ਸਿੱਖਿਆ ਮੰਤਰਾਲਾ

ਭਾਰਤ ਅਤੇ ਯੂ. ਕੇ. ਵਿੱਦਿਅਕ ਸਹਿਯੋਗ ਨੂੰ ਕਰੇਗਾ ਮਜ਼ਬੂਤ


ਵਿਦੇਸ਼ ਸਕੱਤਰ ਰਾਅਬ ਨੇ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦੂਰਦਰਸ਼ੀ ਹੋਣ
ਦੀ ਕੀਤੀ ਸ਼ਲਾਘਾ
ਕਿਹਾ :ਇਹ ਦੋਵਾਂ ਦੇਸ਼ਾਂ ਦਰਮਿਆਨ ਸਿੱਖਿਆ ਨੂੰ ਇਕ ਪੁਲ ਵਜੋਂ ਕਰੇਗਾ ਮਜ਼ਬੂਤ

Posted On: 16 DEC 2020 4:46PM by PIB Chandigarh

ਭਾਰਤ ਅਤੇ ਯੂਨਾਈਟਡ ਕਿੰਗਡਮ ਨੇ ਆਪਣੇ ਵਿਦਿਅਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਆਲ 'ਨਿਸ਼ਾਂਕ' ਅਤੇ ਯੂਕੇ ਦੇ ਵਿਦੇਸ਼ ਸਕੱਤਰ ਆਰ. ਟੀ. ਡਾਟ ਆਨਰੇਰੀ ਡੋਮਿਨਿਕ ਰਾਅਬ ਦਰਮਿਆਨ ਹੋਇਆ। ਮੀਟਿੰਗ ਦੌਰਾਨ ਦੋਵੇਂ ਦੇਸ਼ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਆਪਣੀ ਸ਼ਮੂਲੀਅਤ ਨੂੰ ਡੂੰਘਾ ਅਤੇ ਅਗਲੇ ਸਾਲ ਵਿੱਚ ਅਕਾਦਮਿਕ ਯੋਗਤਾਵਾਂ ਦੀ ਆਪਸੀ ਮਾਨਤਾ 'ਤੇ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ। ਇਸ ਮੀਟਿੰਗ 'ਚ  ਸਿੱਖਿਆ ਰਾਜ ਮੰਤਰੀ ਸ਼੍ਰੀ ਸੰਜੇ ਧੋਤਰਾ, ਸਕੱਤਰ, ਉੱਚ ਸਿੱਖਿਆ ਸ੍ਰੀ ਅਮਿਤ ਖਰੇ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।


ਇਸ ਮੌਕੇ ਯੂ. ਕੇ. ਦੇ ਵਿਦੇਸ਼ ਸਕੱਤਰ ਆਰ. ਡੋਮਿਨਿਕ ਰਾਅਬ ਨੇ ਭਾਰਤ ਦੀ ਰਾਸ਼ਟਰੀ ਸਿੱਖਿਆ ਨੀਤੀ 2020 ਦੇ ਦੂਰਦਰਸ਼ੀ ਹੋਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸਤਾਵਿਤ ਸੁਧਾਰ ਵਿਦਿਆਰਥੀਆਂ, ਅਰਥ ਵਿਵਸਥਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਡੂੰਘੀ ਸ਼ਮੂਲੀਅਤ ਤੇ ਸਹਿਯੋਗ ਲਈ ਮੌਕੇ ਪ੍ਰਦਾਨ ਕਰਨਗੇ। ਸਾਲ 2018 'ਚ ਯੂਕੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਉਸ ਬਿਆਨ ਨੂੰ ਯਾਦ ਕਰਦੇ ਹੋਏ ਕਿ ਸ੍ਰੀ ਰਾਅਬ ਨੇ ਕਿਹਾ ਕਿ ਸਿੱਖਿਆ ਭਾਰਤ ਅਤੇ ਬ੍ਰਿਟੇਨ ਦਰਮਿਆਨ ਇਕ ਜੀਵਤ ਪੁਲ ਹੈ ਅਤੇ ਇਹ ਨੀਤੀ ਇਸ ਪੁਲ ਨੂੰ ਹੋਰ ਮਜ਼ਬੂਤ ਬਣਾਉਣ 'ਚ ਸਹਾਇਤਾ ਕਰੇਗੀ। ਉਨਾਂ ਕਿਹਾ ਕਿ ਯੂ. ਕੇ. ਦਾ ਭਾਰਤੀ ਵਿਦਿਆਰਥੀ ਭਾਈਚਾਰੇ ਦੇ ਯੋਗਦਾਨ ਦੀ ਬਹੁਤ ਕਦਰ ਅਤੇ ਸਤਿਕਾਰ ਕੀਤਾ ਜਾਂਦਾ ਹੈ। ਉਨਾਂ ਇਹ ਵੀ ਦੱਸਿਆ ਕਿ ਯੂ. ਕੇ. ਨੇ ਵਿਦਿਆਰਥੀਆਂ ਦੀ ਗਤੀਸ਼ੀਲਤਾ ਦੀ ਸਹੂਲਤ ਲਈ ਉਨਾਂ ਦੇ ਵੀਜ਼ਾ ਅਤੇ ਇੰਮੀਗ੍ਰੇਸ਼ਨ ਨਿਯਮਾਂ 'ਚ ਕਈ ਬਦਲਾਅ ਕੀਤੇ ਹਨ।

ਉਨਾਂ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਨੇ ਅਕਾਦਮਿਕ ਯੋਗਤਾਵਾਂ ਦੀ ਆਪਸੀ ਮਾਨਤਾ ਵੱਲ ਕੰਮ ਕਰਨ ਲਈ ਦੋਵਾਂ ਦੇਸ਼ਾਂ ਦੀਆਂ ਮਨੋਨੀਤ ਉੱਚ ਸਿੱਖਿਆ ਸੰਸਥਾਵਾਂ ਨੂੰ ਸ਼ਾਮਿਲ ਕਰਕੇ ਇਕ ਸੰਯੁਕਤ ਟਾਸਕ ਫੋਰਸ ਸਥਾਪਿਤ ਕਰਨ ਲਈ ਸਹਿਮਤੀ ਦਿੱਤੀ ਹੈ। ਉਨਾਂ ਕਿਹਾ ਕਿ ਟਾਸਕ ਫੋਰਸ ਦੀ ਰਚਨਾ ਅਤੇ ਇਸ ਦੀਆਂ ਵਿਧੀਆਂ ਦਾ ਫੈਸਲਾ ਸਰਕਾਰੀ ਪੱਧਰਾਂ 'ਤੇ ਕੀਤਾ ਜਾਣਾ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਸਿੱਖਿਆ ਮੰਤਰੀ ਸ੍ਰੀ ਰਮੇਸ਼ ਪੋਖਰਿਆਲ 'ਨਿਸ਼ਾਂਕ' ਨੇ ਕਿਹਾ ਕਿ ਸੰਯੁਕਤ ਟਾਸਕ ਫ਼ੋਰਸ ਦੀ ਸਥਾਪਨਾ ਅਕਾਦਮਿਕ ਯੋਗਤਾ ਦੀ ਆਪਸੀ ਮਾਨਤਾ ਪ੍ਰਾਪਤ ਕਰਨ ਦੀ ਪ੍ਰੀਕ੍ਰਿਆ ਨੂੰ ਤੇਜ਼ ਕਰੇਗੀ। ਇਹ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਲਈ ਭਾਰਤ ਦੇ ਏਜੰਡੇ ਦਾ ਸਮਰਥਨ ਕਰੇਗਾ। ਉਨਾਂ ਕਿਹਾ ਕਿ ਅਕਾਦਮਿਕ ਯੋਗਤਾਵਾਂ ਦੀ ਆਪਸੀ ਮਾਨਤਾ ਵੱਲ ਕੰਮ ਕਰਨ ਦਾ ਸਮਝੌਤਾ ਵਿਸ਼ਵਵਿਆਪੀ ਮੋਬਾਇਲ ਵਰਕਫੋਰਸ ਬਣਾਉਣ ਅਤੇ ਭਾਰਤੀ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਵਿਜ਼ਨ ਨਾਲ ਮੇਲ ਖਾਂਦਾ ਹੈ, ਜਿਵੇਂ ਕਿ ਇਸ ਸਾਲ ਰਾਸ਼ਟਰੀ ਸਿੱਖਿਆ ਨੀਤੀ (ਐਨ. ਈ. ਪੀ.) 2020 'ਚ ਜੁਲਾਈ 'ਚ ਪੇਸ਼ ਕੀਤਾ ਗਿਆ ਸੀ।

ਬ੍ਰਿਟੇਨ ਨਾਲ ਭਾਰਤ ਦੇ ਵਿੱਦਿਅਕ ਸਬੰਧਾਂ ਬਾਰੇ ਬੋਲਦਿਆਂ ਸ੍ਰੀ ਪੋਖਰਿਆਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਬਹੁਤ ਸਕਾਰਾਤਮਕ ਅਤੇ ਸਹਿਕਾਰੀ ਰਹੇ ਹਨ। ਉਨਾਂ ਕਿਹਾ ਕਿ ਅੱਜ ਦਾ ਸਮਝੌਤਾ ਸਿੱਖਿਆ, ਖੋਜ ਅਤੇ ਨਵੀਨਤਾ ਰਾਹੀਂ ਸਬੰਧਾਂ ਨੂੰ ਉੱਚਾ ਚੁੱਕਣ ਲਈ ਉਨਾਂ ਵਿਚਕਾਰ ਆਪਸੀ ਵਿਸ਼ਵਾਸ ਨੂੰ ਜਾਰੀ ਰੱਖਦਾ ਹੈ। ਦੋਵਾਂ ਧਿਰਾਂ ਨੇ ਉਮੀਦ ਅਤੇ ਵਿਸ਼ਵਾਸ ਜ਼ਾਹਰ ਕੀਤਾ ਕਿ ਉਹ ਸਿੱਖਿਆ, ਖੋਜ ਅਤੇ ਨਵੀਨਤਾ ਦੇ ਖੇਤਰ ਵਿੱਚ ਆਪਸੀ ਸਾਂਝ ਨੂੰ ਹੋਰ ਵਧਾਉਣਗੇ, ਜਿਸ ਨਾਲ ਡੂੰਘੇ ਅਤੇ ਮਜ਼ਬੂਤ ਦੁਵੱਲੇ ਸਬੰਧ ਹੋਣਗੇ।

ਐਮਸੀ/ਕੇਪੀ/ਏਕ



(Release ID: 1681242) Visitor Counter : 147