ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਅੰਨਦਾਤਾ ਨੂੰ ਸਸ਼ੱਕਤ ਬਣਾਉਣ ਲਈ ਕੇਂਦਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨ ਵੇਖ ਕੇ ਅੱਜ ਗਾਂਧੀ ਜੀ ਨੇ ਸਭ ਤੋਂ ਵੱਧ ਖ਼ੁਸ਼ ਹੋਣਾ ਸੀ

ਨਵੇਂ ਖੇਤੀ ਕਾਨੂੰਨਾਂ ਵਿੱਚ ਬਾਪੂ ਦੀ ਪਿੰਡਾਂ ਤੇ ਖੇਤੀ ਉੱਤੇ ਕੇਂਦ੍ਰਿਤ ਦੂਰ–ਦ੍ਰਿਸ਼ਟੀ ਦਾ ਸੱਚਮੁਚ ਖ਼ਿਆਲ ਰੱਖਿਆ ਗਿਆ ਹੈ: ਡਾ. ਜਿਤੇਂਦਰ ਸਿੰਘ

Posted On: 02 OCT 2020 6:26PM by PIB Chandigarh

ਉੱਤਰ–ਪੂਰਬੀ ਖੇਤਰ ਦੇ ਵਿਕਾਸ (ਸੁਤੰਤਰ ਚਾਰਜ) ਬਾਰੇ ਕੇਂਦਰੀ ਰਾਜ ਮੰਤਰੀ, ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਤੇ ਪੁਲਾੜ ਮਾਮਲਿਆਂ ਬਾਰੇ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਨੂੰ ਵੇਖ ਕੇ ਅੱਜ ਮਹਾਤਮਾ ਗਾਂਧੀ ਨੇ ਸਭ ਤੋਂ ਵੱਧ ਖ਼ੁਸ਼ ਹੋਣਾ ਸੀ ਕਿਉਂਕਿ ਖੇਤੀ ਤੇ ਗ੍ਰਾਮੀਣ ਖ਼ੁਸ਼ਹਾਲੀ ਦੇ ਵਿਸ਼ੇ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਆਜ਼ਾਦੀ–ਪ੍ਰਾਪਤੀ ਦੇ 70 ਸਾਲਾਂ ਪਿੱਛੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਵਿੱਚ ਬਾਪੂ ਦੀ ਪਿੰਡਾਂ ਤੇ ਖੇਤੀਬਾੜੀ ਉੱਤੇ ਕੇਂਦ੍ਰਿਤ ਦੂਰ–ਦ੍ਰਿਸ਼ਟੀ ਦਾ ਸੱਚਮੁਚ ਖ਼ਿਆਲ ਰੱਖਿਆ ਗਿਆ ਹੈ। ਪਿਛਲੇ ਛੇ ਸਾਲਾਂ ਦੌਰਾਨ ‘ਨੀਮ ਕੋਟੇਡ ਯੂਰੀਆ, ਸੁਆਏਲ ਹੈਲਥ ਕਾਰਡ, ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਕਿਸਾਨ–ਸੰਮਾਨ–ਨਿਧੀ, ਫ਼ਸਲ ਬੀਮਾ ਯੋਜਨਾ’ ਜਿਹੇ ਕਿਸਾਨ–ਪੱਖੀ ਕਦਮਾਂ ਦੀ ਇੱਕ ਲੜੀ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸਾਰੇ ਕਦਮ ਭਾਰਤੀ ਖੇਤੀਬਾੜੀ ਦੇ ਲੋਕਤੰਤਰੀਕਰਣ ਦੀ ਨੁਮਾਇੰਦਗੀ ਕਰਦੇ ਹਨ ਕਿਉਂਕਿ ਉਨ੍ਹਾਂ ਨਾਲ ਖੇਤੀਬਾੜੀ ਨਾਲ ਜੁੜੇ ਭਾਈਚਾਰੇ ਨੂੰ ਪਹਿਲੀ ਵਾਰ ਆਪਣੀ ਮਰਜ਼ੀ ਕਰਨ ਦੀ ਆਜ਼ਾਦੀ ਮਿਲੀ ਹੈ। ਡਾ. ਜਿਤੇਂਦਰ ਸਿੰਘ ਨਵੀਂ ਦਿੱਲੀ ਵਿਖੇ ਗਾਂਧੀ ਜਯੰਤੀ ਮੌਕੇ ਕੇਂਦਰੀਯਾ–ਭੰਡਾਰ ਅਤੇ ‘ਸੈਂਟਰ ਫ਼ਾਰ ਸਟ੍ਰੈਟਿਜੀ ਐਂਡ ਲੀਡਰਸ਼ਿਪ’ ਵੱਲੋਂ ‘ਮਹਾਤਮਾ ਗਾਂਧੀ ਦੇ ਸਵੱਛਤਾ ਨਾਲ ਤਜਰਬੇ – ਖ਼ੁਸ਼ਹਾਲੀ ਦੀ ਕੁੰਜੀ’ ਵਿਸ਼ੇ ਉੱਤੇ ਆਯੋਜਿਤ ਇੱਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਵੇਂ ਖੇਤੀ ਕਾਨੂੰਨ ਨਾ ਸਿਰਫ਼ ਭਾਰਤੀ ਖੇਤੀਬਾੜੀ ਨੂੰ ਵਿਸ਼ਵ–ਮੁਕਾਬਲੇ ਵਿੱਚ ਆਉਣ ਲਈ ਇੱਕ ਹੁਲਾਰਾ ਦੇਣਗੇ, ਸਗੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਿੱਚ ਵੀ ਮਦਦ ਕਰਨਗੇ।

ਪ੍ਰਧਾਨ ਮੰਤਰੀ ਵੱਲੋਂ 2 ਅਕਤੂਬਰ, 2014 ਨੂੰ ਪ੍ਰਧਾਨ ਮੰਤਰੀ ਵੱਲੋਂ ਸ਼ੁਰੂ ਕੀਤੇ ਗਏ ‘ਸਵੱਛ ਭਾਰਤ ਅਭਿਯਾਨ’ ਦਾ ਜ਼ਿਕਰ ਕਰਦਿਆਂ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਸਮੁੱਚੇ ਵਿਸ਼ਵ ਵਿੱਚ ਇੱਕ ਵਿਲੱਖਣ ਮਿਸਾਲ ਸੀ ਕਿ ਇੱਕ ਆਗੂ ਵੱਲੋਂ ਸ਼ੁਰੂ ਕੀਤੀ ਗਈ ਇੱਕ ਮੁਹਿੰਮ ਕੁਝ ਹਫਤਿਆਂ ਅੰਦਰ ਹੀ ਇੱਕ ਜਨ–ਅੰਦੋਲਨ ਬਣ ਗਈ ਸੀ ਤੇ ਇਸ ਗੱਲ ਉੱਤੇ ਜ਼ੋਰ ਦਿੱਤਾ ਜਾਣ ਲੱਗਾ ਸੀ ਕਿ ਇਹ ਅਕਾਦਮੀਸ਼ੀਅਨਾਂ ਲਈ ਵੱਡੀ ਖੋਜ ਦਾ ਵਿਸ਼ਾ ਹੈ।

ਉਨ੍ਹਾਂ ਕਿਹਾ ਕਿ ਸਫ਼ਾਈ ਤੋਂ ਬਾਅਦ ਗਾਂਧੀ ਜੀ ਦੇ ਫ਼ਿੱਟਨੈੱਸ ਦੇ ਮੰਤਰ ਦੀ ਪੂਰਤੀ ਵੀ ਮੋਦੀ ਸਰਕਾਰ ਵੱਲੋਂ ਕੀਤੀ ਗਈ ਸੀ, ਜਦੋਂ ਦਸੰਬਰ 2014 ’ਚ ਸੰਯੁਕਤ ਰਾਸ਼ਟਰ ਨੇ 21 ਜੂਨ ਨੂੰ ‘ਅੰਤਰਰਾਸ਼ਟਰੀ ਯੋਗਾ ਦਿਵਸ’ ਐਲਾਨਣ ਬਾਰੇ ਇੱਕ ਮਤਾ ਪਾਸ ਕੀਤਾ ਸੀ ਅਤੇ 177 ਦੇਸ਼ਾਂ ਨੇ ਇਸ ਮਤੇ ਨੂੰ ਸਹਿ–ਪ੍ਰਾਯੋਜਿਤ ਕੀਤਾ ਸੀ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਲ 2014 ’ਚ ਸੱਤਾ ਵਿੱਚ ਆਈ ਨਰੇਂਦਰ ਮੋਦੀ ਸਰਕਾਰ ਵੱਲੋਂ ਆਜ਼ਾਦੀ–ਪ੍ਰਾਪਤੀ ਦੇ 70 ਸਾਲਾਂ ਪਿੱਛੋਂ ਬਾਪੂ ਦੇ ਸੁਫ਼ਨੇ ਪੂਰੇ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਕੋਰੋਨਾ ਮਹਾਮਾਰੀ ਨਾਲ ਲੜਨ ਲਈ ਸਰਕਾਰ ਵੱਲੋਂ ਛੇਤੀ ਲੌਕਡਾਊਨ ਲਾਉਣ ਦੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਿਛਲੇ 6 ਸਾਲਾਂ ਦੌਰਾਨ ‘ਸਵੱਛ ਭਾਰਤ ਅਭਿਯਾਨ’ ਵਿਅਕਤੀਗਤ ਤੇ ਭਾਈਚਾਰਕ ਅਰੋਗਤਾ ਦੇ ਪੱਖੋਂ ਬਹੁਤ ਲਾਹੇਵੰਦ ਰਿਹਾ ਹੈ, ਜਿਸ ਨਾਲ ਦੇਸ਼ ਵਿੱਚ ਬਹੁਤ ਸਾਰੀਆਂ ਜਾਨਾਂ ਬਚੀਆਂ ਹਨ। ਉਨ੍ਹਾਂ ਕਿਹਾ ਕ ਕੋਰੋਨਾ ਨੇ ਅੱਖਾਂ ਖੋਲ੍ਹ ਦਿੱਤੀਆਂ ਹਨ ਤੇ ਇਸ ਨੇ ਬਾਪੂ ਦੇ ਪ੍ਰਮੁੱਖ ਦਰਸ਼ਨ–ਸਿਧਾਂਤ – ਸਫ਼ਾਈ – ਦੇ ਮਹੱਤਵ ਨੁੰ ਉਜਾਗਰ ਕੀਤਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ‘ਆਤਮਨਿਰਭਰ ਭਾਰਤ ਅਭਿਯਾਨ’ ਗਾਂਧੀ ਜੀ ਦੇ ਸਵਰਾਜ ਦੇ ਵਿਚਾਰ ਦਾ ਇੱਕ ਸੋਧਿਆ ਸੰਸਕਰਣ ਹੈ। ਇੱਕ ਉਦਾਹਰਣ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਸ ਸੰਵੇਦਨਾ ਨਾਲ ਮੋਦੀ ਸਰਕਾਰ ਬਾਂਸਾਂ ਦੇ ਪ੍ਰੋਤਸਾਹਨ ਦੇ ਮਹੱਤਵ ਨੂੰ ਵੇਖਦੀ ਹੈ, ਉਹ ਇਸ ਤੱਥ ਤੋਂ ਜ਼ਾਹਿਰ ਹੈ ਕਿ ਕੇਂਦਰ ਸਰਕਾਰ ਨੇ ਪਿੱਛੇ ਜਿਹੇ ਕੱਚੇ ਬਾਂਸਾਂ ਦੀ ਦਰਾਮਦ ਉੱਤੇ ਡਿਊਟੀ 25 ਫ਼ੀ ਸਦੀ ਵਧਾ ਦਿੱਤੀ ਹੈ, ਤਾਂ ਜੋ ਫ਼ਰਨੀਚਰ, ਦਸਤਕਾਰੀਆਂ ਤੇ ਅਗਰਬੱਤੀਆਂ ਬਣਾਉਣ ਵਾਲੇ ਘਰੇਲੂ ਬਾਂਸ ਉਦਯੋਗਾਂ ਦੀ ਵੱਡੇ ਤਰੀਕੇ ਮਦਦ ਹੋ ਸਕੇ।

ਆਪਣੇ ਸਮਾਪਤੀ ਭਾਸ਼ਣ ਦੌਰਾਨ ਡਾ. ਜਿਤੇਂਦਰ ਸਿੰਘ ਨੇ ਮੌਜੂਦਾ ਸਰਕਾਰ ਵਿੱਚ ‘ਕੇਂਦਰੀਯਾ–ਭੰਡਾਰ’ ਦੇ ਨਵੇਂ ਕੰਮ–ਸਭਿਆਚਾਰ ਦੀ ਸ਼ਲਾਘਾ ਕੀਤੀ, ਜਿਸ ਨਾਲ ਨਵੰਬਰ 2017 ’ਚ ਜਿਹੜੀ ਟਰਨਓਵਰ 750 ਕਰੋੜ ਰੁਪਏ ਸੀ, ਉਹ ਤਿੰਨ ਸਾਲਾਂ ਦੇ ਸਮੇਂ ਵਿੱਚ ਤਿੰਨ–ਗੁਣਾ ਵਧ ਕੇ 1,717 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਮਹਾਮਾਰੀ ਦੌਰਾਨ ਚੁੱਕੇ ਗਏ ਨਵੇਂ ਕਦਮਾਂ ਲਈ ਵੀ ‘ਕੇਂਦਰੀਯਾ–ਭੰਡਾਰ’ ਦੇ ਐੱਮ.ਡੀ. ਸ਼੍ਰੀ ਮੁਕੇਸ਼ ਕੁਮਾਰ ਦੀ ਵੀ ਸ਼ਲਾਘਾ ਕੀਤੀ, ਭਾਵੇਂ ਖ਼ੁਰਾਕੀ ਵਸਤਾਂ ਹੋਣ ਜਾਂ ਕੋਰੋਨਾ ਕਿਟਸ – ਆਮਦਨ ਵਿੱਚ ਵਾਧਾ ਹੋਇਆ ਹੈ ਤੇ ਲੋਕਾਂ ਦਾ ਭਰੋਸਾ ਜਿੱਤਿਆ ਹੈ।

‘ਕੇਂਦਰੀਯਾ–ਭੰਡਾਰ’ ਦੇ ਚੇਅਰਪਰਸਨ ਸ਼੍ਰੀਮਤੀ ਪਰਮੇਸ਼ਵਰੀ ਬਾਗੜੀ, ਸ਼੍ਰੀ ਮੁਕੇਸ਼ ਕੁਮਾਰ, ਐੱਮ.ਡੀ., ‘ਕੇਂਦਰੀਯਾ–ਭੰਡਾਰ’, ਸ਼੍ਰੀ ਮਯੰਕ ਅਗਰਵਾਲ, ਡਾਇਰੈਕਟਰ ਜਨਰਲ, ਦੂਰਦਰਸ਼ਨ, ਸ਼੍ਰੀ ਵਿਕਾਸ ਸ਼ਰਮਾ, ਡਾਇਰੈਕਟਰ ਤੇ ਮੁੱਖ ਕਾਰਜਕਾਰੀ, ਸੈਂਟਰ ਫ਼ਾਰ ਸਟ੍ਰੈਟਿਜੀ ਐਂਡ ਲੀਡਰਸ਼ਿਪ ਅਤੇ ਲੈਫ਼ਟੀਨੈਂਟ ਕਰਨਲ ਯੁਵਰਾਜ ਮਲਿਕ, ਡਾਇਰੈਕਟਰ, ਨੈਸ਼ਨਲ ਬੁੱਕ ਟ੍ਰੱਸਟ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।

<><><><><>

ਐੱਸਐੱਨਸੀ


(Release ID: 1661153)