ਘੱਟ ਗਿਣਤੀ ਮਾਮਲੇ ਮੰਤਰਾਲਾ

ਮੁਖਤਾਰ ਅੱਬਾਸ ਨਕਵੀ ਨੇ ਹੱਜ 2021 ਦੇ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ

ਮਹਾਮਾਰੀ ਦੀ ਸਥਿਤੀ ਕਾਰਨ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰੋਟੋਕੋਲ ਦਿਸ਼ਾ ਨਿਰਦੇਸ਼ ਹੱਜ 2021 ਦੇ ਦੌਰਾਨ ਲਾਗੂ ਕੀਤੇ ਜਾਣਗੇ ਅਤੇ ਸਖਤੀ ਨਾਲ ਪਾਲਣ ਕੀਤੇ ਜਾਣਗੇ: ਮੁਖਤਾਰ ਅੱਬਾਸ ਨਕਵੀ

ਹੱਜ 2021 ਲਈ ਆਨਲਾਈਨ ਬੇਨਤੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਰਹੀ ਹੈ

ਹੱਜ 2021 ਲਈ ਬਿਨੈ ਕਰਨ ਦੀ ਆਖ਼ਰੀ ਤਰੀਕ 10 ਦਸੰਬਰ, 2020 ਹੈ

"ਮਹਿਰਮ" (ਮਰਦ ਸਾਥੀ) ਸ਼੍ਰੇਣੀ ਅਧੀਨ ਮਹਿਲਾਵਾਂ ਵੱਲੋਂ ਹੱਜ 2020 ਲਈ ਭਰੀ ਗਈ ਅਰਜ਼ੀ ਹੱਜ 2021 ਲਈ ਵੀ ਯੋਗ ਹੈ

ਹੱਜ 2021 ਲਈ 10 ਪ੍ਰਵੇਸ਼ ਬਿੰਦੂ ਇਹ ਹਨ- ਅਹਿਮਦਾਬਾਦ, ਬੰਗਲੁਰੂ, ਕੋਚੀਨ, ਦਿੱਲੀ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਉ, ਮੁੰਬਈ ਅਤੇ ਸ੍ਰੀਨਗਰ

Posted On: 07 NOV 2020 3:57PM by PIB Chandigarh

ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਵੱਲੋਂ ਕੋਰੋਨਾ ਮਹਾਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਮਹੱਤਵਪੂਰਨ ਤਬਦੀਲੀਆਂ ਨਾਲ ਹੱਜ 2021 ਯਾਤਰਾ ਦਾ ਐਲਾਨ ਕਰਨ ਦੇ ਨਾਲ ਹੀ ਹੱਜ 2021 ਲਈ ਆਨ ਲਾਈਨ ਬਿਨੈ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ।  

ਹੱਜ ਹਾਉਸ, ਮੁੰਬਈ ਵਿਖੇ ਅੱਜ ਹੱਜ 2021 ਦਾ ਐਲਾਨ ਕਰਦਿਆਂ ਸ੍ਰੀ ਨਕਵੀ ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਕਾਰਨ ਰਾਸ਼ਟਰੀ-ਅੰਤਰਰਾਸ਼ਟਰੀ ਪ੍ਰੋਟੋਕੋਲ ਦਿਸ਼ਾ ਨਿਰਦੇਸ਼ ਹੱਜ 2021 ਦੌਰਾਨ ਲਾਗੂ ਕੀਤੇ ਜਾਣਗੇ ਅਤੇ ਸਖਤੀ ਨਾਲ ਪਾਲਣ ਕੀਤੇ ਜਾਣਗੇ। ਹੱਜ 2021 ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 10 ਦਸੰਬਰ, 2020 ਹੈ। ਲੋਕ ਆੱਨਲਾਈਨ, ਆਫਲਾਈਨ ਅਤੇ ਹੱਜ ਮੋਬਾਈਲ ਐਪ ਰਾਹੀਂ ਅਰਜ਼ੀ ਦੇ ਸਕਦੇ ਹਨ। 

 

ਸ੍ਰੀ ਨਕਵੀ ਨੇ ਦੱਸਿਆ ਕਿ ਹੱਜ 2021 ਜੂਨ-ਜੁਲਾਈ 2021 ਲਈ ਨਿਰਧਾਰਤ ਕੀਤੀ ਗਈ ਹੈ, ਅਤੇ ਸਾਰੀ ਹੱਜ ਪ੍ਰਕਿਰਿਆ ਭਾਰਤ ਅਤੇ ਸਾਊਦੀ ਅਰਬ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਾਉਦੀ ਅਰਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਜ਼ਰੂਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੋਜਿਤ ਕੀਤੀ ਜਾ ਰਹੀ ਹੈ। ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰਾਲੇ, ਸਿਹਤ ਮੰਤਰਾਲੇ, ਵਿਦੇਸ਼ ਮੰਤਰਾਲੇ, ਸ਼ਹਿਰੀ ਹਵਾਬਾਜ਼ੀ ਮੰਤਰਾਲੇ, ਭਾਰਤ ਦੀ ਹੱਜ ਕਮੇਟੀ, ਸਾਉਦੀ ਅਰਬ ਵਿੱਚ ਭਾਰਤੀ ਦੂਤਘਰ ਅਤੇ ਜੇਦਾਹ ਵਿੱਚ ਭਾਰਤ ਦੇ ਕੌਂਸਲ ਜਨਰਲ ਅਤੇ ਹੋਰ ਏਜੰਸੀਆਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਮਹਾਮਾਰੀ ਚੁਣੌਤੀਆਂ ਦੇ ਸਾਰੇ ਪਹਿਲੂਆਂ  ਦੇ ਮੱਦੇਨਜ਼ਰ ਹੱਜ 2021 ਪ੍ਰਕ੍ਰਿਆ ਤਿਆਰ ਕੀਤੀ ਗਈ ਹੈ।  

ਸ੍ਰੀ ਨਕਵੀ ਨੇ ਕਿਹਾ ਕਿ ਹੱਜ 2021 ਲਈ ਪ੍ਰਬੰਧ ਵਿਸ਼ੇਸ਼ ਨਿਯਮਾਂ, ਵਿਵਸਥਾਵਾਂ ਅਤੇ ਰੈਗੂਲੇਸ਼ਨਾਂ, ਯੋਗਤਾ ਦੇ ਮਾਪਦੰਡਾਂ, ਉਮਰ ਦੀਆਂ ਪਾਬੰਦੀਆਂ, ਸਿਹਤ ਅਤੇ ਤੰਦਰੁਸਤੀ ਦੀਆਂ ਜ਼ਰੂਰਤਾਂ ਅਤੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਾਉਦੀ ਅਰਬ ਸਰਕਾਰ ਦੀਆਂ ਹੋਰ ਢੁਕਵੀਆਂ ਸ਼ਰਤਾਂ ਨਾਲ ਵਿਸ਼ੇਸ਼ ਹਾਲਤਾਂ ਵਿੱਚ ਕੀਤੇ ਗਏ ਹਨ।

ਸ੍ਰੀ ਨਕਵੀ ਨੇ ਕਿਹਾ ਕਿ ਮਹਾਮਾਰੀ ਦੇ ਮੱਦੇਨਜ਼ਰ ਸਾਰੀ ਹੱਜ ਯਾਤਰਾ ਪ੍ਰਕ੍ਰਿਆ ਮਹੱਤਵਪੂਰਨ ਤਬਦੀਲੀਆਂ ਨਾਲ ਕੀਤੀ ਗਈ ਹੈ। ਇਨ੍ਹਾਂ ਵਿੱਚ ਰਿਹਾਇਸ਼, ਯਾਤਰੀਆਂ ਦੇ ਰਹਿਣ ਦੀ ਮਿਆਦ, ਆਵਾਜਾਈ, ਸਿਹਤ ਅਤੇ ਭਾਰਤ ਅਤੇ ਸਾਉਦੀ ਅਰਬ, ਦੋਵਾਂ ਦੇਸ਼ਾਂ ਵਿੱਚਲੀਆਂ ਹੋਰ ਸਹੂਲਤਾਂ ਸ਼ਾਮਲ ਹਨ। 

ਸ੍ਰੀ ਨਕਵੀ ਨੇ ਕਿਹਾ ਕਿ ਸਾਉਦੀ ਅਰਬ ਸਰਕਾਰ ਵੱਲੋਂ ਮਹਾਮਾਰੀ ਦੀ ਸਥਿਤੀ ਦਰਮਿਆਨ ਹੱਜ 2021 ਲਈ ਸਾਰੇ ਲੋੜੀਂਦੇ ਦਿਸ਼ਾ ਨਿਰਦੇਸ਼ ਸਖਤੀ ਨਾਲ ਲਾਗੂ ਕੀਤੇ ਜਾਣਗੇ। ਕੋਰੋਨਾ ਮਹਾਮਾਰੀ ਦੇ ਕਾਰਨ ਹੱਜ ਤੇ ਜਾਣ ਵਾਲੇ ਹਰੇਕ ਤੀਰਥ ਯਾਤਰੀ ਲਈ ਉਮਰ ਦੇ ਮਾਪਦੰਡਾਂ ਵਿੱਚ ਬਦਲਾਵ ਹੋ ਸਕਦੇ ਹਨ।  ਹਰ ਯਾਤਰੀ ਨੂੰ ਅੰਤਰਰਾਸ਼ਟਰੀ ਹਵਾਈ ਯਾਤਰਾ ਪ੍ਰੋਟੋਕੋਲ ਦੇ ਅਨੁਸਾਰ ਹੱਜ ਯਾਤਰਾ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਜਰੂਰੀ ਹੋਵੇਗਾ। ਹਰ ਤੀਰਥ ਯਾਤਰੀ ਨੂੰ ਸਾਉਦੀ ਅਰਬ ਦੀ ਯਾਤਰਾ ਤੋਂ ਪਹਿਲਾਂ ਇੱਕ ਨਕਾਰਾਤਮਕ ਨਤੀਜੇ ਦੇ ਨਾਲ ਪ੍ਰਵਾਨਿਤ ਪ੍ਰਯੋਗਸ਼ਾਲਾ ਵੱਲੋਂ ਜਾਰੀ ਕੀਤਾ ਗਿਆ ਇੱਕ ਪੀਸੀਆਰ ਟੈਸਟ ਸਰਟੀਫਿਕੇਟ ਵੀ ਜਮ੍ਹਾ ਕਰਨਾ ਹੋਵੇਗਾ। 

ਸ੍ਰੀ ਨਕਵੀ ਨੇ ਕਿਹਾ ਕਿ ਮਹਾਮਾਰੀ ਦੀ ਸਥਿਤੀ ਅਤੇ ਏਅਰ ਇੰਡੀਆ ਅਤੇ ਹੋਰ ਏਜੰਸੀਆਂ ਤੋਂ ਪ੍ਰਾਪਤ ਹੋਈ ਫੀਡਬੈਕ ਦੇ ਮੱਦੇਨਜ਼ਰ, ਹੱਜ 2021 ਲਈ ਪ੍ਰਵੇਸ਼ ਪੁਆਇੰਟਾਂ ਨੂੰ ਘਟਾ ਕੇ 10 ਕਰ ਦਿੱਤਾ ਗਿਆ ਹੈ।  ਇਸ ਤੋਂ ਪਹਿਲਾਂ, ਦੇਸ਼ ਭਰ ਵਿਚ 21 ਹੱਜ ਪ੍ਰਵੇਸ਼ ਪੁਆਇੰਟ ਸਨ। ਹੱਜ 2021 ਲਈ, 10 ਪ੍ਰਮਾਣਿਤ ਬਿੰਦੂ ਇਹ ਹਨ- ਅਹਿਮਦਾਬਾਦ, ਬੰਗਲੁਰੂ, ਕੋਚੀਨ, ਦਿੱਲੀ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਲਖਨਊ, ਮੁੰਬਈ ਅਤੇ ਸ੍ਰੀਨਗਰ।

ਅਹਿਮਦਾਬਾਦ ਪ੍ਰਵੇਸ਼ ਪੁਆਇੰਟ ਸਾਰੇ ਗੁਜਰਾਤ ਨੂੰ ਕਵਰ ਕਰੇਗਾ; ਬੰਗਲੁਰੂ ਪੂਰੇ ਕਰਨਾਟਕ ਨੂੰ ਕਵਰ ਕਰੇਗਾ; ਕੋਚੀਨ (ਕੇਰਲ, ਲਕਸ਼ਦਵੀਪ, ਪੁਡੂਚੇਰੀ, ਤਾਮਿਲਨਾਡੂ, ਅੰਡੇਮਾਨ ਅਤੇ ਨਿਕੋਬਾਰ); ਦਿੱਲੀ (ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼; ਚੰਡੀਗੜ੍ਹ, ਉਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਦੇ ਪੱਛਮੀ ਜ਼ਿਲ੍ਹੇ); ਗੁਹਾਟੀ (ਅਸਾਮ, ਮੇਘਾਲਿਆ, ਮਨੀਪੁਰ, ਅਰੁਣਾਚਲ ਪ੍ਰਦੇਸ਼, ਸਿੱਕਮ, ਨਾਗਾਲੈਂਡ); ਕੋਲਕਾਤਾ (ਪੱਛਮੀ ਬੰਗਾਲ, ਓਡੀਸ਼ਾ, ਤ੍ਰਿਪੁਰਾ, ਝਾਰਖੰਡ, ਬਿਹਾਰ); ਲਖਨਊ (ਪੱਛਮੀ ਹਿੱਸੇ ਨੂੰ ਛੱਡ ਕੇ ਉੱਤਰ ਪ੍ਰਦੇਸ਼ ਦੇ ਬਾਕੀ ਰਹਿੰਦੇ ਸਾਰੇ ਹਿੱਸੇ); ਮੁੰਬਈ (ਮਹਾਰਾਸ਼ਟਰ, ਗੋਆ, ਮੱਧ ਪ੍ਰਦੇਸ਼, ਛੱਤੀਸਗੜ, ਦਮਨ ਅਤੇ ਦਿਉ, ਦਾਦਰਾ ਅਤੇ ਨਗਰ ਹਵੇਲੀ) ਅਤੇ ਸ੍ਰੀਨਗਰ ਅਰੰਭਕ ਸਥਾਨ ਜੰਮੂ-ਕਸ਼ਮੀਰ, ਲੇਹ-ਲੱਦਾਖ-ਕਾਰਗਿਲ ਨੂੰ ਕਵਰ ਕਰੇਗਾ।

"ਮਹਿਰਮ" (ਮਰਦ ਸਾਥੀ) ਸ਼੍ਰੇਣੀ ਅਧੀਨ ਮਹਿਲਾਵਾਂ ਵੱਲੋਂ ਹੱਜ 2020 ਲਈ ਭਰੀ ਗਈ ਅਰਜ਼ੀ ਹੱਜ 2021 ਲਈ ਵੀ ਯੋਗ ਹੈ।  ਇਸ ਤੋਂ ਇਲਾਵਾ ਉਨ੍ਹਾਂ ਮਹਿਲਾਵਾਂ ਤੋਂ ਨਵੇਂ ਫਾਰਮ ਵੀ ਸਵੀਕਾਰੇ ਜਾ ਰਹੇ ਹਨ, ਜੋ “ਮਹਿਰਮ” ਤੋਂ ਬਿਨਾਂ ਹੱਜ 2021 ਕਰਨਾ ਚਾਹੁੰਦੀਆਂ ਹਨ। “ਮਹਿਰਮ ਤੋਂ ਬਿਨਾਂ” ਸ਼੍ਰੇਣੀ ਅਧੀਨ ਆ ਰਹੀਆਂ ਸਾਰੀਆਂ ਮਹਿਲਾਵਾਂ ਨੂੰ ਲਾਟਰੀ ਪ੍ਰਣਾਲੀ ਤੋਂ ਛੋਟ ਦਿੱਤੀ ਜਾਵੇਗੀ।

ਮੁੰਬਈ ਵਿੱਚ ਸਾਉਦੀ ਅਰਬ ਦੇ ਰਾਇਲ ਵਾਈਸ ਕੌਂਸਲ ਜਨਰਲ ਮੁਹੰਮਦ ਅਬਦੁੱਲ ਕਰੀਮ ਅਲ-ਐਨਾਜ਼ੀ; ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਭਾਰਤੀ ਹੱਜ ਕਮੇਟੀ ਦੇ ਸੀਈਓ ਸ੍ਰੀ ਐਮ. ਏ. ਖਾਨ ਅਤੇ ਹੋਰ ਪਤਵੰਤੇ ਸੱਜਣ ਵੀ ਇਸ ਮੌਕੇ ਹਾਜ਼ਰ ਸਨ।

 

ਦਿਸ਼ਾ-ਨਿਰਦੇਸ਼ਾਂ ਨੂੰ ਵੇਖਣ ਲਈ ਇੱਥੇ ਕਲਿੱਕ ਕਰੋ

http://www.hajcommittee.gov.in/Files/Others/2021/guidelines2021.pdf

 

------------------------------------- 

ਐਨ ਬੀ/ਕੇ ਜੀ ਐਸ 


(Release ID: 1671126) Visitor Counter : 264