ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

‘ਆਤਮਨਿਰਭਰ ਭਾਰਤ ’ ਨਾਲ ਅੱਗੇ ਵਧਦਾ ਭਾਰਤ


ਸਿਰਫ਼ ਇੱਕ ਮਹੀਨੇ ’ਚ 23 ਲੱਖ ਪੀਪੀਈ ਕਿਟ ਦੀ ਬਰਾਮਦ ਨਾਲ ਵਿਸ਼ਵ ਪੱਧਰ ਉੱਤੇ ਆਪਣੀ ਮੌਜੂਦਗੀ ਦਰਜ ਕੀਤੀ

ਕੇਂਦਰ ਸਰਕਾਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 1.28 ਕਰੋੜ ਤੋਂ ਵੱਧ ਪੀਪੀਈ ਕਿਟ ਵੰਡੇ

Posted On: 14 AUG 2020 2:52PM by PIB Chandigarh


ਕੇਂਦਰ ਸਰਕਾਰ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੋਵਿਡ–19 ਨਾਲ ਨਿਪਟਣ ਲਈ ਦਰਜਾਬੰਦ, ਸਰਗਰਮ ਤੇ ਸਹਿਯੋਗਪੂਰਨ ਪ੍ਰਬੰਧਨ ਦੀ ਅਗਵਾਈ ਕਰ ਰਹੀ ਹੈ। ਦੇਸ਼ ਭਰ ਵਿੱਚ ਬੁਨਿਆਦੀ ਮੈਡੀਕਲ ਢਾਂਚੇ ਨੂੰ ਹੋਰ ਵਧਾਉਣ ਤੇ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇਸ ਦੇ ਨਿਰੰਤਰ ਜਤਨਾਂ ਅਧੀਨ ਵਿਭਿੰਨ ਨੀਤੀਗਤ ਫ਼ੈਸਲੇ ਨਿਯਮਿਤ ਅਧਾਰ ਉੱਤੇ ਲਏ ਗਏ ਹਨ।

ਮਹਾਮਾਰੀ ਦੀ ਸ਼ੁਰੂਆਤ ਵਿੱਚ ਐੱਨ–95 ਮਾਸਕ, ਪੀਪੀਈ ਕਿਟ, ਵੈਂਟੀਲੇਟਰ ਆਦਿ ਸਮੇਤ ਹਰ ਪ੍ਰਕਾਰ ਦੇ ਮੈਡੀਕਲ ਉਪਕਰਣਾਂ ਦੀ ਵਿਸ਼ਵ ਪੱਧਰ ਉੱਤੇ ਕਾਫ਼ੀ ਘਾਟ ਮਹਿਸੂਸ ਕੀਤੀ ਗਈ ਸੀ। ਜ਼ਿਆਦਾਤਰ ਅਜਿਹੇ ਉਤਪਾਦ ਸ਼ੁਰੂਆਤ ਵਿੱਚ ਦੇਸ਼ ’ਚ ਨਹੀਂ ਬਣਾਏ ਜਾ ਰਹੇ ਸਨ ਤੇ ਹੋਰ ਦੇਸ਼ਾਂ ਤੋਂ ਇਨ੍ਹਾਂ ਦੀ ਦਰਾਮਦ ਕੀਤੀ ਜਾ ਰਹੀ ਸੀ। ਮਹਾਮਾਰੀ ਕਾਰਨ ਵਿਸ਼ਵ ’ਚ ਮੰਗ ਵਧ ਗਈ ਅਤੇ ਵਿਦੇਸ਼ੀ ਬਜ਼ਾਰਾਂ ਵਿੱਚ ਇਨ੍ਹਾਂ ਦੀ ਉਪਲਬਧਤਾ ਘਟ ਗਈ।

ਮਹਾਮਾਰੀ ਨੂੰ ਇੱਕ ਮੌਕੇ ਵਜੋਂ ਲੈਂਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ, ਟੈਕਸਟਾਈਲਸ ਮੰਤਰਾਲਾ, ਰਸਾਇਣ ਤੇ ਖਾਦ ਮੰਤਰਾਲੇ ਦੇ ਫ਼ਾਰਮਾਸਿਊਟੀਕਲਸ ਵਿਭਾਗ, ਉਦਯੋਗ ਵਾਧਾ ਤੇ ਅੰਦਰੂਨੀ ਵਪਾਰ ਵਿਭਾਗ ਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਅਤੇ ਹੋਰਨਾਂ ਦੇ ਸਾਂਝੇ ਜਤਨਾਂ ਨਾਲ ਭਾਰਤ ਨੇ ਇਨ੍ਹਾਂ ਮੈਡੀਕਲ ਉਪਕਰਣਾਂ ਦੇ ਉਤਪਾਦਨ ਲਈ ਆਪਣੀ ਖ਼ੁਦ ਦੀ ਨਿਰਮਾਣ ਸਮਰੱਥਾ ਵਿੱਚ ਭਾਰੀ ਵਾਧਾ ਕੀਤਾ ਹੈ।

ਦੇਸ਼ ਵਿੱਚ ਪੀਪੀਈ ਕਿਟ ਦੀ ਮੰਗ ਨੂੰ ਪੂਰਾ ਕਰਨ ਦੇ ਨਾਲ ਹੀ ਘਰੇਲੂ ਉਤਪਾਦਨ ਸਮਰੱਥਾ ਮਜ਼ਬੂਤ ਹੋ ਜਾਣ ਦੇ ਮੱਦੇਨਜ਼ਰ ਜੁਲਾਈ 2020 ਵਿੱਚ ਵਿਦੇਸ਼ ਵਪਾਰ ਡਾਇਰੈਕਟਰ ਜਨਰਲ ਵੱਲੋਂ ਜਾਰੀ ਸੋਧੇ ਨੋਟੀਫ਼ਿਕੇਸ਼ਨ (ਨੋਟੀਫ਼ਿਕੇਸ਼ਨ ਨੰਬਰ 16/2015–20, ਮਿਤੀ 29 ਜੂਨ, 2020) ਨੂੰ ਪੀਪੀਈ ਕਿਟ ਦੀ ਬਰਾਮਦ ਦੀ ਇਜਾਜ਼ਤ ਦਿੱਤੀ ਗਈ। ਇਸ ਛੋਟ ਦੇ ਨਤੀਜੇ ਵਜੋਂ, ਜੁਲਾਈ ਦੇ ਮਹੀਨੇ ਭਾਰਤ ਨੇ ਪੰਜ ਦੇਸ਼ਾਂ ਨੂੰ 23 ਲੱਖ ਪੀਪੀਈ ਕਿਟਾਂ ਦੀ ਬਰਾਮਦ ਕੀਤੀ। ਇਨ੍ਹਾਂ ਵਿੱਚ ਅਮਰੀਕਾ, ਇੰਗਲੈਂਡ, ਸੰਯੁਕਤ ਅਰਬ ਅਮੀਰਾਤ, ਸੇਨੇਗਲ ਤੇ ਸਲੋਵਾਨੀਆ ਦੇਸ਼ ਸ਼ਾਮਲ ਹਨ। ਇਸ ਨਾਲ ਭਾਰਤ ਨੂੰ ਪੀਪੀਈ ਦੇ ਵਿਸ਼ਵ ਬਰਾਮਦ ਬਜ਼ਾਰ ਵਿੱਚ ਆਪਣੀ ਥਾਂ ਬਣਾਉਣ ਵਿੱਚ ਕਾਫ਼ੀ ਮਦਦ ਮਿਲੀ ਹੈ।

ਆਤਮਨਿਰਭਰ ਭਾਰਤ ਅਭਿਯਾਨ ਵਿੱਚ ਨਿਹਿਤ ‘ਮੇਕ ਇਨ ਇੰਡੀਆ’ ਦੀ ਭਾਵਨਾ ਦੇ ਨਤੀਜੇ ਵਜੋਂ ਪੀਪੀਈ ਕਿਟ ਸਮੇਤ ਵਿਭਿੰਨ ਮੈਡੀਕਲ ਉਪਕਰਣਾਂ ਦੇ ਉਤਪਾਦਨ ਵਿੱਚ ਦੇਸ਼ ਸਮਰੱਥ ਤੇ ਆਤਮਨਿਰਭਰ ਬਣ ਸਕਿਆ ਹੈ। ਕੇਂਦਰ ਸਰਕਾਰ ਜਿੱਥੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨੂੰ ਪੀਪੀਈ ਕਿਟ, ਐੱਨ–95 ਮਾਸਕ, ਵੈਂਟੀਲੇਟਰ ਆਦਿ ਦੀ ਸਪਲਾਈ ਕਰ ਰਹੀ ਹੈ, ਉੱਧਰ ਰਾਜ ਵੀ ਸਿੱਧੇ ਇਨ੍ਹਾਂ ਵਸਤਾਂ ਦੀ ਖ਼ਰੀਦ ਕਰ ਰਹੇ ਹਨ। ਮਾਰਚ ਤੋਂ ਅਗਸਤ 2020 ਦੌਰਾਨ, ਉਨ੍ਹਾਂ ਆਪਣੇ ਖ਼ੁਦ ਦੇ ਬਜਟ ਸਰੋਤਾਂ ਰਾਹੀਂ 1.40 ਕਰੋੜ ਸਵਦੇਸ਼ੀ ਪੀਪੀਈ ਖ਼ਰੀਦੇ ਹਨ। ਇਸੇ ਮਿਆਦ ਦੌਰਾਨ ਕੇਂਦਰ ਨੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਕੇਂਦਰੀ ਸੰਸਥਾਨਾਂ ਨੂੰ 1.28 ਕਰੋੜ ਪੀਪੀਈ ਕਿਟਾਂ ਮੁਫ਼ਤ ਵੰਡੀਆਂ ਹਨ।

ਕੋਵਿਡ–19 ਨਾਲ ਸਬੰਧਿਤ ਤਕਨੀਕੀ ਮਾਮਲਿਆਂ ’ਤੇ ਹਰ ਤਰ੍ਹਾਂ ਦੀ ਸਹੀ ਤੇ ਅੱਪਡੇਟਡ (ਤਾਜ਼ਾ) ਜਾਣਕਾਰੀ ਅਤੇ ਅਡਵਾਈਜ਼ਰੀ ਲਈ ਕਿਰਪਾ ਕਰਕੇ ਨਿਯਮਿਤ ਰੂਪ ’ਚ ਇੱਥੇ ਜਾਓ: https://www.mohfw.gov.in/ ਅਤੇ @MoHFW_INDIA

ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਅਤੇ ਹੋਰ ਪ੍ਰਸ਼ਨ ncov2019[at]gov[dot]in ਅਤੇ @CovidIndiaSeva ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।

ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਉੱਤੇ ਕਾਲ ਕਰੋ। 

ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ https://www.mohfw.gov.in/pdf/coronvavirushelplinenumber.pdf ਉੱਤੇ ਵੀ ਇੱਥੇ ਉਪਲਬਧ ਹੈ।

****

ਐੱਮਵੀ



(Release ID: 1645812) Visitor Counter : 175