ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ 42 ਸੀਐੱਨਜੀ ਸਟੇਸ਼ਨਾਂ ਅਤੇ 3 ਸਿਟੀ ਗੇਟ ਸਟੇਸ਼ਨਾਂ ਨੂੰ ਕਮਿਊਨਿਟੀ ਦੀ ਸੇਵਾ ਲਈ ਸਮਰਪਿਤ ਕੀਤਾ;

ਗੈਸ ਬੁਨਿਆਦੀ ਢਾਂਚੇ ਵਿੱਚ 60 ਅਰਬ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ: ਸ਼੍ਰੀ ਪ੍ਰਧਾਨ;



ਮੰਤਰੀ ਨੇ ਸੀਜੀਡੀ ਸੰਸਥਾਵਾਂ ਨੂੰ ਹੋਰ ਵਿਆਪਕ ਊਰਜਾ ਪ੍ਰਚੂਨ ਵਿਕਰੇਤਾ ਵਿਕਸਿਤ ਕਰਨ ਦੀ ਅਪੀਲ ਕੀਤੀ

Posted On: 06 OCT 2020 2:06PM by PIB Chandigarh


ਪੈਟਰੋਲੀਅਮ ਅਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਵੱਖ ਵੱਖ ਖੇਤਰਾਂ ਵਿੱਚ ਵਾਤਾਵਰਣ ਪੱਖੀ ਕੰਪ੍ਰੈਸਡ ਨੈਚੁਰਲ ਗੈਸ (ਸੀਐੱਨਜੀ) ਦੀ ਪਹੁੰਚ ਦਾ ਵਿਸਤਾਰ ਕਰਦਿਆਂ ਅੱਜ 42 ਸੀਐੱਨਜੀ ਸਟੇਸ਼ਨ ਅਤੇ ਟੋਰੈਂਟ ਗੈਸ ਦੇ 3 ਸਿਟੀ ਗੇਟ ਸਟੇਸ਼ਨਾਂ ਨੂੰ ਕਮਿਊਨਿਟੀ ਦੀ ਸੇਵਾ ਲਈ ਸਮਰਪਿਤ ਕੀਤਾ।  ਸਾਰੇ ਸੀਐੱਨਜੀ ਸਟੇਸ਼ਨਾਂ ਅਤੇ ਸਿਟੀ ਗੇਟ ਸਟੇਸ਼ਨਾਂ ਨੂੰ ਪ੍ਰੋਗਰਾਮ ਦੌਰਾਨ ਮੰਤਰੀ ਨਾਲ ਵੀਡੀਓ ਕਾਨਫਰੰਸ ਜ਼ਰੀਏ ਜੋੜਿਆ ਗਿਆ ਸੀ।

 

1.jpg


 

ਟੋਰੈਂਟ ਗੈਸ ਨੂੰ 7 ਰਾਜਾਂ ਅਤੇ 1 ਕੇਂਦਰੀ ਸ਼ਾਸਿਤ ਪ੍ਰਦੇਸ਼ (ਯੂਟੀ) ਦੇ 32 ਜ਼ਿਲ੍ਹਿਆਂ ਵਿੱਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਕਾਇਮ ਕਰਨ ਦਾ ਅਧਿਕਾਰ ਹੈ। ਇਹ ਸੀਐੱਨਜੀ ਸਟੇਸ਼ਨ ਵੱਖ ਵੱਖ ਰਾਜਾਂ ਵਿੱਚ ਸਥਿਤ ਹਨ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਵਿੱਚ 14, ਮਹਾਰਾਸ਼ਟਰ ਵਿੱਚ 8, ਗੁਜਰਾਤ ਵਿੱਚ 6, ਪੰਜਾਬ ਵਿੱਚ 4 ਅਤੇ ਤੇਲੰਗਾਨਾ ਅਤੇ ਰਾਜਸਥਾਨ ਵਿੱਚ 5-5 ਸਟੇਸ਼ਨ ਸ਼ਾਮਲ ਹਨ।  ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ ਹਰੇਕ ਵਿੱਚ ਇੱਕ-ਇੱਕ ਸਿਟੀ ਗੇਟ ਸਟੇਸ਼ਨ ਵੀ ਸ਼ਾਮਲ ਹੈ।

 

ਇਸ ਮੌਕੇ ਬੋਲਦਿਆਂ ਸ਼੍ਰੀ ਪ੍ਰਧਾਨ ਨੇ ਸਾਰੀਆਂ ਕੰਪ੍ਰੈਸਡ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਏਜੰਸੀਆਂ ਨੂੰ ਵਿਆਪਕ ਊਰਜਾ ਪ੍ਰਚੂਨ ਵਿਕਰੇਤਾਵਾਂ ਵਿੱਚ ਵਾਧਾ ਕਰਨ ਦਾ ਸੱਦਾ ਦਿੱਤਾ।  ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਕਲਪਨਾ ਕੀਤੀ ਹੈ ਕਿ ਖਪਤਕਾਰਾਂ ਨੂੰ ਉਨ੍ਹਾਂ ਦੀ ਖਰੀਦ ਸਮਰੱਥਾ ਅਤੇ ਈਂਧਣ ਦੀ ਚੋਣ ਦੇ ਅਨੁਸਾਰ, ਪ੍ਰਚੂਨ ਦੁਕਾਨ ਤੋਂ ਪੈਟਰੋਲ, ਡੀਜ਼ਲ, ਸੀਐੱਨਜੀ, ਐਲਐੱਨਜੀ ਜਾਂ ਇਲੈਕਟ੍ਰਿਕ ਚਾਰਜਿੰਗ ਸਮੇਤ ਕਿਸੇ ਵੀ ਕਿਸਮ ਦਾ ਬਾਲਣ ਖਰੀਦਣਯੋਗ ਹੋਣਾ ਚਾਹੀਦਾ ਹੈ।  ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਮੋਬਾਈਲ ਡਿਸਪੈਂਸਰਾਂ ਰਾਹੀਂ ਈਂਧਣ ਦੀ ਸਪਲਾਈ ਕਰਨਾ ਚਾਹੁੰਦੀ ਹੈ ਤਾਂ ਜੋ ਖਪਤਕਾਰਾਂ ਨੂੰ ਉਨ੍ਹਾਂ ਦੀ ਸੁਵਿਧਾ ਅਨੁਸਾਰ ਉਨ੍ਹਾਂ ਦੇ ਬੂਹੇ ‘ਤੇ ਈਂਧਣ ਮਿਲ ਸਕੇ।  ਮੰਤਰੀ ਨੇ ਕਿਹਾ ਕਿ ਬੈਟਰੀ ਸਵੈਪਿੰਗ ਸੁਵਿਧਾਵਾਂ ਨੂੰ ਵੀ ਵਧਾਉਣ ਦੀ ਰਣਨੀਤੀ ਬਣਾਈ ਜਾ ਰਹੀ ਹੈ।  ਮੰਤਰੀ ਨੇ ਵਪਾਰ ਦੇ ਲੈਣ-ਦੇਣ ਦੇ ਹਰ ਪਹਿਲੂ ਵਿੱਚ, ਵੱਡੇ ਪੱਧਰ 'ਤੇ ਡਿਜੀਟਲ ਪਲੈਟਫਾਰਮ ਅਪਣਾਉਣ ਦੀ ਵਕਾਲਤ ਕੀਤੀ।

 

 

2.jpg


 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਊਰਜਾ ਖਪਤਕਾਰ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸੀਜੀਡੀ ਨੈੱਟਵਰਕ ਦਾ ਵਿਕਾਸ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਦੇ ਸੰਨ 2030 ਲਈ ਮਿੱਥੇ ਗਏ ਸੀਓਪੀ -21 (COP-21) ਜਲਵਾਯੂ ਪਰਿਵਰਤਨ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਸੰਕਲਪ ਦੇ ਅਨੁਕੂਲ ਹੈ। ਸੌਰ ਊਰਜਾ  ਖੇਤਰ ਵਿੱਚ, ਭਾਰਤ ਪਹਿਲਾਂ ਹੀ ਇੱਕ ਰੋਲ ਮਾਡਲ ਬਣ ਚੁੱਕਾ ਹੈ।  ਸ਼੍ਰੀ ਪ੍ਰਧਾਨ ਨੇ ਕਿਹਾ ਕਿ ਗੈਸ ਬੁਨਿਆਦੀ ਢਾਂਚੇ ਵਿੱਚ ਲਗਭਗ 60 ਬਿਲੀਅਨ ਡਾਲਰ, ਜੋ ਕਿ 4 ਲੱਖ ਕਰੋੜ ਰੁਪਏ ਤੋਂ ਵੱਧ ਹੈ, ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਪਾਈਪ ਲਾਈਨਾਂ ਵਿਛਾਉਣ ਸਮੇਤ, ਟਰਮੀਨਲ ਅਤੇ ਗੈਸ ਖੇਤਰ ਸ਼ਾਮਲ ਹਨ।  ਉਨ੍ਹਾਂ ਕਿਹਾ ਕਿ ਦੇਸ਼ ਗੈਸ ਅਧਾਰਿਤ ਆਰਥਿਕਤਾ ਵੱਲ ਵਧ ਰਿਹਾ ਹੈ, ਜਿਹੜਾ ਨਾ ਸਿਰਫ ਸਵੱਛ ਅਤੇ ਦਕਸ਼ ਈਂਧਣ ਹੈ, ਬਲਕਿ ਆਯਾਤ ਕੀਤੇ ਕੱਚੇ ਤੇਲ ‘ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਵੀ ਸਹਾਇਤਾ ਕਰੇਗਾ।  ਸ਼੍ਰੀ ਪ੍ਰਧਾਨ ਨੇ ਸੀਜੀਡੀ ਕੰਪਨੀਆਂ ਨੂੰ ਖੇਤੀਬਾੜੀ ਦੇ ਰਹਿੰਦ ਖੂੰਹਦ, ਵਣ ਉਪਜ, ਸ਼ਹਿਰ ਦੀ ਰਹਿੰਦ-ਖੂੰਹਦ ਅਤੇ ਗੋਬਰ ਦੀ ਵਰਤੋਂ ਕਰਦਿਆਂ ਕੰਪ੍ਰੈਸਡ ਬਾਇਓ-ਗੈਸ ਪੈਦਾ ਕਰਨ ਲਈ ਬਾਇਓਮਾਸ ਅਧਾਰਿਤ ਪਲਾਂਟਾਂ ਵਿੱਚ ਵੀ ਨਿਵੇਸ਼ ਕਰਨ ਲਈ ਕਿਹਾ।  ਉਨ੍ਹਾਂ ਕਿਹਾ ਕਿ 500 ਅਜਿਹੇ ਪਲਾਂਟ ਪਹਿਲਾਂ ਹੀ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਅਜਿਹੇ ਕੁੱਲ 5000 ਪਲਾਂਟ ਸਥਾਪਿਤ ਕਰਨ ਦਾ ਟੀਚਾ ਹੈ।  ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਦੌਰਾਨ, ਸਾਡੇ ਕੋਰੋਨਾ-ਜੋਧਿਆਂ ਨੇ, ਖਤਰਿਆਂ ਦਾ ਬਹਾਦਰੀ ਨਾਲ ਸਾਹਮਣਾ ਕਰਦਿਆਂ ਹੋਇਆਂ, ਖਪਤਕਾਰਾਂ ਨੂੰ ਉਨ੍ਹਾਂ ਦੇ ਬੂਹੇ 'ਤੇ ਸਮੇਂ ਸਿਰ ਸਪਲਾਈ ਨੂੰ ਸੁਨਿਸ਼ਚਿਤ ਕੀਤਾ।


 

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ ਨੇ ਇਸ ਮੌਕੇ ਬੋਲਦਿਆਂ ਸੀਜੀਡੀ ਅਦਾਰਿਆਂ ਦੇ ਕੋਵਿਡ ਸਮੱਸਿਆ ਦੇ ਬਾਵਜੂਦ ਆਪਣੇ ਟੀਚਿਆਂ ਨੂੰ ਪੂਰਾ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ।  ਉਨ੍ਹਾਂ ਕਿਹਾ ਕਿ ਗੈਸ ਅਧਾਰਿਤ ਅਰਥਵਿਵਸਥਾ ਵਿੱਚ ਤਬਦੀਲ ਹੋਣ ਦੀ ਭਾਰਤ ਦੀ ਕੋਸ਼ਿਸ਼ ਵਿੱਚ, ਪੀਐੱਨਜੀ ਅਤੇ ਸੀਐੱਨਜੀ ਦੀ ਬਿਹਤਰ ਵਰਤੋਂ ਪ੍ਰਤੀ ਸੁਚਾਰੂ ਤਬਦੀਲੀ ਨੂੰ ਸੁਨਿਸ਼ਚਿਤ ਕਰਨ ਲਈ ਡਿਸਟ੍ਰੀਬਿਊਸ਼ਨ ਨੈੱਟਵਰਕ ਦੀ ਸਥਾਪਨਾ ਅਤੇ ਵਾਧਾ ਮਹੱਤਵਪੂਰਨ ਹੈ।


 

ਦੇਸ਼ ਵਿੱਚ ਸਾਲ 2014 ਵਿੱਚ ਸੀਐੱਨਜੀ ਸਟੇਸ਼ਨਾਂ ਦੀ ਗਿਣਤੀ 938 ਸੀਐੱਨਜੀ ਸਟੇਸ਼ਨ ਸੀ, ਜੋ 2020 ਵਿੱਚ ਦੁਗਣੀ ਤੋਂ ਵੀ ਜ਼ਿਆਦਾ ਵੱਧ ਕੇ  ਲਗਭਗ 2300 ਸੀਐੱਨਜੀ ਸਟੇਸ਼ਨ ਹੋ ਗਈ ਹੈ। ਮੌਜੂਦਾ ਸੀਐੱਨਜੀ ਸਟੇਸ਼ਨਾਂ ਅਤੇ 9ਵੇਂ ਅਤੇ 10ਵੇਂ ਗੇੜ ਵਿੱਚ ਬਣਨ ਵਾਲੇ ਸਟੇਸ਼ਨਾਂ ਦੇ ਨਾਲ, ਭਾਰਤ ਵਿੱਚ ਆਉਣ ਵਾਲੇ ਸਾਲਾਂ ਵਿੱਚ 10,000 ਦੇ ਲਗਭਗ ਸੀਐੱਨਜੀ ਸਟੇਸ਼ਨਾਂ ਦਾ ਮਜ਼ਬੂਤ ਢਾਂਚਾ ਸਥਾਪਿਤ ਹੋ ਜਾਣ ਦੀ ਉਮੀਦ ਹੈ।


 

ਸੀਜੀਡੀ ਬੋਲੀ ਲਗਾਉਣ ਦਾ 9ਵਾਂ ਗੇੜ, ਜੋ 2018 ਵਿੱਚ ਸਮਾਪਤ ਹੋਇਆ, 86 ਜੀਏ (GAs) ਨਾਲ 174 ਜ਼ਿਲ੍ਹਿਆਂ ਵਾਲਾ, ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਗੇੜ ਸੀ। ਸੀਜੀਡੀ ਬੋਲੀ ਲਗਾਉਣ ਦੇ 10ਵੇਂ ਗੇੜ ਵਿੱਚ 50 ਜੀਏ ਨਾਲ 124 ਜ਼ਿਲ੍ਹਿਆਂ ਨੂੰ ਕਵਰ ਕੀਤਾ ਗਿਆ, ਇਸ ਬੋਲੀ ਵਿੱਚ ਵੀ ਨਿਵੇਸ਼ਕਾਂ ਦੀ ਫਿਰ ਤੋਂ ਭਾਰੀ ਦਿਲਚਸਪੀ ਦੇਖੀ ਗਈ। 9ਵੇਂ ਅਤੇ 10ਵੇਂ ਗੇੜਾਂ ਦੌਰਾਨ ਲਗਭਗ 120,000 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਇਆ। ਇਨ੍ਹਾਂ ਗੇੜਾਂ ਤੋਂ ਬਾਅਦ, ਭਾਰਤ ਵਿੱਚ ਦੇਸ਼ ਦੇ 407 ਜ਼ਿਲ੍ਹਿਆਂ ਵਿੱਚ ਸੀਜੀਡੀ ਬੁਨਿਆਦੀ ਢਾਂਚਾ ਕਾਰਜਸ਼ੀਲ ਹੋਵੇਗਾ ਜਿਸ ਵਿੱਚ ਦੇਸ਼ ਦੇ 50 ਪ੍ਰਤੀਸ਼ਤ ਤੋਂ ਵੱਧ ਖੇਤਰਾਂ ਨੂੰ ਕਵਰ ਕਰਨ ਅਤੇ 70 ਪ੍ਰਤੀਸ਼ਤ ਤੋਂ ਵੱਧ ਆਬਾਦੀ ਦੀ ਸੇਵਾ ਕਰਨ ਦੀ ਸੰਭਾਵਨਾ ਹੈ।


 

ਸੀਜੀਡੀ ਸੈਕਟਰ ਵਿੱਚ ਇਸ ਤਰ੍ਹਾਂ ਦੀ ਵੱਡੀ ਸਮਰੱਥਾ ਦੇ ਵਾਧੇ ਤੋਂ, ਆਉਣ ਵਾਲੇ ਸਾਲਾਂ ਵਿੱਚ ਪੀਐੱਨਜੀ ਮੀਟਰਾਂ, ਪੀਐੱਨਜੀ ਰੈਗੂਲੇਟਰਾਂ, ਸੀਐੱਨਜੀ ਕੰਪ੍ਰੈਸਰਾਂ, ਸੀਐੱਨਜੀ ਡਿਸਪੈਂਸਰਾਂ ਅਤੇ ਸੀਐੱਨਜੀ ਕੈਸਕੇਡਾਂ ਦੀ ਜ਼ਬਰਦਸਤ ਮੰਗ ਦੀ ਉਮੀਦ ਕੀਤੀ ਜਾਂਦੀ ਹੈ। ਸੀਜੀਡੀ ਸੈਕਟਰ ਤੋਂ ਅਜਿਹੀ ਭਰੋਸੇਯੋਗ ਮੰਗ ਦੀ ਮੌਜੂਦਗੀ, ਘਰੇਲੂ ਮੈਨੂਫੈਕਚਰਿੰਗ ਨੂੰ ਹੁਲਾਰਾ ਦੇਣ ਲਈ ਮਜ਼ਬੂਤ ਪ੍ਰੇਰਕ ਪ੍ਰਦਾਨ ਕਰੇਗੀ ਅਤੇ ਆਤਮਨਿਰਭਰ ਭਾਰਤ ਅਭਿਆਨ ਨੂੰ ਉਤਸ਼ਾਹਿਤ ਕਰਨ ਦੇ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਵੱਛ ਈਂਧਣ ਵੀ ਉਪਲਬਧ ਹੋ ਸਕੇਗਾ।

 

                          

   *********

 

 

ਵਾਈਬੀ/ਐੱਸਕੇ


(Release ID: 1662151) Visitor Counter : 184