ਰਾਸ਼ਟਰਪਤੀ ਸਕੱਤਰੇਤ
ਗਾਂਧੀ ਜਯੰਤੀ ਦੀ ਪੂਰਵ–ਸੰਧਿਆ ਮੌਕੇ ਰਾਸ਼ਟਰਪਤੀ ਦਾ ਸੰਦੇਸ਼
प्रविष्टि तिथि:
01 OCT 2020 4:41PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਗਾਂਧੀ ਜਯੰਤੀ ਦੀ ਪੂਰਵ–ਸੰਧਿਆ ਮੌਕੇ ਰਾਸ਼ਟਰ ਦੇ ਨਾਂ ਨਿਮਨਲਿਖਤ ਸੰਦੇਸ਼ ਜਾਰੀ ਕੀਤਾ ਹੈ।
ਆਪਣੇ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ ਹੈ,‘ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਮੌਕੇ ਸਾਡੇ ਆਭਾਰੀ ਰਾਸ਼ਟਰ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।
ਹਰ ਸਾਲ 2 ਅਕਤੂਬਰ ਨੂੰ ਗਾਂਧੀ ਜੀ ਨੂੰ ਨਾ ਸਿਰਫ਼ ਭਾਰਤ ਵਿੱਚ, ਸਗੋਂ ਸਮੁੱਚੇ ਵਿਸ਼ਵ ਵਿੱਚ ਸਮਰਣ ਕੀਤਾ ਜਾਂਦਾ ਹੈ। ਉਹ ਸਮੁੱਚੀ ਮਾਨਵਤਾ ਲਈ ਨਿਰੰਤਰ ਪ੍ਰੇਰਣਾ–ਸਰੋਤ ਬਣੇ ਹੋਏ ਹਨ। ਉਨ੍ਹਾਂ ਦੀ ਜੀਵਨ–ਗਾਥਾ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਸ਼ੱਕਤ ਤੇ ਮਜ਼ਬੂਤ ਬਣਾਉਂਦੀ ਹੈ। ਉਨ੍ਹਾਂ ਦਾ ਸੱਚਾਈ, ਅਹਿੰਸਾ ਤੇ ਪ੍ਰੇਮ ਦਾ ਸੰਦੇਸ਼ ਸਮਾਜ ਵਿੱਚ ਇੱਕਸੁਰਤਾ ਤੇ ਸਮਾਨਤਾ ਲਿਆ ਕੇ ਵਿਸ਼ਵ ਕਲਿਆਣ ਲਈ ਰਾਹ ਪੱਧਰਾ ਕਰਦਾ ਹੈ। ਉਨ੍ਹਾਂ ਦੀਆਂ ਕਦਰਾਂ–ਕੀਮਤਾਂ ਅੱਜ ਵੀ ਓਨੀਆਂ ਹੀ ਪ੍ਰਸੰਗਿਕ ਹਨ, ਜਿੰਨੀਆਂ ਬੀਤੇ ਕੱਲ੍ਹ ਵਿੱਚ ਸਨ ਅਤੇ ਭਵਿੱਖ ’ਚ ਵੀ ਇੰਝ ਹੀ ਰਹਿਣਗੀਆਂ।
ਲੋਕ ਮਹਿਸੂਸ ਕਰਦੇ ਹਨ ਕਿ ਵੱਡੀਆਂ ਤੋਂ ਵੱਡੀਆਂ ਸਮੱਸਿਆਵਾਂ ਦਾ ਹੱਲ ਗਾਂਧੀ ਜੀ ਦੇ ਸਿਧਾਂਤਾਂ ਅਨੁਸਾਰ ਸਦਭਾਵਨਾ ਤੇ ਸਹਿਣਸ਼ੀਲਤਾ ਦੇ ਰਾਹ ਉੱਤੇ ਚਲ ਕੇ ਲੱਭਿਆ ਜਾ ਸਕਦਾ ਹੈ। ਉਨ੍ਹਾਂ ਨੇ ਸਾਨੂੰ ਇਹੋ ਸਿਖਾਇਆ ਕਿ ਅਸੀਂ ਉਨ੍ਹਾਂ ਨਾਲ ਵੀ ਆਪਣਾ ਵਿਵਹਾਰ ਵਧੀਆ ਰੱਖੀਏ, ਜਿਹੜੇ ਸਾਡੇ ਸ਼ੁੱਭ–ਚਿੰਤਕ ਵੀ ਨਹੀਂ ਹਨ ਤੇ ਸਭ ਪ੍ਰਤੀ ਪ੍ਰੇਮ–ਭਾਵ, ਦਿਆਲਤਾ ਤੇ ਮੁਆਫ਼ੀ ਦੀ ਭਾਵਨਾ ਰੱਖੀ ਜਾਵੇ। ਸਾਡੇ ਵਿਚਾਰਾਂ, ਸ਼ਬਦਾਂ ਤੇ ਕਾਰਜਾਂ ਵਿੱਚ ਇੱਕਸਾਰਤਾ ਹੋਣੀ ਚਾਹੀਦੀ ਹੈ।
ਗਾਂਧੀ ਜੀ ਨੇ ਆਪਣੇ ਯਤਨਾਂ ਵਿੱਚ ਨੈਤਿਕਤਾ, ਟੀਚਿਆਂ ਤੇ ਸਾਧਨਾਂ ਦੀ ਸ਼ੁੱਧਤਾ ਨੂੰ ਬਹੁਤ ਜ਼ਿਆਦਾ ਮਹੱਤਵ ਦਿੱਤਾ। ਮੈਂ ਖ਼ੁਸ਼ ਹਾਂ ਕਿ ਗਾਂਧੀ ਜੀ ਦੇ ਵਿਚਾਰ ਤੇ ਸਿੱਖਿਆਵਾਂ ਸਾਡੀ ਸਰਕਾਰ ਵੱਲੋਂ ਦੇਸ਼ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ; ਜਿਵੇਂ ਕਿ ‘ਸਵੱਛ ਭਾਰਤ ਮਿਸ਼ਨ, ਮਹਿਲਾ ਸਸ਼ੱਕਤੀਕਰਣ, ਗ਼ਰੀਬਾਂ ਤੇ ਦੱਬੇ–ਕੁਚਲੇ ਵਰਗਾਂ ਨੂੰ ਸਸ਼ੱਕਤ ਬਣਾਉਣਾ, ਕਿਸਾਨਾਂ ਦੀ ਮਦਦ ਕਰਨਾ ਅਤੇ ਪਿੰਡਾਂ ਵਿੱਚ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਉਣ’ ਆਦਿ ਦਾ ਧੁਰਾ ਹਨ।
ਗਾਂਧੀ ਜਯੰਤੀ ਦੇ ਇਸ ਸ਼ੁੱਭ ਮੌਕੇ ’ਤੇ ਆਓ ਅਸੀਂ ਸਾਰੇ ਖ਼ੁਦ ਨੂੰ ਰਾਸ਼ਟਰ ਦੀ ਭਲਾਈ ਤੇ ਪ੍ਰਗਤੀ ਪ੍ਰਤੀ ਮੁੜ–ਸਮਰਪਿਤ ਕਰੀਏ, ਸੱਚਾਈ ਤੇ ਅਹਿੰਸਾ ਦੇ ਮੰਤਰ ਨੂੰ ਅਪਣਾਈਏ ਅਤੇ ਇੱਕ ਸਵੱਛ, ਸਮਰੱਥ, ਮਜ਼ਬੂਤ ਤੇ ਖ਼ੁਸ਼ਹਾਲ ਭਾਰਤ ਦਾ ਨਿਰਮਾਣ ਕਰੀਏ ਅਤੇ ਗਾਂਧੀ ਜੀ ਦੇ ਸੁਪਨੇ ਸਾਕਾਰ ਕਰੀਏ।’
***
ਵੀਆਰਆਰਕੇ/ਕੇਪੀ
(रिलीज़ आईडी: 1660741)
आगंतुक पटल : 192