ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਗ੍ਰਾਮੀਣ, ਖੇਤੀਬਾੜੀ ਅਤੇ ਕਬਾਇਲੀ ਖੇਤਰਾਂ ਵਿੱਚ ਸੂਖਮ ਕਾਰੋਬਾਰਾਂ ਲਈ ਸੂਖਮ-ਵਿੱਤਪੋਸ਼ਣ ਵਾਲੀ ਨੀਤੀ ਸਮੇਂ ਦੀ ਜ਼ਰੂਰਤ

Posted On: 20 JUL 2020 5:01PM by PIB Chandigarh

ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅਜਿਹੀ ਨੀਤੀ ਜਾਂ ਮਾਡਲ ਦੇ ਨਿਰਮਾਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਸੂਖਮ / ਲਘੂ ਕਾਰੋਬਾਰਾਂ/ਕਾਰਜਾਂ ਨੂੰ ਵਿੱਤੀ ਰੂਪ ਨਾਲ ਸਹਾਇਤਾ ਪ੍ਰਦਾਨ ਕਰ ਸਕੇ ਜਿਵੇਂ ਕਿ ਮਛੇਰੇ, ਫੇਰੀ ਵਾਲੇ,ਰਿਕਸ਼ਾ ਚਾਲਕ, ਸਬਜ਼ੀ ਵਿਕਰੇਤਾ, ਗ਼ਰੀਬ, ਸਵੈ-ਸਹਾਇਤਾ ਸਮੂਹ ਆਦਿ। ਉਹ ਕੱਲ੍ਹ ਦੇਰ ਰਾਤ ਵੀਡੀਓ ਕਾਨਫਰੰਸ ਰਾਹੀਂ ਪੈਨ ਆਈਆਈਟੀ ਗਲੋਬਲ ਈ-ਕਨਕਲੇਵ ਔਨ ਰੀਇਮੇਜਿਨਿੰਗ ਐੱਮਐੱਸਐੱਮਈਜ਼ ਐਂਡ ਲਾਈਵਲੀਹੁੱਡਨੂੰ ਸੰਬੋਧਨ ਕਰ ਰਹੇ ਸਨ।

 

ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜ਼ਿਆਦਾਤਰ ਆਬਾਦੀ ਮੱਛੀ ਪਕੜਨ, ਮਧੂ ਮੱਖੀ ਪਾਲਣ, ਬਾਂਸ ਉਤਪਾਦਨ ਜਿਹੇ ਬਹੁਤ ਹੀ ਛੋਟੇ ਕਾਰੋਬਾਰਾਂ ਵਿੱਚ ਲਗੀ ਹੋਈ ਹੈ ਅਤੇ ਆਰਥਿਕ ਅਤੇ ਸਮਾਜਿਕ ਤੌਰ ਤੇ ਪਿਛੜੀ ਹੋਈ ਹੈ ਅਤੇ ਉਨ੍ਹਾਂ ਕੋਲ ਕਾਫ਼ੀ ਵਿੱਤੀ ਸਹਾਇਤਾ ਦੀ ਘਾਟ ਹੈ। ਉਹ ਸਖ਼ਤ ਮਿਹਨਤੀ, ਟ੍ਰੇਨਿੰਗ ਪ੍ਰਾਪਤ, ਪ੍ਰਤਿਭਾਸ਼ਾਲੀ ਅਤੇ ਇਮਾਨਦਾਰ ਹਨ ਲੇਕਿਨ ਵਿੱਤ ਦੀ ਘਾਟ ਕਾਰਨ ਉਹ ਆਪਣੇ ਕਾਰੋਬਾਰਾਂ/ਕਾਰਜਾਂ ਵਿੱਚ ਕਿਸੇ ਪ੍ਰਕਾਰ ਦੀ ਵੈਲਿਊ ਐਡੀਸ਼ਨ ਨਹੀਂ ਕਰ ਸਕਦੇ ਹਨ। ਉਨ੍ਹਾਂ ਨੂੰ ਅਗਰ ਥੋੜ੍ਹੀ ਜਿਹੀ ਵਿੱਤੀ, ਤਕਨੀਕੀ ਅਤੇ ਮਾਰਕਿਟਿੰਗ ਸਹਾਇਤਾ ਮਿਲ ਜਾਵੇ ਤਾਂ ਉਹ ਆਪਣੇ ਕਾਰੋਬਾਰਾਂ / ਕਾਰਜਾਂ ਨੂੰ ਵਿਕਸਿਤ ਕਰ ਸਕਦੇ ਹਨ ਜਿਸ ਨਾਲ ਗ੍ਰਾਮੀਣ, ਖੇਤੀਬਾੜੀ ਅਤੇ ਕਬਾਇਲੀ ਖੇਤਰਾਂ ਵਿੱਚ ਨਿਸ਼ਚਿਤ ਰੂਪ ਨਾਲ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਮਿਲੇਗਾ ਅਤੇ ਸਾਡੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਨੂੰ ਵੀ ਮਜ਼ਬੂਤੀ ਮਿਲੇਗੀ।

 

ਸ਼੍ਰੀ ਗਡਕਰੀ ਨੇ ਸਮਾਜਿਕ, ਆਰਥਿਕ ਅਤੇ ਵਿੱਦਿਅਕ ਰੂਪ ਨਾਲ ਪਿਛੜੇ ਹੋਏ ਇਨ੍ਹਾਂ ਉੱਦਮੀਆਂ ਦੀ ਸਹਾਇਤਾ ਅਤੇ ਵਿੱਤਪੋਸ਼ਣ ਪ੍ਰਦਾਨ ਕਰਨ ਲਈ ਇੱਕ ਮਾਡਲ ਵਿਕਸਿਤ ਕਰਨ ਲਈ ਸੁਝਾਅ ਸੱਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮਾਡਲ ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ, ਆਈਟੀ ਸਮਰੱਥ ਹੋਣ ਦੇ ਨਾਲ-ਨਾਲ ਘੱਟ ਪ੍ਰਕਿਰਿਆਤਮਕ ਝੰਝਟਾਂ ਅਤੇ ਘੱਟ ਤੋਂ ਘੱਟ ਮਨਜ਼ੂਰੀਆਂ ਦੀ ਜ਼ਰੂਰਤ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਵਿੱਤ ਮੰਤਰਾਲੇ ਅਤੇ ਨੀਤੀ ਆਯੋਗ ਦੀ ਤਰਫੋਂ ਪ੍ਰਵਾਨਗੀ ਪ੍ਰਾਪਤ ਹੋਣ ਤੋਂ ਬਾਅਦ, ਇਹ ਮਾਡਲ ਬਾਂਸ, ਸ਼ਹਿਦ ਉਤਪਾਦਨ, ਵੈਕਲਪਿਕ ਈਂਧਣ ਅਤੇ ਹੋਰ ਖੇਤਰਾਂ ਵਿੱਚ ਲਗੇ ਹੋਏ ਕਈ ਉੱਦਮਾਂ ਨੂੰ ਸਹਾਇਤਾ ਪ੍ਰਦਾਨ ਕਰ ਸਕਦਾ ਹੈ। ਇਸ ਵੀਡੀਓ ਕਾਨਫਰੰਸ ਦੌਰਾਨ, ਨੋਬਲ ਸ਼ਾਂਤੀ ਪੁਰਸਕਾਰ ਜੇਤੂ ਅਤੇ ਗ੍ਰਾਮੀਣ ਬੈਂਕ, ਬੰਗਲਾਦੇਸ਼ ਦੇ ਸੰਸਥਾਪਕ, ਪ੍ਰੋਫੈਸਰ ਮੁਹੰਮਦ ਯੂਨੁਸ ਨੇ ਵੀ ਆਪਣਾ ਦ੍ਰਿਸ਼ਟੀਕੋਣ ਸਾਂਝਾ ਕੀਤਾ।

 

*****

ਆਰਸੀਜੇ/ਐੱਸਕੇਪੀ/ਆਈਏ



(Release ID: 1640105) Visitor Counter : 184