ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਰਤੀ ਖੇਡ ਅਥਾਰਿਟੀ-ਸਾਈ ਨੇ ਟੇਬਲ ਟੈਨਿਸ ਲਈ ਨੈਸ਼ਨਲ ਕੋਚਿੰਗ ਕੈਂਪ ਨੂੰ ਪ੍ਰਵਾਨਗੀ ਦਿੱਤੀ, ਭਾਰਤੀ ਟੇਬਲ ਟੈਨਿਸ ਫੈਡਰੇਸ਼ਨ-ਟੀਟੀਐੱਫਆਈ ਸੋਨੀਪਤ ਵਿੱਚ ਕੈਂਪ ਦਾ ਆਯੋਜਨ ਕਰੇਗਾ
Posted On:
24 OCT 2020 5:42PM by PIB Chandigarh
ਭਾਰਤੀ ਖੇਡ ਅਥਾਰਿਟੀ ਨੇ ਟੇਬਲ ਟੈਨਿਸ ਲਈ ਨੈਸ਼ਨਲ ਕੋਚਿੰਗ ਕੈਂਪ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੈਂਪ 28 ਅਕਤੂਬਰ ਤੋਂ 8 ਦਸੰਬਰ ਤੱਕ ਆਯੋਜਿਤ ਹੋਵੇਗਾ। ਇਸ ਕੈਂਪ ਵਿੱਚ 11 ਖਿਡਾਰੀ (5 ਪੁਰਸ਼, 6 ਮਹਿਲਾਵਾਂ) ਅਤੇ ਚਾਰ ਸਹਾਇਕ ਕਰਮਚਾਰੀ ਸ਼ਾਮਲ ਹੋਣਗੇ। ਭਾਰਤੀ ਟੇਬਲ ਟੈਨਿਸ ਫੈਡਰੇਸ਼ਨ, ਸੋਨੀਪਤ ਦੇ ਦਿੱਲੀ ਪਬਲਿਕ ਸਕੂਲ-ਡੀਪੀਐੱਸ ਵਿੱਚ ਇਸ ਕੈਂਪ ਦਾ ਆਯੋਜਨ ਕਰੇਗਾ। ਕੈਂਪ ਲਈ ਲਗਭਗ 18 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ। ਇਸ ਵਿੱਚ ਹਵਾਈ ਯਾਤਰਾ ਅਤੇ ਮੈਡੀਕਲ ਖਰਚ ਵੀ ਸ਼ਾਮਲ ਹੈ।
ਕੈਂਪ ਵਿੱਚ ਸ਼ਾਮਲ ਹੋਣ ਵਾਲੇ ਖਿਡਾਰੀ ਡੀਪੀਐੱਸ, ਸੋਨੀਪਤ ਵਿੱਚ ਮੌਜੂਦ ਰਿਹਾਇਸ਼ੀ ਕੰਪਲੈਕਸ ਵਿੱਚ ਰਹਿਣਗੇ। ਖੇਡ ਗਤੀਵਿਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਭਾਰਤੀ ਖੇਡ ਅਥਾਰਿਟੀ ਵੱਲੋਂ ਸਥਾਪਿਤ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾਵੇਗਾ। ਇਸ ਸਾਲ ਮਾਰਚ ਵਿੱਚ ਕੋਰੋਨਾ ਵਾਇਰਸ ਕਾਰਨ ਦੇਸ਼ਵਿਆਪੀ ਲੌਕਡਾਊਨ ਦੇ ਐਲਾਨ ਦੇ ਬਾਅਦ ਟੇਬਲ ਟੈਨਿਸ ਲਈ ਇਹ ਪਹਿਲਾ ਰਾਸ਼ਟਰੀ ਕੈਂਪ ਆਯੋਜਿਤ ਕੀਤਾ ਜਾਵੇਗਾ।
ਰਾਸ਼ਟਰ ਮੰਡਲ ਖੇਡਾਂ ਦੇ ਚਾਰ ਵਾਰ ਦੇ ਗੋਲਡ ਮੈਡਲ ਜੇਤੂ ਅਚੰਤਾ ਸ਼ਰਤ ਕਮਲ ਪੁਰਸ਼ਾਂ ਦੇ ਟ੍ਰੇਨਿੰਗ ਗਰੁੱਪ ਦਾ ਹਿੱਸਾ ਹੋਣਗੇ। ਉਨ੍ਹਾਂ ਨਾਲ ਮਾਨੁਸ਼ ਸ਼ਾਹ, ਮਾਨਵ ਠੱਕਰ, ਸੁਧਾਂਸ਼ੂ ਗਰੋਵਰ ਅਤੇ ਜੁਬਿਨ ਕੁਮਾਰ ਵੀ ਸਿਖਲਾਈ ਕੈਂਪ ਵਿੱਚ ਸ਼ਾਮਲ ਹੋਣਗੇ। ਮਹਿਲਾ ਟ੍ਰੇਨਿੰਗ ਗਰੁੱਪ ਵਿੱਚ ਅਨੁਸ਼ਾ ਕੁਟੰਬਲੇ, ਦੀਆ ਚਿਤਲੇ, ਸੁਤੀਰਥ ਮੁਖਰਜੀ, ਅਰਚਨਾ ਕਾਮਤ, ਤਕਮੀ ਸਰਕਾਰ ਅਤੇ ਕੌਸ਼ਾਨੀ ਨਾਥ ਭਾਗ ਲੈਣਗੀਆਂ।
ਅਰਚਨਾ ਕਾਮਤ ਟਾਰਗੈਟ ਓਲੰਪਿਕ ਪੋਡੀਅਮ ਸਕੀਮ ਵਿਕਾਸ ਗਰੁੱਪ ਦਾ ਇੱਕ ਹਿੱਸਾ ਹੈ ਅਤੇ 2018 ਯੂਥ ਓਲੰਪਿਕ ਦੀ ਸੈਮੀਫਾਈਨਲਿਸਟ ਹੈ। ਕੈਂਪ ਦੇ ਮਾਹੌਲ ਵਿੱਚ ਵਾਪਸ ਆ ਕੇ ਅਤੇ ਲੰਬੇ ਸਮੇਂ ਬਾਅਦ ਆਪਣੇ ਸਾਥੀ ਖਿਡਾਰੀਆਂ ਨਾਲ ਮਿਲਣ ’ਤੇ ਖੁਸ਼ੀ ਪ੍ਰਗਟਾਉਂਦੇ ਹੋਏ ਅਰਚਨਾ ਨੇ ਕਿਹਾ, ‘‘ਮੈਂ ਬੰਗਲੁਰੂ ਵਿੱਚ ਘਰ ’ਤੇ ਹੀ ਟ੍ਰੇਨਿੰਗ ਕਰ ਰਹੀ ਸੀ, ਪਰ ਇੱਕ ਅਜਿਹੇ ਕੈਂਪ ਦੇ ਮਾਹੌਲ ਵਿੱਚ ਵਾਪਸੀ ਦੀ ਉਮੀਦ ਕਰ ਰਹੀ ਸੀ, ਜਿੱਥੇ ਮੈਂ ਲੰਬੇ ਸਮੇਂ ਦੇ ਬਾਅਦ ਭਾਰਤੀ ਟੀਮ ਦੇ ਆਪਣੇ ਸਾਥੀ ਖਿਡਾਰੀਆਂ ਨੂੰ ਮਿਲ ਕੇ ਉਨ੍ਹਾਂ ਨਾਲ ਖੇਡ ਸਕਾਂ।’ ਕਾਮਤ ਨੇ ਕਿਹਾ ਕਿ ਉਨ੍ਹਾਂ ਦਾ ਅੰਤਿਮ ਟੀਚਾ ਓਲੰਪਿਕ ਲਈ ਕੁਆਲੀਫਾਈ ਕਰਨਾ ਅਤੇ ਉਨ੍ਹਾਂ ਵਿੱਚ ਖੇਡਣਾ ਹੈ। ਫਿਲਹਾਲ ਮੌਜੂਦਾ ਸਮੇਂ ਉਹ ਸਿਰਫ਼ ਇੱਕ ਸਮੇਂ ਵਿੱਚ ਇੱਕ ਮੈਚ ਦੀ ਸੋਚ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।
ਭਾਰਤ ਨੇ ਹਾਲ ਹੀ ਵਿੱਚ ਟੇਬਲ ਟੈਨਿਸ ਵਿੱਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ। 2018 ਰਾਸ਼ਟਰ ਮੰਡਲ ਖੇਡਾਂ ਵਿੱਚ ਭਾਰਤ ਨੇ 8 ਮੈਡਲ ਜਿੱਤਣ ਦੇ ਨਾਲ-ਨਾਲ ਉਸੇ ਸਾਲ ਏਸ਼ੀਆਈ ਖੇਡਾਂ ਵਿੱਚ ਵੀ ਪਹਿਲੀ ਵਾਰ ਮੈਡਲ ਜਿੱਤਣ ਵਿੱਚ ਸਫਲਤਾ ਹਾਸਲ ਕੀਤੀ ਸੀ।
*****
ਐੱਨਬੀ/ਓਏ
(Release ID: 1667387)
Visitor Counter : 168