ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ: ਹਰਸ਼ ਵਰਧਨ ਵੀਡੀਓ ਕਾਨਫਰੰਸਿੰਗ ਰਾਹੀਂ ਵਿਸ਼ਵ ਸਿਹਤ ਸੰਗਠਨ ਦੇ ਦੱਖਣ ਪੂਰਬੀ ਏਸ਼ੀਆ ਖੇਤਰ ਦੇ 73 ਵੇਂ ਇਜਲਾਸ ਵਿੱਚ ਸ਼ਾਮਲ ਹੋਏ
ਡਾ: ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਦੇ ਵਿਜ਼ਨ ਦੀ ਜਾਣਕਾਰੀ ਦਿੱਤੀ; “ਸਿਹਤ ਵਿਚ ਨਿਵੇਸ਼ ਕਰਨਾ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਨ ਨਿਵੇਸ਼ ਹੈ, ਜੋ ਇਕ ਰਾਸ਼ਟਰ ਆਪਣੇ ਲੋਕਾਂ ਲਈ ਕਰ ਸਕਦਾ ਹੈ”
प्रविष्टि तिथि:
09 SEP 2020 3:04PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਅੱਜ ਇੱਥੇ ਸਿਹਤ ਤੇ ਪਰਿਵਾਰ ਭਲਾਈ ਰਾਜਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਦੀ ਮੋਜੂਦਗੀ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਦੱਖਣ ਪੂਰਬੀ ਏਸ਼ੀਆ ਖੇਤਰ ਦੇ 73ਵੇਂ ਇਜਲਾਸ ਵਿੱਚ ਡਿਜੀਟਲ ਰੂਪ ਵਿੱਚ ਸ਼ਿਰਕਤ ਕੀਤੀ। ਵਿਸ਼ਵ ਸਿਹਤ ਸੰਗਠਨ ਦੇ ਦੱਖਣ ਪੂਰਬੀ ਏਸ਼ੀਆ ਖੇਤਰ ਦੇ ਦਫਤਰ (ਸੀਰੋ) ਦੀ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਵੀ ਇਸ ਸਮਾਰੋਹ ਵਿੱਚ ਮੌਜੂਦ ਸਨ।
ਇਹ ਪਹਿਲਾ ਮੌਕਾ ਹੈ ਜਦੋਂ ਦੋ ਦਿਨਾਂ ਸਮਾਰੋਹ ਕੋਵਿਡ ਮਹਾਮਾਰੀ ਕਾਰਣ ਪੂਰੀ ਤਰ੍ਹਾਂ ਵਰਚਚੁਅਲ ਪਲੇਟਫਾਰਮਾਂ ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ। ਥਾਈਲੈਂਡ ਦੀ ਸਰਕਾਰ ਵੱਲੋਂ (ਬੈਂਕਾਕ ਤੋਂ) 73 ਵੇਂ ਇਜਲਾਸ ਦੀ ਮੇਜ਼ਬਾਨੀ ਕੀਤੀ ਜਾ ਰਹੀ ਹੈ, ਜਦੋਂ ਕਿ ਪਿਛਲਾ ਇਜਲਾਸ ਨਵੀਂ ਦਿੱਲੀ ਵਿਚ ਹੋਇਆ ਸੀ । ਡਾਕਟਰ ਹਰਸ਼ ਵਰਧਨ ਨੇ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਸਿਹਤ ਮੰਤਰੀ ਸ੍ਰੀ ਅਨੂਤਿਨ ਚਰਨਵੀਰਕੂਲ ਨੂੰ ਨਵੇਂ ਪ੍ਰਧਾਨ ਦਾ ਕਾਰਜਭਾਰ ਸੌਂਪਣ ਤੋਂ ਪਹਿਲਾਂ 72 ਵੇਂ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਇਕੱਠ ਨੂੰ ਸੰਬੋਧਨ ਕੀਤਾ ਅਤੇ ਫੇਰ ਭਾਰਤ ਦੀ ਤਰਫੋਂ ਮੌਜੂਦ ਪਤਵੰਤੇ ਸੱਜਣਾ ਨੂੰ ਸੰਬੋਧਨ ਕੀਤਾ।
ਨਿਵਰਤਮਾਨ ਚੇਅਰਪਰਸਨ ਵਜੋਂ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕੋਵਿਡ -19 ਕਾਰਨ ਖੇਤਰ ਭਰ ਵਿੱਚ ਹੋਏ ਜ਼ਿੰਦਗੀਆਂ ਦੇ ਨੁਕਸਾਨ ਲਈ ਆਪਣੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਇਸ ਖੇਤਰ ਦੇ ਫਰੰਟਲਾਈਨ ਯੋਧਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ "ਆਪਣੀ ਸੁਰੱਖਿਆ ਅਤੇ ਤੰਦਰੁਸਤੀ ਦੀ ਕੀਮਤ 'ਤੇ ਸਮੂਹਕ ਯਤਨਾਂ ਨਾਲ ਨਾ ਸਿਰਫ ਜਾਨਾਂ ਬਚਾਉਣ ਵਿੱਚ ਸਹਾਇਤਾ ਕੀਤੀ ਬਲਕਿ ਸਾਨੂੰ ਮਾੜੇ ਹਾਲਾਤਾਂ ਵਿੱਚ ਵੀ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਸਾਰਿਆਂ ਦੀ ਦੇਖਭਾਲ ਕਰਨ ਵਿੱਚ ਸੰਜੀਦਗੀ ਵੀ ਦਿਖਾਈ।"
ਡਾ: ਹਰਸ਼ ਵਰਧਨ ਨੇ ਅਜਿਹੇ ਖੇਤਰੀ ਕਮੇਟੀ ਪਲੇਟਫਾਰਮਸ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ “ਸਾਡੇ ਸਮੂਹਕ ਯਤਨਾਂ ਦੇ ਨਤੀਜੇ ਵਜੋਂ ਇਹ ਪਲੇਟਫਾਰਮ, ਅਗੇਤੇ ਕੀਤੇ ਗਏ ਉਪਰਾਲਿਆਂ ਨੂੰ ਉਜਾਗਰ ਕਰਨ ਲਈ ਹੀ ਸਿਰਫ ਵਧੇਰੇ ਉਪਯੋਗੀ ਨਹੀਂ ਰਹੇ ਬਲਕਿ ਕੁਝ ਵਧੇਰੇ ਦਬਾਅ ਵਾਲੇ ਖੇਤਰੀ ਅਤੇ ਵਿਸ਼ਵਵਿਆਪੀ ਜਨਤਕ ਸਿਹਤ ਦੇ ਮੁੱਦਿਆਂ ਅਤੇ ਅੱਗੇ ਜਾਣ ਵਾਲੇ ਰਾਹ ਬਾਰੇ ਵਿਚਾਰ ਵਟਾਂਦਰੇ ਲਈ ਵੀ ਬਹੁਤ ਲਾਭਦਾਇਕ ਰਹੇ ਹਨ।” ਆਪਣੇ 11 ਮੈਂਬਰੀ ਦੇਸ਼ਾਂ ਨਾਲ ਦੱਖਣ-ਪੂਰਬੀ ਏਸ਼ੀਆ ਖੇਤਰ, ਵਿਸ਼ਵ ਦੀ ਇੱਕ ਚੌਥਾਈ ਆਬਾਦੀ ਦੀ ਨੁਮਾਇੰਦਗੀ ਕਰਦਾ ਹੈ ਅਤੇ ਖੇਤਰ ਦੇ ਮੈਂਬਰ ਦੇਸ਼ਾਂ ਦੀਆਂ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਨਾਲ ਵਿਸ਼ਵ ਵਿਆਪੀ ਸਿਹਤ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਅਤੇ ਟ੍ਰਿਪਲ ਬਿਲੀਅਨ ਟੀਚੇ ਅਤੇ ਸਥਿਰ ਵਿਕਾਸ ਟੀਚਿਆਂ, ਦੋਵਾਂ ਨੂੰ ਹਾਸਲ ਕਰਨ ਵਿੱਚ ਸਹਾਇਤਾ ਮਿਲੇਗੀ । “ਸਾਰਿਆਂ ਲਈ ਸਿਹਤ” ਦਾ ਸਾਂਝਾ ਟੀਚਾ ਸਾਨੂੰ ਸਾਰਿਆਂ ਨੂੰ, ਇੱਥੋਂ ਤੱਕ ਕਿ ਹਜ਼ਾਰਾਂ ਮੀਲਾਂ ਦੀ ਦੂਰੀ ਤੋਂ ਵੀ ਸਾਨੂੰ ਇਕਜੁਟ ਕਰਦਾ ਹੈ ਅਤੇ ਇਹੋ ਟੀਚਾ ਅੱਜ ਖੇਤਰੀ ਸਿਹਤ ਬਾਰੇ ਸਾਡੀ ਚਰਚਾ ਨੂੰ ਅੱਗੇ ਵਧਾਏਗਾ,” ਉਨ੍ਹਾਂ ਨੇੜ ਭਵਿੱਖ ਵਿੱਚ ਉਨ੍ਹਾਂ ਨਾਲ ਭੌਤਿਕ ਅਤੇ ਸੁਰੱਖਿਅਤ ਰੂਪ ਵਿੱਚ ਮਿਲਣ ਦੀ ਇੱਛਾ ਜਤਾਈ ।
ਮੀਟਿੰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ, ਡਾ: ਹਰਸ਼ ਵਰਧਨ ਨੇ ਮਹਾਮਾਰੀ ਤੋਂ ਨਾਗਰਿਕਾਂ ਦੀਆਂ ਜ਼ਿੰਦਗੀਆਂ ਅਤੇ ਰੋਜ਼ੀ ਰੋਟੀ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਹੇਠ ਕੀਤੀਆਂ ਗਈਆਂ ਦੇਸ਼ ਦੀਆਂ ਵੱਡੀਆਂ ਕੋਸ਼ਿਸ਼ਾਂ ਤੇ ਚਾਨਣਾ ਪਾਇਆ ਅਤੇ ਕਿਹਾ ਕਿ “ਵਾਇਰਸ ਦੇ ਰੋਕਥਾਮ ਅਤੇ ਇਸਨੂੰ ਘੱਟ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ”।
ਆਪਣੇ ਸਿਹਤ ਟੀਚਿਆਂ ਨੂੰ ਕਾਇਮ ਰੱਖਣ ਦੀ ਭਾਰਤ ਦੀ ਵਚਨਬੱਧਤਾ 'ਤੇ ਬੋਲਦਿਆਂ, ਉਨ੍ਹਾਂ ਰਾਸ਼ਟਰੀ ਸਿਹਤ ਨੀਤੀ 2017 ਬਾਰੇ ਵਿਸਥਾਰ ਨਾਲ ਦੱਸਿਆ, ਜਿਸਦਾ ਉਦੇਸ਼ ਭਾਰਤ ਦੇ ਸਾਰੇ ਨਾਗਰਿਕਾਂ ਲਈ ਕਿਫਾਇਤੀ ਸਿਹਤ ਸੰਭਾਲ ਮੁਹੱਈਆ ਕਰਵਾਉਣਾ ਹੈ ਅਤੇ 2018 ਵਿੱਚ ਸ਼ੁਰੂ ਕੀਤੇ ਗਏ ਆਯੁਸ਼ਮਾਨ ਭਾਰਤ ਨੇ ਵਿਸ਼ਵਵਿਆਪੀ ਸਿਹਤ ਕਵਰੇਜ ਵੱਲ ਵਧ ਰਹੇ ਰਾਹ ਦਾ ਇੱਕ ਮਹੱਤਵਪੂਰਣ ਮੀਲ ਪੱਥਰ ਕਾਇਮ ਕੀਤਾ ਹੈ ਅਤੇ ਇਹ ਸਰਕਾਰ ਵੱਲੋਂ ਸਪਾਂਸਰ ਕੀਤਾ ਗਿਆ ਵਿਸ਼ਵ ਦਾ ਸਭ ਤੋਂ ਵੱਡਾ ਮੁਫਤ ਸਿਹਤ ਸੰਭਾਲ ਬੀਮਾ ਪ੍ਰੋਗਰਾਮ ਵੀ ਹੈ। ਉਨ੍ਹਾਂ ਮੋਜੂਦ ਲੋਕਾਂ ਨੂੰ ਯਾਦ ਦਿਵਾਇਆ ਕਿ ਭਾਰਤ ਨੇ ਆਪਣੀਆਂ ਘੱਟ ਮੁੱਲ ਦੀਆਂ ਦਵਾਈਆਂ ਵਾਲੇ ਸਟੋਰਾਂ, ਜਿਨ੍ਹਾਂ ਨੂੰ ਜਨ ਔਸ਼ਧੀ ਕੇਂਦਰਾਂ ਦਾ ਨਾਮ ਦਿੱਤਾ ਗਿਆ ਹੈ, ਨਾਲ ਅਸਾਧਾਰਣ ਸਫਲਤਾ ਪ੍ਰਾਪਤ ਕੀਤੀ ਹੈ, ਜੋ ਲੋੜਵੰਦ ਲੋਕਾਂ ਨੂੰ ਮਿਆਰੀ ਜਰੂਰੀ ਦਵਾਈਆਂ ਕਿਫ਼ਾਇਤੀ ਮੁੱਲ ਤੇ ਮੁਹੱਈਆ ਕਰਵਾਉਂਦੇ ਹਨ।
ਕੇਂਦਰੀ ਸਿਹਤ ਮੰਤਰੀ ਨੇ ਮੈਂਬਰ ਦੇਸ਼ਾਂ ਨੂੰ “ਪੋਲੀਓਮਾਈਲਾਈਟਿਸ, ਜਣੇਪਾ ਅਤੇ ਨਵਜੰਮੇ ਟੈਟਨਸ ਅਤੇ ਯੈਵਜ਼ ਦੇ ਖਾਤਮੇ ਦੇ ਨਾਲ ਨਾਲ ਜਣੇਪੇ ਅਤੇ ਨਵਜਾਤਾਂ ਦੀ ਮੌਤ ਦਰ ਵਿਚ ਆਈ ਗਿਰਾਵਟ ਦੇ ਮਾਮਲਿਆਂ ਵਿੱਚ ਮਹਤਵਪੂਰਨ ਪ੍ਰਾਪਤੀਆਂ ਦੀ ਜਾਣਕਾਰੀ ਦਿੱਤੀ।” ਉਨ੍ਹਾਂ ਭਾਰਤ ਦੇ 2025 ਤੱਕ ਟੀਬੀ ਦੇ ਖਾਤਮੇ ਦੇ ਮਹੱਤਵਪੂਰਣ ਟੀਚੇ ਬਾਰੇ ਵੀ ਜਾਣਕਾਰੀ ਦਿੱਤੀ ਜੋ ਵਿਸ਼ਵਵਿਆਪੀ ਟੀਚੇ ਤੋਂ ਪੰਜ ਸਾਲ ਪਹਿਲਾਂ ਹਾਸਲ ਕਰ ਲਿਆ ਜਾਣਾ ਹੈ ਅਤੇ ਲਿੰਫੈਟਿਕ ਫਿਲਾਰੀਅਸਿਸ ਅਤੇ ਕਾਲਾ-ਅਜ਼ਾਰ ਵਰਗੀਆਂ ਨਜ਼ਰਅੰਦਾਜ਼ ਕੀਤੀਆਂ ਗਈਆਂ ਟ੍ਰਾਪਿਕਲ ਬਿਮਾਰੀਆਂ ਦੇ ਖਾਤਮੇ ਲਈ ਭਾਰਤ ਦੀ ਵਚਨਬੱਧਤਾ ਬਾਰੇ ਵੀ ਦੱਸਿਆ।
ਸਿਹਤ ਪ੍ਰਸ਼ਾਸਨ ਦੇ ਬਹੁਮੁਖੀ ਅਤੇ ਬਹੁ-ਖੇਤਰੀ ਸੁਭਾਅ 'ਤੇ ਬੋਲਦਿਆਂ ਉਨਾਂ ਕਿਹਾ ਕਿ ਠੋਸ ਲਾਭ ਪਹੁੰਚਾਉਣ ਲਈ ਹੱਲਾਂ, ਸਰੋਤਾਂ ਅਤੇ ਦਖਲਅੰਦਾਜ਼ੀਆਂ ਨੂੰ ਮੰਗਾਂ ਨਾਲ ਜੋੜਨ ਦੀ ਜ਼ਰੂਰਤ ਹੈ, ਉਨ੍ਹਾਂ ਕਿਹਾ,' ਸਵੱਛ ਭਾਰਤ ਅਭਿਆਨ, 2022 ਤੱਕ ਸਭ ਲਈ ਆਵਾਸ, ਪੋਸ਼ਣ ਮਿਸ਼ਨ, ਹੁਨਰ ਵਿਕਾਸ, ਸਮਾਰਟ ਸ਼ਹਿਰਾਂ, ਈਟ ਰਾਈਟ ਇੰਡੀਆ, ਫਿਟ ਇੰਡੀਆ ਅਤੇ ਅਜਿਹੀਆਂ ਬਹੁ-ਖੇਤਰੀ ਪਹਿਲਕਦਮੀਆਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਸਾਡੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਿਹਾਜ਼ ਨਾਲ ਸਾਡੇ ਲਈ ਲਾਭ ਲਿਆ ਰਹੀਆਂ ਹਨ ਜਿਸ ਨਾਲ ਉਨ੍ਹਾਂ ਦੀ ਸਿਹਤ ਸਥਿਤੀ ਉੱਚੀ ਜਾ ਰਹੀ ਹੈ। ”
ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਵਿਆਖਿਆ ਕਰਦਿਆਂ ਉਨਾਂ ਕਿਹਾ ਕਿ, "ਸਿਹਤ ਸਭ ਤੋਂ ਵੱਡਾ ਅਤੇ ਸਭ ਤੋਂ ਮਹੱਤਵਪੂਰਣ ਨਿਵੇਸ਼ ਹੈ, ਜੋ ਇੱਕ ਰਾਸ਼ਟਰ ਆਪਣੇ ਲੋਕਾਂ ਲਈ ਕਰ ਸਕਦਾ ਹੈ," ਉਨ੍ਹਾਂ ਨੈਸ਼ਨਲ ਡਿਜੀਟਲ ਹੈਲਥ ਮਿਸ਼ਨ ਦੇ ਲਾਭਾਂ 'ਤੇ ਗੱਲ ਕੀਤੀ, ਜੋ ਭਾਰਤੀ ਨਾਗਰਿਕਾਂ ਨੂੰ ਸਮਰੱਥ ਬਣਾਉਣ ਲਈ ਇੱਕ ਡਿਜੀਟਲ ਸਿਹਤ ਵਾਤਾਵਰਣ ਪ੍ਰਣਾਲੀ ਦੀ ਰਚਨਾ ਦੀ ਕਲਪਨਾ ਕਰਦਾ ਹੈ, ਜਿਸ ਨਾਲ ਦੇਸ਼ ਭਰ ਵਿਚ ਲੋਕਾਂ ਨੂੰ ਸਿਹਤ ਸੇਵਾਵਾਂ ਦੀ ਨਿਰਵਿਘਨ ਡਿਲੀਵਰੀ ਨੂੰ ਯਕੀਨੀ ਬਣਾਉਣ ਲਈ ਨਾਗਰਿਕਾਂ ਕੋਲ ਵਿਲੱਖਣ ਸਿਹਤ ਆਈਡੀ, ਡਿਜੀਟਲਾਈਜ਼ਡ ਸਿਹਤ ਰਿਕਾਰਡ ਦੇ ਨਾਲ ਨਾਲ ਡਾਕਟਰਾਂ ਦੀ ਰਜਿਸਟਰੀ ਅਤੇ ਸਿਹਤ ਸਹੂਲਤਾਂ ਉਪਲਬੱਧ ਹੋਣਗੀਆਂ । ਡਾਕਟਰ ਹਰਸ਼ ਵਰਧਨ ਨੇ ਸਾਰਿਆਂ ਨੂੰ ਸਿਹਤ ਵਿਚ ਨਿਵੇਸ਼ ਕਰਨ ਦੀ ਤਾਕੀਦ ਕਰਦਿਆਂ ਆਪਣਾ ਭਾਸ਼ਣ ਖ਼ਤਮ ਕੀਤਾ ਤੇ ਕਿਹਾ ਕਿ ਕਿਉਂਜੋ, “ਅਸੀਂ ਸਾਰੇ ਜੋ ਅੱਜ ਇੱਥੇ ਇਕੱਠੇ ਹੋਏ ਹਾਂ, ਇਸ ਸਥਿਤੀ ਵਿੱਚ ਹਾਂ ਕਿ ਸਿਹਤ ਸੰਭਾਲ ਵਿਚ ਆਪਣੇ ਪ੍ਰਭਾਵ ਨਾਲ ਹੋਰ ਵਧੇਰੇ ਨਿਵੇਸ਼ ਲਿਆਈਏ।
-----------------------------------
ਐਮਵੀ
(रिलीज़ आईडी: 1652825)
आगंतुक पटल : 248