ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ–19 ਦੀ ਵੈਕਸੀਨ ਡਿਲਿਵਰੀ, ਵੰਡ ਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ


ਡਾਟਾ ਬੇਸ, ਕੋਲਡ ਚੇਨ ਵਿੱਚ ਵਾਧੇ ਅਤੇ ਆਵਾਜਾਈ ਦੇ ਪ੍ਰਬੰਧ ਤਿਆਰ ਕੀਤੇ ਜਾ ਰਹੇ ਹਨ


ਵੈਕਸੀਨ ਦੀ ਡਿਲਿਵਰੀ ਤੇ ਨਿਗਰਾਨੀ ਲਈ ਸਾਰੀਆਂ ਸਬੰਧਿਤ ਧਿਰਾਂ ਦੀ ਸਲਾਹ ਨਾਲ ਡਿਜੀਟਲ ਪਲੈਟਫ਼ਾਰਮ ਤਿਆਰ ਕੀਤਾ ਗਿਆ ਹੈ ਤੇ ਉਸ ਦਾ ਪਰੀਖਣ ਕੀਤਾ ਗਿਆ ਹੈ


ਕੋਵਿਡ–19 ਟੀਕਾਰਣ ਲਈ ਤਰਜੀਹੀ ਸਮੂਹਾਂ ਜਿਵੇਂ ਸਿਹਤ ਕਰਮਚਾਰੀਆਂ, ਮੋਹਰੀ ਕਰਮਚਾਰੀਆਂ ਤੇ ਅਸੁਰੱਖਿਅਤ ਸਮੂਹਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ

Posted On: 20 NOV 2020 10:59PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਵਿਡ–19 ਵੈਕਸੀਨ ਦੀ ਡਿਲਿਵਰੀ, ਵੰਡ ਤੇ ਪ੍ਰਸ਼ਾਸਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ। ਪ੍ਰਧਾਨ ਮੰਤਰੀ ਨੇ ਨਵੇਂ ਖੋਜਕਾਰਾਂ, ਵਿਗਿਆਨੀਆਂ, ਸਿੱਖਿਆ ਸ਼ਾਸਤਰੀਆਂ, ਫ਼ਾਰਮਾ–ਕੰਪਨੀਆਂ ਦੁਆਰਾ ਵੈਕਸੀਨਾਂ ਵਿਕਸਿਤ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਹਦਾਇਤ ਕੀਤੀ ਕਿ ਵੈਕਸੀਨ ਦੀ ਖੋਜ, ਵਿਕਾਸ ਤੇ ਨਿਰਮਾਣ ਦੀ ਸੁਵਿਧਾ ਲਈ ਹਰ ਸੰਭਵ ਕੀਤਾ ਜਾਣਾ ਚਾਹੀਦਾ ਹੈ।

 

ਭਾਰਤ ’ਚ ਪੰਜ ਵੈਕਸੀਨਾਂ ਅਗਾਂਹਵਧੂ ਪੜਾਵਾਂ ’ਤੇ ਹਨ, ਜਿਨ੍ਹਾਂ ਵਿੱਚੋਂ ਚਾਰ ਗੇੜ II/III ’ਚ ਹਨ ਅਤੇ ਇੱਕ ਗੇੜ–I/II ’ਚ ਹੈ। ਬੰਗਲਾਦੇਸ਼, ਮਿਆਂਮਾਰ, ਕਤਰ, ਭੂਟਾਨ, ਸਵਿਟਜ਼ਰਲੈਂਡ, ਬਹਿਰੀਨ, ਆਸਟ੍ਰੀਆ ਤੇ ਦੱਖਣੀ ਕੋਰੀਆ ਜਿਹੇ ਦੇਸ਼ਾਂ ਨੇ ਭਾਰਤੀ ਵੈਕਸੀਨਾਂ ਨੂੰ ਵਿਕਸਿਤ ਤੇ ਫਿਰ ਉਨ੍ਹਾਂ ਦੀ ਵਰਤੋਂ ਕਰਨ ਲਈ ਭਾਈਵਾਲੀ ਵਿੱਚ ਵੱਡੀ ਦਿਲਚਸਪੀ ਦਿਖਾਈ ਹੈ।

 

ਵੈਕਸੀਨ ਦੇ ਪਹਿਲੇ ਉਪਲਬਧ ਮੌਕੇ ’ਤੇ ਹੀ ਪ੍ਰਬੰਧ ਦੇ ਯਤਨਾਂ ਵਜੋਂ ਸਿਹਤ–ਸੰਭਾਲ਼ ਖੇਤਰ ਦਾ ਡਾਟਾਬੇਸ ਤੇ ਮੋਹਰੀ ਕਰਮਚਾਰੀ, ਕੋਲਡ ਚੇਨਜ਼ ਦਾ ਵਾਧਾ ਤੇ ਸਿਰਿੰਜਾਂ, ਸੂਈਆਂ ਆਦਿ ਦੀ ਖ਼ਰੀਦ ਤਿਆਰੀ ਦੇ ਅਗਾਂਹ–ਵਧੂ ਪੜਾਵਾਂ ’ਤੇ ਹਨ।

 

ਇਸ ਟੀਕਾਕਰਣ ਦੀ ਸਪਲਾਈ–ਚੇਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਤੇ ਗ਼ੈਰ–ਵੈਕਸੀਨ ਸਪਲਾਈਜ਼ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਟੀਕਾਕਰਣ ਪ੍ਰੋਗਰਾਮ ਦੀ ਸਿਖਲਾਈ ਤੇ ਲਾਗੂਕਰਣ ਵਿੱਚ ਮੈਡੀਕਲ ਤੇ ਨਰਸਿੰਗ ਵਿਦਿਆਰਥੀ ਤੇ ਅਧਿਆਪਕ–ਵਰਗ ਸ਼ਾਮਲ ਹੋਣਗੇ। ਅਜਿਹਾ ਹਰੇਕ ਕਦਮ ਸਥਿਰਤਾਪੂਰਬਕ ਚੁੱਕਿਆ ਜਾ ਰਿਹਾ ਹੈ ਕਿ ਤਾਂ ਜੋ ਤਰਜੀਹੀਕਰਣ ਦੇ ਸਿਧਾਂਤਾਂ ਅਨੁਸਾਰ ਵੈਕਸੀਨਾਂ  ਹਰੇਕ ਟਿਕਾਣੇ ਤੇ ਵਿਅਕਤੀ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ।

 

ਪ੍ਰਧਾਨ ਮੰਤਰੀ ਨੇ ਸਾਰੇ ਵੱਕਾਰੀ ਰਾਸ਼ਟਰੀ ਤੇ ਅੰਤਰਰਾਸ਼ਟੀ ਸੰਸਥਾਨਾਂ ਅਤੇ ਰੈਗੂਲੇਟਰਸ ਨਾਲ ਪੂਰਾ ਤਾਲਮੇਲ ਬਿਠਾ ਕੇ ਕੰਮ ਕਰਨ ਦੀ ਹਦਾਇਤ ਜਾਰੀ ਕੀਤੀ ਹੈ, ਤਾਂ ਜੋ ਭਾਰਤੀ ਖੋਜ ਤੇ ਰਿਮਾਣ ਵਿੱਚ ਸਖ਼ਤ ਤੇ ਉੱਚਤਮ ਵਿਸ਼ਵ–ਪੱਧਰੀ ਮਾਪਦੰਡ ਯਕੀਨੀ ਬਣਾਏ ਜਾ ਸਕਣ।

 

ਕੋਵਿਡ–19 ਲਈ ਵੈਕਸੀਨ ਪ੍ਰਸ਼ਾਸਨ ਬਾਰੇ ਮਾਹਿਰਾਂ ਦੇ ਰਾਸ਼ਟਰੀ ਸਮੂਹ (NEGVAC) ਨੇ ਰਾਜ ਸਰਕਾਰਾਂ ਅਤੇ ਸਾਰੀਆਂ ਸਬੰਧਿਤ ਧਿਰਾਂ ਦੀ ਸਲਾਹ ਨਾਲ ਪਹਿਲੇ ਗੇੜ ਵਿੱਚ ਤਰਜੀਹੀ ਸਮੂਹਾਂ ਦੇ ਟੀਕਾਕਰਣ ਲਾਗੂਕਰਣ ਵਿੱਚ ਤੇਜ਼ੀ ਲਿਆਂਦੀ ਹੈ।

 

ਵੈਕਸੀਨ ਪ੍ਰਸ਼ਾਸਨ ਤੇ ਵੰਡ ਲਈ ਡਿਜੀਟਲ ਮੰਚ ਤਿਆਰ ਕੀਤਾ ਗਿਆ ਹੈ ਤੇ ਰਾਜ ਤੇ ਜ਼ਿਲ੍ਹਾ ਪੱਧਰ ਦੀਆਂ ਸਬੰਧਿਤ ਧਿਰਾਂ ਦੀ ਭਾਈਵਾਲੀ ਨਾਲ ਪਰੀਖਣ ਚੱਲ ਰਹੇ ਹਨ।

 

ਪ੍ਰਧਾਨ ਮੰਤਰੀ ਨੇ ਦਵਾਈ ਦੀ ਹੰਗਾਮੀ ਹਾਲਤ ਵਿੱਚ ਵਰਤੋਂ ਦੇ ਅਧਿਕਾਰ, ਨਿਰਮਾਣ ਅਤੇ ਖ਼ਰੀਦ ਜਿਹੇ ਪੱਖਾਂ ਦੀ ਸਮੀਖਿਆ ਕੀਤੀ। ਰਾਸ਼ਟਰੀ ਤੇ ਅੰਤਰਰਾਸ਼ਟਰੀ ਵੈਕਸੀਨ ਦੇ ਗੇੜ III ਦੇ ਪ੍ਰੀਖਣਾਂ ਦੇ ਨਤੀਜੇ ਆ ਗਏ ਹਨ, ਸਾਡੇ ਮਜ਼ਬੂਤ ਤੇ ਸੁਤੰਤਰ ਰੈਗੂਲੇਟਰ ਤੇਜ਼ੀ ਨਾਲ ਵਰਤੋਂ ਦੇ ਅਧਿਕਾਰ ਅਨੁਸਾਰ ਉਸ ਦਾ ਸਖ਼ਤੀ ਨਿਰੀਖਣ ਕਰਨਗੇ।

 

ਸਰਕਾਰ ਨੇ ਕੋਵਿਡ–19 ਟੀਕਾਕਰਣ ਦੀ ਖੋਜ ਤੇ ਵਿਕਾਸ ਵਿੱਚ ਮਦਦ ਲਈ ਕੋਵਿਡ ਸੁਰਕਸ਼ਾ ਮਿਸ਼ਨ ਅਧੀਨ 900 ਕਰੋੜ ਰੁਪਏ ਦੀ ਸਹਾਇਤਾ ਮੁਹੱਈਆ ਕਰਵਾਈ ਹੈ।

 

ਪ੍ਰਧਾਨ ਮੰਤਰੀ ਨੇ ਟੀਕਾਕਰਣ ਮੁਹਿੰਮ ਛੇਤੀ ਸ਼ੁਰੂ ਕਰਨ ਲਈ ਤੇਜ਼ ਰਫ਼ਤਾਰ ਨਾਲ ਰੈਗੂਲੇਟਰੀ ਪ੍ਰਵਾਨਗੀਆਂ ਤੇ ਸਮੇਂ–ਸਿਰ ਖ਼ਰੀਦ ਲਈ ਇੱਕ ਨਿਸ਼ਚਤ ਸਮਾਂ–ਬੱਧ ਯੋਜਨਾ ਉਲੀਕਣ ਦੀ ਹਦਾਇਤ ਜਾਰੀ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਵੈਕਸੀਨ ਵਿਕਾਸ ਦੇ ਵਿਆਪਕ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਹਾਮਾਰੀ ਕਿਉਂਕਿ ਹਾਲੇ ਵੀ ਲਗਾਤਾਰ ਜਾਰੀ ਹੈ, ਇਸ ਲਈ ਮਾਸਕ ਪਹਿਨਣ, ਦੂਰੀ ਬਣਾ ਕੇ ਰੱਖਣ ਤੇ ਸਾਫ਼–ਸਫ਼ਾਈ ਯਕੀਨੀ ਬਣਾਉਣ ਜਿਹੇ ਰੋਕਥਾਮ ਦੇ ਕਦਮਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਹਰਗਿਜ਼ ਨਾ ਰੱਖੀ ਜਾਵੇ।

 

ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਮੈਂਬਰ (ਸਿਹਤ) ਨੀਤੀ ਆਯੋਗ, ਪ੍ਰਿੰਸੀਪਲ ਵਿਗਿਆਨਕ ਸਲਾਹਕਾਰ, ਸਕੱਤਰ ਸਿਹਤ, ਡਾਇਰੈਕਟਰ ਜਨਰਲ ਆਈਸੀਐੱਮਆਰ, ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਤੇ ਭਾਰਤ ਸਰਕਾਰ ਦੇ ਸਬੰਧਿਤ ਵਿਭਾਗਾਂ ਦੇ ਸਕੱਤਰ ਸ਼ਾਮਲ  ਹੋਏ।

 

***

 

ਏਪੀ



(Release ID: 1674616) Visitor Counter : 112