ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਵਿੰਟੇਜ ਵਾਹਨਾਂ ਨੂੰ ਰਜਿਸਟਰ ਕਰਨ ਲਈ ਪ੍ਰਸਤਾਵਿਤ ਨਿਯਮਾਂ ਬਾਰੇ ਜਨਤਕ ਟਿੱਪਣੀਆਂ ਲਈ ਸੱਦਾ ਦਿੱਤਾ ਗਿਆ

Posted On: 27 NOV 2020 11:12AM by PIB Chandigarh

ਰੋਡ ਟ੍ਰਾਂਸਪੋਰਟ ਐਂਡ ਰਾਜਮਾਰਗ ਮੰਤਰਾਲੇ ਨੇ ਵਿੰਟੇਜ ਮੋਟਰ ਵਾਹਨਾਂ ਨਾਲ ਸਬੰਧਿਤ ਸੀਐੱਮਵੀਆਰ 1989 ਵਿੱਚ ਸੋਧ ਦੇ ਸਬੰਧ ਵਿੱਚ ਟਿਪਣੀਆਂ ਅਤੇ ਸੁਝਾਵਾਂ ਦੀ ਮੰਗ ਕਰਦੇ ਹੋਏ ਮਿਤੀ 25 ਨਵੰਬਰ 2020 ਨੂੰ ਜੀਐੱਸਆਰ 734 () ਪ੍ਰਕਾਸ਼ਿਤ ਕੀਤਾ ਹੈ। ਇਸ ਨੋਟੀਫਿਕੇਸ਼ਨ ਜ਼ਰੀਏ ਮੰਤਰਾਲੇ ਦਾ ਵਿੰਟੇਜ ਮੋਟਰ ਵਾਹਨਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਰਸਮੀ ਰੂਪ ਦੇਣ ਦਾ ਇਰਾਦਾ ਹੈ। ਵਿਰਾਸਤੀ ਮੁੱਲ ਵਾਲੇ ਇਨ੍ਹਾਂ ਵਾਹਨਾਂ ਦੀ ਰਜਿਸਟਰੀ ਪ੍ਰਕਿਰਿਆ ਨੂੰ ਨਿਯਮਿਤ ਕਰਨ ਲਈ ਕੋਈ ਮੌਜੂਦਾ ਨਿਯਮ ਨਹੀਂ ਹਨ। ਇਹ ਨਿਯਮ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਵਿੱਚ ਉਪ-ਨਿਯਮ 81, 81ਬੀ, 81ਸੀ, 81ਡੀ, 81, 81ਐੱਫ, 81ਜੀ ਦੇ ਤੌਰ ਤੇ ਸ਼ਾਮਲ ਕਰਨ ਦੀ ਤਜਵੀਜ਼ ਹੈ।

 

ਡਰਾਫਟ ਦੇ ਨਿਯਮਾਂ ਅਨੁਸਾਰ ਅਜਿਹੇ ਵਾਹਨਾਂ ਨੂੰ ਵਿੰਟੇਜ ਮੋਟਰ ਵਾਹਨਾਂ ਵਜੋਂ ਪ੍ਰਭਾਸ਼ਿਤ ਕੀਤਾ ਗਿਆ ਹੈ ਜੋ ਦੋਪਹੀਆ ਅਤੇ ਚਾਰ ਪਹੀਆ ਵਾਹਨ (ਗ਼ੈਰ-ਵਪਾਰਕ / ਨਿਜੀ ਵਰਤੋਂ ਵਾਲੇ) ਹਨ ਅਤੇ  (ਆਯਾਤ ਵਾਹਨ ਸਮੇਤ) ਉਨ੍ਹਾਂ ਦੀ ਪਹਿਲੀ ਰਜਿਸਟਰੀ ਹੋਣ ਦੀ ਮਿਤੀ ਤੋਂ 50 ਸਾਲ ਤੋਂ ਵੱਧ ਪੁਰਾਣੇ ਹਨ।

 

ਪਰਿਭਾਸ਼ਾ ਵਿੱਚ ਪਾਬੰਦੀਆਂ:- ਵਾਹਨ ਦਾ ਕੋਈ ਮਹੱਤਵਪੂਰਨ ਓਵਰਹਾਲ, ਜਿਸ ਵਿੱਚ ਚੈਸੀ ਜਾਂ ਬਾਡੀ ਦੇ ਸ਼ੈੱਲ ਅਤੇ/ਜਾਂ ਇੰਜਣ ਵਿੱਚ ਸੋਧ ਸ਼ਾਮਲ ਹੈ।

 

ਵਿੱਧੀ: ਇਹ ਪ੍ਰਸਤਾਵਿਤ ਹੈ ਕਿ ਰਜਿਸਟ੍ਰੇਸ਼ਨ ਲਈ ਸਾਰੀਆਂ ਅਰਜ਼ੀਆਂ "ਪਰਿਵਾਹਨ" (“PARIVAHAN”) ਪੋਰਟਲ 'ਤੇ ਦਾਖਲ ਕੀਤੀਆਂ ਹੋਣੀਆਂ ਚਾਹੀਦੀਆਂ ਹਨ।

 

ਅੱਗੇ ਇਹ ਪ੍ਰਸਤਾਵਿਤ ਹੈ ਕਿ:

 

ਸਾਰੀਆਂ ਸਟੇਟ ਰਜਿਸਟ੍ਰੇਸ਼ਨ ਅਥਾਰਿਟੀਆਂ ਦੁਆਰਾ ਇੱਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਜੋ ਵਿੰਟੇਜ ਮੋਟਰਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਸਾਰੀਆਂ ਅਰਜ਼ੀਆਂ 'ਤੇ ਕਾਰਵਾਈ ਕਰੇਗਾ।

 

ਇਸ ਤੋਂ ਇਲਾਵਾ, ਰਾਜ ਇੱਕ ਕਮੇਟੀ ਦਾ ਗਠਨ ਕਰਨਗੇ ਜੋ ਕਿ ਵਾਹਨ ਦਾ ਮੁਆਇਨਾ ਕਰੇਗੀ ਅਤੇ ਐਲਾਨੇਗੀ ਕਿ ਕੀ ਵਾਹਨ ਵਿੰਟੇਜ ਮੋਟਰ ਵਾਹਨ ਦੇ ਅਧੀਨ ਰਜਿਸਟ੍ਰੇਸ਼ਨ ਲਈ ਢੁੱਕਵਾਂ ਹੈ ਜਾਂ ਨਹੀਂ।

 

ਜੇ ਪ੍ਰਵਾਨ ਹੋ ਜਾਂਦਾ ਹੈ, ਤਾਂ ਸਬੰਧਿਤ ਵਿੰਟੇਜ ਵਾਹਨ ਨੂੰ 10 ਡਿਜਿਟ ਵਾਲਾ ਅਲਫ਼ਾ ਨੂਮੈਰਿਕ ਨੰਬਰ ਦਿੱਤਾ ਜਾਵੇਗਾ। ਰਜਿਸਟ੍ਰੇਸ਼ਨ 10 ਸਾਲਾਂ ਲਈ ਯੋਗ ਹੋਵੇਗੀ। ਰਜਿਸਟ੍ਰੇਸ਼ਨ ਮਾਰਕ ਦਾ ਫੋਰਮੈਟ XXVAYY ****ਅੱਖਰਾਂ ਵਿੱਚ ਹੋਵੇਗਾ, ਜਿੱਥੇ VA- ਵਿੰਟੇਜ ਦਰਸਾਉਂਦਾ ਹੈ, XX- ਸਟੇਟ ਕੋਡ ਲਈ ਹੈ, YY- ਦੋ ਅੱਖਰਾਂ ਦੀ ਇੱਕ ਲੜੀ ਲਈ ਹੈ ਅਤੇ “****”, ਸਟੇਟ ਰਜਿਸਟਰਿੰਗ ਅਥਾਰਿਟੀ ਦੁਆਰਾ ਅਲਾਟ ਕੀਤੇ ਗਏ 0001 ਤੋਂ 9999 ਤੱਕ, ਇੱਕ ਨੰਬਰ ਹੈ।

 

ਨਵੀਂ ਰਜਿਸਟ੍ਰੇਸ਼ਨ ਲਈ ਫ਼ੀਸ- 20,000 ਰੁਪਏ ਅਤੇ ਬਾਅਦ ਵਿੱਚ ਦੁਬਾਰਾ ਰਜਿਸਟ੍ਰੇਸ਼ਨ ਫ਼ੀਸ- 5000 ਰੁਪਏ ਹੈ।

 

 • ਜੇ ਕੋਈ ਵਾਹਨ ਵਿੰਟੇਜ ਮੋਟਰ ਵਾਹਨ ਵਜੋਂ ਰਜਿਸਟਰਡ ਹੈ, ਤਾਂ ਨਿਯਮਾਂ ਦੇ ਤਹਿਤ ਵਾਹਨ ਦੀ ਵਿਕਰੀ ਅਤੇ ਖਰੀਦ ਦੀ ਆਗਿਆ ਹੈ।

 

ਵਿੰਟੇਜ ਮੋਟਰ ਵਾਹਨ ਦੀ ਪ੍ਰਤਿਬੰਧਿਤ ਵਰਤੋਂ: ਇੱਕ ਵਿੰਟੇਜ ਮੋਟਰ ਵਾਹਨ ਨੂੰ ਸਿਰਫ ਪ੍ਰਦਰਸ਼ਿਤ ਕਰਨ, ਤਕਨੀਕੀ ਖੋਜ ਕਰਨ ਜਾਂ ਪੁਰਾਣੀਆਂ ਕਾਰਾਂ ਦੀ ਰੈਲੀ ਵਿੱਚ ਹਿੱਸਾ ਲੈਣ, ਰੀਫਿਊਲਿੰਗ ਅਤੇ ਰੱਖ-ਰਖਾਅ, ਪ੍ਰਦਰਸ਼ਨੀਆਂ, ਵਿੰਟੇਜ ਰੈਲੀਆਂ, ਜਾਂ ਪ੍ਰਦਰਸ਼ਨੀ/ਕਾਰ ਰੈਲੀ ਵਿੱਚ ਆਉਣ-ਜਾਣ ਲਈ ਭਾਰਤੀ ਸੜਕਾਂ 'ਤੇ ਚਲਾਉਣ ਦੀ ਆਗਿਆ ਹੈ।

 

ਇਸ ਦਾ ਉਦੇਸ਼ ਭਾਰਤ ਵਿੱਚ ਪੁਰਾਣੇ ਵਾਹਨਾਂ ਦੀ ਵਿਰਾਸਤ ਨੂੰ ਸੰਭਾਲਣਾ ਅਤੇ ਉਤਸ਼ਾਹਿਤ ਕਰਨਾ ਹੈ।

 

ਇਨ੍ਹਾਂ ਡ੍ਰਾਫਟ ਨਿਯਮਾਂ 'ਤੇ ਇਤਰਾਜ਼ ਅਤੇ ਸੁਝਾਅ, ਜੇ ਕੋਈ ਹੋਵੇ ਤਾਂ ਡਾਇਰੈਕਟਰ (ਐੱਮਵੀਐੱਲ) ਨੂੰ, ਡਾਇਰੈਕਟਰ- morth[at]gov[dot]in, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ, ਟਰਾਂਸਪੋਰਟ ਭਵਨ, ਸੰਸਦ ਮਾਰਗ, ਨਵੀਂ ਦਿੱਲੀ-110 001ਤੇ, ਸੂਚਨਾ ਜਾਰੀ ਕਰਨ ਦੀ ਮਿਤੀ ਦੇ 30 ਦਿਨਾਂ ਦੇ ਅੰਦਰ-ਅੰਦਰ, ਈਮੇਲ ਕੀਤਾ ਜਾ ਸਕਦਾ ਹੈ।

 

********

 

ਆਰਸੀਜੇ/ਐੱਮਐੱਸ/ਜੇਕੇ


(Release ID: 1676549) ਵਿਜ਼ੀਟਰ ਕਾਊਂਟਰ : 155