ਰਾਸ਼ਟਰਪਤੀ ਸਕੱਤਰੇਤ

ਆਓ, ਭਾਰਤ ਮਾਤਾ ਦੇ ਤਾਜ ਦੇ ਉੱਜਵਲ ਰਤਨ, ਜੰਮੂ-ਕਸ਼ਮੀਰ ਨੂੰ ਧਰਤੀ ਉੱਤੇ ਫਿਰਦੌਸ ਬਣਾਉਣ ਦੀ ਕੋਸ਼ਿਸ਼ ਕਰੀਏ: ਰਾਸ਼ਟਰਪਤੀ ਕੋਵਿੰਦ

ਭਾਰਤ ਦੇ ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਲਾਗੂਕਰਨ ਬਾਰੇ ਕਾਨਫਰੰਸ ਨੂੰ ਸੰਬੋਧਨ ਕੀਤਾ

Posted On: 20 SEP 2020 1:17PM by PIB Chandigarh

 

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਜੰਮੂ-ਕਸ਼ਮੀਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਨੂੰ ਲਾਗੂ ਕਰਨ ਸਬੰਧੀ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ਮੇਰਾ ਸੁਪਨਾ ਜੰਮੂ-ਕਸ਼ਮੀਰ ਨੂੰ ਗਿਆਨ, ਉੱਦਮ, ਇਨੋਵੇਸ਼ਨ ਅਤੇ ਕੌਸ਼ਲ ਵਿਕਾਸ ਦੇ ਕੇਂਦਰ ਵਜੋਂ ਉੱਭਰਦੇ ਦੇਖਣਾ ਹੈ। ਰਾਸ਼ਟਰਪਤੀ ਨੇ ਅੱਜ 20 ਸਤੰਬਰ, 2020 ਨੂੰ ਸ੍ਰੀਨਗਰ ਵਿੱਚ ਹੋਈ ਇਸ ਕਾਨਫ਼ਰੰਸ ਨੂੰ ਇੱਕ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਜਿਸ ਵਿੱਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ, ਜੰਮੂ-ਕਸ਼ਮੀਰ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਅਤੇ ਕਾਲਜਾਂ ਦੇ ਪ੍ਰਿੰਸੀਪਲਾਂ ਦੇ ਨਾਲ-ਨਾਲ ਹੋਰ ਹਿਤਧਾਰਕ ਵੀ ਸ਼ਾਮਲ ਹੋਏ।

 

ਖਿੱਤੇ ਦੇ ਵਿਦਵਤਾਪੂਰਨ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ  ਐੱਨਈਪੀ ਨੂੰ ਅੱਖਰ-ਅੱਖਰ ਅਤੇ ਸੱਚੀ ਭਾਵਨਾ ਨਾਲ ਲਾਗੂ ਕਰਕੇ ਇਸ ਫਿਰਦੌਸ (ਸਵਰਗ) ਨੂੰ ਗਿਆਨ, ਇਨੋਵੇਸ਼ਨ ਅਤੇ ਸਿੱਖਿਆ ਦਾ ਕੇਂਦਰ ਬਣਾਉਣ ਲਈ ਦ੍ਰਿੜ੍ਹ ਯਤਨ ਕੀਤੇ ਜਾਣੇ ਚਾਹੀਦੇ ਹਨ। ਮੱਧਯੁਗ ਵਿੱਚ ਕਹੇ ਜਾਂਦੇ ਇੱਕ ਮਨਮੋਹਣੇ ਦੋਹੇ ਤੋਂ ਪ੍ਰੇਰਣਾ ਲੈਂਦਿਆਂ, ਉਨ੍ਹਾਂ ਕਿਹਾ ਕਿ ਇਹ ਕਦਮ ‘ਭਾਰਤ ਮਾਤਾ ਦੇ ਤਾਜ ਦੇ ਉੱਜਵਲ ਰਤਨ’ ਜੰਮੂ-ਕਸ਼ਮੀਰ ਨੂੰ ਇੱਕ ਵਾਰ ਫਿਰ “ਧਰਤੀ ਉੱਤੇ ਫਿਰਦੌਸ” ਬਣਾ ਦੇਣਗੇ।

 

ਜੰਮੂ-ਕਸ਼ਮੀਰ ਨੂੰ ਵਿਰਾਸਤ ਵਿੱਚ ਮਿਲੇ ਸਿੱਖਿਆ ਦੇ ਖੇਤਰ ਵਿੱਚ ਸਮ੍ਰਿੱਧ ਵਿਰਸੇ ਬਾਰੇ ਗੱਲ ਕਰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ਪੁਰਾਣੇ ਸਮੇਂ ਤੋਂ ਸਾਹਿਤ ਅਤੇ ਸਿੱਖਣ ਦਾ ਕੇਂਦਰ ਰਿਹਾ ਹੈ।  ਕਲਹਣ ਦੇ ਰਾਜਤਰੰਗਿਣੀ ਅਤੇ ਮਹਾਯਾਨ ਬੁੱਧ ਧਰਮ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ, ਜਿਨ੍ਹਾਂ ਦੇ ਸਿਧਾਂਤ ਕਸ਼ਮੀਰ ਵਿੱਚ ਪ੍ਰਸਿੱਧ ਸਨ, ਉਨ੍ਹਾਂ ਕਿਹਾ ਕਿ ਭਾਰਤ ਦੀਆਂ ਸੱਭਿਆਚਾਰਕ ਪਰੰਪਰਾਵਾਂ ਦਾ ਇਤਿਹਾਸ ਉਨ੍ਹਾਂ ਨੂੰ ਧਿਆਨ ਵਿੱਚ ਲਏ ਬਗੈਰ ਅਧੂਰਾ ਰਹੇਗਾ।

 

ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੀ ਮਹੱਤਤਾ ਨੂੰ ਦੁਹਰਾਉਂਦਿਆਂ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਕੋਲ ਜਨਸੰਖਿਆ ਦੇ ਬੇਮਿਸਾਲ ਲਾਭਅੰਸ਼ ਹਨ ਪਰ ਇਸ ਦਾ ਉਸਾਰੂ ਰੂਪ ਵਿੱਚ ਲਾਭ ਉਦੋਂ ਹੀ ਹਾਸਲ ਕੀਤਾ ਜਾ ਸਕਦਾ ਹੈ ਜੇ ਆਬਾਦੀ ਦਾ ਇੱਕ ਮਹੱਤਵਪੂਰਨ ਹਿੱਸਾ ਨੌਜਵਾਨ ਲੋਕ ਹੁਨਰਮੰਦ, ਪੇਸ਼ੇਵਰ ਸਮਰੱਥ ਅਤੇ ਸਭ ਤੋਂ ਉੱਪਰ ਅਸਲ ਅਰਥਾਂ ਵਿੱਚ ਸਿੱਖਿਅਤ ਬਣਨ। ਜੰਮੂ-ਕਸ਼ਮੀਰ ਦੇ ਬੱਚਿਆਂ 'ਤੇ ਵਿਸ਼ਵਾਸ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਬਹੁਤ ਬੁੱਧੀਮਾਨ, ਪ੍ਰਤਿਭਾਵਾਨ ਅਤੇ ਇਨੋਵੇਟਿਵ ਬੱਚਿਆਂ ਦਾ ਭੰਡਾਰ ਹੈ।  ਉਨ੍ਹਾਂ ਅੱਗੇ ਕਿਹਾ ਕਿ ਸਿੱਖਿਆ ਨੀਤੀ ਦੇ ਲਾਗੂ ਹੋਣ ਨਾਲ “ਜਾਗਰੂਕ ਦਿਮਾਗ” ਵਾਲੇ ਵਿਦਿਆਰਥੀ ਪੈਦਾ ਹੋਣਗੇ।

 

ਕੱਦਰਾਂ-ਕੀਮਤਾਂ ‘ਤੇ ਅਧਾਰਿਤ ਸਿੱਖਿਆ 'ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਸਾਡੀ ਪਰੰਪਰਾ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਮਝਣਾ ਮਹੱਤਵਪੂਰਨ ਹੈ ਜੋ ਸਿਰਫ ਸਾਡੀ ਮਾਂ-ਬੋਲੀ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਮਾਂ ਬੋਲੀ ਹੀ ਹੈ ਜਿਸ ਨੂੰ ਨਵੀਂ ਸਿੱਖਿਆ ਨੀਤੀ ਵਿੱਚ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਸਾਡੇ ਦੇਸ਼ ਦੀ ਸੱਭਿਆਚਾਰਕ ਨੈਤਿਕਤਾ ਦੀ ਪਾਲਣਾ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨੀਤੀ ਵਿੱਚ ਕਲਪਿਤ ਤਿੰਨ ਭਾਸ਼ਾਵਾਂ ਦਾ ਫਾਰਮੂਲਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਬਹੁਭਾਸ਼ਾਵਾਦ ਦੇ ਨਾਲ ਨਾਲ ਰਾਸ਼ਟਰੀ ਏਕਤਾ ਨੂੰ ਵੀ ਉਤਸ਼ਾਹਿਤ ਕਰ ਸਕਦਾ ਹੈ, ਪਰ ਇਸ ਦੇ ਨਾਲ ਹੀ ਕਿਸੇ ਵੀ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ 'ਤੇ ਕੋਈ ਭਾਸ਼ਾ ਥੋਪੀ ਨਹੀਂ ਜਾਵੇਗੀ।

 

ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇਹ ਨੀਤੀ ਸਿਖਿਆ ਵਿੱਚ ਪਹੁੰਚਯੋਗਤਾ, ਸਮਾਨਤਾ, ਸਮਰੱਥਾ, ਜਵਾਬਦੇਹੀ ਅਤੇ ਗੁਣਵਤਾ ਨੂੰ ਯਕੀਨੀ ਬਣਾਉਣ 'ਤੇ ਕੇਂਦਰਤ ਹੈ ਅਤੇ ਕੌਸ਼ਲ ਵਿਕਾਸ, ਤਜ਼ਰਬੇ-ਅਧਾਰਤ ਸਿਖਲਾਈ ਅਤੇ ਤਰਕਸ਼ੀਲ ਸੋਚ ਨੂੰ ਉਤਸ਼ਾਹਿਤ ਕਰਦੀ ਹੈ। ਆਤਮਨਿਰਭਰ ਭਾਰਤ ਦੇ ਸਿਧਾਂਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਐੱਨਈਪੀ 2020 ਵਿੱਚ ਪ੍ਰਵਾਨਿਤ, ਕਿੱਤਾਮੁਖੀ ਸਿੱਖਿਆ, ਇਸ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦਗਾਰ ਹੋਵੇਗੀ।

 

 

ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਇਸ ਨੀਤੀ ਦੇ ਉਦੇਸ਼ਾਂ ਦੀ ਪੂਰਤੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸ਼ਾਂਤਮਈ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ।

 

 

ਰਾਸ਼ਟਰੀਪਤੀ ਦੇ ਭਾਸ਼ਣ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ

 

 

 

                                                             *****

 

 

 

ਵੀਆਰਆਰਕੇ/ਕੇਪੀ



(Release ID: 1656952) Visitor Counter : 190