ਸਿੱਖਿਆ ਮੰਤਰਾਲਾ
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਤੰਦਰੁਸਤੀ ਲਈ ਉਨ੍ਹਾਂ ਨੂੰ ਮਨੋ–ਸਮਾਜਿਕ ਮਦਦ ਮੁਹੱਈਆ ਕਰਵਾਉਣ ਹਿਤ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਪਹਿਲਕਦਮੀ ‘ਮਨੋਦਰਪਣ’ ਦੀ ਸ਼ੁਰੂਆਤ ਕੀਤੀ
‘ਮਨੋਦਰਪਣ ’ ਪ੍ਰਧਾਨ ਮੰਤਰੀ ਦੀ ਆਤਮਨਿਰਭਰ ਭਾਰਤ ਦੇ ਵਿਜ਼ਨ ਵੱਲ ਇੱਕ ਕਦਮ: ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਨੇ ਇੱਕ ਨੈਸ਼ਨਲ ਟੋਲ–ਫ਼੍ਰੀ ਹੈਲਪਲਾਈਨ, ‘ਮਨੋਦਰਪਣ’ ਦਾ ਇੱਕ ਵਿਸ਼ੇਸ਼ ਵੈੱਬ ਪੇਜ ਅਤੇ ‘ਮਨੋਦਰਪਣ’ ਪਹਿਲਕਦਮੀ ਦੇ ਹਿੱਸੇ ਵਜੋਂ ਇੱਕ ਹੈਂਡਬੁੱਕ ਦਾ ਵੀ ਉਦਘਾਟਨ ਕੀਤਾ
Posted On:
21 JUL 2020 3:15PM by PIB Chandigarh
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਅੱਜ ਨਵੀਂ ਦਿੱਲੀ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਤੰਦਰੁਸਤੀ ਲਈ ਉਨ੍ਹਾਂ ਨੂੰ ਮਨੋ–ਸਮਾਜਿਕ ਸਹਾਇਤਾ ਪ੍ਰਦਾਨ ਕਰਨ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ‘ਮਨੋਦਰਪਣ’ ਪਹਿਲ ਸ਼ੁਰੂ ਕੀਤੀ। ਇਸ ਮੌਕੇ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੈ ਧੋਤ੍ਰੇ ਵੀ ਮੌਜੂਦ ਸਨ। ਇਸ ਮੌਕੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਸ਼੍ਰੀ ਅਮਿਤ ਖਰੇ, ਸਕੂਲੀ ਸਿੱਖਿਆ ਤੇ ਸਾਖਰਤਾ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ। ਸ਼੍ਰੀਮਤੀ ਅਨੀਤਾ ਕਰਵਾਲ ਨੇ ਇਸ ਪ੍ਰੋਗਰਾਮ ਵਿੱਚ ਇਸ ‘ਮਨੋਦਰਪਣ’ ਪਹਿਲ ਬਾਰੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ।
ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ‘ਮਨੋਦਰਪਣ’ ਪਹਿਲ ਦੇ ਹਿੱਸੇ ਵਜੋਂ ਇੱਕ ਰਾਸ਼ਟਰੀ ਟੋਲ–ਫ਼੍ਰੀ ਹੈਲਪਲਾਈਨ (8448440632), ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਪੋਰਟਲ ਉੱਤੇ ‘ਮਨੋਦਰਪਣ’ ਦਾ ਇੱਕ ਵਿਸ਼ੇਸ਼ ਵੈੱਬ ਪੇਜ ਜਾਰੀ ਕੀਤਾ ਅਤੇ ‘ਮਨੋਦਰਪਣ’ ਇੱਕ ਪੁਸਤਿਕਾ ਵੀ ਰਿਲੀਜ਼ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਰਮੇਸ਼ ਪੋਖਰਿਯਾਲ ‘ਨਿਸ਼ੰਕ’ ਨੇ ਕਿਹਾ ਕਿ ਕੋਵਿਡ–19 ਦੁਨੀਆ ਭਰ ਵਿੱਚ ਪ੍ਰਤੱਖ ਤੌਰ ’ਤੇ ਸਭ ਲਈ ਇੰਕ ਚੁਣੌਤੀਪੂਰਣ ਸਮਾਂ ਹੈ। ਇਹ ਵਿਸ਼ਵ–ਪੱਧਰੀ ਮਹਾਮਾਰੀ ਨਾ ਸਿਰਫ਼ ਮੈਡੀਕਲ ਸਬੰਧੀ ਇੱਕ ਗੰਭੀਰ ਚਿੰਤਾ ਹੈ, ਬਲਕਿ ਸਭਨਾ ਲਈ ਮਿਸ਼ਰਤ ਭਾਵਨਾਵਾਂ ਤੇ ਮਨੋ–ਸਮਾਜਿਕ ਤਣਾਅ ਵੀ ਲਿਆਉਂਦੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੇ ਕਿਸ਼ੋਰਾਂ ਵੱਲ ਖ਼ਾਸ ਧਿਆਨ ਦੇਣ ਤੋਂ ਬਾਅਦ ਵੀ ਉਨ੍ਹਾਂ ਵਿੱਚ ਮਾਨਸਿਕ ਸਿਹਤ ਚਿੰਤਾਵਾਂ ਦਿਸਣ ਲਗਦੀਆਂ ਹਨ, ਜੋ ਅਕਸਰ ਅਜਿਹੀਆਂ ਸਥਿਤੀਆਂ ਵਿੱਚ ਦਰਜ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀ ਮਾਨਸਿਕ ਬਿਮਾਰੀ ਲਈ ਬੱਚੇ ਅਤੇ ਕਿਸ਼ੋਰ ਵਧੇਰੇ ਅਸਾਨ ਨਿਸ਼ਾਨੇ ਹੋ ਸਕਦੇ ਹਨ ਅਤੇ ਉਹ ਇਸ ਮਾਹੌਲ ’ਚ ਹੋਰ ਭਾਵਨਾਤਮਕ ਤੇ ਵਿਵਹਾਰ ਸਬੰਧੀ ਤਬਦੀਲੀਆਂ ਨਾਲ ਤਣਾਅ, ਚਿੰਤਾ ਤੇ ਡਰ ਦੇ ਉੱਚਤਮ ਪੱਧਰ ਦਾ ਅਨੁਭਵ ਕਰ ਸਕਦੇ ਹਨ।
ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਨੇ ਮਹਿਸੂਸ ਕੀਤਾ ਹੈ ਕਿ ਜਿੱਥੇ ਵਿਦਿਅਕ ਮੋਰਚੇ ਉੱਤੇ ਨਿਰੰਤਰ ਸਿੱਖਿਆ ਵੱਲ ਧਿਆਨ ਦੇਣਾ ਅਹਿਮ ਹੈ, ਉੱਥੇ ਹੀ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਨੂੰ ਵੀ ਬਣਾਈ ਰੱਖਣ ਉੱਤੇ ਬਰਾਬਰ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਸ ਲਈ ਮੰਤਰਾਲੇ ਨੇ ‘ਮਨੋਦਰਪਣ’ ਨਾਮ ਨਾਲ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਕੋਵਿਡ ਮਹਾਮਾਰੀ ਦੌਰਾਨ ਅਤੇ ਉਸ ਤੋਂ ਬਾਅਦ ਵੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੂੰ ਮਨੋ–ਸਮਾਜਿਕ ਸਹਾਇਤਾ ਮੁਹੱਈਆ ਕਰਨ ਲਈ ਵਿਭਿੰਨ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਇੱਕ ਵਿਸਤ੍ਰਿਤ ਲੜੀ ਸ਼ਾਮਲ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿੱਖਿਆ, ਮਾਨਸਿਕ ਸਿਹਤ ਤੇ ਮਨੋ–ਸਮਾਜਿਕ ਮੁੱਦਿਆਂ ਨਾਲ ਜੁੜੇ ਮਾਹਿਰਾਂ ਦਾ ਇੱਕ ਕਾਰਜਕਾਰੀ ਸਮੂਹ ਗਠਿਤ ਕੀਤਾ ਗਿਆ ਹੈ, ਜੋ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਤੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਉੱਤੇ ਨਜ਼ਰ ਰੱਖੇਗਾ ਤੇ ਸਲਾਹ–ਮਸ਼ਵਰਾ ਸੇਵਾਵਾਂ, ਔਨਲਾਈਨ ਵਸੀਲਿਆਂ ਤੇ ਹੈਲਪਲਾਈਨ ਜ਼ਰੀਏ ਕੋਵਿਡ–19 ਕਾਰਣ ਲੱਗੇ ਲੌਕਡਾਊਨ ਦੌਰਾਨ ਤੇ ਉਸ ਤੋਂ ਬਾਅਦ ਵੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਮਨੋ–ਸਮਾਜਿਕ ਪੱਖਾਂ ਨਾਲ ਨਿਪਟਣ ਵਿੱਚ ਮਦਦ ਉਪਲਬਧ ਕਰਵਾਏਗਾ।
ਸ਼੍ਰੀ ਪੋਖਰਿਯਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਤਮ–ਨਿਰਭਰ ਭਾਰਤ ਅਭਿਯਾਨ ਦੀ ਸ਼ੁਰੂਆਤ ਕੀਤੀ ਤੇ ਸਿੱਖਿਆ ਖੇਤਰ ਲਈ ਉਤਪਾਦਕਤਾ, ਕੁਸ਼ਲ ਸੁਧਾਰਾਂ ਤੇ ਪਹਿਲਾਂ ਨੂੰ ਵਧਾਉਣ ਲਈ ਮਾਨਵ ਪੂੰਜੀ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਦੇ ਤੌਰ ’ਤੇ ਇਸ ਅਭਿਯਾਨ ਵਿੱਚ ‘ਮਨੋਦਰਪਣ’ ਪਹਿਲ ਨੂੰ ਸ਼ਾਮਲ ਕੀਤਾ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕ ਕੋਵਿਡ–19 ਦੌਰਾਨ ਤੇ ਉਸ ਤੋਂ ਬਾਅਦ ਵੀ ਵਿਦਿਆਰਥੀਆਂ ਦੀ ਮਦਦ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਵੈੱਬਸਾਈਟ ਉੱਤੇ ਮਨੋਦਰਪਣ – ਮਾਨਸਿਕ ਸਿਹਤ ਤੇ ਤੰਦਰੁਸਤੀ ਨਾਮ ਨਾਲ ਇੱਕ ਵੈੱਬ–ਪੇਜ ਬਣਾਇਆ ਗਿਆ ਹੈ। ਇਸ ਵੈੱਬ–ਪੇਜ ਉੱਤੇ ਸਲਾਹਕਾਰ, ਵਿਵਹਾਰਕ ਸੁਝਾਅ, ਪੋਸਟਰ, ਪੌਡਕਾਸਟ, ਵੀਡੀਓ, ਮਨੋ–ਸਮਾਜਿਕ ਮਦਦ ਲਈ ਕੀ ਕਰੀਏ ਅਤੇ ਕੀ ਨਾ ਕਰੀਏ ਦੀ ਸੂਚੀ, ਐੱਫ਼ਏਕਿਊ ਅਤੇ ਔਨਲਾਈਨ ਪੁੱਛਗਿੱਛ ਪ੍ਰਣਾਲੀ ਮੌਜੂਦ ਹਨ। ਇੱਕ ਰਾਸ਼ਟਰੀ ਟੋਲ–ਫ਼੍ਰੀ ਹੈਲਪਲਾਈਨ (8448440632) ਵੀ ਸਥਾਪਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਲੱਖਣ ਹੈਲਪਲਾਈਨ ਦਾ ਪ੍ਰਬੰਧ ਤਜਰਬੇਕਾਰ ਸਲਾਹਕਾਰਾਂ / ਮਨੋਵਿਗਿਆਨੀਆਂ ਤੇ ਹੋਰ ਮਾਨਸਿਕ ਸਿਹਤ ਪੇਸ਼ੇਵਰਾਂ ਦੁਆਰਾ ਚਲਾਇਆ ਜਾਵੇਗਾ ਅਤੇ ਇਹ ਕੋਵਿਡ–19 ਦੇ ਹਾਲਾਤ ਤੋਂ ਬਾਅਦ ਵੀ ਜਾਰੀ ਰਹੇਗਾ। ਇਸ ਹੈਲਪਲਾਈਨ ਜ਼ਰੀਏ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਨਸਿਕ ਸਿਹਤ ਤੇ ਮਨੋ–ਸਮਾਜਿਕ ਮੁੱਦਿਆਂ ਦੇ ਹੱਲ ਲਈ ਟੈਲੀ–ਕਾਊਂਸਲਿੰਗ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਪ੍ਰੋਗਰਾਮ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਤ ਕਰਦਿਆਂ ਮਾਨਵ ਸੰਸਾਧਨ ਵਿਕਾਸ ਰਾਜ ਮੰਤਰੀ ਸ਼੍ਰੀ ਸੰਜੈ ਧੋਤ੍ਰੇ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਬੱਚਿਆਂ ਦੇ ਨਾਲ–ਨਾਲ ਬਾਲਗ਼ਾਂ ਨੂੰ ਵੀ ਮਨੋਵਿਗਿਆਨੀਆਂ ਤੇ ਭਾਵਨਾਤਮਕ ਤੌਰ ’ਤੇ ਪ੍ਰਭਾਵਿਤ ਕੀਤਾ ਹੈ। ਅਜਿਹੇ ਮਾਹੌਲ ਵਿੱਚ ਸਾਨੂੰ ਸੰਗਠਿਤ ਤੇ ਸੰਸਥਾਗਤ ਮਦਦ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸਿਹਤ ਦਾ ਸਮਾਜ ਅਤੇ ਉਸ ਦੇ ਮੈਂਬਰਾਂ ਦੀ ਤੰਦਰੁਸਤੀ ਅਤੇ ਉਤਪਾਦਕਤਾ ਨਾਲ ਆਪਸੀ ਸਬੰਧ ਹੈ। ਇਸ ਲਈ, ਇਸ ਤਰ੍ਹਾਂ ਦੇ ਮਾਹੌਲ ਵਿੱਚ ਲੋਕਾਂ ਦੀ ਤੰਦਰੁਸਤੀ ਤੇ ਉਨ੍ਹਾਂ ਦੇ ਬਿਹਤਰ ਕੰਮਕਾਜ ਲਈ ਇਹ ਜ਼ਰੂਰੀ ਹੈ ਕਿ ਅਸੀਂ ਇੱਕ ਵੱਧ ਤਾਲਮੇਲ–ਭਰਪੂਰ ਤੇ ਇੱਕ–ਦੂਜੇ ’ਤੇ ਨਿਰਭਰ ਸਮਾਜ ਦੇ ਤੌਰ ’ਤੇ ਅੱਗੇ ਆਈਏ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰਾਂ ਤੇ ਪਹਿਲਾਂ ਜ਼ਰੀਏ ਲੋਕਾਂ ਦੀ ਉਤਪਾਦਕਤਾ ਤੇ ਮੁਹਾਰਤ ਵਧਾਉਣ ਲਈ ਮਾਨਵ ਪੂੰਜੀ ਨੂੰ ਮਜ਼ਬੂਤ ਤੇ ਸਸ਼ੱਕਤ ਬਣਾਉਣ ਲਈ ਇੱਕ ਹਿੱਸੇ ਦੇ ਤੌਰ ’ਤੇ ਮਨੋਦਰਪਣ ਪਹਿਲ ਨੂੰ ਆਤਮ–ਨਿਰਭਰ ਭਾਰਤ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਸ਼੍ਰੀ ਧੋਤ੍ਰੇ ਨੇ ਇਹ ਵੀ ਕਿਹਾ ਕਿ ਮਨੋਦਰਪਣ ਪਹਿਲ ਜ਼ਰੀਏ ਨਾਲ ਇਕੱਠੇ ਕੀਤੇ ਵਸੀਲਿਆਂ ਨੂੰ ਵਿਦਿਆਰਥੀਆਂ, ਪਰਿਵਾਰਾਂ ਤੇ ਅਧਿਆਪਕਾਂ ਲਈ ਇੱਕ ਸਥਾਈ ਮਨੋਵਿਗਿਆਨਕ ਸਹਾਇਤਾ ਪ੍ਰਣਾਲੀ ਦੀ ਸੁਵਿਧਾ ਮੁਹੱਈਆ ਕਰਵਾਉਣ ਨੂੰ ਅਮਲੀ ਰੂਪ ਦਿੱਤਾ ਗਿਆ ਹੈ। ਇਹ ਕੋਵਿਡ ਮਹਾਮਾਰੀ ਖ਼ਤਮ ਹੋਣ ਤੋਂ ਬਾਅਦ ਵੀ ਸਰਗਰਮ ਤੇ ਨਿਵਾਰਕ ਮਾਨਸਿਕ ਸਿਹਤ ਤੇ ਤੰਦਰੁਸਤੀ ਸੇਵਾਵਾਂ ਲਈ ਉਪਯੋਗੀ ਹੋਵੇਗਾ।
ਮਨੋਦਰਪਣ ਪਹਿਲ ਵਿੱਚ ਹੇਠ ਲਿਖੇ ਘਟਕ ਸ਼ਾਮਲ ਹਨ:
• ਪਰਿਵਾਰਾਂ ਨਾਲ ਵਿਦਿਆਰਥੀਆਂ, ਅਧਿਆਪਕਾਂ ਤੇ ਸਕੂਲ ਪ੍ਰਣਾਲੀਆਂ ਅਤੇ ਯੂਨੀਵਰਸਿਟੀਜ਼ ਦੀ ਫ਼ੈਕਲਟੀ ਲਈ ਅਡਵਾਈਜ਼ਰੀ ਦਿਸ਼ਾ–ਨਿਰਦੇਸ਼।
• ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਵੈੱਬਸਾਈਟ ਉੱਤੇ ਵੈੱਬ ਪੇਜ, ਜਿਸ ਵਿੱਚ ਸਲਾਹਕਾਰ, ਵਿਵਹਾਰਕ ਸੁਝਾਅ, ਪੋਸਟਰ, ਵੀਡੀਓ, ਮਨੋ–ਸਮਾਜਿਕ ਮਦਦ ਲਈ ‘ਕੀ ਕਰੀਏ ਕੀ ਨਾ ਕਰੀਏ’ ਦੀ ਸੂਚੀ, ਐੱਫ਼ਏਕਿਊ ਅਤੇ ਔਨਲਾਈਨ ਸਵਾਲ–ਜਵਾਬ ਪ੍ਰਣਾਲੀ ਮੌਜੂਦ ਹੈ।
• ਸਕੂਲ ਅਤੇ ਯੂਨੀਵਰਸਿਟੀ ਪੱਧਰ ’ਤੇ ਰਾਸ਼ਟਰੀ ਪੱਧਰ ਦੇ ਡਾਟਾਬੇਸ ਤੇ ਸਲਾਹਕਾਰਾਂ ਦੀ ਡਾਇਰੈਕਟਰੀ, ਜਿਨ੍ਹਾਂ ਦੀਆਂ ਸੇਵਾਵਾਂ ਰਾਸ਼ਟਰੀ ਹੈਲਪਲਾਈਨ ਉੱਤੇ ਟੈਲੀ ਕਾਊਂਸਲਿੰਗ ਸੇਵਾ ਲਈ ਆਪਣੀ ਮਰਜ਼ੀ ਨਾਲ ਲਈਆਂ ਜਾ ਸਕਦੀਆਂ ਹਨ।
• ਦੇਸ਼ ਭਰ ਦੇ ਸਕੂਲਾਂ, ਯੂਨੀਵਰਸਿਟੀਜ਼ ਤੇ ਕਾਲਜਾਂ ਦੇ ਵਿਦਿਆਰਥੀਆਂ ਲਈ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੁਆਰਾ ਰਾਸ਼ਟਰੀ ਟੋਲ–ਫ਼੍ਰੀ ਹੈਲਪਲਾਈਨ। ਇਸ ਵਿਲੱਖਣ ਹੈਲਪਲਾਈਨ ਨੂੰ ਅਨੁਭਵੀ ਸਲਾਹਕਾਰਾਂ / ਮਨੋਵਿਗਿਆਨੀਆਂ ਤੇ ਹੋਰ ਮਾਨਸਿਕ ਸਿਹਤ ਪੇਸ਼ੇਵਰਾਂ ਦੁਆਰਾ ਸੰਚਾਲਿਤ ਕੀਤਾ ਜਾਵੇਗਾ ਤੇ ਇਹ ਕੋਵਿਡ–19 ਦੇ ਖ਼ਤਮ ਹੋਣ ਤੋਂ ਬਾਅਦ ਵੀ ਜਾਰੀ ਰਹੇਗਾ।
• ਮਨੋ–ਸਮਾਜਿਕ ਮਦਦ ਲਈ ਪੁਸਤਿਕਾ: ਵਿਦਿਆਰਥੀਆਂ ਦੇ ਖ਼ੁਸ਼ਹਾਲ ਜੀਵਨ ਕੌਸ਼ਲ ਅਤੇ ਤੰਦਰੁਸਤੀ ਲਈ ਇਹ ਔਨਲਾਈਨ ਪ੍ਰਕਾਸ਼ਿਤ ਕੀਤਾ ਜਾਵੇਗਾ। ਪੁਸਤਿਕਾ ਵਿੱਚ ਐੱਫ਼ਏਕਿਊ, ਤੱਥ ਅਤੇ ਕਾਪਿਨਿਕ ਕਹਾਣੀਆਂ ਸਮੇਤ ਕੋਵਿਡ–19 ਮਹਾਮਾਰੀ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਦੇ ਭਾਵਨਾਤਮਕ ਤੇ ਵਿਵਹਾਰ ਸਬੰਧੀ ਚਿੰਤਾਵਾਂ (ਛੋਟੇ ਬੱਚਿਆਂ ਤੋਂ ਲੈ ਕੇ ਕਾਲਜ ਦੇ ਨੌਜਵਾਨਾਂ ਤੱਕ) ਨੂੰ ਠੀਕ ਕਰਨ ਦੇ ਤਰੀਕੇ ਤੇ ਸਾਧਨ ਸ਼ਾਮਲ ਹੋਣਗੇ।
• ਮਨੋਵਿਗਿਆਨੀ ਅਤੇ ਹੋਰ ਮਾਨਸਿਕ ਸਿਹਤ ਪੇਸ਼ੇਵਰਾਂ ਨਾਲ ਸੰਪਰਕ ਕਰਨ, ਸਲਾਹ ਲੈਣ ਤੇ ਮਾਰਗ–ਦਰਸ਼ਨ ਹਾਸਲ ਕਰਨ ਲਈ ਸੰਵਾਦਾਤਮਕ ਔਨਲਾਈਨ ਚੈਟ ਪਲੈਟਫ਼ਾਰਮ ਹੋਵੇਗਾ, ਜੋ ਵਿਦਿਆਰਥੀਆਂ, ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੋਵਿਡ–19 ਦੌਰਾਨ ਤੇ ਉਸ ਤੋਂ ਬਾਅਦ ਵੀ ਉਪਲਬਧ ਹੋਵੇਗਾ।
• ਵੈੱਬ–ਪੇਜ ਉੱਤੇ ਵੈੱਬੀਨਾਰ, ਵਿਜ਼ੂਅਲ–ਆਡੀਓ ਵਸੀਲਿਆਂ ਸਮੇਤ ਵੀਡੀਓ, ਪੋਸਟਰ, ਫ਼ਲਾਇਰਜ਼, ਕੌਮਿਕਸ ਅਤੇ ਨਿੱਕੀਆਂ ਫ਼ਿਲਮਾਂ ਵੀ ਵਾਧੂ ਸਰੋਤ ਸਮੱਗਰੀ ਦੇ ਤੌਰ ’ਤੇ ਅਪਲੋਡ ਕੀਤੀਆਂ ਜਾਣੀਆਂ ਹਨ। ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਸਹਿਯੋਗ ਵਜੋਂ ਕ੍ਰਾਊਡ ਸੋਰਸਿੰਗ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਮਨੋਦਰਪਣ ਵੈੱਬਸਾਈਟ ਲਈ ਇਸ ਲਿੰਕ ’ਤੇ ਕਲਿੱਕ ਕਰੋ: http://manodarpan.mhrd.gov.in/
For Manodarpan website, click the link: http://manodarpan.mhrd.gov.in/
ਪੀਪੀਟੀ ਦੇਖਣ ਲਈ ਇੱਥੇ ਕਲਿੱਕ ਕਰੋ:
Click here to see the PPT:
*****
ਐੱਨਬੀ/ਏਕੇਜੇ/ਏਕੇ
(Release ID: 1640310)
Visitor Counter : 304
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Odia
,
Tamil
,
Telugu
,
Malayalam