ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਨਿਵੇਸ਼ਕਾਂ ਨੂੰ ਕਿਹਾ, ਭਾਰਤ ਦੇ ਸ਼ਹਿਰੀਕਰਣ ਵਿੱਚ ਨਿਵੇਸ਼ ਲਈ ਉਤੇਜਨਾਪੂਰਣ ਮੌਕੇ ਹਨ

ਕੋਵਿਡ ਤੋਂ ਬਾਅਦ ਦੇ ਵਿਸ਼ਵ ਨੂੰ ਮਾਨਸਿਕ ਸੋਚਣੀ ਤੇ ਅਭਿਆਸਾਂ ਨੂੰ ਨਵੇਂ ਸਿਰੇ ਤੋਂ ਸੈੱਟ ਕਰਨ ਦੀ ਜ਼ਰੂਰਤ ਹੋਵੇਗੀ


100 ਸਮਾਰਟ ਸ਼ਹਿਰਾਂ ਨੇ 30 ਅਰਬ ਡਾਲਰ ਕੀਮਤ ਦੇ ਪ੍ਰੋਜੈਕਟ ਤਿਆਰ ਕੀਤੇ ਹਨ


ਤੀਸਰੇ ਸਲਾਨਾ ਬਲੂਮਬਰਗ ਨਿਊ ਇਕੌਨਮੀ ਫੋਰਮ ਨੂੰ ਸੰਬੋਧਨ ਕੀਤਾ

Posted On: 17 NOV 2020 8:06PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਿਵੇਸ਼ਕਾਂ ਨੂੰ ਭਾਰਤੀ ਸ਼ਹਿਰੀਕਰਣ ਵਿੱਚ ਸਰਮਾਇਆ ਲਾਉਣ ਦਾ ਸੱਦਾ ਦਿੱਤਾ। ਅੱਜ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਤੀਸਰੇ ਸਲਾਨਾ ਬਲੂਮਬਰਗ ਨਿਊ ਇਕੌਨਮੀ ਫੋਰਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ‘ਜੇ ਤੁਸੀਂ ਸ਼ਹਿਰੀਕਰਣ ਵਿੱਚ ਸਰਮਾਇਆ ਲਾਉਣ ਬਾਰੇ ਵਿਚਾਰ ਕਰ ਰਹੇ ਹੋ, ਤਾਂ ਹੁਣ ਭਾਰਤ ’ਚ ਤੁਹਾਡੇ ਲਈ ਉਤੇਜਨਾਪੂਰਣ ਮੌਕੇ ਹਨ। ਜੇ ਤੁਸੀਂ ਗਤੀਸ਼ੀਲਤਾ ਵਿੱਚ ਸਰਮਾਇਆ ਲਾਉਣ ਬਾਰੇ ਸੋਚ ਰਹੇ ਹੋ, ਤਾਂ ਭਾਰਤ ਵਿੱਚ ਤੁਹਾਡੇ ਲਈ ਉਤੇਜਨਾਪੂਰਣ ਮੌਕੇ ਹਨ। ਜੇ ਤੁਸੀਂ ਨਵਾਚਾਰ ਵਿੱਚ ਨਿਵੇਸ਼ ਬਾਰੇ ਵਿਚਾਰ ਕਰ ਰਹੇ ਹੋ, ਤਾਂ ਭਾਰਤ ਵਿੱਚ ਤੁਹਾਡੇ ਲਈ ਉਤੇਜਨਾਪੂਰਣ ਮੌਕੇ ਹਨ। ਜੇ ਤੁਸੀਂ ਚਿਰ–ਸਥਾਈ ਸਮਾਧਾਨਾਂ ਵਿੱਚ ਸਰਮਾਇਆ ਲਾਉਣ ਬਾਰੇ ਸੋਚ ਰਹੇ ਹੋ, ਤਾਂ ਭਾਰਤ ਵਿੱਚ ਤੁਹਾਡੇ ਉਤੇਜਨਾਪੂਰਣ ਮੌਕੇ ਹਨ। ਇਹ ਮੌਕੇ ਇੱਕ ਜੀਵੰਤ ਲੋਕਤੰਤਰ ਵਿੱਚ ਮਿਲ ਰਹੇ ਹਨ। ਇੱਕ ਵਪਾਰ–ਪੱਖੀ ਮਾਹੌਲ। ਇੱਕ ਵਿਸ਼ਾਲ ਬਾਜ਼ਾਰ। ਅਤੇ ਇੱਕ ਅਜਿਹੀ ਸਰਕਾਰ ਜੋ ਭਾਰਤ ਨੂੰ ਨਿਵੇਸ਼ ਲਈ ਵਿਸ਼ਵ ਦਾ ਇੱਕ ਤਰਜੀਹੀ ਟਿਕਾਣਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।’

 

ਸ਼੍ਰੀ ਮੋਦੀ ਨੇ ਕਿਹਾ ਕਿ ਕੋਵਿਡ–19 ਤੋਂ ਬਾਅਦ ਦੇ ਵਿਸ਼ਵ ਨੂੰ ਮੁੜ–ਸ਼ੁਰੂਆਤ ਕਰਨ ਦੀ ਲੋੜ ਹੋਵੇਗੀ ਪਰ ਇਹ ਮੁੜ–ਸ਼ੁਰੂਆਤ ਸਭ ਕੁਝ ਨਵੇਂ ਸਿਰੇ ਤੋਂ ਸੈੱਟ ਕਰਨ ਤੋਂ ਬਿਨਾ ਸੰਭਵ ਨਹੀਂ ਹੋਵੇਗੀ। ਮਾਨਸਿਕ ਸੋਚਣੀ ਨੂੰ ਮੁੜ ਸੈੱਟ ਕਰਨਾ ਹੋਵੇਗਾ। ਪ੍ਰਕਿਰਿਆਵਾਂ ਤੇ ਅਭਿਆਸਾਂ ਨੂੰ ਨਵੇਂ ਸਿਰੇ ਤੋਂ ਸੈੱਟ ਕਰਨਾ ਹੋਵੇਗਾ। ਇਸ ਮਹਾਮਾਰੀ ਨੇ ਸਾਨੂੰ ਹਰੇਕ ਖੇਤਰ ਵਿੱਚ ਨਵੇਂ ਪ੍ਰੋਟੋਕੋਲਸ ਵਿਕਸਿਤ ਕਰਨ ਦਾ ਇੱਕ ਮੌਕਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ,‘ ਵਿਸ਼ਵ ਨੂੰ ਇਸ ਮੌਕੇ ਦਾ ਲਾਹਾ ਲੈਣਾ ਚਾਹੀਦਾ ਹੈ। ਸਾਨੂੰ ਵਿਸ਼ਵ ਦੀਆਂ ਕੋਵਿਡ ਤੋਂ ਬਾਅਦ ਦੀਆਂ ਜ਼ਰੂਰਤਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਸਾਡੇ ਸ਼ਹਿਰੀ ਕੇਂਦਰਾਂ ਨੂੰ ਨਵੀਂ ਨੁਹਾਰ ਬਖ਼ਸ਼ਣਾ ਇੱਕ ਚੰਗਾ ਸ਼ੁਰੂਆਤੀ ਨੁਕਤਾ ਹੋਵੇਗਾ।’

 

ਪ੍ਰਧਾਨ ਮੰਤਰੀ ਨੇ ਸ਼ਹਿਰੀ ਕੇਂਦਰਾਂ ਨੂੰ ਨਵਾਂ ਰੂਪ ਦੇਣ ਦੇ ਵਿਸ਼ੇ ਦੀ ਗੱਲ ਕਰਦਿਆਂ ਰੀਕਵਰੀ ਦੀ ਪ੍ਰਕਿਰਿਆ ਵਿੱਚ ਲੋਕਾਂ ਦੀ ਕੇਂਦਰਤਾ ਉੱਤੇ ਜ਼ੋਰ ਦਿੱਤਾ। ਲੋਕਾਂ ਤੇ ਸਥਾਨਕ ਭਾਈਚਾਰਿਆਂ ਨੂੰ ਸਭ ਤੋਂ ਵੱਡਾ ਆਧਾਰ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘ਮਹਾਮਾਰੀ ਨੇ ਇਸ ਤੱਥ ਉੱਤੇ ਮੁੜ ਜ਼ੋਰ ਦਿੱਤਾ ਹੈ ਕਿ ਸਮਾਜਾਂ ਤੇ ਕਾਰੋਬਾਰੀ ਅਦਾਰਿਆਂ ਵਜੋਂ ਸਾਡਾ ਸਭ ਤੋਂ ਵੱਡਾ ਵਸੀਲਾ ਸਾਡੇ ਲੋਕ ਹਨ। ਕੋਵਿਡ ਤੋਂ ਬਾਅਦ ਦੇ ਵਿਸ਼ਵ ਦੀ ਉਸਾਰੀ ਇਸ ਪ੍ਰਮੁੱਖ ਤੇ ਬੁਨਿਆਦੀ ਸਰੋਤ ਦਾ ਵਿਕਾਸ ਕਰ ਕੇ ਹੀ ਕਰਨੀ ਹੋਵੇਗੀ।’

 

ਪ੍ਰਧਾਨ ਮੰਤਰੀ ਨੇ ਮਹਾਮਾਰੀ ਦੇ ਸਮੇਂ ਸਿੱਖੇ ਸਬਕ ਅਗਾਂਹ ਲਿਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ। ਲੌਕਡਾਊਨ ਦੌਰਾਨ ਪਹਿਲਾਂ ਦੇ ਮੁਕਾਬਲੇ ਸਵੱਛ ਵਾਤਾਵਰਣ ਦੀ ਗੱਲ ਕਰਦਿਆਂ ਉਨ੍ਹਾਂ ਸੁਆਲ ਕੀਤਾ ਕਿ ਕੀ ਅਸੀਂ ਅਜਿਹੇ ਚਿਰ–ਸਥਾਈ ਸ਼ਹਿਰਾਂ ਦੀ ਉਸਾਰੀ ਕਰ ਸਕਦੇ ਹਾਂ, ਜਿੱਥੇ ਸਵੱਛ ਵਾਤਾਵਰਣ ਹੀ ਸਿਧਾਂਤ ਹੋਵੇ, ਕੋਈ ਖ਼ਾਸੀਅਤ ਨਹੀਂ? ਸ਼੍ਰੀ ਮੋਦੀ ਨੇ ਕਿਹਾ,‘ ਭਾਰਤ ’ਚ ਅਜਿਹੇ ਸ਼ਹਿਰੀ ਕੇਂਦਰਾਂ ਦੀ ਉਸਾਰੀ ਕਰਨ ਦੀ ਕੋਸ਼ਿਸ਼ ਚਲ ਰਹੀ ਹੈ, ਜਿੱਥੇ ਇੱਕ ਸ਼ਹਿਰ ਦੀਆਂ ਸੁਵਿਧਾਵਾਂ ਹੋਣ ਪਰ ਭਾਵਨਾ ਇੱਕ ਪਿੰਡ ਦੀ ਹੋਵੇ।’

 

ਉਨ੍ਹਾਂ ਫ਼ੋਰਮ ਨੂੰ ਭਾਰਤ ਦੇ ਸ਼ਹਿਰੀ ਦ੍ਰਿਸ਼ ਨੂੰ ਨਵਾਂ ਰੂਪ ਦੇਣ ਲਈ ਕੀਤੀਆਂ ਹਾਲੀਆ ਪਹਿਲਾਂ; ਜਿਵੇਂ ਡਿਜੀਟਲ ਇੰਡੀਆ, ਸਟਾਰਟ–ਅੱਪ ਇੰਡੀਆ, ਕਿਫ਼ਾਇਤੀ ਆਵਾਸ, ਰੀਅਲ ਇਸਟੇਟ (ਰੈਗੂਲੇਸ਼ਨ) ਐਕਟ ਅਤੇ 27 ਸ਼ਹਿਰਾਂ ਵਿੱਚ ਮੈਟਰੋ ਰੇਲ ਬਾਰੇ ਸੂਚਿਤ ਕੀਤਾ। ਪ੍ਰਧਾਨ ਮੰਤਰੀ ਨੇ ਫ਼ੋਰਮ ਨੂੰ ਸੂਚਿਤ ਕੀਤਾ, ‘ਅਸੀਂ 2022 ਤੱਕ ਦੇਸ਼ ਵਿੱਚ 1,000 ਕਿਲੋਮੀਟਰ ਦੇ ਲਗਭਗ ਲੰਬੀ ਮੈਟਰੋ ਟ੍ਰੇਨ ਪ੍ਰਣਾਲੀ ਦੇ ਦੇਵਾਂਗੇ।’

 

ਪ੍ਰਧਾਨ ਮੰਤਰੀ ਨੇ ਕਿਹਾ ‘ਅਸੀਂ ਦੋ–ਪੜਾਵੀ ਪ੍ਰਕਿਰਿਆ ਰਾਹੀਂ 100 ਸਮਾਰਟ ਸਿਟੀਜ਼ ਦੀ ਚੋਣ ਕੀਤੀ ਹੈ। ਇਹ ਸਹਿਕਾਰਤਾ ਤੇ ਪ੍ਰਤੀਯੋਗੀ ਸੰਘਵਾਦ ਦੇ ਦਰਸ਼ਨ ਨੂੰ ਸਹੀ ਕਰਾਰ ਦੇਣ ਦਾ ਇੱਕ ਰਾਸ਼ਟਰ–ਵਿਆਪੀ ਮੁਕਾਬਲਾ ਸੀ। ਇਨ੍ਹਾਂ ਸ਼ਹਿਰਾਂ ਨੇ ਲਗਭਗ ਦੋ ਲੱਖ ਕਰੋੜ ਰੁਪਏ ਜਾਂ 30 ਬਿਲੀਅਨ ਡਾਲਰ ਕੀਮਤ ਦੇ ਪ੍ਰੋਜੈਕਟ ਤਿਆਰ ਕੀਤੇ ਹਨ। ਅਤੇ ਲਗਭਗ ਇੱਕ ਲੱਖ ਚਾਲੀ ਹਜ਼ਾਰ ਕਰੋੜ ਰੁਪਏ ਜਾਂ 20 ਬਿਲੀਅਨ ਡਾਲਰ ਕੀਮਤ ਦੇ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ ਜਾਂ ਮੁਕੰਮਲ ਹੋਣ ਨੇੜੇ ਹਨ।’

 

******

 

ਡੀਐੱਸ/ਐੱਸਐੱਚ


(Release ID: 1673609) Visitor Counter : 215