ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਮਣੀਪੁਰ ਵਿੱਚ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ

ਇਸ ਪ੍ਰੋਜੈਕਟ ਨਾਲ ਲੱਖਾਂ ਲੋਕਾਂ ਨੂੰ ਘਰਾਂ ਵਿੱਚ ਸਵੱਛ ਪੇਅਜਲ ਉਪਲਬਧ ਹੋਵੇਗਾ


ਸੁਗਮਤਾ ਬਿਹਤਰ ਜੀਵਨ ਦੀ ਇੱਕ ਜ਼ਰੂਰੀ ਸ਼ਰਤ ਹੈ, ਗ਼ਰੀਬਾਂ ਸਹਿਤ ਸਾਰਿਆਂ ਨੂੰ ਅਜਿਹਾ ਜੀਵਨ ਜੀਣ ਦਾ ਅਧਿਕਾਰ ਹੈ: ਪ੍ਰਧਾਨ ਮੰਤਰੀ

Posted On: 23 JUL 2020 1:47PM by PIB Chandigarh

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਮਣੀਪੁਰ ਵਿੱਚ ਜਲ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ।

 

ਇਸ ਅਵਸਰ ਤੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਦੇਸ਼ ਕੋਵਿਡ-19 ਦੇ ਖ਼ਿਲਾਫ਼ ਅਣਥੱਕ ਸੰਘਰਸ਼ ਕਰ ਰਿਹਾ ਹੈ, ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਨੂੰ ਭਾਰੀ ਵਰਖਾ ਅਤੇ ਹੜ੍ਹ ਦੀਆਂ ਦੂਹਰੀਆਂ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ, ਜਿਸ ਕਾਰਨ ਕਈ ਲੋਕਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ ਹਨ ਅਤੇ ਕਈ ਬੇਘਰ ਹੋ ਗਏ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਣੀਪੁਰ ਸਰਕਾਰ ਨੇ ਲੌਕਡਾਊਨ ਦੌਰਾਨ ਸਾਰੀਆਂ ਜ਼ਰੂਰੀ ਵਿਵਸਥਾਵਾਂ ਕੀਤੀਆਂ ਅਤੇ ਪ੍ਰਵਾਸੀਆਂ ਦੀ ਵਾਪਸੀ ਲਈ ਵੀ ਪੂਰੇ ਇੰਤਜਾਮ ਕੀਤੇ।

 

ਉਨ੍ਹਾਂ ਨੇ ਕਿਹਾ ਕਿ ਮਣੀਪੁਰ ਵਿੱਚ ਲਗਭਗ 25 ਲੱਖ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਮੁਫ਼ਤ ਅਨਾਜ ਮਿਲਿਆ ਹੈ। ਇਸੇ ਤਰ੍ਹਾਂ 1.5 ਲੱਖ ਤੋਂ ਅਧਿਕ ਮਹਿਲਾਵਾਂ ਨੂੰ ਉੱਜਵਲਾ ਯੋਜਨਾ ਤਹਿਤ ਮੁਫ਼ਤ ਗੈਸ ਸਿਲੰਡਰ ਦੀ ਸੁਵਿਧਾ ਦਿੱਤੀ ਗਈ ਹੈ।

 

3000 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤੇ ਜਾ ਰਹੇ ਜਲ ਸਪਲਾਈ ਪ੍ਰੋਜੈਕਟ ਦਾ ਉਲੇਖ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਰਾਜ ਵਿੱਚ ਪੇਅਜਲ ਦੀਆਂ ਸਮੱਸਿਆਵਾਂ ਨੂੰ ਘੱਟ ਕਰੇਗਾ, ਜਿਸ ਨਾਲ ਵਿਸ਼ੇਸ਼ ਰੂਪ ਤੋਂ ਰਾਜ ਦੀਆਂ ਮਹਿਲਾਵਾਂ ਨੂੰ ਵੱਡੀ ਰਾਹਤ ਮਿਲੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਗ੍ਰੇਟਰ ਇੰਫਾਲ ਦੇ ਇਲਾਵਾ ਰਾਜ ਦੇ 25 ਛੋਟੇ ਸ਼ਹਿਰਾਂ ਅਤੇ 1700 ਪਿੰਡਾਂ ਨੂੰ ਵੀ ਲਾਭ ਹੋਵੇਗਾ। ਇਹ ਪ੍ਰੋਜੈਕਟ ਅਗਲੇ ਦੋ ਦਹਾਕਿਆਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਲੱਖਾਂ ਲੋਕਾਂ ਦੇ ਘਰਾਂ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ ਉਪਲਬਧ ਹੋਵੇਗੀ ਅਤੇ ਹਜ਼ਾਰਾਂ ਲੋਕਾਂ ਨੂੰ ਰੋਜਗਾਰ ਵੀ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਪਿਛਲੇ ਸਾਲ 15 ਕਰੋੜ ਤੋਂ ਅਧਿਕ ਘਰਾਂ ਵਿੱਚ ਪਾਈਪ ਲਾਈਨ ਦੇ ਜ਼ਰੀਏ ਪਾਣੀ ਦੀ ਸਪਲਾਈ ਦੇ ਟੀਚੇ ਨਾਲ ਸ਼ੁਰੂ ਕੀਤੇ ਗਏ ਜਲ ਜੀਵਨ ਮਿਸ਼ਨ ਨੂੰ ਯਾਦ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਵਿੱਚ ਰੋਜ਼ਾਨਾ ਲਗਭਗ ਇੱਕ ਲੱਖ ਪਾਣੀ ਦੇ ਕਨੈਕਸ਼ਨ ਲਗਾਏ ਜਾ ਰਹੇ ਹਨ।

 

ਉਨ੍ਹਾਂ ਨੇ ਕਿਹਾ ਕਿ ਸੁਗਮਤਾ ਜੀਵਨ ਬਿਹਤਰ ਜੀਵਨ ਦੀ ਇੱਕ ਜ਼ਰੂਰੀ ਸ਼ਰਤ ਹੈ। ਗ਼ਰੀਬਾਂ ਸਹਿਤ ਸਾਰਿਆਂ ਨੂੰ ਅਜਿਹਾ ਜੀਵਨ ਜੀਣ ਦਾ ਅਧਿਕਾਰ ਹੈ।

 

ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿੱਚ, ਹਰ ਪੱਧਰ 'ਤੇ, ਹਰ ਖੇਤਰ ਵਿੱਚ, ਵਿਸ਼ੇਸ਼ ਕਰਕੇ ਗ਼ਰੀਬਾਂ ਦਾ ਜੀਵਨ ਪੱਧਰ ਸੁਧਾਰਨ ਲਈ ਕਦਮ ਉਠਾਏ ਗਏ ਹਨ। ਉਨ੍ਹਾਂ ਨੇ ਇਸ ਗੱਲ 'ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਅੱਜ ਦੇ ਸਮੇਂ ਮਣੀਪੁਰ ਸਮੇਤ ਪੂਰਾ ਭਾਰਤ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਐੱਲਪੀਜੀ ਗੈਸ ਗ਼ਰੀਬ ਤੋਂ ਲੈ ਕੇ ਸਭ ਤੋਂ ਗ਼ਰੀਬ ਲੋਕਾਂ ਤੱਕ ਪਹੁੰਚ ਗਈ ਹੈ, ਹਰ ਪਿੰਡ ਚੰਗੀਆਂ ਸੜਕਾਂ ਨਾਲ ਜੁੜਿਆ ਹੋਇਆ ਹੈ ਅਤੇ ਬੇਘਰਾਂ ਨੂੰ ਪੱਕੇ ਮਕਾਨ ਦਿੱਤੇ ਜਾ ਰਹੇ ਹਨ।

 

ਉਨ੍ਹਾਂ ਨੇ ਕਿਹਾ ਕਿ ਹਰੇਕ ਪਰਿਵਾਰ ਤੱਕ ਪੀਣ ਦਾ ਸਾਫ਼ ਪਾਣੀ ਪਹੁੰਚਾਉਣ ਦਾ ਕੰਮ ਮਿਸ਼ਨ ਮੋਡ ਤੇ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਿਹਤਰ ਜੀਵਨ ਦਾ ਸਬੰਧ ਸਿੱਧੇ ਤੌਰ ਤੇ ਬਿਹਤਰ ਸੰਪਰਕ ਸੇਵਾਵਾਂ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਵਿੱਚ ਬਿਹਤਰ ਸੰਪਰਕ ਸੇਵਾਵਾਂ ਇੱਕ ਸੁਰੱਖਿਅਤ ਅਤੇ ਸੁਨਿਸ਼ਚਿਤ ਆਤਮ-ਨਿਰਭਰ ਭਾਰਤ ਦੇ ਲਈ ਜ਼ਰੂਰੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਐਕਟ ਈਸਟ ਪਾਲਿਸੀ ਨੂੰ ਹੁਲਾਰਾ ਮਿਲੇਗਾ ਅਤੇ ਇਹ ਦੇਸ਼ ਵਿੱਚ ਯਾਤਰਾ ਅਤੇ ਟੂਰਿਜ਼ਮ ਖੇਤਰ ਲਈ ਪ੍ਰਵੇਸ਼ ਦੁਆਰ ਸਾਬਿਤ ਹੋਵੇਗਾ

 

ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਵਿੱਚ ਸੜਕਾਂ, ਰਾਜਮਾਰਗਾਂ, ਹਵਾਈ ਮਾਰਗਾਂ, ਜਲ ਮਾਰਗਾਂ ਅਤੇ ਆਈ-ਵੇ ਦੇ ਨਾਲ-ਨਾਲ ਆਧੁਨਿਕ ਪਾਈਪ ਲਾਈਨਾਂ ਦੇ ਜ਼ਰੀਏ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਪਿਛਲੇ 6 ਸਾਲਾਂ ਵਿੱਚ, ਪੂਰੇ ਉੱਤਰ ਪੂਰਬ ਖੇਤਰ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਉੱਤੇ ਹਜ਼ਾਰਾਂ ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪੂਰਬ ਦੇ ਚਾਰ ਰਾਜਾਂ ਦੀਆਂ ਰਾਜਧਾਨੀਆਂ, ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਦੋ ਲੇਨ ਦੀਆਂ ਸੜਕਾਂ ਅਤੇ ਪਿੰਡਾਂ ਨੂੰ ਹਰ ਮੌਸਮ ਵਿੱਚ ਇਸਤੇਮਾਲ ਕੀਤੀਆਂ ਜਾ ਸਕਣ ਵਾਲੀਆਂ ਸੜਕਾਂ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਇਸ ਕੰਮ ਲਈ ਲਗਭਗ 3000 ਕਿਲੋਮੀਟਰ ਸੜਕਾਂ ਬਣਾਈਆਂ ਗਈਆਂ ਹਨ ਅਤੇ ਅਤਿਰਿਕਤ 60000 ਕਿਲੋਮੀਟਰ ਸੜਕਾਂ ਬਣਾਉਣ ਦੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ।

 

ਉਨ੍ਹਾਂ ਨੇ ਕਿਹਾ ਕਿ ਨਵੇਂ ਰੇਲਵੇ ਸਟੇਸ਼ਨਾਂ ਦੇ ਨਿਰਮਾਣ ਅਤੇ ਮੌਜੂਦਾ ਰੇਲਵੇ ਨੈੱਟਵਰਕ ਨੂੰ ਦੂਹਰੀ ਲਾਈਨ ਵਿੱਚ ਬਦਲਣ ਦੇ ਪ੍ਰੋਜੈਕਟ ਦੇ ਨਾਲ ਉੱਤਰ ਪੂਰਬ ਵਿੱਚ ਰੇਲ ਸੰਪਰਕ ਦੇ ਖੇਤਰ ਵਿੱਚ ਬਹੁਤ ਸੁਧਾਰ ਹੋਇਆ ਹੈ। ਇਸੇ ਤਰ੍ਹਾਂ ਉੱਤਰ ਪੂਰਬ ਦੇ ਹਰ ਰਾਜ ਦੀ ਰਾਜਧਾਨੀ ਨੂੰ ਰੇਲ ਨੈੱਟਵਰਕ ਨਾਲ ਜੋੜਨ ਦਾ ਕੰਮ ਪਿਛਲੇ 2 ਸਾਲਾਂ ਤੋਂ ਤੇਜ਼ ਗਤੀ ਨਾਲ ਚਲ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕਾਂ ਅਤੇ ਰੇਲ ਸੰਪਰਕ ਤੋਂ ਇਲਾਵਾ ਉੱਤਰ ਪੂਰਬ ਲਈ ਹਵਾਈ ਸੰਪਰਕ ਸੇਵਾ ਵੀ ਉਤਨੀ ਹੀ ਮਹੱਤਵਪੂਰਨ ਹੈ। ਅੱਜ ਉੱਤਰ ਪੂਰਬ ਖੇਤਰ ਵਿੱਚ ਲਗਭਗ 13 ਅਜਿਹੇ ਹਵਾਈ ਅੱਡੇ ਹਨ ਜੋ ਪੂਰੀ ਤਰ੍ਹਾਂ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇੰਫਾਲ ਹਵਾਈ ਅੱਡੇ ਸਹਿਤ ਉੱਤਰ ਪੂਰਬ ਦੇ ਇਸ ਸਮੇਂ ਮੌਜੂਦ ਸਾਰੇ ਹਵਾਈ ਅੱਡਿਆਂ ਦੇ ਆਧੁਨਿਕੀਕਰਨ ਲਈ 3 ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ। ਸ਼੍ਰੀ ਮੋਦੀ ਨੇ ਇਸ ਅਵਸਰ ਤੇ ਉੱਤਰ ਪੂਰਬ ਵਿੱਚ ਸਹਿਜ ਸੰਪਰਕ ਪ੍ਰਦਾਨ ਕਰਨ ਵਾਲੇ  20 ਤੋਂ ਅਧਿਕ ਰਾਸ਼ਟਰੀ ਜਲ ਮਾਰਗਾਂ ਦਾ ਵੀ ਜ਼ਿਕਰ ਕੀਤਾ। 

 

ਸ਼੍ਰੀ ਮੋਦੀ ਨੇ ਕਿਹਾ ਕਿ ਪੂਰਬ- ਉੱਤਰ ਖੇਤਰ ਭਾਰਤ ਦੀ ਸੱਭਿਆਚਾਰਕ ਵਿਵਿਧਤਾ, ਸੱਭਿਆਚਾਰਕ ਤਾਕਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਟੂਰਿਜ਼ਮ ਦੀਆਂ ਅਪਾਰ ਸੰਭਾਵਨਾਵਾਂ ਹਨ, ਜਿਸ ਦਾ ਹੁਣ ਤੱਕ ਪੂਰੀ ਤਰ੍ਹਾਂ ਨਾਲ ਲਾਭ ਨਹੀਂ ਉਠਾਇਆ ਜਾ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਨੂੰ ਦੇਸ਼ ਦਾ ਵਿਕਾਸ ਇੰਜਣ ਬਣਨਾ ਚਾਹੀਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉੱਤਰ ਪੂਰਬ ਦੇ ਨੌਜਵਾਨ ਅਤੇ ਆਮ ਨਾਗਰਿਕ ਹਿੰਸਾ ਨੂੰ ਛੱਡ ਕੇ ਵਿਕਾਸ ਅਤੇ ਪ੍ਰਗਤੀ ਦੇ ਰਾਹ ਨੂੰ ਚੁਣ ਰਹੇ ਹਨ। ਮਣੀਪੁਰ ਵਿੱਚ ਰੁਕਾਵਟਾਂ ਹੁਣ ਇਤਿਹਾਸ ਦਾ ਹਿੱਸਾ ਬਣ ਚੁੱਕੀਆਂ ਹਨ।

 

ਉਨ੍ਹਾਂ ਕਿਹਾ ਕਿ ਅਸਾਮ, ਤ੍ਰਿਪੁਰਾ ਅਤੇ ਮਿਜ਼ੋਰਮ ਦੇ ਲੋਕ ਵੀ ਹਿੰਸਾ ਦਾ ਰਾਹ ਛੱਡ ਚੁੱਕੇ ਹਨ। ਬਰੂ-ਰਿਆਂਗ ਸ਼ਰਨਾਰਥੀ ਬਿਹਤਰ ਜੀਵਨ ਦੇ ਵੱਲ ਵਧ ਰਹੇ ਹਨ।

 

ਬਾਂਸ ਉਦਯੋਗ ਅਤੇ ਜੈਵਿਕ ਉਤਪਾਦਾਂ ਨੂੰ ਵਿਕਸਿਤ ਕਰਨ ਦੀ ਉੱਤਰ ਪੂਰਬ ਖੇਤਰ ਦੀ ਯੋਗਤਾ ਦਾ ਉਲੇਖ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਅਭਿਯਾਨ ਤਹਿਤ ਸਥਾਨਕ ਉਤਪਾਦਾਂ ਦੀ ਵੈਲਿਊ ਐਡੀਸ਼ਨ ਅਤੇ ਮਾਰਕਿਟਿੰਗ ਲਈ ਕਲਸਟਰ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੈਕਟਰ ਵਿੱਚ ਸਟਾਰਟ-ਅੱਪ ਅਤੇ ਹੋਰ ਉਦਯੋਗਾਂ ਨੂੰ ਇਨ੍ਹਾਂ ਸਮੂਹਾਂ ਤੋਂ ਲਾਭ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਬ ਖੇਤਰ ਦੇ ਬਾਂਸ ਉਦਯੋਗ ਵਿੱਚ ਇੰਨੀ ਯੋਗਤਾ ਹੈ ਕਿ ਉਹ ਆਯਾਤ ਦੀਆਂ ਜ਼ਰੂਰਤਾਂ ਨੂੰ ਸਥਾਨਕ ਉਤਪਾਦਾਂ ਦੇ ਜ਼ਰੀਏ ਪੂਰਾ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਅਗਰਬੱਤੀ ਦੀ ਇੰਨੀ ਵੱਡੀ ਮੰਗ ਹੈ, ਲੇਕਿਨ ਫਿਰ ਵੀ ਅਸੀਂ ਕਰੋੜਾਂ ਰੁਪਏ ਦੀਆਂ ਅਗਰਬੱਤੀਆਂ ਦਾ ਆਯਾਤ ਕਰਦੇ ਹਾਂ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਂਸ ਦੀ ਖੇਤੀ ਨਾਲ ਜੁੜੇ ਕਿਸਾਨਾਂ ਅਤੇ ਹਸਤਸ਼ਿਲਪਕਾਰਾਂ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਰਾਸ਼ਟਰੀ ਬਾਂਸ ਮਿਸ਼ਨ ਤਹਿਤ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਨਾਲ ਉੱਤਰ ਪੂਰਬ ਦੇ ਨੌਜਵਾਨਾਂ ਨੂੰ ਕਾਫੀ ਲਾਭ ਹੋਵੇਗਾ।

 

ਸ਼੍ਰੀ ਮੋਦੀ ਨੇ ਕਿਹਾ ਕਿ ਸਿਹਤ, ਸਿੱਖਿਆ, ਕੌਸ਼ਲ ਵਿਕਾਸ, ਸਟਾਰਟ-ਅੱਪ ਅਤੇ ਹੋਰ ਟ੍ਰੇਨਿੰਗਾਂ ਦੇ ਲਈ ਹੁਣ ਉੱਤਰ ਪੂਰਬ ਵਿੱਚ ਕਈ ਸੰਸਥਾਨ ਖੋਲ੍ਹੇ ਜਾ ਰਹੇ ਹਨ। ਸਪੋਰਟਸ ਯੂਨੀਵਰਸਿਟੀ ਅਤੇ ਇੱਕ ਵਿਸ਼ਵ ਪੱਧਰੀ ਸਟੇਡੀਅਮ ਦੇ ਬਣ ਜਾਣ ਦੇ ਨਾਲ ਹੀ ਮਣੀਪੁਰ ਦੇਸ਼ ਦੀਆਂ ਖੇਡ ਪ੍ਰਤਿਭਾਵਾਂ ਦਾ ਇੱਕ ਮੁੱਖ ਕੇਂਦਰ ਬਣ ਜਾਵੇਗਾ।

 

 

***

 

ਵੀਆਰਆਰਕੇ/ਏਕੇ


(Release ID: 1640759) Visitor Counter : 171