ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਕੇਵਡੀਆ ’ਚ ਏਕਤਾ ਦਿਵਸ ਦੇ ਸਮਾਰੋਹ ਵਿੱਚ ਹਿੱਸਾ ਲਿਆ
‘ਏਕਤਾ ਸੰਕਲਪ’ ਦਿਵਾਇਆ ਤੇ ਏਕਤਾ ਦਿਵਸ ਪਰੇਡ ’ਚ ਸ਼ਾਮਲ ਹੋਏ
ਭਾਰਤ ਆਪਣੀ ਪ੍ਰਭੂਸੱਤਾ ਤੇ ਅਖੰਡਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ: ਪ੍ਰਧਾਨ ਮੰਤਰੀ
130 ਕਰੋੜ ਭਾਰਤੀ ਇੱਕ ਮਜ਼ਬੂਤ ‘ਆਤਮਨਿਰਭਰ ਭਾਰਤ’ ਲਈ ਕੰਮ ਕਰ ਰਹੇ ਹਨ: ਪ੍ਰਧਾਨ ਮੰਤਰੀ
ਸਿਆਸੀ ਪਾਰਟੀ ਨੂੰ ਬੇਨਤੀ ਕੀਤੀ ਕਿ ਉਹ ਦੇਸ਼ ਦੀ ਸੁਰੱਖਿਆ ਦੇ ਹਿਤ ਵਿੱਚ ਤੇ ਸੁਰੱਖਿਆ ਬਲਾਂ ਦੇ ਮਨੋਬਲ ਲਈ ਦਹਿਸ਼ਤਗਰਦੀ ਦੀ ਹਮਾਇਤ ਨਾ ਕਰਨ
ਦਹਿਸ਼ਤਗਰਦੀ ਦੇ ਵਧ ਰਹੇ ਖ਼ਤਰੇ ਵਿਰੁੱਧ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ
Posted On:
31 OCT 2020 11:32AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਕੇਵਡੀਆ ’ਚ ਲੌਹ–ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ ਜਯੰਤੀ ਮੌਕੇ ‘ਏਕਤਾ ਦਿਵਸ’ ਨਾਲ ਸਬੰਧਿਤ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ‘ਸਟੈਚੂ ਆਵ੍ ਯੂਨਿਟੀ’ ਉੱਤੇ ਸ਼ਰਧਾ ਦੇ ਫੁੱਲ ਭੇਟ ਕੀਤੇ, ‘ਏਕਤਾ ਸੰਕਲਪ’ ਦਿਵਾਇਆ ਤੇ ਇਸ ਮੌਕੇ ਏਕਤਾ ਦਿਵਸ ਪਰੇਡ ਵਿੱਚ ਹਿੱਸਾ ਲਿਆ।
https://twitter.com/narendramodi/status/1322383096046473216
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਵਡੀਆ ਦੇ ਸੰਗਠਿਤ ਵਿਕਾਸ ਲਈ ਜਿਹੜੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਹੈ, ਉਹ ਇਸ ਖੇਤਰ ਵਿੱਚ ਸੈਲਾਨੀਆਂ ਦੀ ਆਮਦ ਵਿੱਚ ਵਾਧਾ ਕਰਨ ’ਚ ਮਦਦ ਕਰਨਗੇ। ਉਨ੍ਹਾਂ ਕਿਹਾ ਕਿ ਸੈਲਾਨੀਆਂ ਕੋਲ ਹੁਣ ‘ਸਟੈਚੂ ਆਵ੍ ਯੂਨਿਟੀ’ ਦੇਖਣ ਜਾਣ ਵਾਸਤੇ ਇੱਕ ਸੀਅ–ਪਲੇਨ ਸੇਵਾ ਰਾਹੀਂ ਸਰਦਾਰ ਸਾਹਿਬ ਦੇ ਦਰਸ਼ਨ ਕਰਨ ਦਾ ਵਿਕਲਪ ਹੋਵੇਗਾ।
ਮਹਾਰਾਸ਼ੀ ਵਾਲਮਿਕੀ ਦੀ ਸੱਭਿਆਚਾਰਕ ਏਕਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਸਦੀਆਂ ਪਹਿਲਾਂ ਆਦਿ–ਕਵੀ ਮਹਾਰਿਸ਼ੀ ਵਾਲਮੀਕਿ ਨੇ ਭਾਰਤ ਨੂੰ ਵਧੇਰੇ ਜੀਵੰਤ, ਊਰਜਾਵਾਨ ਤੇ ਸੱਭਿਆਚਾਰਕ ਤੌਰ ਉੱਤੇ ਇਕਜੁੱਟ ਕਰਨ ਲਈ ਸਾਡੇ ਅੱਜ ਦੇ ਮੁਕਾਬਲੇ ਕਿਤੇ ਜ਼ਿਆਦਾ ਜਤਨ ਕੀਤੇ ਸਨ। ਸ੍ਰੀ ਮੋਦੀ ਨੇ ਖ਼ੁਸ਼ੀ ਪ੍ਰਗਟਾਈ ਕਿ ਅੱਜ ਵਾਲਮੀਕਿ ਜਯੰਤੀ ਤੇ ਏਕਤਾ ਦਿਵਸ ਇੱਕੋ ਦਿਨ ਇਕੱਠੇ ਆਏ ਹਨ। ਉਨ੍ਹਾਂ ਉਸ ਤਰੀਕੇ ਉੱਤੇ ਵੀ ਖ਼ੁਸ਼ੀ ਪ੍ਰਗਟਾਈ, ਜਿਸ ਤਰੀਕੇ ਦੇਸ਼ ਨੇ ਆਪਣੀ ਸਮੂਹਿਕ ਤਾਕਤ, ਆਪਣੀ ਸਮੂਹਿਕ ਇੱਛਾ–ਸ਼ਕਤੀ ਨਾਲ ਮਹਾਮਾਰੀ ਦਾ ਸਾਹਮਣਾ ਕੀਤਾ ਹੈ, ਉਹ ਬੇਮਿਸਾਲ ਹੈ।
ਏਕਤਾ ਦੇ ਨਵੇਂ ਪਸਾਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਕਸ਼ਮੀਰ ਆਪਣੇ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਪਿਛਾਂਹ ਛੱਡਦਾ ਹੋਇਆ ਵਿਕਾਸ ਦੇ ਨਵੇਂ ਰਾਹ ’ਤੇ ਚਲ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇਸ਼ ਏਕਤਾ ਦੇ ਨਵੇਂ ਪਸਾਰ ਸਥਾਪਿਤ ਕਰ ਰਿਹਾ ਹੈ। ਉਨ੍ਹਾਂ ਉੱਤਰ–ਪੂਰਬ ਵਿੱਚ ਸ਼ਾਂਤੀ ਦੀ ਬਹਾਲੀ ਅਤੇ ਉਸ ਖੇਤਰ ਦੇ ਵਿਕਾਸ ਲਈ ਕੀਤੀਆਂ ਪਹਿਲਾਂ ਦੀ ਸੂਚੀ ਗਿਣਵਾਈ।
ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅਯੁੱਧਿਆ ’ਚ ਰਾਮ ਮੰਦਿਰ ਦਾ ਨਿਰਮਾਣ ਸਰਦਾਰ ਪਟੇਲ ਦੀ ਦੂਰ–ਦ੍ਰਿਸ਼ਟੀ ਵਾਲੇ ਭਾਰਤ ਦੀ ਸੱਭਿਆਚਾਰਕ ਸ਼ਾਨ ਨੂੰ ਬਹਾਲ ਕਰਨ ਦੀ ਇੱਕ ਕੋਸ਼ਿਸ਼ ਹੈ।
ਆਤਮਨਿਰਭਰ ਭਾਰਤ
ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ 130 ਕਰੋੜ ਦੇਸ਼ ਵਾਸੀ ਇੱਕ ਅਜਿਹੇ ਰਾਸ਼ਟਰ ਦਾ ਨਿਰਮਾਣ ਕਰ ਰਹੇ ਹਨ, ਜੋ ਮਜ਼ਬੂਤ ਵੀ ਹੈ ਤੇ ਸਮਰੱਥ ਵੀ, ਜਿੱਥੇ ਸਮਾਨਤਾ ਦੇ ਨਾਲ–ਨਾਲ ਮੌਕੇ ਵੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਇੱਕ ਆਤਮ–ਨਿਰਭਰ ਭਾਰਤ ਹੀ ਆਪਣੀ ਪ੍ਰਗਤੀ ਤੇ ਸੁਰੱਖਿਆ ਪੱਖੋਂ ਆਤਮ–ਵਿਸ਼ਵਾਸ ਨਾਲ ਭਰਪੂਰ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਰੱਖਿਆ ਸਮੇਤ ਵਿਭਿੰਨ ਖੇਤਰਾਂ ਵਿੱਚ ਆਤਮ–ਨਿਰਭਰ ਬਣਨ ਵੱਲ ਵਧਦਾ ਜਾ ਰਿਹਾ ਹੈ।
ਸਰਹੱਦੀ ਖੇਤਰਾਂ ਦਾ ਵਿਕਾਸ ਤੇ ਭਾਰਤ ਦੀ ਪ੍ਰਭੂਸੱਤਾ ਤੇ ਅਖੰਡਤਾ ਦੀ ਸੁਰੱਖਿਆ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਹੱਦਾਂ ਪ੍ਰਤੀ ਭਾਰਤ ਦਾ ਪਰਿਪੇਖ ਤੇ ਵਿਵਹਾਰ ਵੀ ਬਦਲ ਗਿਆ ਹੈ। ਗੁਆਂਢੀ ਦੇਸ਼ਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਭਾਰਤ ਦੀ ਧਰਤੀ ਉੱਤੇ ਆਪਣੀ ਅੱਖ ਰੱਖ ਰਹੇ ਹਨ, ਉਨ੍ਹਾਂ ਨੂੰ ਮੂੰਹ–ਤੋੜ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਹੱਦਾਂ ਉੱਤੇ ਸੈਂਕੜੇ ਕਿਲੋਮੀਟਰ ਲੰਬੀਆਂ ਸੜਕਾਂ, ਦਰਜਨਾਂ ਪੁਲ ਤੇ ਬਹੁਤ ਸਾਰੀਆਂ ਸੁਰੰਗਾਂ ਦਾ ਨਿਰਮਾਣ ਕਰ ਰਿਹਾ ਹੈ। ਉਨ੍ਹਾਂ ਦ੍ਰਿੜ੍ਹਤਾਪੂਰਬਕ ਕਿਹਾ ਕਿ ਅੱਜ ਦਾ ਭਾਰਤ ਆਪਣੀ ਪ੍ਰਭੂਸੱਤਾ ਤੇ ਅਖੰਡਤਾ ਦੀ ਰਾਖੀ ਕਰਨ ਲਈ ਪੂਰੀ ਤਰ੍ਰਾਂ ਤਿਆਰ ਹੈ।
ਦਹਿਸ਼ਤਗਰਦੀ ਵਿਰੁੱਧ ਏਕਤਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਯਤਨਾਂ ’ਚ ਵੀ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਭਾਰਤ ਤੇ ਸਮੁੱਚੇ ਵਿਸ਼ਵ ਨੂੰ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੁਝ ਲੋਕ ਦਹਿਸ਼ਤਗਰਦੀ ਦੀ ਹਮਾਇਤ ਵਿੱਚ ਨਿੱਕਲ ਆਏ ਹਨ, ਉਹ ਅੱਜ ਵਿਸ਼ਵ–ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਵਿਸ਼ਵ ਦੇ ਸਾਰੇ ਦੇਸ਼ਾਂ, ਸਾਰੀਆਂ ਸਰਕਾਰਾਂ, ਸਾਰੇ ਧਰਮਾਂ ਨੂੰ ਦਹਿਸ਼ਤਗਰਦੀ ਵਿਰੁੱਧ ਇਕਜੁੱਟ ਹੋਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸ਼ਾਂਤੀ, ਭਾਈਚਾਰਾ ਤੇ ਆਪਸੀ ਸਤਿਕਾਰ ਹੀ ਮਾਨਵਤਾ ਦੀ ਸੱਚੀ ਪਛਾਣ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦਾਂ ਦੀ ਹਿੰਸਾ ਤੋਂ ਕਦੇ ਕਿਸੇ ਨੂੰ ਕੋਈ ਲਾਭ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਸਾਡੀ ਵਿਵਿਧਤਾ ਹੀ ਸਾਡੀ ਹੋਂਦ ਹੈ ਤੇ ਇਸੇ ਲਈ ਅਸੀਂ ਅਸਾਧਾਰਣ ਹਾਂ। ਉਨ੍ਹਾਂ ਚੇਤੇ ਕਰਵਾਇਆ ਕਿ ਇਹ ਏਕਤਾ ਹੀ ਭਾਰਤ ਦੀ ਤਾਕਤ ਹੈ, ਜੋ ਹੋਰਨਾਂ ਨੂੰ ਪੱਬਾਂ ਭਾਰ ਕਰ ਦਿੰਦੀ ਹੈ। ਉਹ ਸਾਡੀ ਇਸ ਵਿਵਿਧਤਾ ਨੂੰ ਹੀ ਸਾਡੀ ਕਮਜ਼ੋਰੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਅਜਿਹੀਆਂ ਤਾਕਤਾਂ ਦੀ ਸ਼ਨਾਖ਼ਤ ਕਰਨ ਤੇ ਸਾਵਧਾਨ ਰਹਿਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਪੁਲਵਾਮਾ ਹਮਲਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਉਹ ਅਰਧਸੈਨਿਕ ਬਲਾਂ ਦੀ ਪਰੇਡ ਦੇਖ ਰਹੇ ਸਨ, ਤਾਂ ਉਨ੍ਹਾਂ ਨੂੰ ਪੁਲਵਾਮਾ ਹਮਲੇ ਦੀ ਘਟਨਾ ਚੇਤੇ ਆ ਗਈ। ਉਨ੍ਹਾਂ ਕਿਹਾ ਕਿ ਦੇਸ਼ ਕਦੇ ਵੀ ਉਸ ਵਾਰਦਾਤ ਨੂੰ ਨਹੀਂ ਭੁਲਾ ਸਕਦਾ ਤੇ ਸਮੁੱਚਾ ਰਾਸ਼ਟਰ ਆਪਣੇ ਵੀਰ ਸਪੂਤਾਂ ਦੇ ਵਿਛੋੜੇ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਉਸ ਵਾਰਦਾਤ ਬਾਰੇ ਦਿੱਤੇ ਬਿਆਨਾਂ ਨੂੰ ਕਦੇ ਵੀ ਭੁਲਾ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਗੁਆਂਢੀ ਦੇਸ਼ ਦੀ ਸੰਸਦ ਵਿੱਚ ਦਿੱਤੇ ਬਿਆਨਾਂ ਨੇ ਸੱਚ ਸਾਹਮਣੇ ਲੈ ਆਂਦਾ ਹੈ।
ਉਨ੍ਹਾਂ ਦੇਸ਼ ਵਿੱਚ ਖੇਡੀ ਜਾਣ ਵਾਲੀ ਭੈੜੀ ਸਿਆਸਤ ਉੱਤੇ ਅਫ਼ਸੋਸ ਪ੍ਰਗਟਾਇਆ, ਜਿਸ ਤੋਂ ਸਿਰਫ਼ ਖ਼ੁਦਗ਼ਰਜ਼ੀ ਤੇ ਹੰਕਾਰ ਹੀ ਝਲਕਦਾ ਹੈ। ਪੁਲਵਾਮਾ ਹਮਲੇ ਤੋਂ ਬਾਅਦ ਕੀਤੀ ਗਈ ਸਿਆਸਤ ਇਸ ਦੀ ਵੱਡੀ ਮਿਸਾਲ ਹੈ ਕਿ ਅਜਿਹੇ ਲੋਕ ਆਪਣੇ ਸਿਆਸੀ ਹਿਤਾਂ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਉਨ੍ਹਾਂ ਅਜਿਹੀਆਂ ਸਿਆਸੀ ਪਾਰਟੀਆਂ ਨੂੰ ਦੇਸ਼ ਦੀ ਸੁਰੱਖਿਆ ਦੇ ਹਿਤ ਵਿੱਚ ਤੇ ਸਾਡੇ ਸੁਰੱਖਿਆ ਬਲਾਂ ਦਾ ਮਨੋਬਲ ਵਧਾਉਣ ਲਈ ਕੰਮ ਕਰਨ ਦੀ ਬੇਨਤੀ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਸੁਆਰਥ ਲਈ ਜਾਣ–ਬੁੱਝ ਕੇ ਜਾਂ ਅਣਜਾਣਪੁਣੇ ’ਚ ਰਾਸ਼ਟਰ–ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਕੇ ਤੁਸੀਂ ਦੇਸ਼ ਦੇ ਹਿਤ ਜਾਂ ਆਪਣੀ ਪਾਰਟੀ ਲਈ ਕੋਈ ਵੀ ਕੰਮ ਕਰਨ ਦੇ ਯੋਗ ਨਹੀਂ ਹੋਵੋਗੇ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਸੀਂ ਹਰੇਕ ਦੇ ਹਿਤਾਂ ਬਾਰੇ ਸੋਚਾਂਗੇ, ਅਸੀ ਸਿਰਫ਼ ਤਦ ਹੀ ਤਰੱਕੀ ਕਰ ਸਕਾਂਗੇ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਗੁਜਰਾਤ ਰਾਜ ਦੇ ਪੁਲਿਸ ਬਲਾਂ, ਕੇਂਦਰੀ ਰਿਜ਼ਰਵ ਹਥਿਆਰਬੰਦ ਬਲ, ਸੀਮਾ ਸੁਰੱਖਿਆ ਬਲ, ਇੰਡੋ–ਤਿਬਤਨ ਬਾਰਡਰ ਪੁਲਿਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਤੇ ਰਾਸ਼ਟਰੀ ਸੁਰੱਖਿਆ ਗਾਰਡਾਂ ਦੀ ਰੰਗਾਰੰਗ ਪਰੇਡ ਨੂੰ ਦੇਖਿਆ। ਇਸ ਪਰੇਡ ਵਿੱਚ ਸੀਆਰਪੀਐੱਫ਼ ਦੀਆਂ ਮਹਿਲਾ ਅਧਿਕਾਰੀਆਂ ਦੁਆਰਾ ਕੀਤੀ ਗਈ ਰਾਈਫ਼ਲ ਡ੍ਰਿਲ ਵੀ ਸ਼ਾਮਲ ਸੀ। ਭਾਰਤੀ ਹਵਾਈ ਫ਼ੌਜ ਦੇ ਜੈਗੂਆਰ ਜਹਾਜ਼ਾਂ ਨੇ ਵੀ ਇਸ ਮੌਕੇ ਫ਼ਲਾਈ–ਪਾਸਟ ਪੇਸ਼ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਏਕਤਾ ਦਿਵਸ ਮੌਕੇ ਭਾਰਤ ਦੀ ਕਬਾਇਲੀ ਵਿਰਾਸਤ ਨੂੰ ਦਰਸਾਉਂਦੇ ਇੱਕ ਸੱਭਿਆਚਾਰਕ ਸਮਾਰੋਹ ਨੂੰ ਵੀ ਵੇਖਿਆ।
****
ਵੀਆਰਆਰਕੇ/ਏਕੇ
(Release ID: 1669104)
Visitor Counter : 164
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam