ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਮਰਸ਼ੀਅਲ ਮਾਈਨਿੰਗ ਲਈ ਕੋਲਾ ਬਲਾਕਾਂ ਦੀ ਨਿਲਾਮੀ ਪ੍ਰਕਿਰਿਆ ਲਾਂਚ ਕੀਤੀ
ਭਾਰਤ ਨੇ ਕੋਲਾ ਤੇ ਖਣਨ ਖੇਤਰਾਂ ਨੂੰ ਮੁਕਾਬਲੇ, ਪੂੰਜੀ, ਭਾਗੀਦਾਰੀ ਅਤੇ ਟੈਕਨੋਲੋਜੀ ਲਈ ਖੋਲ੍ਹਣ ਦਾ ਵੱਡਾ ਫ਼ੈਸਲਾ ਲੈ ਲਿਆ ਹੈ: ਪ੍ਰਧਾਨ ਮੰਤਰੀ
ਕੋਲਾ ਖੇਤਰ ਦੇ ਸੁਧਾਰ ਪੂਰਬੀ ਅਤੇ ਕੇਂਦਰੀ ਭਾਰਤ, ਸਾਡੀ ਕਬਾਇਲੀ ਪੱਟੀ ਨੂੰ ਵਿਕਾਸ ਦੇ ਥੰਮ੍ਹ ਬਣਾ ਦੇਣਗੇ: ਪ੍ਰਧਾਨ ਮੰਤਰੀ
ਇੱਕ ਮਜ਼ਬੂਤ ਖਣਨ ਤੇ ਖਣਿਜ ਪਦਾਰਥ ਖੇਤਰ ਤੋਂ ਬਿਨਾ ਆਤਮਨਿਰਭਰਤਾ ਸੰਭਵ ਨਹੀਂ: ਪ੍ਰਧਾਨ ਮੰਤਰੀ
Posted On:
18 JUN 2020 2:19PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਵੀਡੀਓ ਕਾਨਫ਼ਰੰਸ ਜ਼ਰੀਏ ਕਮਰਸ਼ੀਅਲ ਮਾਈਨਿੰਗ ਲਈ 41 ਕੋਲਾ ਬਲਾਕਾਂ ਦੀ ਨਿਲਾਮੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਹ ਭਾਰਤ ਸਰਕਾਰ ਵੱਲੋਂ ‘ਆਤਮਨਿਰਭਰ ਭਾਰਤ ਅਭਿਯਾਨ’ ਮੁਹਿੰਮ ਅਧੀਨ ਕੀਤੇ ਐਲਾਨਾਂ ਦੀ ਲੜੀ ਦਾ ਹਿੱਸਾ ਸੀ। ਕੋਲਾ ਮੰਤਰਾਲੇ ਨੇ ਫਿੱਕੀ (FICCI) ਦੇ ਸਹਿਯੋਗ ਨਾਲ ਕੋਲੇ ਦੀਆਂ ਇਨ੍ਹਾਂ ਖਾਣਾਂ ਦੀ ਨਿਲਾਮੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਕੋਲੇ ਦੀਆਂ ਖਾਣਾਂ ਦੀ ਵੰਡ ਲਈ ਦੋ–ਪੜਾਵੀ ਇਲੈਕਟ੍ਰੌਨਿਕ ਨਿਲਾਮੀ ਪ੍ਰਕਿਰਿਆ ਅਪਣਾਈ ਗਈ ਹੈ।
ਇਸ ਮੌਕੇ ਬੋਲਦਿਆਂ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਕੋਵਿਡ–19 ਦੀ ਵਿਸ਼ਵ–ਪੱਧਰੀ ਮਹਾਮਾਰੀ ’ਤੇ ਜਿੱਤ ਹਾਸਲ ਕਰ ਲਵੇਗਾ ਤੇ ਦੇਸ਼ ਇਸ ਸੰਕਟ ਨੂੰ ਇੱਕ ਮੌਕੇ ਵਿੱਚ ਤਬਦੀਲ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਸੰਕਟ ਨੇ ਭਾਰਤ ਨੂੰ ਆਤਮਨਿਰਭਰ ਬਣਨ ਦਾ ਸਬਕ ਸਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤ ਦਾ ਅਰਥ ਹੈ ਕਿ ਦਰਾਮਦਾਂ ਉੱਤੇ ਨਿਰਭਰਤਾ ਘਟਾਉਣਾ ਅਤੇ ਦਰਾਮਦਾਂ ਉੱਤੇ ਖ਼ਰਚ ਹੋਣ ਵਾਲੀ ਵਿਦੇਸ਼ੀ ਮੁਦਰਾ ਬਚਾਉਣਾ। ਇਸ ਦਾ ਮਤਲਬ ਹੈ ਕਿ ਭਾਰਤ ਦੇਸ਼ ਅੰਦਰ ਹੀ ਇੰਨੇ ਜ਼ਿਆਦਾ ਵਸੀਲੇ ਵਿਕਸਤ ਕਰੇ ਕਿ ਸਾਨੂੰ ਦਰਾਮਦਾਂ ਉੱਤੇ ਨਿਰਭਰ ਹੀ ਨਾ ਰਹਿਣਾ ਪਵੇ। ਇਸ ਦਾ ਇਹ ਵੀ ਮਤਲਬ ਹੈ ਕਿ ਅਸੀਂ ਉਨ੍ਹਾਂ ਵਸਤਾਂ ਦੇ ਸਭ ਤੋਂ ਵੱਡੇ ਬਰਾਮਦਕਾਰ ਬਣ ਜਾਈਏ, ਜਿਹੜੀਆਂ ਹੁਣ ਅਸੀਂ ਦਰਾਮਦ ਕਰਦੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਟੀਚਾ ਹਾਸਲ ਕਰਨ ਲਈ ਹਰੇਕ ਖੇਤਰ, ਹਰੇਕ ਉਤਪਾਦ, ਹਰੇਕ ਸੇਵਾ ਨੂੰ ਚੇਤੇ ਰੱਖਣਾ ਚਾਹੀਦਾ ਹੈ ਤੇ ਭਾਰਤ ਨੂੰ ਖ਼ਾਸ ਖੇਤਰ ਵਿੱਚ ਆਤਮਨਿਰਭਰ ਬਣਾਉਣ ਲਈ ਪੂਰੀ ਇੱਕਜੁਟਤਾ ਨਾਲ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਚੁੱਕਿਆ ਗਿਆ ਇਹ ਵੱਡਾ ਕਦਮ ਭਾਰਤ ਨੂੰ ਊਰਜਾ ਦੇ ਖੇਤਰ ਵਿੱਚ ਆਤਮਨਿਰਭਰ ਬਣਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਸਿਰਫ਼ ਇੱਕ ਕੋਲਾ ਖਣਨ ਖੇਤਰ ਵਿੱਚ ਸੁਧਾਰ ਲਾਗੂ ਕਰਨ ਨੂੰ ਹੀ ਨਹੀਂ ਦਰਸਾਉਂਦਾ, ਸਗੋਂ ਇਸ ਨਾਲ ਨੌਜਵਾਨਾਂ ਲਈ ਰੋਜ਼ਗਾਰ ਦੇ ਲੱਖਾਂ ਮੌਕੇ ਪੈਦਾ ਹੋਣ ਦੀ ਸ਼ੁਰੂਆਤ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਅਸੀਂ ਕੇਵਲ ਕੋਲੇ ਦੇ ਕਮਰਸ਼ੀਅਲ ਮਾਈਨਿੰਗ ਦੀ ਨਿਲਾਮੀ ਦੀ ਹੀ ਸ਼ੁਰੂਆਤ ਨਹੀਂ ਕਰ ਰਹੇ, ਇਸ ਨਾਲ ਕੋਲਾ ਖੇਤਰ ਦਹਾਕਿਆਂ ਬੱਧ ਦੇ ਲੌਕਡਾਊਨ ਤੋਂ ਵੀ ਛੁਟਕਾਰਾ ਪਾ ਲਵੇਗਾ।
ਉਨ੍ਹਾਂ ਕਿਹਾ ਕਿ ਇਹ ਇੱਕ ਵਿਡੰਬਨਾ ਹੀ ਹੈ ਕਿ ਭਾਰਤ ਜਿੱਥੇ ਕੋਲਾ ਭੰਡਾਰ ਦੇ ਮਾਮਲੇ ਵਿੱਚ ਪੂਰੀ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਦੇਸ਼ ਹੈ ਤੇ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ ਪਰ ਇਸ ਦੇ ਨਾਲ ਹੀ ਕੋਲੇ ਦਾ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਵੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਹਾਕਿਆਂ ਤੋਂ ਸਥਿਤੀ ਕੁਝ ਅਜਿਹੀ ਬਣੀ ਹੋਈ ਸੀ ਕਿ ਕੋਲਾ ਖੇਤਰ ਨੂੰ ਕੈਪਟਿਵ ਤੇ ਨੌਨ–ਕੈਪਟਿਵ ਖਾਣਾਂ ਦੇ ਜੰਜਾਲ ਵਿੱਚ ਉਲਝਾ ਕੇ ਰੱਖਿਆ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਖੇਤਰ ਨੂੰ ਮੁਕਾਬਲੇ ਤੋਂ ਬਾਹਰ ਰੱਖਿਆ ਗਿਆ ਸੀ ਤੇ ਇਸ ਮਾਮਲੇ ’ਚ ਪਾਰਦਰਸ਼ਤਾ ਨਾ ਹੋਣਾ ਇੱਕ ਵੱਡੀ ਸਮੱਸਿਆ ਸੀ। ਉਨ੍ਹਾਂ ਕਿਹਾ ਕਿ ਇਸੇ ਕਾਰਨ ਕੋਲਾ ਖੇਤਰ ਵਿੱਚ ਨਿਵੇਸ਼ ਨਹੀਂ ਹੁੰਦਾ ਸੀ ਤੇ ਇੰਝ ਉਸ ਦੀ ਕਾਰਜਕੁਸ਼ਲਤਾ ਉੱਤੇ ਵੀ ਪ੍ਰਸ਼ਨ–ਚਿੰਨ੍ਹ ਵੀ ਲੱਗ ਜਾਂਦਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ’ਚ ਕੋਲਾ ਖੇਤਰ ਉੱਤੇ ਜ਼ੋਰ ਪਾਉਣ ਲਈ ਕੋਲਾ ਲਿੰਕੇਜ ਦੀ ਸ਼ੁਰੂਆਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਕੋਲਾ ਤੇ ਖਣਨ ਖੇਤਰ ਨੂੰ ਪੂਰੀ ਤਰ੍ਹਾਂ ਖੋਲ੍ਹਣ ਦਾ ਇੱਕ ਵੱਡਾ ਫ਼ੈਸਲਾ ਲਿਆ ਹੈ, ਜਿਸ ਨਾਲ ਇਸ ਖੇਤਰ ਵਿੱਚ ਮੁਕਾਬਲਾ ਵਧੇਗਾ, ਵਧੇਰੇ ਪੂੰਜੀ ਨਿਵੇਸ਼ ਹੋਵੇਗਾ, ਇਸ ਵਿੱਚ ਸ਼ਮੂਲੀਅਤ ਵਧੇਗੀ ਅਤੇ ਵਧੇਰੇ ਟੈਕਨੋਲੋਜੀ ਦੀ ਵਰਤੋਂ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਨਿਜੀ ਖਣਨ ਖੇਤਰ ਵਿੱਚ ਆਉਣ ਵਾਲੀਆਂ ਨਵੀਂਆਂ ਕੰਪਨੀਆਂ ਨੂੰ ਵਿੱਤ (ਫ਼ਾਈਨਾਂਸ) ਦੀ ਕੋਈ ਸਮੱਸਿਆ ਨਾ ਆਵੇ। ਉਨ੍ਹਾਂ ਇਸ ਨੁਕਤੇ ਉੱਤੇ ਜ਼ੋਰ ਦਿੱਤਾ ਕਿ ਇੱਕ ਮਜ਼ਬੂਤ ਖਣਨ ਤੇ ਖਣਿਜ–ਪਦਾਰਥ ਖੇਤਰ ਤੋਂ ਬਗ਼ੈਰ ਆਤਮਨਿਰਭਰਤਾ ਸੰਭਵ ਨਹੀਂ ਹੈ ਕਿਉਂਕਿ ਇਹ ਦੋਵੇਂ ਹੀ ਸਾਡੀ ਅਰਥਵਿਵਸਥਾ ਦੇ ਮਹੱਤਵਪੂਰਨ ਥੰਮ੍ਹ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਤੋਂ ਬਾਅਦ ਕੋਲਾ ਉਤਪਾਦਨ ਤੇ ਸਮੁੱਚਾ ਕੋਲਾ ਖੇਤਰ ਆਤਮਨਿਰਭਰ ਹੋ ਜਾਵੇਗਾ। ਹੁਣ ਕੋਲੇ ਲਈ ਬਜ਼ਾਰ ਖੁੱਲ੍ਹ ਗਿਆ ਹੈ ਤੇ ਕੋਈ ਵੀ ਖੇਤਰ ਆਪਣੀ ਜ਼ਰੂਰਤ ਅਨੁਸਾਰ ਕੋਲਾ ਖ਼ਰੀਦ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੁਧਾਰਾਂ ਦਾ ਲਾਭ ਕੇਵਲ ਕੋਲਾ ਖੇਤਰ ਹੀ ਨਹੀਂ, ਸਗੋਂ ਸਟੀਲ, ਅਲਮੀਨੀਅਮ, ਖਾਦਾਂ ਤੇ ਸੀਮਿੰਟ ਜਿਹੇ ਹੋਰ ਖੇਤਰਾਂ ਨੂੰ ਵੀ ਮਿਲੇਗਾ। ਇਸ ਨਾਲ ਬਿਜਲੀ ਉਤਪਾਦਨ ਵਧਾਉਣ ’ਚ ਵੀ ਮਦਦ ਮਿਲੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖਣਿਜ ਪਦਾਰਥਾਂ ਦੇ ਖੇਤਰ ਵਿੱਚ ਸੁਧਾਰਾਂ ਨੂੰ ਕੋਲਾ ਖਣਨ ਦੇ ਖੇਤਰਾਂ ਵਿੱਚ ਸੁਧਾਰਾਂ ਤੋਂ ਮਜ਼ਬੂਤੀ ਮਿਲੇਗੀ ਕਿਉਂਕਿ ਲੋਹਾ, ਬੌਕਸਾਈਟ ਤੇ ਹੋਰ ਖਣਿਜ ਪਦਾਰਥ ਕੋਲੇ ਦੇ ਭੰਡਾਰਾਂ ਦੇ ਬਹੁਤ ਨੇੜੇ ਸਥਿਤ ਹਨ। ਉਨ੍ਹਾਂ ਕਿਹਾ ਕਿ ਵਪਾਰਕ ਕੋਲਾ ਖਣਨ ਦੀ ਅੱਜ ਹੋਈ ਇਹ ਸ਼ੁਰੂਆਤ ਸਾਰੇ ਸਬੰਧਤ ਉਦਯੋਗਾਂ ਲਈ ਇੱਕ ਜੇਤੂ–ਸਥਿਤੀ ਹੈ। ਰਾਜ ਸਰਕਾਰਾਂ ਨੂੰ ਵਧੇਰੇ ਆਮਦਨ ਹੋਵੇਗੀ ਅਤੇ ਦੇਸ਼ ਦੀ ਵੱਡੀ ਆਬਾਦੀ ਨੂੰ ਰੋਜ਼ਗਾਰ ਮਿਲੇਗਾ। ਇਸ ਦਾ ਹਰੇਕ ਖੇਤਰ ਉੱਤੇ ਸਕਾਰਾਤਮਕ ਅਸਰ ਪਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲਾ ਸੁਧਾਰ ਲਾਗੂ ਕਰਦੇ ਸਮੇਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਪ੍ਰਤੀਬੱਧਤਾ ਕਮਜ਼ੋਰ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ,‘ਕੋਲੇ ਤੋਂ ਗੈਸ ਬਣਾਉਣ ਲਈ ਨਵੀਂ ਟੈਕਨੋਲੋਜੀ ਲਿਆਂਦੀ ਜਾ ਸਕਦੀ ਹੈ ਅਤੇ ਕੋਲਾ ਗੈਸੀਫ਼ਿਕੇਸ਼ਨ ਜਿਹੇ ਕਦਮਾਂ ਨਾਲ ਵਾਤਾਵਰਣ ਸੁਰੱਖਿਅਤ ਰੱਖਿਆ ਜਾਵੇਗਾ। ਕੋਲੇ ਤੋਂ ਪੈਦਾ ਹੋਣ ਵਾਲੀ ਗੈਸ ਦੀ ਵਰਤੋਂ ਟ੍ਰਾਂਸਪੋਰਟ ਤੇ ਖਾਣਾ ਪਕਾਉਣ ਲਈ ਕੀਤੀ ਜਾਵੇਗੀ, ਜਦ ਕਿ ਯੂਰੀਆ ਤੇ ਸਟੀਲ ਨਿਰਮਾਣ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨਗੇ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸਾਲ 2030 ਤੱਕ 10 ਕਰੋੜ ਟਨ ਦੇ ਲਗਭਗ ਕੋਲੇ ਤੋਂ ਗੈਸ ਬਣਾਉਣ ਦਾ ਟੀਚਾ ਮਿੱਥਿਆ ਹੈ ਤੇ ਇਸ ਮੰਤਵ ਲਈ ਚਾਰ ਪ੍ਰੋਜੈਕਟਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਅਤੇ ਲਗਭਗ 20 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲਾ ਖੇਤਰ ਦੇ ਇਹ ਸੁਧਾਰ ਪੂਰਬੀ ਤੇ ਕੇਂਦਰੀ ਭਾਰਤ, ਜਿੱਥੇ ਸਾਡੀ ਕਬਾਇਲੀ ਪੱਟੀ ਵਸਦੀ ਹੈ, ਨੂੰ ਵਿਕਾਸ ਦੇ ਥੰਮ੍ਹ ਬਣਾ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਇਲਾਕਿਆਂ ਵਿੱਚ ਅਜਿਹੇ ਇੱਛਤ/ਸੰਭਾਵੀ ਜ਼ਿਲ੍ਹਿਆਂ ਦੀ ਵੱਡੀ ਗਿਣਤੀ ਹੈ, ਜਿੱਥੇ ਪ੍ਰਗਤੀ ਤੇ ਖ਼ੁਸ਼ਹਾਲੀ ਹਾਲੇ ਤੱਕ ਇੱਛਤ ਪੱਧਰ ਉੱਤੇ ਨਹੀਂ ਪੁੱਜ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ 16 ਇੱਛੁਕ/ਸੰਭਾਵੀ ਜ਼ਿਲ੍ਹਿਆਂ ਵਿੱਚ ਕੋਲੇ ਦੇ ਵਿਸ਼ਾਲ ਭੰਡਾਰ ਮੌਜੂਦ ਹਨ ਪਰ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਇਸ ਤੋਂ ਉਚਿਤ ਲਾਭ ਹਾਸਲ ਨਹੀਂ ਹੋਇਆ। ਇਨ੍ਹਾਂ ਸਥਾਨਾਂ ਦੇ ਨਾਗਰਿਕਾਂ ਨੂੰ ਰੋਜ਼ਗਾਰ ਲਈ ਦੂਰ–ਦੁਰਾਡੇ ਦੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਮਰਸ਼ੀਅਲ ਮਾਈਨਿੰਗ ਲਈ ਚੁੱਕੇ ਗਏ ਇਹ ਕਦਮ ਪੂਰਬੀ ਤੇ ਕੇਂਦਰੀ ਭਾਰਤ ਲਈ ਬਹੁਤ ਮਦਦਗਾਰ ਸਿੱਧ ਹੋਣਗੇ ਕਿਉਂਕਿ ਇੱਥੋਂ ਦੀ ਸਥਾਨਕ ਜਨਤਾ ਨੂੰ ਆਪਣੇ ਘਰਾਂ ਦੇ ਨੇੜੇ ਰੋਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਲੇ ਦੀ ਪੁਟਾਈ ਤੇ ਉਸ ਨੂੰ ਲਿਆਉਣ–ਲਿਜਾਣ ਲਈ ਬੁਨਿਆਦੀ ਢਾਂਚਾ ਸਿਰਜਣ ਉੱਤੇ 50 ਹਜ਼ਾਰ ਕਰੋੜ ਰੁਪਏ ਖ਼ਰਚ ਕਰਨ ਦਾ ਫ਼ੈਸਲਾ ਲਿਆ ਹੈ, ਇਸ ਨਾਲ ਵੀ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲਾ ਖੇਤਰ ਵਿੱਚ ਸੁਧਾਰ ਤੇ ਨਿਵੇਸ਼ ਕਬਾਇਲੀ ਲੋਕਾਂ ਦੇ ਜੀਵਨ ਸੁਖਾਲੇ ਬਣਾਉਣ ਵਿੱਚ ਵੱਡਾ ਭੂਮਿਕਾ ਨਿਭਾਉਣਗੇ। ਕੋਲਾ ਉਤਪਾਦਨ ਤੋਂ ਹੋਣ ਵਾਲੀ ਵਾਧੂ ਆਮਦਨ ਦੀ ਵਰਤੋਂ ਇਸੇ ਖੇਤਰ ਵਿੱਚ ਜਨਤਕ ਭਲਾਈ ਯੋਜਨਾਵਾਂ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਵੀ ਡਿਸਟ੍ਰਿਕਟ ਮਿਨਰਲ ਫ਼ੰਡ (ਜ਼ਿਲ੍ਹਾ ਖਣਿਜ ਪਦਾਰਥ ਕੋਸ਼) ਤੋਂ ਮਦਦ ਮਿਲਣੀ ਵੀ ਜਾਰੀ ਰਹੇਗੀ, ਇਸ ਵਿੱਚੋਂ ਵੱਡੇ ਹਿੱਸੇ ਦੀ ਵਰਤੋਂ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਜ਼ਰੂਰੀ ਸਹੂਲਤਾਂ ਦੇ ਵਿਕਾਸ ਉੱਤੇ ਖ਼ਰਚ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਲਾਮੀ ਅਜਿਹੇ ਵੇਲੇ ਹੋ ਰਹੀ ਹੈ, ਜਦੋਂ ਆਰਥਿਕ ਗਤੀਵਿਧੀਆਂ ਤੇਜ਼ੀ ਨਾਲ ਮੁੜ ਆਮ ਜਿਹੀਆਂ ਹੁੰਦੀਆਂ ਜਾ ਰਹੀਆਂ ਹਨ। ਖਪਤ ਤੇ ਮੰਗ ਵੀ ਤੇਜ਼ੀ ਨਾਲ ਕੋਵਿਡ–19 ਤੋਂ ਪਹਿਲਾਂ ਦੇ ਪੱਧਰ ’ਤੇ ਆਉਂਦੇ ਜਾ ਰਹੇ ਹਨ। ਉਨ੍ਹਾਂ ਅਜਿਹੇ ਖੇਤਰ ਗਿਣਵਾਏ, ਜਿੱਥੇ ਮੰਗ ਤੇਜ਼ੀ ਨਾਲ ਕੋਵਿਡ–19 ਤੋਂ ਪਹਿਲਾਂ ਦੇ ਪੱਧਰਾਂ ਵੱਲ ਜਾ ਰਹੀ ਹੈ, ਜਿਵੇਂ ਬਿਜਲੀ ਖਪਤ, ਪੈਟਰੋਲੀਅਮ ਉਤਪਾਦਾਂ ਦੀ ਮੰਗ, ਈ ਵੇਅ ਬਿਲਸ, ਟੋਲ ਕਲੈਕਸ਼ਨ, ਮਾਲ–ਗੱਡੀਆਂ ਦੀ ਆਵਾਜਾਈ, ਡਿਜੀਟਲ ਪ੍ਰਚੂਨ ਲੈਣ–ਦੇਣ।
ਉਨ੍ਹਾਂ ਕਿਹਾ ਕਿ ਗ੍ਰਾਮੀਣ ਅਰਥਵਿਵਸਥਾ ਵਿੱਚ ਵੀ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖ਼ਰੀਫ਼ ਦੀਆਂ ਫ਼ਸਲਾਂ ਦੀ ਕਾਸ਼ਤ ਅਧੀਨ ਰਕਬਾ ਤੇ ਕਣਕ ਦੀ ਖ਼ਰੀਦ ਵਿੱਚ ਵੀ ਇਸ ਵਰ੍ਹੇ ਵਾਧਾ ਹੋਇਆ ਹੈ। ਇਸ ਤੋਂ ਭਾਵ ਹੈ ਕਿ ਕਿਸਾਨਾਂ ਦੀਆਂ ਜੇਬਾਂ ਵਿੱਚ ਵਧੇਰੇ ਧਨ ਗਿਆ ਹੈ। ਇਹ ਸਾਰੇ ਸੂਚਕ ਸਾਨੂੰ ਦੱਸਦੇ ਹਨ ਕਿ ਭਾਰਤੀ ਅਰਥਵਿਵਸਥਾ ਹੁਣ ਮੁੜ ਵੱਡੀ ਪੁਲਾਂਘ ਪੁੱਟ ਕੇ ਅੱਗੇ ਵਧਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਭਾਰਤ ਇਸ ਸੰਕਟ ਵਿੱਚੋਂ ਬਾਹਰ ਨਿੱਕਲ ਆਵੇਗਾ ਕਿਉਂਕਿ ਦੇਸ਼ ਇਸ ਤੋਂ ਪਹਿਲਾਂ ਕਿਤੇ ਵੱਡੇ ਸੰਕਟਾਂ ਉੱਤੇ ਜਿੱਤ ਹਾਸਲ ਕਰ ਚੁੱਕਾ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਪ੍ਰਗਟਾਈ ਕਿ ਭਾਰਤ ਆਤਮਨਿਰਭਰ ਬਣ ਸਕਦਾ ਹੈ ਤੇ ਭਾਰਤ ਦੀ ਸਫ਼ਲਤਾ ਤੇ ਵਿਕਾਸ ਨਿਸ਼ਚਿਤ ਹਨ। ਉਨ੍ਹਾਂ ਇਸ ਦੀ ਉਦਾਹਰਣ ਵੀ ਦਿੱਤੀ ਕਿ ਕੇਵਲ ਕੁਝ ਹਫ਼ਤੇ ਪਹਿਲਾਂ ਸਾਡੀ ਐੱਨ–95 ਮਾਸਕਾਂ, ਕੋਰੋਨਾ ਟੈਸਟਿੰਗ ਕਿਟਸ, ਪੀਪੀਈ (PPE) ਅਤੇ ਵੈਂਟੀਲੇਟਰਾਂ ਦੀ ਮੰਗ ਦਰਾਮਦਾਂ ਜ਼ਰੀਏ ਪੂਰੀ ਕੀਤੀ ਜਾਂਦੀ ਸੀ ਪਰ ਹੁਣ ਉਹੀ ਮੰਗ ‘ਮੇਕ ਇਨ ਇੰਡੀਆ’ ਜ਼ਰੀਏ ਪੂਰੀ ਹੋ ਰਹੀ ਹੈ। ਉਨ੍ਹਾਂ ਇਹ ਭਰੋਸਾ ਵੀ ਪ੍ਰਗਟਾਇਆ ਕਿ ਅਸੀਂ ਬਹੁਤ ਛੇਤੀ ਮੈਡੀਕਲ ਉਤਪਾਦਾਂ ਦੇ ਇੱਕ ਅਹਿਮ ਨਿਰਯਾਤਕ ਬਣ ਜਾਵਾਂਗੇ। ਉਨ੍ਹਾਂ ਲੋਕਾਂ ਨੂੰ ਆਪਣਾ ਭਰੋਸਾ ਤੇ ਮਨੋਬਲ ਮਜ਼ਬੂਤ ਰੱਖਣ ਦੀ ਬੇਨਤੀ ਕੀਤੀ, ਤਾਂ ਜੋ ਅਸੀਂ ਆਤਮਨਿਰਭਰ ਭਾਰਤ ਦਾ ਨਿਰਮਾਣ ਕਰ ਸਕੀਏ।
***
ਵੀਆਰਆਰਕੇ/ਏਕੇ
(Release ID: 1632401)
Visitor Counter : 301
Read this release in:
Bengali
,
Malayalam
,
English
,
Urdu
,
Marathi
,
Hindi
,
Manipuri
,
Assamese
,
Gujarati
,
Odia
,
Tamil
,
Telugu
,
Kannada