ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਉਮਰ ਦੇ ਅਨੁਸਾਰ ਫਿਟਨਸ ਪ੍ਰੋਟੋਕੋਲਸ ਲਾਂਚ ਕੀਤੇ

‘ਫਿਟ ਇੰਡੀਆ ਮੂਵਮੈਂਟ ’ ਦੀ ਪਹਿਲੀ ਵਰ੍ਹੇਗੰਢ ਮੌਕੇ ਵਿਭਿੰਨ ਫਿਟਨਸ ਉਤਸ਼ਾਹੀਆਂ ਨਾਲ ਗੱਲਬਾਤ ਕੀਤੀ


‘ਫ਼ਿਟ ਇੰਡੀਆ ਸੰਵਾਦ’ ਹਰ ਉਮਰ ਵਰਗ ਦੇ ਫਿਟਨਸ ਹਿਤਾਂ ਉੱਤੇ ਕੇਂਦ੍ਰਿਤ ਹੈ ਤੇ ਫਿਟਨਸ ਦੇ ਵਿਭਿੰਨ ਆਯਾਮਾਂ ਉੱਤੇ ਅਧਾਰਿਤ ਹੈ: ਪ੍ਰਧਾਨ ਮੰਤਰੀ

Posted On: 24 SEP 2020 5:23PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਚੁਅਲ ਕਾਨਫ਼ਰੰਸਿੰਗ ਜ਼ਰੀਏ ਫਿਟ ਇੰਡੀਆ ਮੂਵਮੈਂਟਦੀ ਪਹਿਲੀ ਵਰ੍ਹੇਗੰਢ ਮੌਕੇ ਉਮਰ ਦੇ ਅਨੁਸਾਰ ਫਿਟਨਸ ਪ੍ਰੋਟੋਕੋਲਸ’ (ਏਜ ਐਪ੍ਰੌਪਰੀਏਟ ਫਿਟਨਸ ਪ੍ਰੋਟੋਕੋਲਸ) ਲਾਂਚ ਕੀਤੇ।

 

ਸ਼੍ਰੀ ਮੋਦੀ ਨੇ ਇਸ ਮੌਕੇ ਆਯੋਜਿਤ ਫਿਟ ਇੰਡੀਆ ਸੰਵਾਦਸਮਾਰੋਹ ਦੌਰਾਨ ਵਿਭਿੰਨ ਖਿਡਾਰੀਆਂ, ਫਿਟਨਸ ਮਾਹਿਰਾਂ ਤੇ ਹੋਰਨਾਂ ਨਾਲ ਗੱਲਬਾਤ ਕੀਤੀ। ਇਹ ਵਰਚੁਅਲ ਗੱਲਬਾਤ ਬਹੁਤ ਖੁੱਲ੍ਹੇ ਅਤੇ ਗ਼ੈਰਰਸਮੀ ਤਰੀਕੇ ਨਾਲ ਕੀਤੀ ਗਈ, ਜਿੱਥੇ ਭਾਗੀਦਾਰਾਂ ਨੇ ਪ੍ਰਧਾਨ ਮੰਤਰੀ ਨਾਲ ਆਪਣੇ ਜੀਵਨ ਦੇ ਅਨੁਭਵ ਤੇ ਆਪਣੀ ਫਿਟਨਸ ਦੇ ਮੰਤਰ ਸਾਂਝੇ ਕੀਤੇ।

 

ਪੈਰਾਲਿੰਪਿਕ ਸੋਨਮੈਡਲ ਜੇਤੂ, ਜੈਵਲਿਨ ਥ੍ਰੋਅਰ ਦੇਵੇਂਦਰ ਝਾਝਰੀਆ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

 

ਪ੍ਰਧਾਨ ਮੰਤਰੀ ਨੇ ਵਿਭਿੰਨ ਵਿਸ਼ਵ ਪੈਰਾਲਿੰਪਿਕ ਈਵੈਂਟਸ ਵਿੱਚ ਭਾਰਤ ਦਾ ਨਾਂਅ ਉੱਚਾ ਕਰਨ ਵਾਲੇ ਸ਼੍ਰੀ ਦੇਵੇਂਦਰ ਦੀ ਸ਼ਲਾਘਾ ਕੀਤੀ। ਉਨ੍ਹਾਂ ਦੇਵੇਂਦਰ ਤੋਂ ਜਾਣਨਾ ਚਾਹਿਆ ਕਿ ਉਨ੍ਹਾਂ ਆਪਣੇ ਸਾਹਵੇਂ ਮੌਜੂਦ ਚੁਣੌਤੀਆਂ ਦਾ ਕਿਵੇਂ ਸਾਹਮਣਾ ਕੀਤਾ ਤੇ ਉਹ ਵਿਸ਼ਵਪ੍ਰਸਿੱਧ ਐਥਲੀਟ ਬਣੇ।

 

ਦੇਵੇਂਦਰ ਝਾਝਰੀਆ ਨੇ ਬਿਜਲੀ ਦੇ ਝਟਕੇ ਕਾਰਨ ਆਪਣੀ ਇੱਕ ਬਾਂਹ ਗੁਆਉਣ ਤੋਂ ਬਾਅਦ ਸ਼ੁਰੂ ਹੋਏ ਆਪਣੇ ਜੀਵਨ ਦੇ ਔਖੇ ਦੌਰ ਦੀ ਕਹਾਣੀ ਬਿਆਨਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਇੱਕ ਆਮ ਬੱਚੇ ਵਾਂਗ ਵਿਚਰਨ ਤੇ ਸਦਾ ਫਿਟ ਬਣੇ ਰਹਿਣ ਲਈ ਲਈ ਪ੍ਰੇਰਿਤ ਕੀਤਾ ਸੀ।

 

ਪ੍ਰਧਾਨ ਮੰਤਰੀ ਦੁਆਰਾ ਪੁੱਛੇ ਸੁਆਲ ਦੇ ਜੁਆਬ ਵਿੱਚ ਦੇਵੇਂਦਰ ਝਾਝਰੀਆ ਨੇ ਦੱਸਿਆ ਕਿ ਉਨ੍ਹਾਂ ਦੇ ਮੋਢੇ ਉੱਤੇ ਲੱਗੀ ਤਾਜ਼ਾ ਸੱਟ ਨਾਲ ਉਹ ਕਿਵੇਂ ਨਿਪਟੇ ਅਤੇ ਉਨ੍ਹਾਂ ਖੇਡ ਤੋਂ ਸੇਵਾਮੁਕਤ ਹੋਣ ਦੇ ਰੌਂਅ ਉੱਤੇ ਕਿਵੇਂ ਕਾਬੂ ਪਾਇਆ; ਉਨ੍ਹਾਂ ਦੱਸਿਆ ਕਿ ਆਪਣੀਆਂ ਮਾਨਸਿਕ ਤੇ ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪਹਿਲਾਂ ਖ਼ੁਦ ਉੱਤੇ ਭਰੋਸਾ ਕਰਨਾ ਪਵੇਗਾ।

 

ਉਨ੍ਹਾਂ ਕੁਝ ਸਰੀਰਕ ਕਸਰਤਾਂ ਕਰ ਕੇ ਦਿਖਾਈਆਂ ਤੇ ਸੱਟ ਲਗਣ ਤੋਂ ਬਾਅਦ ਆਪਣੀ ਫਿਟਨਸ ਦੀ ਵਿਉਂਤ ਬਾਰੇ ਵਿਚਾਰਵਟਾਂਦਰਾ ਕੀਤਾ।

 

ਪ੍ਰਧਾਨ ਮੰਤਰੀ ਨੇ ਪੈਰਾਲਿੰਪਿਕ ਗੋਲਡਮੈਡਲ ਜੇਤੂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰੇਰਣਾਦਾਇਕ ਭੂਮਿਕਾ ਨਿਭਾਈ ਹੈ ਤੇ ਆਪਣੀ ਮਾਂ ਨੂੰ 80 ਸਾਲ ਦੀ ਉਮਰ ਵਿੱਚ ਸ਼ਲਾਘਾ ਦਿਵਾਈ।

 

ਫ਼ੁੱਟਬਾਲਰ ਅਫ਼ਸ਼ਾਂ ਆਸ਼ਿਕ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

 

ਜੰਮੂ ਤੇ ਕਸ਼ਮੀਰ ਤੋਂ ਗੋਲਕੀਪਰ ਨੇ ਕਿਹਾ ਕਿ ਹਰੇਕ ਮਹਿਲਾ ਲਈ ਖ਼ੁਦ ਨੂੰ ਫਿਟ ਰੱਖਣਾ ਜ਼ਰੂਰੀ ਹੈ ਕਿਉਂਕਿ ਉਹ ਮਾਂ ਤੇ ਪਰਿਵਾਰ ਦੇ ਨਿਗਰਾਨ ਦੀ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਵਿਚਾਰਚਰਚਾ ਕਰਦਿਆਂ ਦੱਸਿਆ ਕਿ ਉਹ ਕਿਵੇਂ ਐੱਮ.ਐੱਸ. ਧੋਨੀ ਦੇ ਸ਼ਾਂਤੀ ਨਾਲ ਕੰਮ ਕਰਦਿਆਂ ਅੱਗੇ ਵਧਣ ਤੋਂ ਪ੍ਰੇਰਿਤ ਹੋਏ ਸਨ ਅਤੇ ਉਹ ਕਿਵੇਂ ਖ਼ੁਦ ਨੂੰ ਸ਼ਾਂਤ ਰੱਖਣ ਲਈ ਰੋਜ਼ਾਨਾ ਸਵੇਰੇ ਕਿਵੇਂ ਚਿੰਤਨਮਨਲ ਕਰਦੇ ਹਨ।

 

ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਜੰਮੂਕਸ਼ਮੀਰ ਦੇ ਲੋਕਾਂ ਦਾ ਉਹ ਕਿਹੜਾ ਰਵਾਇਤੀ ਤਰੀਕਾ ਹੈ, ਜੋ ਉਹ ਉੱਥੋਂ ਦੇ ਸਖ਼ਤ ਠੰਢ ਦੇ ਮੌਸਮ ਦੇ ਬਾਵਜੂਦ ਖ਼ੁਦ ਨੂੰ ਫਿਟ ਰੱਖਣ ਲਈ ਵਰਤਦੇ ਹਨ। ਅਫ਼ਸ਼ਾਂ ਨੇ ਦੱਸਿਆ ਕਿ ਉਹ ਕਿਵੇਂ ਟ੍ਰੈਕ ਕਰਦੇ ਹਨ ਤੇ ਆਪਣੇ ਆਪਣੇ ਫਿਟਨਸ ਪੱਧਰਾਂ ਵਿੱਚ ਸੁਧਾਰ ਲਿਆਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੰਮੂ ਅਤੇ ਕਸ਼ਮੀਰ ਦੇ ਲੋਕ ਕਿਉਂਕਿ ਉੱਚੇ ਪਹਾੜਾਂ ਉੱਤੇ ਰਹਿੰਦੇ ਹਨ, ਇਸ ਲਈ ਉਨ੍ਹਾਂ ਦੇ ਫੇਫੜਿਆਂ ਦੀ ਸਮਰੱਥਾ ਵਧੇਰੇ ਹੁੰਦੀ ਹੈ ਤੇ ਉਹ ਜਦੋਂ ਕਿਤੇ ਵੀ ਕੋਈ ਸਰੀਰਕ ਗਤੀਵਿਧੀ ਕਰਦੇ ਹਨ, ਤਾਂ ਉਨ੍ਹਾਂ ਨੂੰ ਸਾਹ ਚੜ੍ਹਨ ਜਿਹੀਆਂ ਕੋਈ ਸਮੱਸਿਆਵਾਂ ਪੇਸ਼ ਨਹੀਂ ਆਉਂਦੀਆਂ।

 

ਅਫ਼ਸ਼ਾਂ ਨੇ ਦੱਸਿਆ ਕਿ ਉਸ ਨੂੰ ਇੱਕ ਗੋਲਕੀਪਰ ਵਜੋਂ ਕਿਵੇਂ ਮਾਨਸਿਕ ਤੌਰ ਉੱਤੇ ਖ਼ੁਦ ਨੂੰ ਕੇਂਦ੍ਰਿਤ ਕਰਨ ਤੇ ਸਰੀਰਕ ਤੌਰ ਉੱਤੇ ਲਚਕਦਾਰ ਬਣਨ ਦੀ ਲੋੜ ਹੈ।

 

ਅਦਾਕਾਰ ਤੇ ਮਾਡਲ ਮਿਲਿੰਦ ਸੋਮਨ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

 

ਮਿਲਿੰਦ ਸੋਮਨ ਨੂੰ ਮੇਡ ਇਨ ਇੰਡੀਆ ਮਿਲਿੰਦਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਆਪਣੇ ਤਰੀਕੇ ਨਾਲ ਮੇਕ ਇਨ ਇੰਡੀਆਦੇ ਵੱਡੇ ਸਮਰਥਕ ਰਹੇ ਹਨ। ਮਿਲਿੰਦ ਸੋਮਨ ਨੇ ਕਿਹਾ ਕਿ ਫਿਟ ਇੰਡੀਆ ਮੂਵਮੈਂਟਨੇ ਲੋਕਾਂ ਨੂੰ ਜਾਗਰੂਕ ਕੀਤਾ ਹੈ, ਉਹ ਹੁਣ ਆਪਣੀ ਸਰੀਰਕ ਤੇ ਮਾਨਸਿਕ ਸ਼ਕਤੀ ਬਾਰੇ ਜਾਗਰੂਕ ਹਨ। ਮਿਲਿੰਦ ਸੋਮਨ ਨੇ ਆਪਣੀ ਮਾਂ ਦੀ ਫਿਟਨਸ ਬਾਰੇ ਦੱਸਦਿਆਂ ਕਿਹਾ ਕਿ ਪਹਿਲਾਂ ਲੋਕ ਫਿਟ ਰਹਿੰਦੇ ਸਨ ਕਿਉਂਕਿ ਉਹ ਪਿੰਡਾਂ ਵਿੱਚ ਪਾਣੀ ਭਰ ਕੇ ਲਿਆਉਣ ਸਮੇਂ ਹੀ 40–50 ਕਿਲੋਮੀਟਰ ਪੈਦਲ ਚਲ ਲੈਂਦੇ ਸਨ। ਪਰ ਹੁਣ ਸ਼ਹਿਰਾਂ ਵਿੱਚ ਟੈਕਨੋਲੋਜੀ ਤੱਕ ਪਹੁੰਚ ਕਾਰਨ ਕਿਰਿਆਹੀਣ ਜੀਵਨਸ਼ੈਲੀ ਅਪਣਾ ਲਈ ਗਈ ਹੈ, ਜਿਸ ਕਾਰਨ ਸਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੇਦਾ ਹੋ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਟਨਸ ਰੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਉਨ੍ਹਾਂ ਮਿਲਿੰਦ ਸੋਮਨ ਦੀ ਮਾਂ ਦੀ ਸ਼ਲਾਘਾ ਕੀਤੀ, ਜੋ ਖ਼ੁਦ ਨੂੰ ਫਿਟ ਰੱਖਣ ਲਈ 81 ਸਾਲ ਦੀ ਉਮਰ ਵਿੱਚ ਵੀ ਡੰਡ ਪੇਲਦੇ ਹਨ।

 

ਮਿਲਿੰਦ ਸੋਮਨ ਨੇ ਕਿਹਾ ਕਿ ਕੋਈ ਵੀ ਉਸੇ ਨਾਲ ਫਿਟ ਤੇ ਤੰਦਰੁਸਤ ਰਹਿ ਸਕਦਾ ਹੈ, ਜੋ ਕੁਝ ਵੀ ਉਸ ਕੋਲ ਹੈ, ਬੱਸ ਸਿਰਫ਼ ਆਤਮਵਿਸ਼ਵਾਸ ਅਤੇ ਕੁਝ ਕਰਨ ਦਾ ਦ੍ਰਿੜ੍ਹ ਇਰਾਦਾ ਚਾਹੀਦਾ ਹੈ।

 

ਮਿਲਿੰਦ ਨੇ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਉਹ ਆਪਣੀ ਆਲੋਚਨਾ ਦਾ ਸਾਹਮਣਾ ਕਿਵੇਂ ਕਰਦੇ ਹਨ, ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕੰਮ ਨੂੰ ਪੂਰੇ ਸਮਰਪਣ, ਹਰੇਕ ਦੀ ਸੇਵਾ ਕਰਨ ਦੀ ਭਾਵਨਾ ਨਾਲ ਅਤੇ ਆਪਣਾ ਫ਼ਰਜ਼ ਸਮਝ ਕੇ ਕਰਦੇ ਹਨ, ਜਿਸ ਨਾਲ ਤਣਾਅ ਨਹੀਂ ਹੁੰਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਕਾਬਲਾ ਤੰਦਰੁਸਤ ਤਰੀਕੇ ਨਾਲ ਸੋਚਣ ਦਾ ਪ੍ਰਤੀਕ ਹੈ ਪਰ ਵਿਅਕਤੀ ਨੂੰ ਕਿਸੇ ਹੋਰ ਨਾਲ ਨਹੀਂ, ਸਗੋਂ ਖ਼ੁਦ ਨਾਲ ਮੁਕਾਬਲਾ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

 

ਨਿਊਟ੍ਰੀਸ਼ਨਿਸਟ ਰੁਜੁਤਾ ਦਿਵੇਕਰ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

 

ਰੁਜੁਤਾ ਦਿਵੇਕਰ ਨੇ ਪੁਰਾਣੇ ਤਰੀਕੇ ਦੇ ਖਾਣਪੀਣ ਭਾਵਦਲ, ਚਾਵਲ ਤੇ ਘੀ ਸੱਭਿਆਚਾਰ ਵੱਲ ਪਰਤਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਅਸੀਂ ਸਥਾਨਕ ਉਤਪਾਦ ਖਾਈਏ, ਤਾਂ ਉਸ ਦਾ ਲਾਭ ਸਾਡੇ ਕਿਸਾਨਾਂ ਤੇ ਸਾਡੀ ਸਥਾਨਕ ਅਰਥਵਿਵਸਥਾ ਨੂੰ ਵੀ ਮਿਲੇਗਾ। ਵੋਕਲ ਫ਼ਾਰ ਲੋਕਲਦਾ ਵਤੀਰਾ ਬਹੁਤ ਅਹਿਮ ਹੈ।

 

ਉਨ੍ਹਾਂ ਅੰਤਰਰਾਸ਼ਟਰੀ ਰੁਝਾਨਾਂ ਦੀ ਗੱਲ ਕੀਤੀ, ਜਿੱਥੇ ਲੋਕ ਸਿੱਖ ਰਹੇ ਹਨ ਕਿ ਘੀ ਕਿਵੇਂ ਬਣਾਉਣਾ ਹੈ ਤੇ ਹਲਦੀਦੁੱਧ ਦੇ ਮਹੱਤਵ ਨੂੰ ਮਹਿਸੂਸ ਕਰ ਰਹੇ ਹਨ।

 

ਦਿਵੇਕਰ ਨੇ ਅਜਿਹੇ ਭੋਜਨਾਂ ਤੋਂ ਗੁਰੇਜ਼ ਕਰਨ ਦੀ ਗੱਲ ਕੀਤੀ ਜੋ ਸਾਡੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਖ਼ਰਾਬ ਕਰਦੇ ਹਨ। ਹਰੇਕ ਖੇਤਰ ਦੇ ਆਪਣੇ ਕੁਝ ਖ਼ਾਸ ਭੋਜਨ ਹੁੰਦੇ ਹਨ ਅਤੇ ਘਰ ਦਾ ਖਾਣਾ ਸਦਾ ਹੀ ਮਦਦਗਾਰ ਹੁੰਦਾ ਹੈ। ਜੇ ਅਸੀਂ ਪੈਕ ਤੇ ਪ੍ਰੋਸੈੱਸ ਕੀਤੇ ਭੋਜਨ ਖਾਣਾ ਬੰਦ ਕਰ ਦੇਈਏ ਤੇ ਘਰ ਵਿੱਚ ਬਣੇ ਭੋਜਨ ਹੀ ਵੱਧ ਖਾਈਏ, ਤਾਂ ਸਾਨੂੰ ਬਹੁਤ ਸਾਰੇ ਫ਼ਾਇਦੇ ਹੋ ਸਕਦੇ ਹਨ।

 

ਸੁਆਮੀ ਸ਼ਿਵਧਿਆਨਮ ਸਰਸਵਤੀ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

 

ਸੁਆਮੀ ਸ਼ਿਵਧਿਆਨਮ ਸਰਸਵਤੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸਿੱਧ ਕਹਾਵਤ सर्वजन हिताय, सर्वजन सुखायਤੋਂ ਪ੍ਰੇਰਣਾ ਮਿਲਦੀ ਹੈ, ਜਿਸ ਦਾ ਮਤਲਬ ਹੈ ਕਿ ਸਭ ਦੀ ਭਲਾਈ ਤੇ ਸਭ ਦੀ ਖ਼ੁਸ਼ੀ

 

ਉਨ੍ਹਾਂ ਆਪਣੇ ਗੁਰੂਆਂ ਤੇ ਉਨ੍ਹਾਂ ਤੋਂ ਯੋਗ ਦਾ ਮਹੱਤਵ ਸਭ ਨੂੰ ਦੱਸਣ ਬਾਰੇ ਲਈ ਪ੍ਰੇਰਣਾ ਸਬੰਧੀ ਦੱਸਿਆ। ਉਨ੍ਹਾਂ ਪ੍ਰਾਚੀਨ ਗੁਰੂਸਿਸ਼ ਗੁਰੂਕਲ ਪਰੰਪਰਾ ਦੇ ਢੰਗ ਅਤੇ ਤਰੀਕਿਆਂ ਦਾ ਜ਼ਿਕਰ ਕੀਤਾ, ਜਿੱਥੇ ਵਿਦਿਆਰਥੀ ਦੇ ਸਰੀਰਕ ਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਵਿਕਾਸ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਸੀ।

 

ਉਨ੍ਹਾਂ ਕਿਹਾ ਕਿ ਯੋਗ ਮਹਿਜ਼ ਕੋਈ ਕਸਰਤ ਨਹੀਂ, ਸਗੋਂ ਜੀਵਨ ਮਾਰਗ ਹੈ, ਜਿਸ ਨੂੰ ਗੁਰੂਕੁਲ ਦੇ ਦਿਨਾਂ ਵੇਲੇ ਅਪਣਾਇਆ ਗਿਆ ਸੀ।

 

ਪ੍ਰਧਾਨ ਮੰਤਰੀ ਨੇ ਬਦਲਦੀਆਂ ਜੀਵਨਸ਼ੈਲੀਆਂ ਅਨੁਸਾਰ ਯੋਗ ਨੂੰ ਵੀ ਉਸੇ ਮੁਤਾਬਕ ਬਦਲਣ ਬਾਰੇ ਕਿਹਾ।

 

ਵਿਰਾਟ ਕੋਹਲੀ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

 

ਪ੍ਰਧਾਨ ਮੰਤਰੀ ਨੇ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਫਿਟਨਸ ਰੂਟੀਨ ਬਾਰੇ ਵਿਚਾਰਵਟਾਂਦਰਾ ਕੀਤਾ। ਵਿਰਾਟ ਨੇ ਕਿਹਾ ਕਿ ਮਾਨਸਿਕ ਤਾਕਤ ਤੁਹਾਡੀ ਸਰੀਰਕ ਤਾਕਤੀ ਦੇ ਨਾਲਨਾਲ ਚਲਦੀ ਹੈ।

 

ਜਦੋਂ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਨ੍ਹਾਂ ਨੇ ਦਿੱਲੀ ਦੇ ਪ੍ਰਸਿੱਧ ਛੋਲੇ ਭਟੂਰੇ ਕਿਵੇਂ ਛੱਡੇ, ਤਾਂ ਵਿਰਾਟ ਨੇ ਦੱਸਿਆ ਕਿ ਕਿਵੇਂ ਘਰ ਦਾ ਬਣਿਆ ਸਾਦਾ ਖਾਣਾ ਤੇ ਖ਼ੁਰਾਕ ਵਿੱਚ ਅਨੁਸ਼ਾਸਨ ਲਿਆਉਣ ਨਾਲ ਫਿਟਨਸ ਦੇ ਪੱਧਰ ਵਧਦੇ ਹਨ।

 

ਸ਼੍ਰੀ ਮੋਦੀ ਨੇ ਵਿਚਾਰਵਟਾਂਦਰਾ ਕੀਤਾ ਕਿ ਸਰੀਰ ਵਿੱਚ ਕੈਲੋਰੀਆਂ ਦੀ ਮਾਤਰਾ ਨੂੰ ਬਰਕਰਾਰ ਕਿਵੇਂ ਰੱਖਣਾ ਹੈ। ਵਿਰਾਟ ਨੇ ਕਿਹਾ ਕਿ ਸਰੀਰ ਨੂੰ ਖਾਧਾ ਖਾਣਾ ਹਜ਼ਮ ਕਰਨ ਵਿੱਚ ਕੁਝ ਸਮਾਂ ਚਾਹੀਦਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਯੋਯੋ ਟੈਸਟ ਦੀ ਗੱਲ ਕੀਤੀ ਤੇ ਫਿਟਨਸ ਸੱਭਿਆਚਾਰ ਲਿਆਉਣ ਦੇ ਮਹੱਤਵ ਉੱਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਹ ਕਦੇ ਥਕਾਵਟ ਮਹਿਸੂਸ ਨਹੀਂ ਕਰਦੇ, ਤਾਂ ਵਿਰਾਟ ਨੇ ਕਿਹਾ ਕਿ ਚੰਗੀ ਨੀਂਦਰ, ਖ਼ੁਰਾਕ ਤੇ ਫਿਟਨਸ ਨਾਲ ਸਰੀਰ ਇੱਕ ਹਫ਼ਤੇ ਦੇ ਅੰਦਰ ਮੁੜ ਆਪਣੇ ਜਲੌਅ ਵਿੱਚ ਆ ਜਾਂਦਾ ਹੈ।

 

ਸਿੱਖਿਆ ਸ਼ਾਸਤਰੀ ਮੁਕੁਲ ਕਾਨਿਟਕਰ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ

 

ਮੁਕੁਲ ਕਾਨਿਟਕਰ ਨੇ ਕਿਹਾ ਕਿ ਫਿਟਨਸ ਸਿਰਫ਼ ਸਰੀਰ ਲਈ ਹੀ ਕੋਈ ਧਾਰਨਾ ਨਹੀਂ ਹੈ, ਸਗੋਂ ਮਾਨਸਿਕ ਤੇ ਸਮਾਜਿਕ ਸਿਹਤ ਲਈ ਵੀ ਹੈ। ਉਨ੍ਹਾਂ ਸਿਹਤ ਦੇ ਸੱਭਿਆਚਾਰ ਦੀ ਉਸਾਰੀ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਧਾਨ ਮੰਤਰੀ ਦੇ ਸੂਰਯ ਨਮਸਕਾਰਦੇ ਸਮਰਥਕ ਹੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਭਗਵਦਗੀਤਾ ਨੂੰ ਦੋ ਫਿਟ ਲੋਕਾਂ ਵਿਚਾਲੇ ਇੱਕ ਵਿਚਾਰਚਰਚਾ ਦੱਸਿਆ।

 

ਉਨ੍ਹਾਂ ਫਿਟਨਸ ਨੂੰ ਰਾਸ਼ਟਰੀ ਸਿੱਖਿਆ ਨੀਤੀ – 2020’ ਵਿੱਚ ਪਾਠਕ੍ਰਮ ਦਾ ਹਿੱਸਾ ਬਣਾਉਣ ਅਤੇ ਫਿਟ ਇੰਡੀਆਲਈ ਹਰੇਕ ਪ੍ਰੇਰਨ ਵਾਸਤੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਫਿਟਨਸ ਮਨ, ਬੁੱਧੀ ਅਤੇ ਭਾਵਨਾ ਦਾ ਸੁਮੇਲ ਹੈ।

 

ਪ੍ਰਧਾਨ ਮੰਤਰੀ ਦੀਆਂ ਸਮਾਪਨ ਟਿੱਪਣੀਆਂ

 

ਇਸ ਅਵਸਰ ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ਿਟ ਇੰਡੀਆ ਸੰਵਾਦਹਰ ਉਮਰ ਵਰਗ ਦੇ ਫਿਟਨਸ ਹਿਤਾਂ ਉੱਤੇ ਕੇਂਦ੍ਰਿਤ ਹੈ ਤੇ ਫਿਟਨਸ ਦੇ ਵਿਭਿੰਨ ਆਯਾਮਾਂ ਉੱਤੇ ਅਧਾਰਿਤ ਹੈ।

 

ਸ਼੍ਰੀ ਮੋਦੀ ਨੇ ਇਹ ਤੱਥ ਉਜਾਗਰ ਕਰਦਿਆਂ ਕਿਹਾ ਕਿ ਫਿਟ ਇੰਡੀਆਲਹਿਰ ਦੀ ਸ਼ੁਰੂਆਤ ਤੋਂ ਬਾਅਦ ਦੇਸ਼ ਵਿੱਚ ਫਿਟਨਸ ਪ੍ਰਤੀ ਵੱਡੇ ਪੱਧਰ ਉੱਤੇ ਲੋਕ ਜਾਗਰੂਕ ਹੋਏ ਹਨ। ਸਿਹਤ ਤੇ ਫਿਟਨਸ ਬਾਰੇ ਜਾਗਰੂਕਤਾ ਨਿਰੰਤਰ ਵਧਦੀ ਜਾ ਰਹੀ ਹੈ ਤੇ ਚੁਸਤੀ ਵੀ ਵਧ ਗਈ ਹੈ। ਉਨ੍ਹਾਂ ਖ਼ੁਸ਼ੀ ਪ੍ਰਗਟਾਈ ਕਿ ਯੋਗ, ਕਸਰਤ, ਸੈਰ, ਦੌੜ, ਖਾਣਪੀਣ ਦੀਆਂ ਸਿਹਤਮੰਦ ਆਦਤਾਂ, ਤੰਦਰੁਸਤ ਜੀਵਨਸ਼ੈਲੀ ਸਾਡੀ ਚੇਤੰਨਤਾ ਦਾ ਅੰਗ ਬਣ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਟ ਇੰਡੀਆਲਹਿਰ ਨੇ ਇਸ ਕੋਰੋਨਾ ਕਾਲ ਦੌਰਾਨ ਪਾਬੰਦੀਆਂ ਦੇ ਬਾਵਜੂਦ ਆਪਣਾ ਅਸਰ ਤੇ ਪ੍ਰਾਸੰਗਿਕਤਾ ਸਿੱਧ ਕਰ ਦਿੱਤੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਵੇਂ ਕੁਝ ਲੋਕ ਸੋਚਦੇ ਹਨ, ਫਿਟ ਬਣੇ ਰਹਿਣਾ ਔਖਾ ਨਹੀਂ ਹੈ। ਥੋੜ੍ਹੇ ਜਿਹੇ ਅਨੁਸ਼ਾਸਨ ਤੇ ਥੋੜ੍ਹੀ ਸਖ਼ਤ ਮਿਹਨਤ ਤੁਹਾਨੂੰ ਸਦਾ ਤੰਦਰੁਸਤ ਰੱਖ ਸਕਦੀ ਹੈ। ਉਨ੍ਹਾਂ ਹਰੇਕ ਦੀ ਸਿਹਤ ਲਈ ਮੰਤਰ ਦਿੱਤਾ ਫਿਟਨਸ ਡੋਜ਼, ਅੱਧਾ ਘੰਟਾ ਰੋਜ਼। ਉਨ੍ਹਾਂ ਹਰੇਕ ਨੂੰ ਰੋਜ਼ਾਨਾ ਘੱਟੋਘੱਟ 30 ਮਿੰਟਾਂ ਤੱਕ ਯੋਗ ਅਭਿਆਸ ਕਰਨ ਜਾਂ ਬੈਡਮਿੰਟਨ, ਟੈਨਿਸ ਜਾਂ ਫ਼ੁੱਟਬਾਲ ਖੇਡਣ, ਕਰਾਟੇ ਜਾਂ ਕਬੱਡੀ ਖੇਡਣ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਯੁਵਾ ਮੰਤਰਾਲਾ ਤੇ ਸਿਹਤ ਮੰਤਰਾਲਾ ਦੋਵਾਂ ਨੇ ਮਿਲ ਕੇ ਫਿਟਨਸ ਪ੍ਰੋਟੋਕੋਲਸ ਜਾਰੀ ਕੀਤੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਮੁੱਚੇ ਵਿਸ਼ਵ ਵਿੱਚ ਲੋਕ ਫਿਟਨਸ ਬਾਰੇ ਲੋਕ ਜਾਗਰੂਕ ਹੋ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ – WHO ਨੇ ਖ਼ੁਰਾਕ, ਸਰੀਰਕ ਗਤੀਵਿਧੀ ਤੇ ਸਿਹਤ ਬਾਰੇ ਇੱਕ ਵਿਸ਼ਵ ਰਣਨੀਤੀ ਉਲੀਕੀ ਹੈ। ਉਨ੍ਹਾਂ ਸਰੀਰਕ ਗਤੀਵਿਧੀ ਬਾਰੇ ਇੱਕ ਵਿਸ਼ਵ ਸਿਫ਼ਾਰਸ਼ ਜਾਰੀ ਕੀਤੀ ਹੈ। ਅੱਜ ਆਸਟ੍ਰੇਲੀਆ, ਜਰਮਨੀ, ਬ੍ਰਿਟੇਨ ਤੇ ਅਮਰੀਕਾ ਜਿਹੇ ਬਹੁਤ ਸਾਰੇ ਦੇਸ਼ਾਂ ਨੇ ਫਿਟਨਸ ਦੇ ਨਵੇਂ ਨਿਸ਼ਾਨੇ ਤੈਅ ਕੀਤੇ ਹਨ ਤੇ ਉਹ ਉਨ੍ਹਾਂ ਉੱਤੇ ਕੰਮ ਕਰ ਰਹੇ ਹਨ। ਬਹੁਤ ਸਾਰੇ ਅਜਿਹੇ ਦੇਸ਼ਾਂ ਵਿੱਚ ਇਸ ਵੇਲੇ ਇਹ ਮੁਹਿੰਮ ਵੱਡੇ ਪੱਧਰ ਉੱਤੇ ਚਲ ਰਹੀ ਹੈ ਅਤੇ ਵੱਧ ਤੋਂ ਵੱਧ ਨਾਗਰਿਕ ਰੋਜ਼ਾਨਾ ਕਸਰਤ ਕਰਨ ਲਗ ਪਏ ਹਨ।

 

https://youtu.be/VodOabQnwxo

 

****

 

ਵੀਆਰਆਰਕੇ/ਏਕੇ


(Release ID: 1658847) Visitor Counter : 245