ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਵੱਲੋਂ ‘ਅਟਲ ਟਨਲ’ ਰਾਸ਼ਟਰ ਨੂੰ ਸਮਰਪਿਤ

ਹਿਮਾਚਲ ਪ੍ਰਦੇਸ਼ ਦੇ ਪੀਰ ਪੰਜਾਲ ਪਰਬਤਾਂ ਵਾਲੇ ਸਭ ਤੋਂ ਵੱਧ ਬਿਖੜੇ ਖੇਤਰ ਵਿੱਚ ਸੁਰੰਗ ਬਣਾਉਣ ਦਾ ਚਮਤਕਾਰੀ ਕਰਤੱਬ ਕਰ ਵਿਖਾਉਣ ਲਈ ਬੀਆਰਓ ਤੇ ਇੰਜੀਨੀਅਰਾਂ ਨੂੰ ਦਿੱਤੀ ਮੁਬਾਰਕਬਾਦ
ਇਹ ਸੁਰੰਗ ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਲੇਹ ਤੇ ਲੱਦਾਖ ਨੂੰ ਮਜ਼ਬੂਤ ਬਣਾਏਗੀ: ਪ੍ਰਧਾਨ ਮੰਤਰੀ

ਇਸ ਪ੍ਰੋਜੈਕਟ ਤੋਂ ਕਿਸਾਨਾਂ, ਬਾਗ਼ਬਾਨੀ ਮਾਹਿਰਾਂ, ਨੌਜਵਾਨਾਂ, ਸੈਲਾਨੀਆਂ, ਸੁਰੱਖਿਆ ਬਲਾਂ ਨੂੰ ਲਾਭ ਹੋਵੇਗਾ: ਪ੍ਰਧਾਨ ਮੰਤਰੀ

ਸਰਹੱਦੀ ਇਲਾਕੇ ਦੀ ਕੁਨੈਕਟੀਵਿਟੀ ਦਾ ਵਿਕਾਸ ਕਰਨ ਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਲਾਗੂ ਕਰਨ ਲਈ ਸਿਆਸੀ ਇੱਛਾ–ਸ਼ਕਤੀ ਦੀ ਲੋੜ: ਪ੍ਰਧਾਨ ਮੰਤਰੀ

ਤੇਜ਼ੀ ਨਾਲ ਆਰਥਿਕ ਪ੍ਰਗਤੀ ਬੁਨਿਆਦੀ–ਢਾਂਚੇ ਦੇ ਵਿਭਿੰਨ ਕੰਮਾਂ ਦੇ ਤੇਜ਼–ਰਫ਼ਤਾਰ ਨਾਲ ਨਿੱਬੜਨ ’ਤੇ ਨਿਰਭਰ: ਪ੍ਰਧਾਨ ਮੰਤਰੀ

Posted On: 03 OCT 2020 1:05PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਨਾਲੀ ਵਿਖੇ ਦੁਨੀਆ ’ਚ ਹਾਈਵੇਅ ਉੱਤੇ ਬਣੀ ਸਭ ਤੋਂ ਲੰਮੀ ਸੁਰੰਗ ‘ਅਟਲ ਟਨਲ’ ਉਸ ਦੇ ਦੱਖਣੀ ਪੋਰਟਲ ਤੋਂ ਰਾਸ਼ਟਰ ਨੂੰ ਸਮਰਪਿਤ ਕੀਤੀ।

9.02 ਕਿਲੋਮੀਟਰ ਲੰਮੀ ਇਹ ਸੁਰੰਗ ਮਨਾਲੀ ਨੂੰ ਲਾਹੌਲ–ਸਪਿਤੀ ਵਾਦੀ ਨਾਲ ਸਾਰਾ ਸਾਲ ਜੋੜ ਕੇ ਰੱਖੇਗੀ। ਪਹਿਲਾਂ ਇਹ ਵਾਦੀ ਹਰ ਸਾਲ ਭਾਰੀ ਬਰਫ਼ਬਾਰੀ ਕਾਰਣ ਲਗਭਗ 6 ਮਹੀਨਿਆਂ ਤੱਕ ਬਾਕੀ ਦੇਸ਼ ਤੋਂ ਕੱਟੀ ਰਹਿੰਦੀ ਸੀ।

ਇਹ ਸੁਰੰਗ ਸਮੁੰਦਰੀ ਤਲ ਤੋਂ 3,000 ਮੀਟਰ (10,000 ਫ਼ੁੱਟ) ਦੀ ਉਚਾਈ ਉੱਤੇ ਹਿਮਾਲਾ ਪਰਬਤ ਦੇ ਪੀਰ ਪੰਜਾਲ ਪਹਾੜਾਂ ਉੱਤੇ ਅਤਿ–ਆਧੁਨਿਕ ਦਿਸ਼ਾ–ਨਿਰਦੇਸ਼ਾਂ ਨਾਲ ਤਿਆਰ ਕੀਤੀ ਗਈ ਹੈ। ਇਸ ਸੁਰੰਗ ਦੇ ਬਣਨ ਨਾਲ ਮਨਾਲੀ ਤੋਂ ਲੇਹ ਤੱਕ 46 ਕਿਲੋਮੀਟਰ ਦੀ ਦੂਰੀ ਘਟ ਗਈ ਹੈ, ਜਿਸ ਨੂੰ ਪਾਰ ਕਰਨ ਵਿੱਚ ਲਗਭਗ 4 ਤੋਂ 5 ਘੰਟੇ ਲੱਗ ਜਾਂਦੇ ਸਨ।

ਇਸ ਵਿੱਚ ਸੈਮੀ ਟ੍ਰਾਂਸਵਰਸ ਹਵਾਦਾਰੀ, SCADA ਨਿਯੰਤ੍ਰਿਤ ਅਗਨੀ–ਸ਼ਮਨ, ਰੌਸ਼ਨੀ ਤੇ ਨਿਗਰਾਨੀ ਪ੍ਰਣਾਲੀਆਂ ਸਮੇਤ ਅਤਿ–ਆਧੁਨਿਕ ਇਲੈਕਟ੍ਰੋਮਕੈਨੀਕਲ ਸਿਸਟਮਜ਼ ਲੱਗੇ ਹੋਏ ਹਨ। ਇਸ ਸੁਰੰਗ ਵਿੱਚ ਬਹੁਤ ਸਾਰੀਆਂ ਸੁਰੱਖਿਆ ਵਿਸ਼ੇਸ਼ਤਾਵਾਂ ਫ਼ਿੱਟ ਹਨ।

ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਇਸ ਸੁਰੰਗ ਦੇ ਦੱਖਣੀ ਪੋਰਟਲ ਤੋਂ ਉੱਤਰੀ ਪੋਰਟਲ ਤੱਕ ਦੀ ਯਾਤਰਾ ਕੀਤੀ ਅਤੇ ਐਮਰਜੈਂਸੀ ਈਗ੍ਰੈੱਸ (ਬਾਹਰ ਨਿੱਕਲਣ ਵਾਲਾ ਰਾਹ) ਸੁਰੰਗ ਨੂੰ ਵੀ ਵੇਖਿਆ, ਜੋ ਇਸ ਮੁੱਖ ਸੁਰੰਗ ਦੇ ਅੰਦਰ ਹੀ ਬਣੀ ਹੋਈ ਹੈ। ਉਨ੍ਹਾਂ ਇਸ ਮੌਕੇ ਉਨ੍ਹਾਂ ਉਹ ਚਿੱਤਰ–ਪ੍ਰਦਰਸ਼ਨੀ ਵੀ ਵੇਖੀ, ਜਿਨ੍ਹਾਂ ਤੋਂ ਇਸ ‘ਅਟਲ ਟਨਲ ਦੇ ਬਣਨ’ ਦੀ ਕਹਾਣੀ ਪਤਾ ਲੱਗਦੀ ਹੈ।

ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਅੱਜ ਦੇ ਦਿਹਾੜੇ ਨੂੰ ਇਤਿਹਾਸਕ ਕਰਾਰ ਦਿੱਤਾ ਕਿਉਂਕਿ ਇਸ ਨਾਲ ਨਾ ਕੇਵਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਦੂਰ–ਦ੍ਰਿਸ਼ਟੀ ਨੂੰ ਬੂਰ ਪਿਆ ਹੈ, ਸਗੋਂ ਇਸ ਇਲਾਕੇ ਦੇ ਕਰੋੜਾਂ ਲੋਕਾਂ ਦੀ ਦਹਾਕਿਆਂ ਪੁਰਾਣੀ ਇੱਛਾ ਤੇ ਸੁਫ਼ਨਾ ਵੀ ਸਾਕਾਰ ਹੋਇਆ ਹੈ।

ਉਨ੍ਹਾਂ ਕਿਹਾ ਕਿ ਅਟਲ ਟਨਲ ਹਿਮਾਚਲ ਪ੍ਰਦੇਸ਼ ਦੇ ਵੱਡੇ ਹਿੱਸੇ ਦੇ ਨਾਲ–ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ–ਲੱਦਾਖ ਲਈ ਇੱਕ ਜੀਵਨ–ਰੇਖਾ ਬਣਨ ਜਾ ਰਹੀ ਹੈ ਅਤੇ ਇਸ ਨਾਲ ਮਨਾਲੀ ਤੋਂ ਕੇਲੌਂਗ ਵਿਚਾਲੇ ਦੀ 3–4 ਘੰਟਿਆਂ ਦੀ ਦੂਰੀ ਘਟੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਸਬੰਧਤ ਹਿੱਸੇ ਅਤੇ ਲੇਹ–ਲੱਦਾਖ ਹੁਣ ਸਦਾ ਲਈ ਬਾਕੀ ਦੇਸ਼ ਨਾਲ ਜੁੜ ਜਾਣਗੇ ਅਤੇ ਜਿਸ ਨਾਲ ਆਰਥਿਕ ਪ੍ਰਗਤੀ ਦੀ ਰਫ਼ਤਾਰ ਤੇਜ਼ ਹੋਵੇਗੀ।

ਉਨ੍ਹਾਂ ਕਿਹਾ ਕਿ ਕਿਸਾਨਾਂ, ਬਾਗ਼ਬਾਨੀ ਮਾਹਿਰਾਂ ਤੇ ਨੌਜਵਾਨਾਂ ਲਈ ਹੁਣ ਰਾਜਧਾਨੀ ਦਿੱਲੀ ਤੇ ਹੋਰ ਬਾਜ਼ਾਰਾਂ ਤੱਕ ਪਹੁੰਚ ਆਸਾਨ ਹੋ ਜਾਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਹੱਦੀ ਇਲਾਕਿਆਂ ਵਿੱਚ ਅਜਿਹੇ ਕੁਨੈਕਟੀਵਿਟੀ ਪ੍ਰੋਜੈਕਟਾਂ ਨਾਲ ਸੁਰੱਖਿਆਂ ਬਲਾਂ ਨੂੰ ਵੀ ਨਿਯਮਤ ਸਪਲਾਈਜ਼ ਯਕੀਨੀ ਹੋ ਸਕਣਗੀਆਂ ਤੇ ਉਨ੍ਹਾਂ ਨੂੰ ਗਸ਼ਤ ਕਰਨ ਵਿੱਚ ਵੀ ਆਸਾਨੀ ਹੋਵੇਗੀ।

ਪ੍ਰਧਾਨ ਮੰਤਰੀ ਨੇ ਇੰਜੀਨੀਅਰਾਂ, ਤਕਨੀਸ਼ੀਅਨਾਂ ਤੇ ਕਾਮਿਆਂ ਦੇ ਜਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਆਪਣੀਆਂ ਜਾਨਾਂ ਦਾਅ ’ਤੇ ਲਾਈਆਂ।

ਉਨ੍ਹਾਂ ਕਿਹਾ ਕਿ ਅਟਲ ਸੁਰੰਗ ਭਾਰਤ ਦੇ ਸਰਹੱਦੀ ਬੁਨਿਆਦੀ ਢਾਂਚੇ ਨੂੰ ਵੀ ਇੱਕ ਨਵੀਂ ਤਾਕਤ ਬਖ਼ਸ਼ੇਗੀ ਤੇ ਇਹ ਵਿਸ਼ਵ–ਪੱਧਰੀ ਸਰਹੱਦੀ ਕੁਨੈਕਟੀਵਿਟੀ ਦਾ ਜਿਊਂਦਾ–ਜਾਗਦਾ ਸਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਅਤੇ ਸਰਹੱਦੀ ਇਲਾਕਿਆਂ ਦੇ ਸਮੁੱਚੇ ਵਿਕਾਸ ਦੀ ਚਿਰੋਕਣੀ ਮੰਗ ਦੇ ਬਾਵਜੂਦ ਪਹਿਲਾਂ ਯੋਜਨਾਵਾਂ ਤਾਂ ਉਲੀਕੀਆਂ ਜਾਂਦੀਆਂ ਸਨ ਪਰ ਉਨ੍ਹਾਂ ’ਚ ਕਈ–ਕਈ ਦਹਾਕਿਆਂ ਤੱਕ ਕੋਈ ਪ੍ਰਗਤੀ ਵੇਖਣ ਨੂੰ ਨਹੀਂ ਮਿਲਦੀ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਜੀ ਨੇ ਸਾਲ 2002 ’ਚ ਇਸ ਸੁਰੰਗ ਦੇ ਪਹੁੰਚ–ਮਾਰਗ ਦੀ ਨੀਂਹ ਰੱਖੀ ਸੀ। ਉਨ੍ਹਾਂ ਕਿਹਾ ਕਿ ਅਟਲ ਜੀ ਦੀ ਸਰਕਾਰ ਤੋਂ ਬਾਅਦ ਇਸ ਕੰਮ ਨੂੰ ਇੰਨਾ ਅੱਖੋਂ ਪ੍ਰੋਖੇ ਕਰ ਕੇ ਰੱਖਿਆ ਗਿਆ ਕਿ ਸਾਲ 2013–14 ਤੱਕ ਸੁਰੰਗ ਦਾ ਸਿਰਫ਼ 1,300 ਮੀਟਰ ਭਾਵ 1.5 ਕਿਲੋਮੀਟਰ ਤੋਂ ਵੀ ਘੱਟ ਹਿੱਸਾ ਤਿਆਰ ਹੋ ਸਕਿਆ ਸੀ ਭਾਵ ਹਰ ਸਾਲ ਸਿਰਫ਼ 300 ਮੀਟਰ ਦੇ ਕਰੀਬ ਸੁਰੰਗ ਹੀ ਤਿਆਰ ਕੀਤੀ ਗਈ ਸੀ।

ਮਾਹਿਰਾਂ ਨੇ ਤਦ ਵਿਸਥਾਰਪੂਰਬਕ ਸਮਝਾਇਆ ਕਿ ਇਸ ਰਫ਼ਤਾਰ ਉੱਤੇ ਕੰਮ ਜਾਰੀ ਰਿਹਾ, ਤਾਂ ਇਹ ਸੁਰੰਗ 2040 ’ਚ ਕਿਤੇ ਜਾ ਕੇ ਮੁਕੰਮਲ ਹੋ ਸਕੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਦ ਸਰਕਾਰ ਨੇ ਇਸ ਪ੍ਰੋਜੈਕਟ ਵਿੱਚ ਤੇਜ਼ੀ ਲਿਆਂਦੀ ਤੇ ਸੁਰੰਗ ਦਾ ਨਿਰਮਾਣ ਹਰੇਕ ਸਾਲ 1,400 ਮੀਟਰ ਦੀ ਰਫ਼ਤਾਰ ਨਾਲ ਅੱਗੇ ਵਧਿਆ। ਉਨ੍ਹਾਂ ਕਿਹਾ ਕਿ ਇੰਝ ਇਹ ਪ੍ਰੋਜੈਕਟ 6 ਸਾਲਾਂ ਦੇ ਸਮੇਂ ਵਿੱਚ ਮੁਕੰਮਲ ਹੋ ਸਕਿਆ, ਜਿਸ ਦੇ ਮੁਕੰਮਲ ਹੋਣ ਦਾ ਅਨੁਮਾਨ 26 ਵਰ੍ਹੇ ਲਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਨੂੰ ਆਰਥਿਕ ਤੇ ਸਮਾਜਕ ਤੌਰ ’ਤੇ ਤਰੱਕੀ ਕਰਨ ਦੀ ਲੋੜ ਹੋਵੇ, ਤਦ ਬੁਨਿਆਦੀ ਢਾਂਚੇ ਦਾ ਵਿਕਾਸ ਤੇਜ਼ ਰਫ਼ਤਾਰ ਨਾਲ ਹੋਣਾ ਚਾਹੀਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਲਈ ਨਿਧੜਕ ਸਿਆਸੀ ਇੱਛਾ–ਸ਼ਕਤੀ ਅਤੇ ਰਾਸ਼ਟਰ ਦੀ ਪ੍ਰਗਤੀ ਪ੍ਰਤੀ ਪ੍ਰਤੀਬੱਧਤਾ ਦੀ ਲੋੜ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਅਜਿਹੇ ਮਹੱਤਵਪੂਰਣ ਤੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਵਿੱਚ ਦੇਰੀ ਨਾਲ ਵਿੱਤੀ ਨੁਕਸਾਨ ਹੁੰਦੇ ਹਨ ਅਤੇ ਆਮ ਜਨਤਾ ਆਰਥਿਕ ਤੇ ਸਮਾਜਕ ਫ਼ਾਇਦਿਆਂ ਤੋਂ ਵਾਂਝੀ ਰਹਿ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਸਾਲ 2005 ’ਚ, ਇਸ ਸੁਰੰਗ ਦੇ ਨਿਰਮਾਣ ਦੀ ਅਨੁਮਾਨਿਤ ਲਾਗਤ ਲਗਭਗ 900 ਕਰੋੜ ਰੁਪਏ ਸੀ। ਪਰ ਨਿਰੰਤਰ ਦੇਰੀਆਂ ਕਾਰਣ, ਅੱਜ ਇਹ ਤਿੰਨ–ਗੁਣਾ ਵੱਧ ਖ਼ਰਚੇ ਭਾਵ 3,200 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਟਲ ਟਨਲ ਵਰਗਾ ਵਿਵਹਾਰ ਹੋਰ ਬਹੁਤ ਸਾਰੇ ਅਹਿਮ ਪ੍ਰੋਜੈਕਟਾਂ ਨਾਲ ਵੀ ਹੋਇਆ।

ਲੱਦਾਖ ’ਚ ਦੌਲਤ ਬੇਗ ਓਲਡੀ ਵਿਖੇ ਰਣਨੀਤਕ ਪੱਖੋਂ ਬੇਹੱਦ ਅਹਿਮ ਹਵਾਈ–ਪੱਟੀ 40–45 ਸਾਲਾਂ ਤੱਕ ਅਧੂਰੀ ਪਈ ਰਹੀ ਸੀ, ਜਦ ਕਿ ਹਵਾਈ ਫ਼ੌਜ ਨੂੰ ਉੱਥੇ ਇੱਕ ਹਵਾਈ–ਪੱਟੀ ਦੀ ਲੋੜ ਸੀ।

ਉਨ੍ਹਾਂ ਕਿਹਾ ਕਿ ਬੋਗੀਬੀਲ ਪੁਲ ਦਾ ਕੰਮ ਵੀ ਅਟਲ ਜੀ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ ਪਰ ਬਾਅਦ ’ਚ ਉਸ ਦਾ ਕੰਮ ਵੀ ਲਟਕ ਗਿਆ। ਇਹ ਪੁਲ ਅਰੁਣਾਚਲ ਪ੍ਰਦੇਸ਼ ਤੇ ਉੱਤਰ–ਪੂਰਬੀ ਖੇਤਰ ਨੂੰ ਜੋੜਦਾ ਹੈ। ਉਨ੍ਹਾਂ ਕਿਹਾ ਕਿ ਸਾਲ 2014 ਤੋਂ ਬਾਅਦ ਉਸ ਕੰਮ ਨੇ ਵੀ ਚੋਖੀ ਰਫ਼ਤਾਰ ਫੜੀ ਤੇ ਦੋ ਵਰ੍ਹੇ ਪਹਿਲਾਂ ਅਟਲ ਜੀ ਦੇ ਜਨਮ–ਦਿਨ ਮੌਕੇ ਉਸ ਦਾ ਉਦਘਾਟਨ ਕਰ ਦਿੱਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਅਟਲਜੀ ਨੇ ਬਿਹਾਰ ਵਿੱਚ ਮਿਥਿਲਾਂਚਲ ਦੇ ਦੋ ਪ੍ਰਮੁੱਖ ਖੇਤਰਾਂ ਨੂੰ ਜੋੜਨ ਵਾਲੇ ਕੋਸੀ ਮਹਾਸੇਤੂ ਦਾ ਨੀਂਹ–ਪੱਥਰ ਵੀ ਰੱਖਿਆ ਸੀ। ਸਾਲ 2014 ਤੋਂ ਬਾਅਦ ਸਰਕਾਰ ਨੇ ਕੋਸੀ ਮਹਾਸੇਤੂ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਤੇ ਉਸ ਪੁਲ ਦਾ ਉਦਘਾਟਨ ਕੁਝ ਹਫ਼ਤੇ ਪਹਿਲਾਂ ਕਰ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਥਿਤੀ ਬਦਲ ਗਈ ਹੈ ਅਤੇ ਸਰਹੱਦੀ ਬੁਨਿਆਦੀ ਢਾਂਚਾ – ਭਾਵੇਂ ਉਹ ਸੜਕਾਂ ਹੋਣ ਤੇ ਚਾਹੇ ਪੁਲ ਜਾਂ ਸੁਰੰਗਾਂ – ਪੂਰੇ ਜ਼ੋਰ–ਸ਼ੋਰ ਤੇ ਤੇਜ਼ ਰਫ਼ਤਾਰ ਨਾਲ ਵਿਕਸਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸੁਰੱਖਿਆ ਬਲਾਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖਣਾ ਸਰਕਾਰ ਦੀਆਂ ਸਭ ਤੋਂ ਉੱਚ ਤਰਜੀਹਾਂ ਵਿੱਚੋਂ ਇੱਕ ਹੈ। ਪਰ ਇਸ ਮਾਮਲੇ ’ਚ ਵੀ ਪਹਿਲਾਂ ਸਮਝੌਤਾ ਕੀਤਾ ਗਿਆ ਅਤੇ ਦੇਸ਼ ਦੇ ਰੱਖਿਆ ਬਲਾਂ ਦੇ ਹਿਤਾਂ ਨਾਲ ਸਮਝੌਤਾ ਕੀਤਾ ਗਿਆ ਸੀ।

ਉਨ੍ਹਾਂ ਰੱਖਿਆ ਬਲਾਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖੇ ਜਾਣ ਨਾਲ ਸਬੰਧਤ ਸਰਕਾਰ ਦੀਆਂ ਕਈ ਪਹਿਲਕਦਮੀਆਂ ਗਿਣਵਾਈਆਂ; ਜਿਵੇਂ ‘ਵਨ ਰੈਂਕ ਵਨ ਪੈਨਸ਼ਨ’ ਯੋਜਨਾ ਲਾਗੂ ਕੀਤੀ ਗਈ, ਆਧੁਨਿਕ ਜੰਗੀ ਹਵਾਈ ਜਹਾਜ਼ਾਂ ਦੀ ਖ਼ਰੀਦ, ਅਸਲੇ, ਰਾਈਫ਼ਲਾਂ, ਬੁਲੇਟ–ਪਰੂਫ਼ ਜੈਕੇਟਾਂ, ਸਖ਼ਤ ਠੰਢ ਵਿੱਚ ਵਰਤੇ ਜਾਣ ਵਾਲੇ ਉਪਕਰਣਾਂ ਦੀ ਖ਼ਰੀਦ ਕੀਤੀ ਗਈ, ਜਦ ਕਿ ਪਿਛਲੀ ਸਰਕਾਰ ਨੇ ਇਹ ਸਭ ਰੋਕ ਕੇ ਰੱਖਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਕੋਲ ਅਜਿਹਾ ਕੁਝ ਕਰਨ ਦੀ ਸਿਆਸੀ ਇੱਛਾ–ਸ਼ਕਤੀ ਨਹੀਂ ਸੀ ਅਤੇ ਕਿਹਾ ਕਿ ਅੱਜ ਦੇਸ਼ ਵਿੱਚ ਅਜਿਹੀ ਸਥਿਤੀ ਵਿੱਚ ਤਬਦੀਲੀ ਆ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਨਿਰਮਾਣ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਵਿੱਚ ਛੋਟ ਜਿਹੇ ਪ੍ਰਮੁੱਖ ਸੁਧਾਰ ਲਾਗੂ ਕੀਤੇ ਗਏ ਹਨ, ਤਾਂ ਜੋ ਦੇਸ਼ ਦੇ ਅੰਦਰ ਹੀ ਆਧੁਨਿਕ ਹਥਿਆਰ ਤੇ ਗੋਲੀ–ਸਿੱਕਾ ਭਾਵ ਅਸਲਾ ਤਿਆਰ ਹੋ ਸਕਣ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਫ਼ ਆਵ੍ ਡਿਫ਼ੈਂਸ ਸਟਾਫ਼ ਦਾ ਅਹੁਦਾ ਕਾਇਮ ਕਰਨ ਤੇ ਰੱਖਿਆ ਬਲਾਂ ਦੀਆਂ ਜ਼ਰੂਰਤਾਂ ਅਨੁਸਾਰ ਖ਼ਰੀਦ ਤੇ ਉਤਪਾਦਨ ਦੋਵਾਂ ਵਿਚਾਲੇ ਬਿਹਤਰ ਤਾਲਮੇਲ ਸਥਾਪਤ ਕਰਨ ਜਿਹੇ ਸੁਧਾਰ ਲਾਗੂ ਕੀਤੇ ਗਏ ਸਨ।

ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਵਿੱਚ ਭਾਰਤ ਦੇ ਵਧਦੇ ਜਾ ਰਹੇ ਰੁਤਬੇ ਨੂੰ ਵੇਖਦਿਆਂ ਦੇਸ਼ ਨੂੰ ਆਪਣੇ ਬੁਨਿਆਦੀ ਢਾਂਚੇ, ਆਪਣੀ ਆਰਥਿਕ ਤੇ ਰਣਨੀਤਕ ਸੰਭਾਵਨਾ ਵਿੱਚ ਵੀ ਉਸੇ ਰਫ਼ਤਾਰ ਨਾਲ ਸੁਧਾਰ ਕਰਨਾ ਪੈਣਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਅਟਲ ਟਨਲ’ ਦੇਸ਼ ਦੇ ਆਤਮਨਿਰਭਰ ਬਣਨ ਦੇ ਸੰਕਲਪ ਦੀ ਇੱਕ ਰੌਸ਼ਨ ਮਿਸਾਲ ਹੈ।

***

ਵੀਆਰਆਰਕੇ/ਏਕੇ


(Release ID: 1661306) Visitor Counter : 306