ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ‘ਦੇਖੋ–ਅਪਨਾ–ਦੇਸ਼’ ਲੜੀ ਤਹਿਤ ‘ਹੈਦਰਾਬਾਦ ਦੀ ਸੱਭਿਆਚਾਰਕ ਵਿਰਾਸਤ’ ਦੇ ਸਿਰਲੇਖ ਹੇਠ 50ਵਾਂ ਵੈਬੀਨਾਰ ਆਯੋਜਿਤ ਕੀਤਾ
Posted On:
24 AUG 2020 6:16PM by PIB Chandigarh
ਟੂਰਿਜ਼ਮ ਮੰਤਰਾਲੇ ਦੀ ‘ਦੇਖੋ–ਅਪਨਾ–ਦੇਸ਼’ ਵੈਬੀਨਾਰ ਲੜੀ 22 ਅਗਸਤ, 2020 ਨੂੰ ‘ਹੈਦਰਾਬਾਦ ਦੀ ਸੱਭਿਆਚਾਰਕ ਵਿਰਾਸਤ’ ਦੇ ਸਿਰਲੇਖ ਵਾਲੇ ਵੈਬੀਨਾਰ ਨਾਲ 50ਵੇਂ ਸੈਸ਼ਨ ਦੇ ਮੀਲ–ਪੱਥਰ ਉੱਤੇ ਪੁੱਜ ਗਈ। ਇਸ ਵੈਬੀਨਾਰ ਲੜੀ ਦੀ ਸ਼ੁਰੂਆਤ 14 ਅਪ੍ਰੈਲ, 2020 ਨੂੰ ਕੀਤੀ ਗਈ ਸੀ। ਟੂਰਿਜ਼ਮ ਮੰਤਰਾਲਾ ਘੱਟ ਜਾਣੇ–ਪਛਾਣੇ ਟਿਕਾਣਿਆਂ ਅਤੇ ਹਰਮਨਪਿਆਰੇ ਟਿਕਾਣਿਆਂ ਦੇ ਕੁਝ ਘੱਟ ਜਾਣੇ ਜਾਂਦੇ ਤੱਥਾਂ ਸਮੇਤ ਭਾਰਤ ਦੇ ਵਿਭਿੰਨ ਟੂਰਿਜ਼ਮ ਟਿਕਾਣਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਦੇਖੋ–ਅਪਨਾ–ਦੇਸ਼’ ਵੈਬੀਨਾਰ ਆਯੋਜਿਤ ਕਰ ਰਿਹਾ ਹੈ। ਇਹ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦਾ ਹੈ।
’ਹੈਦਰਾਬਾਦ ਦੀ ਸੱਭਿਆਚਾਰਕ ਵਿਰਾਸਤ’ ਬਾਰੇ ਵੈਬੀਨਾਰ ਸੁਸ਼੍ਰੀ ਮਧੂ ਵੋਟਰੀ, ਵਿਰਾਸਤੀ ਸਿੱਖਿਆ ਬਾਰੇ ਸਲਾਹਕਾਰ, ਲੇਖਿਕਾ ਤੇ ਕਨਜ਼ਰਵੇਸ਼ਨ ਆਰਕੀਟੈਕਟ ਦੁਆਰਾ ਪੇਸ਼ ਕੀਤਾ ਗਿਆ ਸੀ। ਇਸ ਵੈਬੀਨਾਰ ਵਿੱਚ ਹੈਦਰਾਬਾਦ ਦੇ ਸੱਭਿਆਚਾਰ ਨੂੰ ਵਿਖਾਇਆ ਗਿਆ ਸੀ, ਜੋ ਕਿ ਨਿਜ਼ਾਮ ਦੀ ਹਕੂਮਤ ਦੇ ਕਾਰਜਕਾਲ ਦੀ ਵਿਰਾਸਤ ਕਾਰਣ ਮਜ਼ਬੂਤ ਇਸਲਾਮਿਕ ਪ੍ਰਭਾਵਾਂ ਕਰਕੇ ਬਾਕੀ ਤੇਲੰਗਾਨਾ ਤੋਂ ਬਿਲਕੁਲ ਵੱਖਰਾ ਹੈ, ਜੋ ਕਿ ਖ਼ਾਸ ਤੌਰ ’ਤੇ ਪੁਰਾਣੇ ਹੈਦਰਾਬਾਦ ਸ਼ਹਿਰ ਵਿੱਚ ਇਮਾਰਤਸਾਜ਼ੀ, ਭੋਜਨ, ਜੀਵਨ–ਸ਼ੈਲੀ ਤੇ ਭਾਸ਼ਾ ਵਿੱਚ ਖ਼ਾਸ ਤੌਰ ਉੱਤੇ ਝਲਕਦਾ ਹੈ। ਪੇਸ਼ਕਾਰ ਨੇ ਇਹ ਵੀ ਉਜਾਗਰ ਕੀਤਾ ਕਿ ਸ਼ਹਿਰ ਦੀ ਨਵੀਂ ਆਬਾਦੀ ਕਿਵੇਂ ਵਧੇਰੇ ਮਹਾਨਗਰ ਦੇ ਸੱਭਿਆਚਾਰ ਨੂੰ ਦਰਸਾਉਂਦੀ ਹੈ। ਹੈਦਰਾਬਾਦ ਦੀ ਸਾਹਿਤ ਤੇ ਲਲਿਤ ਕਲਾਵਾਂ ਦੀ ਅਮੀਰ ਵਿਰਾਸਤ ਹੈ ਤੇ ਇੱਥੇ ਬਹੁਤ ਸਾਰੇ ਅਜਾਇਬਘਰ, ਆਰਟ ਗੈਲਰੀਆਂ ਅਤੇ ਪ੍ਰਦਰਸ਼ਨੀਆਂ ਮੌਜੂਦ ਹਨ, ਜੋ ਪੂਰੀ ਤਰ੍ਹਾਂ ਹੈਦਰਾਬਾਦੀ ਵਿਰਾਸਤ ਦੇ ਪ੍ਰਦਰਸ਼ਨ ਨੂੰ ਸਮਰਪਿਤ ਹੈ।
ਸੁਸ਼੍ਰੀ ਵੋਟਰੀ ਨੇ ਵਿਸਤਾਰਪੂਰਬਕ ਦੱਸਿਆ ਕਿ ਹੈਦਰਾਬਾਦ ਨੂੰ ਕਿਵੇਂ ‘ਮੋਤੀਆਂ ਦੇ ਸ਼ਹਿਰ’ ਅਤੇ ‘ਨਿਜ਼ਾਮਾਂ ਦੇ ਸ਼ਹਿਰ’ ਦੇ ਨਾਮ ਨਾਲ ਵਧੇਰੇ ਜਾਣਿਆ ਜਾਂਦਾ ਹੈ ਅਤੇ ਇਹ ਕੁਤੁਬਸ਼ਾਹੀ ਵੰਸ਼ ਦੇ ਉਭਾਰ ਦੇ ਬਾਅਦ ਤੋਂ ਹੀ ਇੱਕ ਗੁੰਜਾਇਮਾਨ ਇਤਿਹਾਸਿਕ ਵਿਰਾਸਤ ਦਾ ਕੇਂਦਰ ਬਣਿਆ ਰਿਹਾ ਹੈ। ਬਾਅਦ ’ਚ ਇਸ ਸ਼ਹਿਰ ਉੱਤੇ ਮੁਗ਼ਲ ਸਮਰਾਟ ਨੇ ਕਬਜ਼ਾ ਕਰ ਲਿਆ ਸੀ ਤੇ ਅੰਤ ਵਿੱਚ ਇਹ ਆਸਫ਼ਜਹੀ ਵੰਸ਼ ਦੇ ਹੱਥਾਂ ਵਿੱਚ ਆਣ ਪਿਆ ਸੀ। ਪੇਸ਼ਕਾਰ ਨੇ ਦੱਸਿਆ ਕਿ ਹੈਦਰਾਬਾਦ ਦੇ ਸੱਭਿਆਚਾਰ, ਭੋਜਨ ਤੇ ਚਾਰਮੀਨਾਰ ਅਤੇ ਗੋਲਕੁੰਡਾ ਦਾ ਕਿਲਾ ਜਿਹੇ ਵਿਸ਼ੇਸ਼ ਇਮਾਰਤਸਾਜ਼ੀ ਦੇ ਢਾਂਚਿਆਂ ਵਿੱਚ ਅੱਜ ਵੀ ਪੁਰਾਣੀ ਸ਼ਾਹੀ ਚਮਕ–ਦਮਕ ਦਾ ਪ੍ਰਭਾਵ ਕਿਵੇਂ ਵਿਖਾਈ ਦਿੰਦਾ ਹੈ ਜੋ ਇਸ ਸ਼ਹਿਰ ਦੇ ਸ਼ਾਨਦਾਰ ਇਤਿਹਾਸ ਦੀ ਸ਼ਾਹਦੀ ਭਰਦੀ ਹਨ।
ਇਸ ਸ਼ਹਿਰ ਦੇ ਇਤਿਹਾਸ ਨੂੰ ਮੁੜ–ਚੇਤੇ ਕਰਦਿਆਂ, ਪੇਸ਼ਕਾਰ ਨੇ ਭਾਗੀਦਾਰਾਂ ਨੂੰ ਸ਼ਹਿਰ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਮੁਹੰਮਦ ਕੁਲੀ–ਕੁਤੁਬ ਸ਼ਾਹ ਨੇ 1591 ਈ. ਵਿੱਚ ਹੈਦਰਾਬਾਦ ਦੀ ਸਥਾਪਨਾ ਕੀਤੀ ਸੀ ਅਤੇ ਰਾਜਧਾਨੀ ਦਾ ਵਿਸਤਾਰ ਗੋਲਕੁੰਡੇ ਦੇ ਕਿਲੇ ਤੋਂ ਅਗਾਂਹ ਦੇ ਇਲਾਕੇ ਤੱਕ ਕੀਤਾ ਸੀ। ਸਾਲ 1687 ਵਿੱਚ ਮੁਗ਼ਲਾਂ ਨੇ ਇਸ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਸੀ। 1724 ’ਚ, ਮੁਗ਼ਲ ਗਵਰਨਰ ਨਿਜ਼ਾਮ ਆਸਫ਼ ਜਾਹ–ਪਹਿਲੇ ਨੇ ਆਪਣੀ ਪ੍ਰਭੂਸੱਤਾ ਦਾ ਐਲਾਨ ਕਰ ਕੇ ‘ਆਸਫ਼ਜਹੀ ਵੰਸ਼’ ਦੀ ਸਥਾਪਨਾ ਕਰ ਦਿੱਤੀ ਸੀ, ਜਿਸ ਨੂੰ ਨਿਜ਼ਾਮਾਂ ਵਜੋਂ ਵੀ ਜਾਣਿਆ ਜਾਂਦਾ ਹੈ। ਹੈਦਰਾਬਾਦ 1769 ਤੋਂ ਲੈ ਕੇ 1948 ਤੱਕ ਆਸਫ਼ਜਹੀ ਵੰਸ਼ ਦੇ ਨਿਜ਼ਾਮਾਂ ਦੀ ਸ਼ਾਹੀ ਰਾਜਧਾਨੀ ਬਣਿਆ ਰਿਹਾ ਸੀ। ਰਿਆਸਤੀ ਰਾਜ ਹੈਦਰਾਬਾਦ ਦੀ ਰਾਜਧਾਨੀ ਵਜੋਂ ਇਸ ਸ਼ਹਿਰ ਵਿੱਚ 1947 ਵਿੱਚ ਭਾਰਤ ਨੂੰ ਆਜ਼ਾਦੀ ਮਿਲਣ ਤੱਕ ਬ੍ਰਿਟਿਸ਼ ਰੈਜ਼ੀਡੈਂਸੀ ਅਤੇ ਛਾਉਣੀ ਵੀ ਰਹੀ।
ਕੁਤੁਬਸ਼ਾਹੀ ਅਤੇ ਨਿਜ਼ਾਮ ਦੀਆਂ ਹਕੂਮਤਾਂ ਦੀਆਂ ਨਿਸ਼ਾਨੀਆਂ ਅੱਜ ਵੀ ਵਿਖਾਈ ਦਿੰਦੀਆਂ ਹਨ; ਚਾਰਮੀਨਾਰ ਹੁਣ ਇਸ ਸ਼ਹਿਰ ਦਾ ਪ੍ਰਤੀਕ ਬਣ ਚੁੱਕਾ ਹੈ। ਮੁਢਲੇ ਆਧੁਨਿਕ ਜੁੱਗੇ ਖ਼ਾਤਮੇ ਤੋਂ ਬਾਅਦ, ਮੁਗ਼ਲ ਸਾਮਰਾਜ ਦਾ ਦੱਖਣ ਵਿੱਚ ਪਤਨ ਹੋ ਗਿਆ ਸੀ ਤੇ ਇੰਝ ਸਮੁੱਚੇ ਵਿਸ਼ਵ ਦੇ ਵਿਭਿੰਨ ਭਾਗਾਂ ਵਿੱਚ ਨਿਜ਼ਾਮ ਦੀ ਸਰਪ੍ਰਸਤੀ ਦੀ ਧੂਮ ਮੱਚ ਗਈ ਸੀ। ਸਥਾਨਕ ਤੇ ਬਾਹਰੋਂ ਹਿਜਰਤ ਕਰ ਕੇ ਆਏ ਕਾਰੀਗਰਾਂ ਨੇ ਇੱਕ ਵਿਲੱਖਣ ਸੱਭਿਆਚਾਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਹ ਸ਼ਹਿਰ ਪੂਰਬੀ (ਓਰੀਐਂਟਲ) ਸੱਭਿਆਚਾਰ ਦੇ ਇੱਕ ਅਗਾਂਹਵਧੂ ਕੇਂਦਰ ਵਜੋਂ ਉੱਭਰਿਆ। ਇੱਥੋਂ ਦੀ ਚਿੱਤਰਕਲਾ, ਦਸਤਕਾਰੀ, ਗਹਿਣੇ ਸਾਹਿਤ, ਉਪ–ਭਾਸ਼ਾ ਤੇ ਕੱਪੜੇ ਅੱਜ ਵੀ ਪ੍ਰਮੁੱਖ ਹਨ। ਇਸ ਸ਼ਹਿਰ ਵਿੱਚ ਸਥਿਤ ਤੇਲਗੂ ਫ਼ਿਲਮ ਉਦਯੋਗ; ਮੋਸ਼ਨ ਫ਼ਿਲਮਾਂ ਬਣਾਉਣ ਵਾਲਾ ਦੇਸ਼ ਦਾ ਦੂਜਾ ਸਭ ਤੋਂ ਵੱਡਾ ਨਿਰਮਾਤਾ ਹੈ। ਯੂਨੈਸਕੋ (UNESCO) ਦੁਆਰਾ ਹੈਦਰਾਬਾਦ ਨੂੰ ਪਕਵਾਨ–ਕਲਾ (ਗੈਸਟ੍ਰੋਨੋਮੀ) ਦੇ ਵਰਗ ਵਿੱਚ ਇੱਕ ਸਿਰਜਣਾਤਮਕ ਸ਼ਹਿਰ ਵਜੋਂ ਚੁਣਿਆ ਗਿਆ ਹੈ।
ਹੈਦਰਾਬਾਦ ਦੇ ਨਿਮਨਲਿਖਤ ਮਹੱਤਵਪੂਰਣ ਸੱਭਿਆਚਾਰਕ ਸਥਾਨਾਂ ਨੂੰ ਇਸ ਸੈਸ਼ਨ ਵਿੱਚ ਉਜਾਗਰ ਕੀਤਾ ਗਿਆ ਸੀ:
1) ਗੋਲਕੁੰਡਾ ਕਿਲਾ, ਹੈਦਰਾਬਾਦ– ਵਿਸ਼ਾਲ ਕਿਲੇ ਦੇ ਖੰਡਰ ਅੱਜ ਵੀ ਅਮੀਰ ਅਤੀਤ ਦੀ ਸ਼ਾਨ ਬੇਹੱਦ ਮਾਣ ਨਾਲ ਪ੍ਰਦਰਸ਼ਿਤ ਕਰਦੇ ਤੇ ਇਸ ਸ਼ਹਿਰ ਦੇ ਇਤਿਹਾਸ ਦੀਆਂ ਕੁਝ ਅਣਕਹੀਆਂ ਕਥਾਵਾਂ ਬਿਆਨਦੇ ਦਿਸਦੇ ਹਨ। ਹੈਦਰਾਬਾਦ ’ਚ ਇਸ ਸਥਾਨ ਦੀ ਖਿੱਚ ਕਾਰਣ ਇਹ ਇੱਕ ਅਜਿਹਾ ਇਤਿਹਾਸਿਕ ਸਥਾਨ ਹੈ, ਜਿਸ ਨੂੰ ਜ਼ਰੂਰ ਵੇਖਣਾ ਚਾਹੀਦਾ ਹੈ। ਮੁਹੰਮਦ ਕੁਲੀ ਨੂੰ ਨਵੇਂ ਸ਼ਹਿਰ ਦੀ ਜ਼ਰੂਰਤ ਬਾਰੇ ਸਮਝ ਸੀ ਤੇ ਉਸ ਨੇ ਭਾਗਨਗਰ ਦੀ ਸਥਾਪਨਾ (ਆਪਣੀ ਪ੍ਰੇਮਿਕਾ ਦੇ ਨਾਮ ਉੱਤੇ) ਕੀਤੀ ਸੀ ਤੇ ਇਸ ਦੇ ਕੇਂਦਰ ਵਿੱਚ ਚਾਰਮੀਨਾਰ ਦੀ ਉਸਾਰੀ ਕਰਵਾਈ ਸੀ।
2) ਚਾਓਮਹੱਲਾ ਮਹਿਲ– ਕਿਸੇ ਵੇਲੇ ਆਸਫ਼ਜਹੀ ਵੰਸ਼ ਦੀ ਗੱਦੀ, ਚਾਓਮਹੱਲਾ ਮਹਿਲ ਦਾ ਨਿਰਮਾਣ ਹੈਦਰਾਬਾਦ ਵਿੱਚ ਕਰਵਾਇਆ ਗਿਆ ਸੀ ਤੇ ਇਹ ਪ੍ਰਸਿੱਧ ਸਮਾਰਕ ਚਾਰਮੀਨਾਰ ਤੇ ਲਾਡ ਬਾਜ਼ਾਰ ਲਾਗੇ ਸਥਿਤ ਹੈ। ਇਸ ਮਹਿਲ ਦਾ ਡਿਜ਼ਾਇਨ ਬੇਹੱਦ ਵਿਸਤਾਰਪੂਰਬਕ ਤਿਆਰ ਕੀਤਾ ਗਿਆ ਸੀ ਤੇ ਹਾਲੇ ਵੀ ਇਸ ਦੀ ਆਪਣੀ ਇੱਕ ਨਵਾਬੀ ਖਿੱਚ ਹੈ। ਨਿਜ਼ਾਮਾਂ ਦੀ ਤਾਕਤ ਦੀ ਗੱਦੀ ਚਾਓਮਹੱਲਾ ਮਹਿਲ ਨੂੰ ‘ਸੱਭਿਆਚਾਰਕ ਵਿਰਾਸਤ ਦੀ ਸੰਭਾਲ਼’ ਲਈ ਯੂਨੈਸਕੋ ਦਾ ਏਸ਼ੀਆ–ਪ੍ਰਸ਼ਾਂਤ ਵਿਰਾਸਤ ਮੈਰਿਟ ਪੁਰਸਕਾਰ ਵੀ ਮਿਲ ਚੁੱਕਾ ਹੈ।
3) ਚਾਰਮੀਨਾਰ– ਇਸ ਸਮਾਰਕ ਦੀ ਸਥਾਪਨਾ ਉਸ ਵੇਲੇ ਕੀਤੀ ਗਈ ਸੀ, ਜਦੋਂ ਕੁਲੀ ਕੁਤੁਬ ਸ਼ਾਹ ਨੇ ਆਪਣੀ ਰਾਜਧਾਨੀ ਗੋਲਕੁੰਡਾ ਤੋਂ ਬਦਲ ਕੇ ਹੈਦਰਾਬਾਦ ਕੀਤੀ ਸੀ। ਇਸ ਸਮਾਰਕ ਨੂੰ ਇਹ ਨਾਮ ਇਸ ਦੇ ਢਾਂਚੇ ਕਾਰਣ ਦਿੱਤਾ ਗਿਆ ਸੀ ਕਿਉਂਕਿ ਇਸ ਦੀਆਂ ਚਾਰ ਮੀਨਾਰਾਂ ਹਨ।
4) ਪੁਰਾਣੀ ਹਵੇਲੀ– ਹੈਦਰਾਬਾਦ ਦੇ ਸੁਨਹਿਰੀ ਜੁੱਗ ਦੇ ਮਹੱਤਵਪੂਰਣ ਇਤਿਹਾਸਿਕ ਸਥਾਨਾਂ ਵਿੱਚੋਂ ਇੱਕ ਇਸ ਪੁਰਾਣੀ ਹਵੇਲੀ ਨੂੰ ਕਲਾ–ਕ੍ਰਿਤਾਂ ਤੇ ਪ੍ਰਤਿਭਾ ਦੇ ਵਰਨਣਯੋਗ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ। ਇਹ ਇੱਕ ਬਹੁਤ ਹੀ ਸੁੰਦਰ ਢਾਂਚਾ ਹੈ, ਜਿੱਥੇ ਇਤਿਹਾਸ ਪ੍ਰੇਮੀਆਂ ਲਈ ਬਹੁਤ ਹੈਰਾਨਕੁੰਨ ਤੱਥ ਵੀ ਮੌਜੂਦ ਹਨ।
5) ਮੱਕਾ ਮਸਜਿਦ– ਭਾਰਤ ਦੀਆਂ ਸਭ ਤੋਂ ਪੁਰਾਣੀਆਂ ਤੇ ਵਿਸ਼ਾਲ ਮਸਜਿਦਾਂ ਵਿੱਚੋਂ ਇੱਕ ਹੈਦਰਾਬਾਦ ਦੀ ਇਹ ਮੱਕਾ ਮਸਜਿਦ ਇੱਕ ਸਰਬਸ੍ਰੇਸ਼ਟ ਇਤਿਹਾਸਿਕ ਸਥਾਨ ਹੈ, ਜਿਸ ਨੂੰ 1693 ਈ. ਵਿੱਚ ਔਰੰਗਜ਼ੇਬ ਨੇ ਬਣਵਾਇਆ ਸੀ। ਸਮਝਿਆ ਜਾਂਦਾ ਹੈ ਕਿ ਇਸ ਮਸਜਿਦ ਦੀ ਉਸਾਰੀ ਵਿੱਚ ਮੱਕਾ ਤੋਂ ਲਿਆਂਦੀਆਂ ਇੱਟਾਂ ਦੀ ਵਰਤੋਂ ਕੀਤੀ ਗਈ ਸੀ ਤੇ ਉਸੇ ਕਾਰਣ ਇਸ ਨੂੰ ਇਹ ਨਾਮ ਦਿੱਤਾ ਗਿਆ।
6) ਕੁਤੁਬਸ਼ਾਹੀ ਮਕਬਰੇ– ਇਬਰਾਹਿਮ ਬਾਗ਼ ਵਿੱਚ ਸਥਿਤ, ਕੁਤੁਬਸ਼ਾਹੀ ਮਕਬਰੇ ਛੋਟੀਆਂ ਤੇ ਵੱਡੀਆਂ ਮਸਜਿਦਾਂ ਤੇ ਮਕਬਰਿਆਂ ਦਾ ਇੱਕ ਸਮੂਹ ਹਨ, ਜਿਨ੍ਹਾਂ ਦਾ ਨਿਰਮਾਣ ਕੁਤੁਬ ਸ਼ਾਹ ਵੰਸ਼ ਦੇ ਹਾਕਮਾਂ ਨੇ ਕਰਵਾਇਆ ਸੀ। ਸਾਰੇ ਮਕਬਰੇ ਉੱਚੇ ਮੰਚਾਂ ਉੱਤੇ ਬਣਾਏ ਗਏ ਹਨ ਤੇ ਉਨ੍ਹਾਂ ਦਾ ਆਕਾਰ ਇੱਕ ਗੁੰਬਦ ਰਗਾ ਹੈ। ਹੈਦਰਾਬਾਦ ਦੇ ਛੋਟੇ ਇਤਿਹਾਸਿਕ ਸਥਾਨ ਇੱਕ–ਮੰਜ਼ਿਲਾ ਹਨ, ਜਦ ਕਿ ਵੱਡੇ ਸਥਾਨ ਦੋ–ਮੰਜ਼ਿਲਾ ਹਨ। ਇਸ ਸਥਾਨ ਦੀ ਵਰਤੋਂ ਮੁਗ਼ਲ ਫ਼ੌਜ ਦੁਆਰਾ ਗੋਲਕੁੰਡਾ ਦੇ ਕਿਲੇ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਗਈ ਸੀ। ਇਸ ਮਕਰੇ ਦੀ ਹੇਠਲੀ ਮੰਜ਼ਿਲ ਦੀ ਵਰਤੋਂ ਮੁਗ਼ਲ ਫ਼ੌਜ ਦੇ ਘੋੜਿਆਂ ਲਈ ਅਸਤਬਲ ਵਜੋਂ ਕੀਤੀ ਗਈ ਸੀ।
7) ਪੈਗਾਹ ਮਕਬਰੇ– ਹੈਦਰਾਬਾਦ ਦੇ ਉਪ–ਨਗਰ ਪੀਸਾਲ ਬਾਂਦਾ ਵਿੱਚ ਸਥਿਤ ਪੈਗਾਹ ਮਕਬਰੇ ਸ਼ਾਹੀ ਪੈਗਾਹ ਪਰਿਵਾਰ ਦੇ ਮਕਬਰਿਆਂ ਦਾ ਸਮੂਹ ਹਨ। ਭਾਵੇਂ ਹੁਣ ਇਨ੍ਹਾਂ ਦੀ ਹਾਲਤ ਖਸਤਾ ਹੈ, ਫਿਰ ਇਨ੍ਹਾਂ ਮਕਬਰਿਆਂ ਦੀ ਵਾਸਤੂਕਲਾ ਸ਼ਾਨਦਾਰ ਹੈ ਤੇ ਇਸ ਦੇ ਸੰਗਮਰਮਰ ਦੇ ਉੱਕਰੇ ਹੋਏ ਪੈਨਲ ਬੇਮਿਸਾਲ ਹਨ। ਹੈਦਰਾਬਾਦ ਵਿੱਚ ਇਸ ਇਤਿਹਾਸਿਕ ਸਥਾਨ ਦੀ ਦੇਖਭਾਲ਼ ਤੇ ਸਾਂਭ–ਸੰਭਾਲ਼ ਨਿਗਰਾਨਾਂ ਦੇ ਇੱਕ ਪਰਿਵਾਰ ਦੁਆਰਾ ਕੀਤੀ ਜਾਂਦੀ ਹੈ, ਜੋ ਇਸੇ ਕੈਂਪਸ ਵਿੱਚ ਰਹਿੰਦਾ ਹੈ।
8) ਸਾਲਾਰ ਜੰਗ ਅਜਾਇਬਘਰ– ਇੱਕ ਕਲਾਮਈ ਅਜਾਇਬਘਰ ਹੈ, ਜਿਸ ਦੀ ਸਥਾਪਨਾ ਸਾਲ 1951 ਵਿੱਚ ਕੀਤੀ ਗਈ ਸੀ ਤੇ ਇਹ ਹੈਦਰਾਬਾਦ ਸ਼ਹਿਰ ਵਿੱਚ ਮੂਸੀ ਦਰਿਆ ਦੇ ਦੱਖਣੀ ਕੰਢੇ ਉੱਤੇ ਦਾਰ–ਉਲ–ਸ਼ਿਫ਼ਾ ’ਚ ਸਥਿਤ ਹੈ। ਸਾਲਾਰ ਜੰਗ ਪਰਿਵਾਰ ਸਮੁੱਚੇ ਵਿਸ਼ਵ ਦੀਆਂ ਦੁਰਲੱਭ ਕਲਾਮਈ ਵਸਤਾਂ ਦੇ ਸੰਗ੍ਰਹਿ ਲਈ ਜ਼ਿੰਮੇਵਾਰ ਹੈ। ਦੱਖਣ ਦੇ ਇਤਿਹਾਸ ਵਿੱਚ ਇਹ ਪਰਿਵਾਰ ਬੇਹੱਦ ਵਰਨਣਯੋਗ ਪਰਿਵਾਰਾਂ ਵਿੱਚੋਂ ਇੱਕ ਹੈ, ਉਨ੍ਹਾਂ ਵਿੱਚੋਂ ਪੰਜ ਜਣੇ ਹੈਦਰਾਬਾਦ–ਦੱਖਣ ਦੇ ਸਾਬਕਾ ਨਿਜ਼ਾਮ ਦੀ ਹਕੂਮਤ ਵਿੱਚ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ।
9) ਵਾਰੰਗਲ ਦਾ ਕਿਲਾ– ਇਹ ਕਿਲਾ 12ਵੀਂ ਸਦੀ ਤੋਂ ਵਿਖਾਈ ਦੇ ਰਿਹਾ ਹੈ, ਜਦੋਂ ਇਹ ਜਗ੍ਹਾ ਕਾਕਾਤੀਆ ਵੰਸ਼ ਦੀ ਰਾਜਧਾਨੀ ਹੁੰਦੀ ਸੀ। ਇਸ ਕਿਲੇ ਦੇ ਚਾਰ ਸਜਾਵਟੀ ਗੇਟ ਹਨ, ਜਿਨ੍ਹਾਂ ਨੂੰ ਕਾਕਾਤੀਆ ਕਲਾ ਥੋਰਾਨਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸ ਨੇ ਅਸਲ ਵਿੱਚ ਹੁਣ ਨਸ਼ਟ ਹੋ ਚੁੱਕੇ ਮਹਾਨ ਸ਼ਿਵ ਮੰਦਰ ਦੇ ਪ੍ਰਵੇਸ਼ ਦੁਆਰ ਹੁੰਦੇ ਸਨ।
10) ਲੱਕੜ ਦਾ ਕੁਤੁਬਸ਼ਾਹੀ ਮਹਿਲ– ਇਹ ਮਹਿਲ ਵੀ ਵਪਾਰਕ ਰੂਟ ਉੱਤੇ ਹੈ, ਇਸ ਵਪਾਰਕ ਰੂਟ ਦੇ ਮਹੱਤਵ ਨੂੰ ਵੀ ਵਿਖਾਇਆ ਗਿਆ ਤੇ ਉਨ੍ਹਾਂ ਦੁਆਲੇ ਢਾਂਚੇ ਖੜ੍ਹੇ ਕੀਤੇ ਗਏ ਸਨ। ਗੋਲਕੁੰਡਾ–ਚਾਰਮੀਨਾਰ–ਪੁਲ–ਏ–ਨਾਰਵਾ ਨੇ ਕਿਲੇ ਨੂੰ ਨਵੀਂ ਰਾਜਧਾਨੀ ਨਾਲ ਜੋੜਿਆ ਸੀ।
ਹੈਦਰਾਬਾਦ ਦੇ ਨਾਲ ਲੱਗਦੇ ਸ਼ਹਿਰ ਸਿਕੰਦਰਾਬਾਦ ਬਾਰੇ ਸੁਸ਼੍ਰੀ ਵੋਟਰੀ ਨੇ ਵਿਸਤਾਰਪੂਰਬਕ ਦੱਸਿਆ ਕਿ 1798 ਈ. ਵਿੱਚ ਕਿਵੇਂ ਦੂਜੇ ਨਿਜ਼ਾਮ ਤੇ ਅੰਗਰੇਜ਼ਾਂ ਦੁਆਰਾ ਇੱਕ ਸਹਾਇਕ ਗੱਠਜੋੜ ਉੱਤੇ ਹਸਤਾਖਰ ਕੀਤੇ ਗਏ ਸਨ। ਚਾਰਮੀਨਾਰ ਤੋਂ ਕਾਫ਼ੀ ਦੂਰ ਉੱਤਰ ਵੱਲ, ਇਸ ਸ਼ਹਿਰ ਦੇ ਇੱਕ ਹਿੱਸੇ ਨੂੰ ਇੱਕ ਛਾਉਣੀ ਵਜੋਂ ਸਥਾਪਿਤ ਕੀਤਾ ਗਿਆ ਸੀ ਅਤੇ ਉਸ ਨੂੰ ਤੀਜੇ ਨਿਜ਼ਾਮ ਨਵਾਬ ਸਿਕੰਦਰ ਜਾਹ ਦੇ ਨਾਮ ਉੱਤੇ ਸਿਕੰਦਰਾਬਾਦ ਨਾਮ ਦਿੱਤਾ ਗਿਆ। ਯੂਰੋਪੀਅਨ ਸ਼ੈਲੀ ਦੇ ਢਾਂਚਿਆਂ ਦੀ ਉਸਾਰੀ 1908 ਵਿੱਚ ਸ਼ੁਰੂ ਹੋਈ ਸੀ, ਜਦੋਂ 1911 ਵਿੱਚ ਪਲੇਗ ਤੋਂ ਬਾਅਦ ਹੜ੍ਹਾਂ ਨਾਲ ਤਬਾਹੀ ਹੋਈ ਸੀ।
ਪੁਰਾਣੇ ਵਿਰਾਸਤੀ ਢਾਂਚੇ ਤੇ ਆਧੁਨਿਕ ਇਮਾਰਤਾਂ ਤੋਂ ਇਲਾਵਾ, ਹੈਦਰਾਬਾਦ ਸ਼ਹਿਰ ਲਾਡ ਬਾਜ਼ਾਰ ’ਚ ਲਾਖ ਦੀਆਂ ਬਣੀਆਂ ਵੰਙਾਂ, ਕੱਚ ਦੀਆਂ ਵੰਙਾਂ, ਪੱਥਰਘਾਟੀ ’ਚ ਮੋਤੀਆਂ ਤੇ ਗਹਿਣਿਆਂ, ਲਾਡ ਬਾਜ਼ਾਰ ਤੇ ਪੱਥਰਘਾਟੀ ’ਚ ਵਿਸ਼ੇਸ਼ ਸੱਭਿਆਚਾਰ ਨਾਲ ਸਬੰਧਿਤ ਕੱਪੜਿਆਂ ਅਤੇ ਚਾਟਾ ਬਾਜ਼ਾਰ ਵਿੱਚ ਸੁੰਦਰ ਲਿਖਾਈ (ਕੈਲੀਗ੍ਰਾਫ਼ੀ) ਲਈ ਵੀ ਪ੍ਰਸਿੱਧ ਹੈ। ਇਹ ਸ਼ਹਿਰ ਖ਼ੁਰਾਕੀ ਸਿਲਵਰ ਫ਼ੁਆਇਲ, ਜ਼ਰਦੋਜ਼ੀ ਦੇ ਕੰਮ, ਕੈਲੀਗ੍ਰਾਫ਼ੀ ਲਈ ਪ੍ਰਸਿੱਧ ਹੈ।
ਪੇਸ਼ਕਾਰ ਨੇ ਤੇਲੰਗਾਨਾ ਸਰਕਾਰ ਦੁਆਰਾ ਆਯੋਜਿਤ ਪੈਦਲ ਟੂਰਾਂ ਬਾਰੇ ਵੀ ਦੱਸਿਆ, ਜਿਸ ਵਿੱਚ ਰਾਜ ਦੀ ਵਿਰਾਸਤ ਤੇ ਸੱਭਿਆਚਾਰ ਨੂੰ ਵਿਖਾਇਆ ਜਾਂਦਾ ਹੈ। ਰਾਜ ਸਰਕਾਰ ਦੀ ‘ਹੈਦਰਾਬਾਦ’ ਨਾਮ ਦੀ ਇੱਕ ਐਪ ਵੀ ਹੈ।
ਇਸ ਸੈਸ਼ਨ ਦਾ ਸੰਚਾਲਨ ਕਰਦਿਆਂ ਸੁਸ਼੍ਰੀ ਰੁਪਿੰਦਰ ਬਰਾੜ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਸੜਕ, ਰੇਲ ਤੇ ਹਵਾਈ ਰੂਟਾਂ ਰਾਹੀਂ ਹੈਦਰਾਬਾਦ ਦੀ ਕਨੈਕਟੀਵਿਟੀ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਕਿਵੇਂ ਯੂਰੋਪ, ਮੱਧ–ਪੂਰਬੀ ਅਤੇ ਦੱਖਣ–ਪੂਰਬੀ ਏਸ਼ੀਆ ਦੇ ਦੇਸ਼ਾਂ ਨਾਲ ਜੁੜਿਆ ਹੋਇਆ ਹੈ। ਹੈਦਰਾਬਾਦ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਆਪਣੇ ਬਿਹਤਰੀਨ ਸੰਚਾਲਨ, ਸਾਫ਼–ਸਫ਼ਾਈ ਤੇ ਘੱਟ–ਬਿਜਲੀ ਖਪਤ ਕਰਨ ਵਾਲੀ ਸ਼ਾਨਦਾਰ ਇਕਾਈ ਕਾਰਣ ਕਈ ਪੁਰਸਕਾਰ ਜਿੱਤ ਚੁੱਕਾ ਹੈ।
ਉਨ੍ਹਾਂ ਟੂਰਿਜ਼ਮ ਮੰਤਰਾਲੇ ਦੁਆਰਾ ਕਰਵਾਏ ਜਾਣ ਵਾਲੇ ‘ਇਨਕ੍ਰੈਡੀਬਲ ਇੰਡੀਆ ਟੂਰਿਸਟ ਫ਼ੈਸਿਲੀਟੇਟਰ ਸਰਟੀਫ਼ਿਕੇਸ਼ਨ’ ਪ੍ਰੋਗਰਾਮ ਬਾਰੇ ਵੀ ਦੱਸਿਆ, ਜੋ ਇਸ ਟਿਕਾਣੇ, ਯਾਤਰਾ ਤੇ ਇੱਥੇ ਦੇ ਉਤਪਾਦਾਂ ਬਾਰੇ ਔਨਲਾਈਨ ਸਿਖਲਾਈ ਪ੍ਰੋਗਰਾਮ ਹੈ, ਜੋ ਇੱਥੋਂ ਦੀ ਕਹਾਣੀ ਬਿਆਨ ਕਰਨ ਦੇ ਹੁਨਰ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਲਿਆਵੇਗਾ। ਇਹ ਇੱਥੋਂ ਦਾ ਸਥਾਨਕ ਸੱਭਿਆਚਾਰ ਅਪਨਾਉਣ ਵਿੱਚ ਨਾਗਰਿਕਾਂ ਦੀ ਮਦਦ ਕਰੇਗਾ ਤੇ ਮੁਲਾਕਾਤੀਆਂ ਨੂੰ ਇਹ ਸਭ ਵਿਲੱਖਣ ਢੰਗ ਨਾਲ ਵਿਖਾਏਗਾ।
ਇਨ੍ਹਾਂ ਵੈਬੀਨਾਰਸ ਦੇ ਸੈਸ਼ਨ ਹੁਣ https://www.youtube.com/channel/UCbzIbBmMvtvH7d6Zo_ZEHDA/featured ਅਤੇ ਟੂਰਿਜ਼ਮ ਮੰਤਰਾਲੇ ਦੀਆਂ ਵੈੱਬਸਾਈਟਾਂ incredibleindia.org ਤੇ tourism.gov.in ਉੱਤੇ ਵੀ ਉਪਲਬਧ ਹਨ। ‘ਐਕਸਪਲੋਰਿੰਗ ਹੈਂਪੀ’ ਸਿਰਲੇਖ ਹੇਠ ਅਗਲਾ ਵੈਬੀਨਾਰ 29 ਅਗਸਤ, 2020 ਨੂੰ ਸਵੇਰੇ 11:00 ਵਜੇ ਹੋਵੇਗਾ।
*******
ਐੱਨਬੀ/ਏਕੇਜੇ/ਓਏ
(Release ID: 1648351)
Visitor Counter : 243