ਵਿੱਤ ਮੰਤਰਾਲਾ
ਸੀਬੀਆਈਸੀ ਅਤੇ ਸੀਬੀਡੀਟੀ ਨੇ ਡੇਟਾ ਦੇ ਸਹਿਜ ਦੁਵੱਲੇ ਅਦਾਨ-ਪ੍ਰਦਾਨ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
Posted On:
21 JUL 2020 12:40PM by PIB Chandigarh
ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਅਤੇ ਕੇਂਦਰੀ ਅਪ੍ਰਤੱਖ ਟੈਕਸ ਤੇ ਕਸਟਮਸ ਬੋਰਡ (ਸੀਬੀਆਈਸੀ) ਨੇ ਅੱਜ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ, ਜਿਸ ਦਾ ਉਦੇਸ਼ ਦੋਹਾਂ ਸੰਗਠਨਾਂ ਦਰਮਿਆਨ ਡੇਟਾ ਦਾ ਸਹਿਜ ਅਦਾਨ-ਪ੍ਰਦਾਨ ਸੁਨਿਸ਼ਚਿਤ ਕਰਨਾ ਹੈ। ਸੀਬੀਡੀਟੀ ਦੇ ਚੇਅਰਮੈਨ, ਸ਼੍ਰੀ ਪ੍ਰਮੋਦ ਚੰਦ੍ਰ ਮੋਦੀ ਅਤੇ ਸੀਬੀਆਈਸੀ ਦੇ ਚੇਅਰਮੈਨ ਸ਼੍ਰੀ ਐੱਮ ਅਜੀਤ ਕੁਮਾਰ ਨੇ ਦੋਹਾਂ ਸੰਗਠਨਾਂ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।
ਇਹ ਸਹਿਮਤੀ ਪੱਤਰ ਸਾਲ 2015 ਵਿੱਚ ਸੀਬੀਡੀਟੀ ਅਤੇ ਤਤਕਾਲੀਨ ਕੇਂਦਰੀ ਉਤਪਾਦ ਅਤੇ ਕਸਟਮਸ ਬੋਰਡ (ਸੀਬੀਈਸੀ) ਦਰਮਿਆਨ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਦਾ ਸਥਾਨ ਲਵੇਗਾ। ਸਾਲ 2015 ਵਿੱਚ ਪਿਛਲੇ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਕਈ ਮਹੱਤਵਪੂਰਨ ਘਟਨਾਕ੍ਰਮ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਜੀਐੱਸਟੀ ਨੂੰ ਲਾਗੂ ਕਰਨਾ, ਜੀਐੱਸਟੀਐੱਨ ਨੂੰ ਸ਼ਾਮਲ ਕਰਨਾ ਅਤੇ ਕੇਂਦਰੀ ਉਤਪਾਦ ਤੇ ਕਸਟਮਸ ਬੋਰਡ (ਸੀਬੀਈਸੀ) ਦਾ ਨਾਮ ਬਦਲ ਕੇ ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮਸ ਬੋਰਡ (ਸੀਬੀਆਈਸੀ) ਕਰਨਾ ਸ਼ਾਮਲ ਹੈ। ਟੈਕਨੋਲੋਜੀ ਵਿੱਚ ਪ੍ਰਗਤੀ ਸਹਿਤ ਬਦਲਦੀਆਂ ਪਰਿਸਥਿਤੀਆਂ ਨੂੰ ਅੱਜ ਹਸਤਾਖਰ ਕੀਤੇ ਸਹਿਮਤੀ ਪੱਤਰ ਵਿੱਚ ਵਿਧੀਵਤ ਸ਼ਾਮਲ ਕੀਤਾ ਗਿਆ ਹੈ।
ਇਸ ਸਹਿਮਤੀ ਪੱਤਰ ਨਾਲ ਸੀਬੀਡੀਟੀ ਅਤੇ ਸੀਬੀਆਈਸੀ ਦਰਮਿਆਨ ਡੇਟਾ ਅਤੇ ਸੂਚਨਾ ਦਾ ਆਟੋਮੈਟਿਕ ਅਤੇ ਨਿਯਮਿਤ ਤੌਰ ‘ਤੇ ਅਦਾਨ-ਪ੍ਰਦਾਨ ਸੰਭਵ ਹੋਵੇਗਾ। ਡੇਟਾ ਦੇ ਨਿਯਮਿਤ ਅਦਾਨ-ਪ੍ਰਦਾਨ ਦੇ ਇਲਾਵਾ ਸੀਬੀਡੀਟੀ ਅਤੇ ਸੀਬੀਆਈਸੀ ਬੇਨਤੀ ਕੀਤੇ ਜਾਣ ਉੱਤੇ ਤਤਕਾਲ ਆਪਣੇ ਸਬੰਧਿਤ ਡੇਟਾਬੇਸ ਵਿੱਚ ਉਪਲੱਬਧ ਅਜਿਹੀ ਕਿਸੇ ਜਾਣਕਾਰੀ ਦਾ ਵੀ ਇੱਕ-ਦੂਜੇ ਨਾਲ ਅਦਾਨ-ਪ੍ਰਦਾਨ ਕਰਨਗੇ, ਜਿਸ ਦੀ ਉਪਯੋਗਿਤਾ ਦੂਜੇ ਸੰਗਠਨ ਲਈ ਹੋ ਸਕਦੀ ਹੈ।
ਸਹਿਮਤੀ ਪੱਤਰ ਉੱਤੇ ਹਸਤਾਖਰ ਕੀਤੇ ਜਾਣ ਦੀ ਮਿਤੀ ਤੋਂ ਹੀ ਇਹ ਲਾਗੂ ਹੋ ਗਿਆ ਹੈ। ਇਹ ਸੀਬੀਡੀਟੀ ਅਤੇ ਸੀਬੀਆਈਸੀ ਦੀ ਇੱਕ ਟਿਕਾਊ ਪਹਿਲ ਹੈ। ਇਹ ਦੋਵੇਂ ਸੰਗਠਨ ਪਹਿਲਾਂ ਤੋਂ ਹੀ ਕਈ ਮੌਜੂਦਾ ਵਿਵਸਥਾਵਾਂ ਜ਼ਰੀਏ ਆਪਸ ਵਿੱਚ ਸਹਿਯੋਗ ਕਰ ਰਹੇ ਹਨ। ਇਸ ਪਹਿਲ ਲਈ ਇੱਕ ‘ਡੇਟਾ ਅਦਾਨ-ਪ੍ਰਦਾਨ ਸੰਚਾਲਨ ਸਮੂਹ’ ਦਾ ਵੀ ਗਠਨ ਕੀਤਾ ਗਿਆ ਹੈ, ਜੋ ਡੇਟਾ ਅਦਾਨ-ਪ੍ਰਦਾਨ ਦੀ ਸਥਿਤੀ ਦੀ ਸਮੀਖਿਆ ਕਰਨ ਅਤੇ ਡੇਟਾ ਸਾਂਝਾ ਕਰਨ ਦੀ ਵਿਵਸਥਾ ਦੀ ਪ੍ਰਭਾਵਸ਼ੀਲਤਾ ਨੂੰ ਹੋਰ ਬਿਹਤਰ ਬਣਾਉਣ ਲਈ ਸਮੇਂ-ਸਮੇਂ ‘ਤੇ ਬੈਠਕ ਕਰੇਗਾ।
ਇਹ ਸਹਿਮਤੀ ਪੱਤਰ ਦਰਅਸਲ ਸੀਬੀਡੀਟੀ ਅਤੇ ਸੀਬੀਆਈਸੀ ਦਰਮਿਆਨ ਸਹਿਯੋਗ ਅਤੇ ਆਪਸੀ ਤਾਲਮੇਲ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
****
ਆਰਐੱਮ/ਕੇਐੱਮਐੱਨ
(Release ID: 1640316)
Visitor Counter : 294