ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਅਸਾਮ, ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਲਈ ਰੈੱਡ ਕਰੌਸ ਦੀ ਤਰਫੋਂ ਭੇਜੀ ਗਈ ਰਾਹਤ ਸਮੱਗਰੀ ਦੀ ਖੇਪ ਰਵਾਨਾ ਕੀਤੀ

Posted On: 24 JUL 2020 12:39PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ ਰੈੱਡ ਕਰੌਸ ਦੀ ਤਰਫੋਂ ਹੜ੍ਹ ਪ੍ਰਭਾਵਿਤ ਰਾਜਾਂ ਲਈ ਭੇਜੀ ਗਈ ਰਾਹਤ ਸਪਲਾਈ ਸਮੱਗਰੀ ਨਾਲ ਭਰੇ 9 ਟਰੱਕਾਂ ਨੂੰ ਅੱਜ ਰਾਸ਼ਟਰਪਤੀ ਭਵਨ ਤੋਂ ਰਵਾਨਾ ਕੀਤਾ। ਇਸ ਅਵਸਰ ਤੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਵੀ ਮੌਜੂਦ ਸਨ। ਰਾਸ਼ਟਰਪਤੀ ਇੰਡੀਅਨ ਰੈੱਡ ਕਰੌਸ ਸੁਸਾਇਟੀ ਦੇ ਪ੍ਰਧਾਨ ਵੀ ਹਨ।

 

ਅਸਾਮ, ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਇਹ ਰਾਹਤ ਸਮੱਗਰੀ ਦਿੱਲੀ ਤੋਂ ਸਬੰਧਿਤ ਰਾਜਾਂ ਨੂੰ ਟ੍ਰੇਨਾਂ ਜ਼ਰੀਏ ਪਹੁੰਚਾਈ ਜਾਵੇਗੀ, ਜਿੱਥੇ ਰੈੱਡ ਕਰੌਸ ਦੀਆਂ ਸ਼ਾਖਾਵਾਂ ਉਨ੍ਹਾਂ ਨੂੰ ਅੱਗੇ ਜ਼ਰੂਰਤਮੰਦ ਲੋਕਾਂ ਵਿੱਚ ਵੰਡਣਗੀਆਂ।  

 

ਇਸ ਰਾਹਤ ਸਮੱਗਰੀ ਵਿੱਚ ਤਰਪਾਲ, ਤੰਬੂ, ਸਾੜੀਆਂ, ਧੋਤੀਆਂ, ਸੂਤੀ ਕੰਬਲ, ਰਸੋਈ ਸੈੱਟ, ਮੱਛਰਦਾਨੀਆਂ, ਚਾਦਰਾਂ, ਬਾਲਟੀਆਂ ਅਤੇ ਦੋ ਪਾਣੀ ਸ਼ੁੱਧ ਕਰਨ ਵਾਲੀਆਂ ਮਸ਼ੀਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਕੋਵਿਡ ਤੋਂ ਬਚਾਅ ਲਈ ਇਸਤੇਮਾਲ ਕੀਤੇ ਜਾਣ ਵਾਲੇ ਸਰਜੀਕਲ ਮਾਸਕ, ਪੀਪੀਈ ਕਿੱਟਾਂ, ਦਸਤਾਨੇ ਅਤੇ ਫੇਸ ਸ਼ੀਲਡ ਵੀ ਇਸ ਖੇਪ ਦਾ ਹਿੱਸਾ ਹਨ। ਹੜ੍ਹ ਪ੍ਰਭਾਵਿਤ ਰਾਜਾਂ ਵਿੱਚ ਇਨ੍ਹਾਂ ਦਾ ਇਸਤੇਮਾਲ ਮੁੱਖ ਤੌਰ 'ਤੇ ਰਾਹਤ ਅਤੇ ਪੁਨਰਵਾਸ ਦੇ ਕਾਰਜਾਂ ਵਿੱਚ ਫਰੰਟਲਾਈਨ ਵਿੱਚ ਤੈਨਾਤ ਆਈਆਰਸੀਐੱਸ ਮੈਡੀਕਲ ਸੇਵਾਵਾਂ ਦੇ ਲੋਕਾਂ ਅਤੇ ਆਈਆਰਸੀਐੱਸ ਦੇ ਵਲੰਟੀਅਰਾਂ ਲਈ ਕੀਤਾ ਜਾਵੇਗਾ।

 

ਉਪਰੋਕਤ ਸਮੱਗਰੀ ਦੀ ਸਪਲਾਈ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਜਾਂ ਦੀਆਂ ਰੈੱਡ ਕਰੌਸ ਸ਼ਾਖਾਵਾਂ ਦੁਆਰਾ ਪਹਿਲਾਂ ਤੋਂ ਹੀ ਵੰਡੀ ਗਈ ਰਾਹਤ ਸਮੱਗਰੀ ਤੋਂ ਅਤਿਰਿਕਤ ਹਨ।

 

ਰੈੱਡ ਕਰੌਸ ਸੁਸਾਇਟੀ ਦੇ ਜਨਰਲ ਸੱਕਤਰ ਸ੍ਰੀ ਆਰ.ਕੇ. ਜੈਨ ਨੇ ਰਾਹਤ ਸਮੱਗਰੀ ਦੀ ਖੇਪ ਰਵਾਨਾ ਕੀਤੇ ਜਾਣ ਦੇ ਅਵਸਰ ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ੍ਹ ਅਤੇ ਕੋਵਿਡ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਲਈ ਰੈੱਡ ਕਰੌਸ ਦੀ ਤਰਫੋਂ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਅਤੇ ਕਾਰਜਾਂ ਦੀ ਰਾਸ਼ਟਰਪਤੀ ਨੂੰ ਜਾਣਕਾਰੀ ਦਿੱਤੀ। ਰਾਸ਼ਟਰਪਤੀ ਸਕੱਤਰੇਤ ਅਤੇ ਰੈੱਡ ਕਰੌਸ ਸੁਸਾਇਟੀ ਦੇ ਕਈ ਅਧਿਕਾਰੀ ਵੀ ਇਸ ਅਵਸਰ ਤੇ ਮੌਜੂਦ ਸਨ।

 

***

ਵੀਆਰਆਰਕੇ/ਕੇਪੀ


(Release ID: 1641105) Visitor Counter : 216