ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਹਰਿਤ ਅਤੇ ਟਿਕਾਊ ਵਾਸਤੂ ਕਲਾ ਨੂੰ ਅਪਣਾਉਣ ਦਾ ਸੱਦਾ ਦਿੱਤਾ
ਨਵੇਂ ਬਣਨ ਵਾਲੇ ਬਿਲਡਿੰਗ ਪ੍ਰੋਜੈਕਟਾਂ ਵਿੱਚ ਅੱਖੁਟ ਊਰਜਾ ਸੋਮਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ : ਉਪ ਰਾਸ਼ਟਰਪਤੀ
ਫੈਸ਼ਨ ਦੀ ਬਜਾਏ ਸੁਵਿਧਾਵਾਂ ਅਤੇ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇ : ਉਪ ਰਾਸ਼ਟਰਪਤੀ
ਕਿਸੇ ਵੀ ਸੱਭਿਅਤਾ ਲਈ ਵਾਸਤੂ ਕਲਾ ਸਭ ਤੋਂ ਵੱਧ ਸਥਾਈ ਪ੍ਰਾਪਤੀਆਂ ਵਿੱਚੋਂ ਇੱਕ
ਉਪ ਰਾਸ਼ਟਰਪਤੀ ਨੇ ਕਿਹਾ, ਸਥਾਨਕ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਸਮਾਰਟ ਸਿਟੀ ਪ੍ਰੋਜੈਕਟਾਂ ਵਿੱਚ ਲਗਾਇਆ ਜਾਣਾ ਚਾਹੀਦਾ ਹੈ ਤਾਕਿ ਵਾਸਤੂ ਕਲਾ ਦੀ ਰਾਖੀ ਹੋ ਸਕੇ ਅਤੇ ਰੋਜ਼ਗਾਰ ਮਿਲ ਸਕੇ
ਕੋਵਿਡ ਸੰਕਟ ਦੁਆਰਾ ਪੈਦਾ ਕੀਤੀਆਂ ਸਮੱਸਿਆਵਾਂ ਦੇ ਹੱਲ ਲਈ ਵਾਸਤੂ ਸ਼ਾਸਤਰੀਆਂ ਨੂੰ ਨਵੇਂ ਵਿਚਾਰ ਲੱਭਣ ਦੀ ਲੋੜ : ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਵਰਚੁਅਲ ਢੰਗ ਨਾਲ ਇੰਡੀਅਨ ਇੰਸਟੀਟਿਊਟ ਆਵ੍ ਆਰਕੀਟੈਕਟਸ ਦੀ ਰਾਸ਼ਟਰੀ ਕਨਵੈਨਸ਼ਨ ਨੂੰ ਸੰਬੋਧਨ ਕੀਤਾ
Posted On:
11 JUL 2020 12:19PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦੇਸ਼ ਦੇ ਵਾਸਤੂ ਸ਼ਾਸਤਰੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਰਿਤ ਵਾਸਤੂ ਕਲਾ ਨੂੰ ਅਪਣਾਉਣ ਅਤੇ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਅੱਖੁਟ ਊਰਜਾ ਸੋਮਿਆਂ ਦੀ ਵਰਤੋਂ, ਜਿਵੇਂ ਕਿ ਸੂਰਜੀ ਊਰਜਾ ਨੂੰ ਆਉਣ ਵਾਲੇ ਬਿਲਡਿੰਗ ਪ੍ਰੋਜੈਕਟਾਂ ਵਿੱਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।
ਵਰਚੁਅਲ ਢੰਗ ਨਾਲ ਇੰਡੀਅਨ ਇੰਸਟੀਟਿਊਟ ਆਵ੍ ਆਰਕੀਟੈਕਟਸ - ਆਈਆਈਏ ਨੈਟਕਾਨ 2020 - ਟ੍ਰਾਂਸੈਂਡ (IIA NATCON 2020 – TRANSCEND) ਦੀ ਰਾਸ਼ਟਰੀ ਕਨਵੈਨਸ਼ਨ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਸੇ ਵੀ ਢਾਂਚੇ ਵਿੱਚ ਸੁਹਜਪਣ ਅਤੇ ਟਿਕਾਊਪਣ ਵਿੱਚ ਸੰਤੁਲਨ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ।
ਸਿੰਧੂ ਘਾਟੀ ਦੀ ਸੱਭਿਅਤਾ ਤੋਂ ਲੈ ਕੇ ਕੋਨਾਰਕ ਸਨ ਟੈਂਪਲ ਤੋਂ ਆਧੁਨਿਕ ਸਮੇਂ ਤੱਕ ਭਾਰਤੀ ਵਾਸਤੂ ਕਲਾ ਦੇ ਵਿਕਾਸ ਨੂੰ ਯਾਦ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਯਾਦਗਾਰਾਂ ਮੌਜੂਦ ਹਨ ਜੋ ਕਿ ਕਾਰੀਗਰਾਂ ਦੁਆਰਾ ਸਥਾਨਕ ਸਮੱਗਰੀ ਅਤੇ ਤਕਨੀਕ ਦੀ ਵਰਤੋਂ ਕਰਕੇ ਤਿਆਰ ਕੀਤੀਆਂ ਹੋਈਆਂ ਹਨ। ਉਨ੍ਹਾਂ ਨੇ ਵਾਸਤੂ ਕਲਾ ਨੂੰ ਕਿਸੇ ਵੀ ਸੱਭਿਅਤਾ ਦੀਆਂ ਸਭ ਤੋਂ ਸਥਾਈ ਪ੍ਰਾਪਤੀਆਂ ਵਿੱਚੋਂ ਇੱਕ ਕਰਾਰ ਦਿੱਤਾ।
ਆਤਮਨਿਰਭਰ, ਲਚਕੀਲੀ ਅਤੇ ਸ਼ਮੂਲੀਅਤ ਵਾਲੀ ਵਾਸਤੂ ਕਲਾ ਦੀ ਸਥਾਪਨਾ ਦੀ ਲੋੜ ਉੱਤੇ ਜ਼ੋਰ ਦੇਂਦੇ ਹੋਏ ਉਪ ਰਾਸ਼ਟਰਪਤੀ ਨੇ ਪੇਸ਼ੇਵਰਾਂ ਨੂੰ ਕਿਹਾ ਕਿ ਉਹ ਭਾਰਤ ਦੀ ਵਿਭਿੰਨ ਵਾਸਤੂ ਕਲਾ ਤੋਂ ਪ੍ਰੇਰਨਾ ਲੈਣ ਅਤੇ ਉਹ ਡਿਜ਼ਾਈਨ ਅਤੇ ਧਾਰਨਾਵਾਂ ਅਪਣਾ ਕੇ, ਜੋ ਕਿ ਵਾਤਾਵਰਣ ਮਿੱਤਰ ਅਤੇ ਲੋਕਾਂ ਦੀਆਂ ਲੋੜਾਂ ਅਨੁਸਾਰ ਢੁਕਵੀਆਂ ਹੋਣ, ਵਿਰਾਸਤ ਨੂੰ ਅੱਗੇ ਲੈ ਕੇ ਜਾਣ।
ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮਾਂ ਜਿਵੇਂ ਕਿ ਸਮਾਰਟ ਸਿਟੀਜ਼ ਅਤੇ 'ਹਾਊਸਿੰਗ ਫਾਰ ਆਲ' ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਨਾਇਡੂ ਨੇ ਇਨ੍ਹਾਂ ਪ੍ਰੋਜੈਕਟਾਂ ਵਿੱਚ ਸੱਭਿਆਚਾਰ ਅਤੇ ਵਿ਼ਰਸੇ ਨੂੰ ਉਨ੍ਹਾਂ ਦੇ ਸਬੰਧਿਤ ਖੇਤਰ ਵਿੱਚ ਉਤਸ਼ਾਹਿਤ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਥਾਨਕ ਕਲਾਕਾਰਾਂ ਅਤੇ ਕਾਰੀਗਰਾਂ ਨੂੰ ਇਨ੍ਹਾਂ ਪ੍ਰੋਜੈਕਟਾਂ ਵਿੱਚ ਸ਼ਾਮਿਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਇਸ ਨਾਲ ਸਿਰਫ ਸੱਭਿਆਚਾਰ ਦੀ ਭਾਵਨਾ ਹੀ ਜਿਊਂਦੀ ਨਹੀਂ ਰਹੇਗੀ ਬਲਕਿ ਉਨ੍ਹਾਂ ਵਿੱਚ ਵਧੇਰੇ ਯੋਗ ਕਾਰੀਗਰਾਂ ਨੂੰ ਰੋਜ਼ਗਾਰ ਦੇਣ ਲਈ ਉਤਸ਼ਾਹ ਮਿਲੇਗਾ, ਜੋ ਕਿ ਸਾਡੇ ਸੱਭਿਆਚਾਰ ਨੂੰ ਆਪਣੇ ਕਾਰਜਾਂ ਰਾਹੀਂ ਜਿਊਂਦੇ ਰੱਖਣ ਲਈ ਸੰਘਰਸ਼ ਕਰ ਰਹੇ ਹਨ।"
ਉਪ ਰਾਸ਼ਟਰਪਤੀ ਨੇ ਵਾਸਤੂ ਕਲਾ ਮਾਹਿਰਾਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਪ੍ਰੋਜੈਕਟ ਬਣਾਉਣ ਵੇਲੇ ਸਥਾਨਕ ਲੋਕਾਂ ਦੇ ਸੁਝਾਅ ਲੈਣ ਤਾਕਿ ਇਹ ਯਕੀਨੀ ਬਣ ਸਕੇ ਕਿ ਅਜਿਹੇ ਪ੍ਰੋਜੈਕਟ ਸਥਾਨਕ ਲੋਕਾਂ ਦੀਆਂ ਲੋੜਾਂ ਅਨੁਸਾਰ ਬਣ ਰਹੇ ਹਨ। ਉਨ੍ਹਾਂ ਵਾਸਤੂ ਕਲਾ ਮਾਹਿਰਾਂ ਨੂੰ ਹੋਰ ਕਿਹਾ ਕਿ ਉਹ ਸੁਵਿਧਾਵਾਂ ਅਤੇ ਸੁੱਖਾਂ ਦੇ ਨਾਲ ਨਾਲ ਸਟਾਈਲ ਅਤੇ ਫੈਸ਼ਨ ਨੂੰ ਪਹਿਲ ਦੇਣ। ਉਨ੍ਹਾਂ ਜ਼ੋਰ ਦਿੱਤਾ ਕਿ, "ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਅਜਿਹੇ ਢਾਂਚੇ ਬਣਾਏ ਜਾਣ ਜੋ ਕਿ ਸਿਰਫ ਪਨਾਹ ਅਤੇ ਸੁਰੱਖਿਆ ਹੀ ਪ੍ਰਦਾਨ ਨਾ ਕਰਨ ਬਲਕਿ ਸੁੱਖ ਅਤੇ ਸੁਰੱਖਿਆ ਵੀ ਪ੍ਰਦਾਨ ਕਰਨ।"
ਉਪ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਭਰ ਦੇ ਨਗਰਪਾਲਿਕਾਵਾਂ ਦੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੀਆਂ ਇਮਾਰਤਾਂ ਵਿੱਚ ਸੋਲਰ ਰੂਫ ਪੈਨਲ ਅਤੇ ਮੀਂਹ ਦੇ ਪਾਣੀ ਨਾਲ ਸਿੰਜਾਈ ਨੂੰ ਯਕੀਨੀ ਬਣਾਉਣ। ਭਾਰੀ ਵਰਖਾ ਦੌਰਾਨ ਸ਼ਹਿਰਾਂ ਵਿੱਚ ਆਉਣ ਵਾਲੇ ਹੜ੍ਹਾਂ ਅਤੇ ਸੇਮ ਦੀ ਸਮੱਸਿਆ ਦਾ ਹਵਾਲਾ ਦੇਂਦੇ ਹੋਏ ਉਨ੍ਹਾਂ ਨੇ ਅਜਿਹੇ ਹੱਲ ਲੱਭਣ ਲਈ ਕਿਹਾ ਜਿਨ੍ਹਾਂ ਨਾਲ ਪ੍ਰਭਾਵੀ ਡਰੇਨੇਜ ਸਿਸਟਮ ਕਾਇਮ ਹੋ ਸਕੇ।
ਵੱਧ ਰਹੀ ਆਬਾਦੀ ਅਤੇ ਉਸ ਦੇ ਨਤੀਜੇ ਵਜੋਂ ਮਕਾਨਾਂ ਦੀ ਵਧ ਰਹੀ ਲੋੜ ਵਲ ਧਿਆਨ ਦਿਵਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਨਵੇਂ ਢਾਂਚੇ ਬਣਾਉਣ ਲਈ ਪੁਰਾਣੀਆਂ ਬਸਤੀਆਂ ਨੂੰ ਨਾ ਉਜਾੜਿਆ ਜਾਵੇ।
ਕੋਵਿਡ-19 ਮਹਾਮਾਰੀ ਦੇ ਲੋਕਾਂ ਦੀ ਸਿਹਤ ਅਤੇ ਆਜੀਵਿਕਾ ਉੱਤੇ ਵਧ ਰਹੇ ਪ੍ਰਭਾਵਾਂ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਸਾਰੀ ਖੇਤਰ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਵਾਸਤੂ ਕਲਾ ਮਾਹਿਰਾਂ ਅਤੇ ਡਿਜ਼ਾਈਨਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਮਹਾਮਾਰੀ ਦੁਆਰਾ ਪੈਦਾ ਕੀਤੀ ਚੁਣੌਤੀ ਦਾ ਕੋਈ ਹੱਲ ਲੱਭਣ। ਉਨ੍ਹਾਂ ਹੋਰ ਕਿਹਾ, "ਵਾਸਤੂ ਕਲਾ ਮਾਹਿਰਾਂ ਨੂੰ ਨਵੇਂ ਵਿਚਾਰਾਂ ਦੀ ਖੋਜ ਕਰਕੇ ਸਰਹੱਦਾਂ ਦੇ ਆਰ-ਪਾਰ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਕਿ ਅਜਿਹੇ ਹੱਲ ਲੱਭੇ ਜਾ ਸਕਣ ਜੋ ਕਿ ਮਹਾਮਾਰੀ ਅਤੇ ਉਸ ਤੋਂ ਬਾਅਦ ਦੇ ਪ੍ਰਭਾਵਾਂ ਨੂੰ ਖਤਮ ਕਰ ਸਕਣ। "
****
ਵੀਆਰਆਰਕੇ /ਐੱਮਐੱਸ /ਐੱਮਐੱਸਵਾਈ/ ਡੀਪੀ
(Release ID: 1638021)
Visitor Counter : 257