸਥਾਨਾਂ ਵਿਚਾਲੇ ਤਾਲਮੇਲ ਮਜ਼ਬੂਤ ਕੀਤਾ ਜਾ ਰਿਹਾ ਹੈ। ਵਿਸ਼ਵ ਦੀਆਂ ਸਾਰੀਆਂ ਵੱਡੀਆਂ ਕੰਪਨੀਆਂ ਭਾਰਤ ਵਿੱਚ ਆਪਣੀਆਂ ਖੋਜ ਸੁਵਿਧਾਵਾਂ ਸਥਾਪਤ ਕਰ ਰਹੀਆਂ ਹਨ। ਪਿਛਲੇ ਕੁਝ ਸਾਲਾਂ ਦੌਰਾਨ ਅਜਿਹੀਆਂ ਸੁਵਿਧਾਵਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਨੌਜਵਾਨਾਂ ਲਈ ਖੋਜ ਤੇ ਇਨੋਵੇਸ਼ਨ ਦੀਆਂ ਸੰਭਾਵਨਾਵਾਂ ਅਮੁੱਕ ਹਨ। ਇਸੇ ਲਈ ਨਵਾਚਾਰ ਦਾ ਸੰਸਥਾਨੀਕਰਣ ਵੀ ਇਨੋਵੇਸ਼ਨ ਜਿੰਨਾ ਹੀ ਅਹਿਮ ਹੈ। ਸਾਡੇ ਨੌਜਵਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਬੌਧਿਕ ਸੰਪਤੀ ਨੂੰ ਸੁਰੱਖਿਅਤ ਕਿਵੇਂ ਰੱਖਣਾ ਹੈ। ਸਾਨੂੰ ਇਹ ਚੇਤੇ ਰੱਖਣਾ ਹੋਵੇਗਾ ਕਿ ਜਿੰਨੇ ਵੱਧ ਸਾਡੇ ਪੇਟੈਂਟ ਹੋਣਗੇ, ਓਨੇ ਹੀ ਉਨ੍ਹਾਂ ਦੀ ਉਪਯੋਗਤਾ ਹੋਵੇਗੀ। ਸਾਡੀ ਪਛਾਣ ਉਨ੍ਹਾਂ ਖੇਤਰਾਂ ਵਿੱਚ ਮਜ਼ਬੂਤ ਹੋਵੇਗੀ, ਜਿੱਥੇ ਸਾਡੀ ਖੋਜ ਮਜ਼ਬੂਤ ਹੈ ਤੇ ਮੋਹਰੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ‘ਬ੍ਰਾਂਡ ਇੰਡੀਆ’ ਮਜ਼ਬੂਤ ਹੋਵੇਗਾ।

 

ਵਿਗਿਆਨੀਆਂ ਨੂੰ ‘ਕਰਮ ਯੋਗੀ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਪ੍ਰਯੋਗਸ਼ਾਲਾ ਵਿੱਚ ਉਨ੍ਹਾਂ ਦੀਆਂ ਇੱਕ ਤਪੱਸਵੀ ਜਿਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ 130 ਕਰੋੜ ਭਾਰਤੀਆਂ ਆਸਾਂ ਤੇ ਖ਼ਾਹਿਸ਼ਾਂ ਦੇ ਵਾਹਕ ਹਨ।

 

*** 

 

ਡੀਐੱਸ/ਏਕੇਪੀ



(Release ID: 1686063) Visitor Counter : 241