ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ 56 ਸੀਐੱਨਜੀ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤੇ
ਮੰਤਰੀ ਨੇ ਉੱਦਮੀਆਂ ਨੂੰ ਨੀਤੀਗਤ ਸੁਧਾਰਾਂ ਦਾ ਲਾਭ ਉਠਾਉਣ ਅਤੇ ਈਂਧਣ ਦੀ ਮਾਰਕਿਟਿੰਗ ਵਿੱਚ ਨਵੀਨਤਾ ਲਿਆਉਣ ਦਾ ਸੱਦਾ ਦਿੱਤਾ
Posted On:
10 SEP 2020 2:48PM by PIB Chandigarh
ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਇਸਪਾਤ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ 56 ਸੀਐੱਨਜੀ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕੀਤੇ। ਇਹ ਸੀਐੱਨਜੀ ਸਟੇਸ਼ਨ 13 ਰਾਜਾਂ-ਬਿਹਾਰ, ਗੁਜਰਾਤ, ਹਰਿਆਣਾ, ਝਾਰਖੰਡ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮ ਬੰਗਾਲ ਅਤੇ ਆਂਧਰ ਪ੍ਰਦੇਸ਼ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਹਨ।
ਇਸ ਮੌਕੇ ’ਤੇ ਸ਼੍ਰੀ ਪ੍ਰਧਾਨ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ ਸੀਐੱਨਜੀ ਸਟੇਸ਼ਨਾਂ ਦੀ ਸੰਖਿਆ 947 ਤੋਂ ਵਧ ਕੇ 2300 ਹੋ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਵਰਤਮਾਨ ਵਿੱਚ ਦੇਸ਼ ਦੇ 400 ਤੋਂ ਜ਼ਿਆਦਾ ਜ਼ਿਲ੍ਹਿਆਂ ਨੂੰ ਸਿਟੀ ਗੈਸ ਮਾਰਕਿਟਿੰਗ ਨੈੱਟਵਰਕ ਦੇ ਦਾਇਰੇ ਵਿੱਚ ਲਿਆਂਦਾ ਜਾ ਚੁੱਕਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀਐੱਨਜੀਆਰਬੀ) 11ਵੀਂ ਦੌਰ ਦੀ ਸੀਜੀਡੀ ਬੋਲੀ ਪ੍ਰਕਿਰਿਆ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸਦੇ ਬਾਅਦ 50-100 ਵਾਧੂ ਜ਼ਿਲ੍ਹਿਆਂ ਨੂੰ ਸੱਛ ਈਂਧਣ ਮਿਲ ਸਕੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਗੈਸ ਅਧਾਰਿਤ ਅਰਥਵਿਵਸਥਾ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸਨੂੰ ਸੁਚਾਰੂ ਬਣਾਉਣ ਲਈ ਬੁਨਿਆਦੀ ਢਾਂਚਾ ਉਪਲੱਬਧ ਕਰਾਉਣ ਲਈ ਪ੍ਰਤੀਬੱਧ ਹੈ ਅਤੇ ਇਸ ਉਦੇਸ਼ ਲਈ 17,000 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੂਰਬੀ ਉੱਤਰੀ ਰਾਜਾਂ ਅਤੇ ਪੂਰਬੀ ਭਾਰਤ ਵਰਗੇ ਸਥਾਨਾਂ ਜੋ ਹੁਣ ਤੱਕ ਗੈਸ ਦੀ ਪਹੁੰਚ ਤੋਂ ਵੰਚਿਤ ਸਨ, ਨੂੰ ਵੀ ਇਸ ਦੇ ਦਾਇਰੇ ਵਿੱਚ ਲਿਆਂਦਾ ਜਾ ਰਿਹਾ ਹੈ। ਰਾਸ਼ਟਰੀ ਗੈਸ ਗ੍ਰਿੱਡ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਨ ਦੇ ਯਤਨ ਚਲ ਰਹੇ ਹਨ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ‘ਸਬਕਾ ਸਾਥ-ਸਬਕਾ ਵਿਕਾਸ’ ਦੀ ਭਾਵਨਾ ਨਾਲ ਸਰਕਾਰ ਨੇ ਦੇਸ਼ ਵਿੱਚ ‘ਨੀਲੀ ਲੋ ਕ੍ਰਾਂਤੀ’ ਦੀ ਸ਼ੁਰੂਆਤ ਕੀਤੀ ਹੈ। ਇਸ ਤਹਿਤ 28 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਐੱਲਪੀਜੀ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ ਅਤੇ 5 ਕਰੋੜ ਪਰਿਵਾਰਾਂ ਨੂੰ ਪੀਐੱਨਜੀ ਕਨੈਕਸ਼ਨ ਦੇਣ ਦੀ ਖਹਾਇਸ਼ੀ ਯੋਜਨਾ ਚਲ ਰਹੀ ਹੈ।
ਸ਼੍ਰੀ ਪ੍ਰਧਾਨ ਨੇ ਦੇਸ਼ ਵਿੱਚ ‘ਸੀਬੀਜੀ ਈਕੋਸਿਸਟਮ’ ਦੀ ਸੁਵਿਧਾ ਉਪਲੱਬਧ ਕਰਾਉਣ ਲਈ ਵਿੱਤ ਮੰਤਰਾਲੇ ਅਤੇ ਭਾਰਤੀ ਰਿਜ਼ਰਵ ਬੈਂਕ ਪ੍ਰਤੀ ਆਭਾਰ ਪ੍ਰਗਟਾਇਆ ਹੈ। ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਤਰਜੀਹ ਵਾਲੇ ਖੇਤਰਾਂ ਵਿੱਚ ਕੰਪਰੈੱਸਡ ਬਾਇਓ ਗੈਸ (ਸੀਬੀਜੀ) ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਉੱਦਮੀਆਂ ਨੂੰ ਸਸਤੀਆਂ ਦਰਾਂ ’ਤੇ ਅਸਾਨੀ ਨਾਲ ਕਰਜ਼ ਮਿਲ ਸਕੇਗਾ।
ਕਚਰੇ ਤੋਂ ਊਰਜਾ ਬਣਾਉਣ ਦੀ ਧਾਰਨਾ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਤੀ ਵਿਅਕਤੀ ਬਹੁਤ ਘੱਟ ਪ੍ਰਦੂਸ਼ਣ ਕਰਨ ਦੇ ਬਾਵਜੂਦ ਭਾਰਤ ਨੇ ਅਕਸ਼ੈ ਊਰਜਾ ਦੇ ਸਰੋਤਾਂ ਨੂੰ ਵੱਡੇ ਪੈਮਾਨੇ ’ਤੇ ਅਪਣਾਉਣ ਲਈ ਕਦਮ ਚੁੱਕੇ ਹਨ। ਉਨ੍ਹਾਂ ਨੇ ਸਰਦੀਆਂ ਦੌਰਾਨ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਪ੍ਰਦੂਸ਼ਣ ਪੱਧਰ ਨੂੰ ਘੱਟ ਕਰਨ ਲਈ ਸਵੱਛ ਈਂਧਣ ਨੂੰ ਅਪਣਾਉਣ ਲਈ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਵਿਸ਼ੇਸ਼ ਰੂਪ ਨਾਲ ਜ਼ਿਕਰ ਕੀਤਾ। ਉਨ੍ਹਾਂ ਨੇ ਗਾਜੀਪੁਰ ਵਿੱਚ ਨਗਰ ਪਾਲਿਕਾ ਦੇ ਕਚਰੇ ਨੂੰ ਗੈਸ ਵਿੱਚ ਬਦਲਣ ਲਈ ਇੰਡੀਅਨ ਔਇਲ ਕਾਰਪੋਰੇਸ਼ਨ ਲਿਮਿਟਿਡ, ਐੱਨਟੀਪੀਸੀ ਅਤੇ ਐੱਸਡੀਐੱਮਸੀ ਦੀ ਹਾਲੀਆ ਪਹਿਲ ਦਾ ਵੀ ਜ਼ਿਕਰ ਕੀਤਾ।
ਸ਼੍ਰੀ ਪ੍ਰਧਾਨ ਨੇ ਉੱਦਮੀਆਂ ਨੂੰ ਊਰਜਾ ਖੇਤਰ ਵਿੱਚ ਲਿਆਂਦੇ ਰਣਨੀਤਕ ਸੁਧਾਰਾਂ ਦਾ ਲਾਭ ਉਠਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਖੁਦਰਾ ਦੁਕਾਨਾਂ ਦੀ ਸਥਾਪਨਾ ਲਈ ਪੂੰਜੀ ਦੀ ਲੋੜ 2000 ਕਰੋੜ ਰੁਪਏ ਤੋਂ ਘਟਾ ਕੇ 250 ਕਰੋੜ ਰੁਪਏ ਕਰ ਦਿੱਤੀ ਗਈ ਹੈ ਅਤੇ ਇੱਥੋਂ ਤੱਕ ਕਿ ਸਟਾਰਟ-ਅਪ ਵੀ ਇਸ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਨੇ ਕਿਹਾ ਰਿਟੇਲ ਆਊਟਲੈੱਟ ਨਾ ਸਿਰਫ਼ ਰਵਾਇਤੀ ਜੀਵਾਸ਼ਮ ਈਂਧਣ ਵੇਚ ਸਕਦੇ ਹਨ, ਬਲਕਿ ਗੈਸ ਸਟੇਸ਼ਨ ਅਤੇ ਇਲੈੱਕਟ੍ਰੌਨਿਕ ਵਾਹਨ ਚਾਰਜਿੰਗ ਸਟੇਸ਼ਨ ਵੀ ਲਗਾ ਸਕਦੇ ਹਨ। ਉਨ੍ਹਾਂ ਨੇ ਉੱਦਮੀਆਂ ਨੂੰ ਅਪੀਲ ਕੀਤੀ ਕਿ ਉਹ ਨੀਤੀਗਤ ਸੁਧਾਰਾਂ ਦਾ ਲਾਭ ਉਆਉਣ, ਮੁਕਾਬਲੇਬਾਜ਼ੀ ਬਣੇ ਅਤੇ ਈਂਧਣ ਮਾਰਕਿਟਿੰਗ ਵਿੱਚ ਨਵੀਨਤਾ ਲਿਆਉਣ ਜੋ ਉਪਭੋਗਤਾਵਾਂ ਲਈ ਫਾਇਦੇਮੰਦ ਹੋਵੇਗਾ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਸਥਾਪਿਤ ਬੈਟਰੀ ਸਵੈਪਿੰਗ ਸਟੇਸ਼ਨ ਦੀ ਹਾਲੀਆ ਪਹਿਲ ਬਾਰੇ ਵੀ ਦੱਸਿਆ ਜਿਸ ਨੂੰ ਹੋਰ ਪਾਸੇ ਵੀ ਸ਼ੁਰੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸੀਜੀਡੀ ਦੇ ਖੇਤਰ ਵਿੱਚ ਕਾਰੋਬਾਰ ਕਰਨ ਵਾਲਿਆਂ ਨੂੰ ਵੀ ਸੀਬੀਜੀ ਸਟੇਸ਼ਨ ਸਥਾਪਿਤ ਕਰਨ ਦਾ ਸੱਦਾ ਦਿੱਤਾ। ਸ਼੍ਰੀ ਪ੍ਰਧਾਨ ਨੇ ਕਿਹਾ ਕਿ ਇਸ ਲਈ ਕੱਚਾ ਮਾਲ ਅਸਾਨੀ ਨਾਲ ਅਤੇ ਵੱਡੀ ਮਾਤਰਾ ਵਿੱਚ ਉਪਲੱਬਧ ਹੈ। ਇਸ ਲਈ ਓਐੱਮਸੀ ਲਾਭਕਾਰੀ ਮੁੱਲ ’ਤੇ ਗਰੰਟੀ ਪ੍ਰਦਾਨ ਕਰ ਰਹੇ ਹਨ।
ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਊਰਜਾ ਖਪਤ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਅੱਗੇ ਇਹ ਖਪਤ ਹੋਰ ਵਧੇਗੀ ਕਿਉਂਕਿ ਦੇਸ਼ ਤੇਜੀ ਨਾਲ ਪ੍ਰਗਤੀ ਦੇ ਮਾਰਗ ’ਤੇ ਅੱਗੇ ਜਾ ਰਿਹਾ ਹੈ। ਉਨ੍ਹਾਂ ਨੇ ਇਸ ਅਵਸਰ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਊਰਜਾ ਨਿਆਂ ਅਤੇ ਆਤਮਨਿਰਭਰ ਭਾਰਤ ਦੇ ਸੱਦੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਉਪਲੱਬਧ ਹੋਣ ਵਾਲੀ ਊਰਜਾ ਟਿਕਾਊ, ਸੁਲਭ ਅਤੇ ਸਸਤੀ ਹੋਣੀ ਚਾਹੀਦੀ ਹੈ ਅਤੇ ਇਸ ਨਾਲ ਦੇਸ਼ ਵਿੱਚ ਊਰਜਾ ਸੁਰੱਖਿਆ ਨੂੰ ਪ੍ਰੋਤਸਾਹਨ ਮਿਲੇਗਾ।
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਸ਼੍ਰੀ ਤਰੁਣ ਕਪੂਰ ਨੇ ਇਸ ਮੌਕੇ ’ਤੇ ਕਿਹਾ ਕਿ ਸਰਕਾਰ ਦੇਸ਼ ਵਿੱਚ ਗੈਸ ਅਧਾਰਿਤ ਅਰਥਵਿਵਸਥਾ ਬਣਾਏ ਜਾਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਵਾਹਨ ਨਿਰਮਾਤਾਵਾਂ ਨੂੰ ਕਾਰਖਾਨਿਆਂ ਵਿੱਚ ਫਿਟ ਸੀਐੱਨਜੀ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਅਤੇ ਬਾਹਰ ਤੋਂ ਸੀਐੱਨਜੀ ਕਿਟਾਂ ਦੀ ਵਰਤੋਂ ਨੂੰ ਨਿਰਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਆਵਾਜਾਈ ਖੇਤਰ ਜ਼ਿਆਦਾ ਪੈਮਾਨੇ ’ਤੇ ਸੀਐੱਨਜੀ ਵਾਹਨਾਂ ਦਾ ਉਪਯੋਗ ਕਰ ਸਕੇ।
ਆਈਓਸੀਐੱਲ ਦੇ ਚੇਅਰਮੈਨ ਸ਼੍ਰੀ ਐੱਸ. ਐੱਮ. ਵੈਦਯ ਨੇ ਵੀ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਪੈਟਰੋਲੀਅਮ ਮੰਤਰਾਲਾ, ਤੇਲ ਮਾਰਕਿਟਿੰਗ ਕੰਪਨੀਆਂ ਅਤੇ ਸੀਐੱਨਜੀ ਸਟੇਸ਼ਨ ਲਗਾਉਣ ਵਾਲੀਆਂ ਕੰਪਨੀਆਂ ਦੇ ਕਈ ਸੀਨੀਅਰ ਅਧਿਕਾਰੀ ਇਸ ਮੌਕੇ ’ਤੇ ਮੌਜੂਦ ਸਨ।
****
ਵਾਈਬੀ
(Release ID: 1653205)
Visitor Counter : 136