ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਯੁਰਵੇਦ ਦਿਵਸ 'ਤੇ ਭਵਿੱਖ ਦੇ ਲਈ ਤਿਆਰ ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ


ਰਵਾਇਤੀ ਮੈਡੀਸਿਨ ਦੇ ਗਲੋਬਲ ਕੇਂਦਰ ਵਾਸਤੇ ਭਾਰਤ ਦੀ ਚੋਣ ਕਰਨ ਲਈ ਵਿਸ਼ਵ ਸਿਹਤ ਸੰਗਠਨ ਦਾ ਧੰਨਵਾਦ ਕੀਤਾ


ਅਜਿਹੇ ਆਯੁਰਵੇਦ ਸਿਲੇਬਸ ਦੀ ਮੰਗ ਕੀਤੀ ਜੋ ਅੰਤਰਰਾਸ਼ਟਰੀ ਮਿਆਰਾਂ ’ਤੇ ਪੂਰਾ ਉੱਤਰੇ


ਆਯੁਰਵੇਦ ਇੱਕ ਵਿਕਲਪ ਹੀ ਨਹੀਂ ਬਲਕਿ ਦੇਸ਼ ਦੀ ਸਿਹਤ ਦਾ ਇੱਕ ਮੁੱਖ ਅਧਾਰ ਹੈ: ਪ੍ਰਧਾਨ ਮੰਤਰੀ


ਕੋਰੋਨਾ ਕਾਲ ਨੇ ਆਯੁਰਵੇਦ ਉਤਪਾਦਾਂ ਦੇ ਉਪਯੋਗ ਅਤੇ ਖੋਜ ਨੂੰ ਅੱਗੇ ਵਧਇਆ ਹੈ

Posted On: 13 NOV 2020 12:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 5ਵੇਂ ਆਯੁਰਵੇਦ ਦਿਵਸ ਮੌਕੇ ਵੀਡੀਓ ਕਾਨਫਰੰਸਿੰਗ ਜ਼ਰੀਏ  ਭਵਿੱਖ ਦੇ ਲਈ ਤਿਆਰ, ਦੋ ਆਯੁਰਵੇਦ ਸੰਸਥਾਵਾਂ ਰਾਸ਼ਟਰ ਨੂੰ ਸਮਰਪਿਤ ਕੀਤੀਆਂ। ਇਨ੍ਹਾਂ ਸੰਸਥਾਵਾਂ ਦੇ ਨਾਮ ਹਨ- ਦ ਇੰਸਟੀਟਿਊਟ ਆਵ੍ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦਾ (ਆਈਟੀਆਰਏ), ਜਾਮਨਗਰ ਅਤੇ ਦ ਨੈਸ਼ਨਲ ਇੰਸਟੀਟਿਊਟ ਆਵ੍ ਆਯੁਰਵੇਦਾ (ਐੱਨਆਈਏ), ਜੈਪੁਰ। ਦੋਵੇਂ ਹੀ,  ਦੇਸ਼ ਵਿੱਚ ਆਯੁਰਵੇਦ ਦੀਆਂ ਪ੍ਰਮੁੱਖ ਸੰਸਥਾਵਾਂ ਹਨ। ਪਹਿਲੀ ਵਾਲੀ ਸੰਸਥਾ ਨੂੰ ਸੰਸਦ ਦੇ ਇੱਕ ਐਕਟ ਦੁਆਰਾ ਰਾਸ਼ਟਰੀ ਮਹੱਤਵ ਦੇ ਸੰਸਥਾਨ (ਆਈਐੱਨਆਈ) ਦਾ, ਅਤੇ ਦੂਸਰੀ ਨੂੰ ਯੂਨੀਵਰਸਿਟੀ ਗਰਾਂਟ ਕਮਿਸ਼ਨ ਦੁਆਰਾ ਡੀਮਡ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ ਹੈ। ਆਯੁਸ਼ ਮੰਤਰਾਲਾ, ਸਾਲ 2016 ਤੋਂ, ਹਰ ਸਾਲ ਧਨਵੰਤਰੀ ਜਯੰਤੀ (ਧਨਤੇਰਸ) ਦੇ ਮੌਕੇ  ’ਤੇ  ''ਆਯੁਰਵੇਦ ਦਿਵਸ'' ਮਨਾਉਂਦਾ ਆ ਰਿਹਾ ਹੈ।

ਇਸ ਮੌਕੇ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਸ਼੍ਰੀਪਦ ਨਾਇਕ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਵਿਜੈ ਰੁਪਾਣੀ, ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਅਸ਼ੋਕ ਗਹਿਲੋਤ, ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਰਾਜ ਮਿਸ਼ਰਾ, ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਹਾਜ਼ਰ ਸਨ।

ਵਰਲਡ ਹੈਲਥ ਦੇ ਡਾਇਰੈਕਟਰ ਜਨਰਲ ਡਾ. ਟੈਡ੍ਰੋਸ ਅਧਨੋਮ ਗ਼ੇਬ੍ਰੇਯਸਸ ਨੇ ਇਸ ਮੌਕੇ ਇੱਕ ਵੀਡੀਓ ਸੰਦੇਸ਼ ਦਿੱਤਾ ਅਤੇ ਪ੍ਰਧਾਨ ਮੰਤਰੀ ਦੀ ਆਯੁਸ਼ਮਾਨ ਭਾਰਤ ਦੇ ਤਹਿਤ ਵਿਸ਼ਵਵਿਆਪੀ ਕਵਰੇਜ ਪ੍ਰਤੀ ਪ੍ਰਤੀਬੱਧਤਾ ਅਤੇ ਸਿਹਤ ਨਾਲ ਜੁੜੇ ਉਦੇਸ਼ਾਂ ਦੀ ਪ੍ਰਾਪਤੀ ਲਈ ਰਵਾਇਤੀ ਮੈਡੀਸਿਨ ਦੇ ਪ੍ਰਮਾਣ ਅਧਾਰਿਤ ਪ੍ਰੋਤਸਾਹਨ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਗਲੋਬਲ ਸੈਂਟਰ ਆਵ੍ ਟ੍ਰਾਡੀਸ਼ਨਲ ਮੈਡੀਸਿਨ ਲਈ ਭਾਰਤ ਦੀ ਚੋਣ ਕਰਨ ਵਾਸਤੇ ਡਬਲਿਊਐੱਚਓ ਅਤੇ ਡਾਇਰੈਕਟਰ ਜਨਰਲ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਯੁਰਵੇਦ ਇੱਕ ਭਾਰਤੀ ਵਿਰਾਸਤ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਦਾ ਰਵਾਇਤੀ ਗਿਆਨ ਦੂਜੇ ਦੇਸ਼ਾਂ ਨੂੰ ਵੀ ਸਮ੍ਰਿੱਧ ਬਣਾ ਰਿਹਾ ਹੈ।

ਸ਼੍ਰੀ ਮੋਦੀ ਨੇ ਆਯੁਰਵੇਦ ਗਿਆਨ ਨੂੰ ਕਿਤਾਬਾਂ, ਸ਼ਾਸਤਰਾਂ ਅਤੇ ਘਰੇਲੂ ਉਪਚਾਰਾਂ ਵਿੱਚੋਂ ਬਾਹਰ ਲਿਆਉਣ ਅਤੇ ਇਸ ਪ੍ਰਾਚੀਨ ਗਿਆਨ ਨੂੰ ਆਧੁਨਿਕ ਲੋੜਾਂ ਅਨੁਸਾਰ ਵਿਕਸਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੇ ਆਧੁਨਿਕ ਵਿਗਿਆਨ ਤੋਂ ਪ੍ਰਾਪਤ ਜਾਣਕਾਰੀ ਨੂੰ ਸਾਡੇ ਪ੍ਰਾਚੀਨ ਡਾਕਟਰੀ ਗਿਆਨ ਨਾਲ ਜੋੜ ਕੇ ਨਵੀਂ ਖੋਜ ਕੀਤੀ ਜਾ ਰਹੀ ਹੈ। ਤਿੰਨ ਸਾਲ ਪਹਿਲਾਂ ਇੱਥੇ ਆਲ ਇੰਡੀਆ ਆਯੁਰਵੇਦਿਕ ਸੰਸਥਾ ਸਥਾਪਿਤ ਕੀਤੀ ਗਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਰਵੇਦ ਅੱਜ ਸਿਰਫ ਇੱਕ ਵਿਕਲਪ ਨਹੀਂ ਬਲਕਿ ਦੇਸ਼ ਦੀ ਸਿਹਤ ਨੀਤੀ ਦਾ ਇੱਕ ਮੁੱਖ ਅਧਾਰ ਹੈ।

ਸ੍ਰੀ ਮੋਦੀ ਨੇ ਦੱਸਿਆ ਕਿ ਲੇਹ ਵਿੱਚ ਨੈਸ਼ਨਲ ਸੋਵਾ-ਰਿਗਪਾ ਇੰਸਟੀਟਿਊਟ ਫਾਰ ਰਿਸਰਚ ਅਤੇ ਸੋਵਾ-ਰਿਗਪਾ ਨਾਲ ਸਬੰਧਿਤ ਹੋਰ ਅਧਿਐਨਾਂ ਨੂੰ ਵਿਕਸਿਤ ਕਰਨ ਦਾ ਕੰਮ ਜਾਰੀ ਹੈ। ਅੱਜ, ਗੁਜਰਾਤ ਅਤੇ ਰਾਜਸਥਾਨ ਦੀਆਂ ਜੋ ਦੋ ਸੰਸਥਾਵਾਂ ਅੱਪਗ੍ਰੇਡ ਕੀਤੀਆਂ ਗਈਆਂ ਹਨ, ਇਹ ਵੀ ਇਸ ਵਿਕਾਸ ਦਾ ਹੀ ਵਿਸਤਾਰ ਹਨ।

ਦੋਵਾਂ ਸੰਸਥਾਵਾਂ ਦੀ ਅੱਪਗ੍ਰੇਡੇਸ਼ਨ ਲਈ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ ਅਤੇ ਆਸ ਜਤਾਈ ਕਿ ਉਹ ਅਜਿਹਾ ਆਯੁਰਵੇਦ ਸਿਲੇਬਸ ਤਿਆਰ ਕਰਨਗੀਆਂ ਜੋ ਅੰਤਰਰਾਸ਼ਟਰੀ ਮਿਆਰਾਂ ਉੱਤੇ ਪੂਰਾ ਉੱਤਰੇ। ਉਨ੍ਹਾਂ ਸਿੱਖਿਆ ਮੰਤਰਾਲੇ ਅਤੇ ਯੂਜੀਸੀ ਨੂੰ ਆਯੁਰਵੇਦ ਫਿਜ਼ਿਕਸ ਅਤੇ ਆਯੁਰਵੇਦ ਕੈਮਿਸਟਰੀ ਜਿਹੇ ਵਿਸ਼ਿਆਂ ਵਿੱਚ ਨਵੀਆਂ ਸੰਭਾਵਨਾਵਾਂ ਤਲਾਸ਼ਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਸਟਾਰਟਅੱਪਸ ਅਤੇ ਨਿਜੀ ਖੇਤਰ ਨੂੰ ਗਲੋਬਲ ਰੁਝਾਨਾਂ ਅਤੇ ਮੰਗਾਂ ਦਾ ਅਧਿਐਨ ਕਰਨ ਅਤੇ ਇਸ ਸੈਕਟਰ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ। ਸੰਸਦ ਦੁਆਰਾ ਇਸ ਸੈਸ਼ਨ ਵਿੱਚ ਨੈਸ਼ਨਲ ਕਮਿਸ਼ਨ ਆਵ੍ ਇੰਡੀਅਨ ਸਿਸਟਮ ਆਵ੍ ਮੈਡੀਸਨ ਅਤੇ ਨੈਸ਼ਨਲ ਕਮਿਸ਼ਨ ਆਵ੍ ਹੋਮਿਓਪੈਥੀ ਦੀ ਸਥਾਪਨਾ ਕੀਤੀ ਗਈ ਸੀ ਅਤੇ ਰਾਸ਼ਟਰੀ ਸਿੱਖਿਆ ਨੀਤੀ ਵੀ ਏਕੀਕ੍ਰਿਤ ਪਹੁੰਚ ਨੂੰ ਉਤਸ਼ਾਹਿਤ ਕਰਦੀ ਹੈ। ਇਸ ਨੀਤੀ ਦੀ ਮੁੱਢਲੀ ਧਾਰਨਾ ਇਹ ਹੈ ਕਿ ਆਯੁਰਵੇਦਿਕ ਸਿੱਖਿਆ ਵਿੱਚ ਐਲੋਪੈਥਿਕ ਪਿਰਤਾਂ ਦਾ ਗਿਆਨ, ਲਾਜ਼ਮੀ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਰੋਨਾ ਕਾਲ ਦੇ ਦੌਰਾਨ ਆਯੁਰਵੇਦਿਕ ਉਤਪਾਦਾਂ ਦੀ ਮੰਗ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਆਯੁਰਵੇਦਿਕ ਉਤਪਾਦਾਂ ਦੇ ਨਿਰਯਾਤ ਵਿੱਚ ਲਗਭਗ 45 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਲਦੀ, ਸੁੰਢ ਜੋ ਕਿ ਇਮਿਊਨਿਟੀ ਬੂਸਟਰ ਮੰਨੇ ਜਾਂਦੇ ਹਨ, ਦੇ ਨਿਰਯਾਤ ਵਿੱਚ ਮਹੱਤਵਪੂਰਨ ਵਾਧਾ, ਵਿਸ਼ਵ ਵਿੱਚ ਆਯੁਰਵੇਦਿਕ ਸਮਾਧਾਨਾਂ ਅਤੇ ਭਾਰਤੀ ਮਸਾਲਿਆਂ ਵਿੱਚ ਵਿਸ਼ਵਾਸ ਦੇ ਅਚਾਨਕ  ਵਾਧੇ ਨੂੰ  ਦਰਸਾਉਂਦਾ ਹੈ। ਉਨ੍ਹਾਂ ਕਿਹਾ ਹੁਣ, ਬਹੁਤ ਸਾਰੇ ਦੇਸ਼ਾਂ ਵਿੱਚ ਹਲਦੀ ਨਾਲ ਸਬੰਧਿਤ ਵਿਸ਼ੇਸ਼ ਪੇਯ ਪਦਾਰਥਾਂ ਦੀ ਮੰਗ ਵੀ ਵਧ ਰਹੀ ਹੈ ਅਤੇ ਵਿਸ਼ਵ ਦੇ ਨਾਮਵਰ ਮੈਡੀਕਲ ਜਰਨਲਸ ਵੀ ਆਯੁਰਵੇਦ ਵਿੱਚ ਨਵੀਂ ਉਮੀਦ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਕੋਰੋਨਾ ਕਾਲ ਦੇ ਦੌਰਾਨ ਫੋਕਸ ਸਿਰਫ ਆਯੁਰਵੇਦ ਦੀ ਵਰਤੋਂ ਤੱਕ ਹੀ ਸੀਮਿਤ ਨਹੀਂ ਸੀ ਬਲਕਿ ਦੇਸ਼ ਅਤੇ ਵਿਸ਼ਵ ਵਿੱਚ ਆਯੁਸ਼ ਨਾਲ ਸਬੰਧਿਤ ਅਡਵਾਂਸਡ ਖੋਜ ਨੂੰ ਅੱਗੇ ਵਧਾਉਣ ’ਤੇ ਵੀ ਧਿਆਨ ਕੇਂਦਰਿਤ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਇੱਕ ਪਾਸੇ, ਭਾਰਤ ਵੈਕਸਿਨ ਦੀ ਜਾਂਚ ਕਰ ਰਿਹਾ ਹੈ, ਦੂਜੇ ਪਾਸੇ, ਉਹ ਕੋਵਿਡ ਨਾਲ ਲੜਨ ਲਈ ਆਯੁਰਵੇਦਿਕ ਖੋਜ 'ਤੇ ਅੰਤਰਰਾਸ਼ਟਰੀ ਸਹਿਯੋਗ ਵੀ ਵਧਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਦਿੱਲੀ ਵਿੱਚ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਜਿਸ ਨੇ ਕਿ 80 ਹਜ਼ਾਰ ਦਿੱਲੀ ਪੁਲਿਸ ਕਰਮਚਾਰੀਆਂ 'ਤੇ ਇਮਿਊਨਿਟੀ ਨਾਲ ਸਬੰਧਿਤ ਖੋਜ ਕੀਤੀ ਹੈ, ਦੇ ਸਮੇਤ ਸੌ ਤੋਂ ਵੱਧ ਸਥਾਨਾਂ 'ਤੇ ਖੋਜ ਚੱਲ ਰਹੀ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਸਮੂਹਿਕ ਅਧਿਐਨ ਹੋ ਸਕਦਾ ਹੈ ਅਤੇ ਇਸ ਦੇ ਨਤੀਜੇ ਉਤਸ਼ਾਹਜਨਕ ਹਨ। ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਅੰਤਰਰਾਸ਼ਟਰੀ ਟਰਾਇਲਸ ਸ਼ੁਰੂ ਹੋਣੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਆਯੁਰਵੇਦਿਕ ਦਵਾਈਆਂ, ਜੜ੍ਹੀਆਂ ਬੂਟੀਆਂ ਦੇ ਨਾਲ ਨਾਲ ਪੌਸ਼ਕ ਭੋਜਨਾਂ ‘ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ ਜੋ ਕਿ ਇਮਿਊਨਿਟੀ ਨੂੰ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਜ, ਗੰਗਾ ਦੇ ਕਿਨਾਰਿਆਂ ਅਤੇ ਹਿਮਾਲੀਅਨ ਖੇਤਰਾਂ ਵਿੱਚ ਖਰ੍ਹਵੇ ਅਨਾਜ ਦੇ ਨਾਲ ਨਾਲ ਜੈਵਿਕ ਉਤਪਾਦਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਯੁਸ਼ ਮੰਤਰਾਲਾ ਇੱਕ ਵਿਆਪਕ ਯੋਜਨਾ 'ਤੇ ਕੰਮ ਕਰ ਰਿਹਾ ਹੈ ਤਾਕਿ ਭਾਰਤ ਵਿਸ਼ਵ ਦੀ ਤੰਦਰੁਸਤੀ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਸਕੇ। ਸਾਡੇ ਨਿਰਯਾਤਾਂ ਵਿੱਚ ਵੀ ਵਾਧਾ ਹੋਣਾ ਚਾਹੀਦਾ ਹੈ ਅਤੇ ਸਾਡੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਆਯੁਰਵੇਦਿਕ ਜੜ੍ਹੀਆਂ ਬੂਟੀਆਂ, ਜਿਵੇਂ ਕਿ ਅਸ਼ਵਗੰਧਾ, ਗਿਲੋਏ, ਤੁਲਸੀ ਆਦਿ ਦੀਆਂ ਕੀਮਤਾਂ ਵਿੱਚ ਬਹੁਤ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਅਸ਼ਵਗੰਧਾ ਦੀ ਕੀਮਤ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ਅਤੇ ਇਸ ਦਾ ਸਿੱਧਾ ਫਾਇਦਾ ਇਨ੍ਹਾਂ ਬੂਟੀਆਂ ਦੀ ਕਾਸ਼ਤ ਕਰਨ ਵਾਲੇ ਸਾਡੇ ਕਿਸਾਨਾਂ ਨੂੰ ਪਹੁੰਚ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਖੇਤੀਬਾੜੀ ਮੰਤਰਾਲੇ, ਆਯੁਸ਼ ਮੰਤਰਾਲੇ ਜਾਂ ਹੋਰ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਵਿੱਚ ਉਪਲੱਬਧ ਬਹੁਤ ਸਾਰੀਆਂ ਜੜ੍ਹੀਆਂ ਬੂਟੀਆਂ ਦੀ ਉਪਯੋਗਤਾ ਪ੍ਰਤੀ ਜਾਗਰੂਕਤਾ ਵਧਾਉਣ ਲਈ ਮਿਲ ਕੇ ਕੰਮ ਕਰਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਯੁਰਵੇਦ ਨਾਲ ਸਬੰਧਿਤ ਸਮੁੱਚੇ ਈਕੋ ਸਿਸਟਮ ਦੇ ਵਿਕਾਸ ਨਾਲ ਦੇਸ਼ ਵਿੱਚ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਿਤ ਸੈਰ-ਸਪਾਟਾ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਕਾਮਨਾ ਕੀਤੀ ਕਿ ਜਾਮਨਗਰ ਅਤੇ ਜੈਪੁਰ ਵਿੱਚ ਅੱਜ ਜਿਨ੍ਹਾਂ ਸੰਸਥਾਵਾਂ ਦਾ ਉਦਘਾਟਨ ਹੋਇਆ ਹੈ, ਉਹ ਦੋਵੇਂ ਹੀ ਇਸ ਦਿਸ਼ਾ ਵਿੱਚ ਵੀ ਲਾਭਦਾਇਕ ਸਿੱਧ ਹੋਣਗੀਆਂ।

ਆਈਟੀਆਰਏ, ਜਾਮਨਗਰ: ਸੰਸਦ ਦੇ ਇੱਕ ਐਕਟ ਦੇ ਜ਼ਰੀਏ ਹਾਲ ਹੀ ਵਿੱਚ ਬਣਈ ਗਈ, ਇੰਸਟੀਟਿਊਟ ਆਵ੍ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ (ਆਈਟੀਆਰਏ) ਇੱਕ ਵਿਸ਼ਵ ਪੱਧਰੀ ਸਿਹਤ ਦੇਖਭਾਲ ਸੰਸਥਾ ਵਜੋਂ ਉੱਭਰਨ ਲਈ ਤਿਆਰ ਹੈ। ਆਈਟੀਆਰਏ ਦੇ 12 ਵਿਭਾਗ, ਤਿੰਨ ਕਲੀਨਿਕਲ ਪ੍ਰਯੋਗਸ਼ਾਲਾ ਅਤੇ ਤਿੰਨ ਖੋਜ ਪ੍ਰਯੋਗਸ਼ਾਲਾ ਹਨ। ਇਹ ਰਵਾਇਤੀ ਚਿਕਿਤਸਾ ਦੇ ਖੋਜ ਕਾਰਜਾਂ ਵਿੱਚ ਵੀ ਮੋਹਰੀ ਹੈ, ਅਤੇ ਇਸ ਵੇਲੇ ਇਹ 33 ਖੋਜ ਪ੍ਰੋਜੈਕਟਾਂ ਦਾ ਸੰਚਾਲਨ ਕਰ ਰਹੀ ਹੈ। ਆਈਟੀਆਰਏ ਦਾ ਗਠਨ ਗੁਜਰਾਤ ਆਯੁਰਵੇਦ ਯੂਨੀਵਰਸਿਟੀ ਕੈਂਪਸ, ਜਾਮਨਗਰ ਵਿਖੇ ਚਾਰ ਆਯੁਰਵੇਦ ਸੰਸਥਾਨਾਂ ਦੇ ਸਮੂਹ ਨੂੰ ਇਕੱਠਿਆਂ ਕਰਕੇ ਕੀਤਾ ਗਿਆ ਹੈ। ਇਹ ਆਯੁਸ਼ ਸੈਕਟਰ ਦੀ ਪਹਿਲੀ ਸੰਸਥਾ ਹੈ ਜਿਸ ਨੂੰ ਰਾਸ਼ਟਰੀ ਮਹੱਤਵ ਦੇ ਸੰਸਥਾਨ (ਆਈਐੱਨਆਈ) ਦਾ ਦਰਜਾ ਪ੍ਰਾਪਤ ਹੈ। ਅੱਪਗ੍ਰੇਡਿਡ ਸਥਿਤੀ ਦੇ ਨਾਲ, ਆਈਟੀਆਰਏ ਕੋਲ ਆਯੁਰਵੇਦ ਸਿੱਖਿਆ ਦੇ ਮਿਆਰ ਨੂੰ ਅੱਪਗ੍ਰੇਡ ਕਰਨ ਦੀ ਖੁਦਮੁਖ਼ਤਿਆਰੀ ਹੋਵੇਗੀ ਕਿਉਂਕਿ ਇਹ ਆਧੁਨਿਕ, ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੀ ਪਾਠਕ੍ਰਮ ਪ੍ਰਦਾਨ ਕਰੇਗੀ। 

ਐੱਨਆਈਏ, ਜੈਪੁਰ: ਦੇਸ਼ ਦੀ ਇੱਕ ਪ੍ਰਤਿਸ਼ਠਿਤ ਆਯੁਰਵੇਦ ਸੰਸਥਾ, ਐੱਨਆਈਏ ਨੂੰ ਡੀਮਡ ਯੂਨੀਵਰਸਿਟੀ (ਡੀ ਨੋਵੋ ਕੈਟੇਗਰੀ) ਦਾ ਦਰਜਾ ਮਿਲਣਾ ਇਸ ਦੀ ਵੱਡੀ ਉਪਲੱਬਧੀ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਪ੍ਰਮਾਣਿਕ ਆਯੁਰਵੇਦ ਨੂੰ ਸੰਭਾਲਣ, ਉਤਸ਼ਾਹਿਤ ਕਰਨ ਅਤੇ ਅੱਗੇ ਵਧਾਉਣ ਵਿੱਚ ਐੱਨਆਈਏ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਇਸ ਵੇਲੇ ਐੱਨਆਈਏ ਕੋਲ 14 ਵਿਭਿੰਨ ਵਿਭਾਗ ਹਨ। ਇਸ ਵਿੱਚ 2019-20 ਦੌਰਾਨ 955 ਵਿਦਿਆਰਥੀਆਂ ਅਤੇ 75 ਫੈਕਲਟੀਸ ਦੇ ਨਾਲ ਬਹੁਤ ਚੰਗਾ ਵਿਦਿਆਰਥੀ- ਅਧਿਆਪਕ ਅਨੁਪਾਤ ਰਿਹਾ ਹੈ। ਇਹ ਆਯੁਰਵੇਦ ਵਿੱਚ ਸਰਟੀਫਿਕੇਟ ਤੋਂ ਲੈ ਕੇ ਡੌਕਟੋਰੇਟ ਪੱਧਰ ਤੱਕ ਦੇ ਬਹੁਤ ਸਾਰੇ ਕੋਰਸ ਕਰਾਉਂਦੀ ਹੈ। ਅਤਿ ਆਧੁਨਿਕ ਲੈਬ ਸਹੂਲਤਾਂ ਦੇ ਨਾਲ, ਐੱਨਆਈਏ ਖੋਜ ਕਾਰਜਾਂ ਵਿੱਚ ਵੀ ਮੋਹਰੀ ਰਹੀ ਹੈ। ਇਸ ਵੇਲੇ ਇਹ 54 ਵੱਖ-ਵੱਖ ਖੋਜ ਪ੍ਰੋਜੈਕਟਾਂ ਦਾ ਸੰਚਾਲਨ ਕਰਦੀ ਹੈ। ਡੀਮਡ ਯੂਨੀਵਰਸਿਟੀ (ਡੀ ਨੋਵੋ ਸ਼੍ਰੇਣੀ) ਹੋਣ ਦੇ ਨਾਲ, ਨੈਸ਼ਨਲ ਇੰਸਟੀਟਿਊਟ ਤੀਸਰੇ ਦਰਜੇ ਦੀ ਸਿਹਤ ਦੇਖਭਾਲ, ਸਿੱਖਿਆ ਅਤੇ ਖੋਜ ਦੇ ਉੱਚੇ ਮਿਆਰਾਂ ਨੂੰ ਪ੍ਰਾਪਤ ਕਰਕੇ ਨਵੀਆਂ ਉਚਾਈਆਂ ’ਤੇ ਪਹੁੰਚਣ ਲਈ ਤਿਆਰ ਹੈ।


                                                                                           ***

 

ਡੀਐੱਸ/ਏਕੇ



(Release ID: 1672703) Visitor Counter : 201