ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ 5 ਰਾਜਾਂ ਵਿੱਚ 960 ਕੋਵਿਡ ਕੇਅਰ ਕੋਚ ਤੈਨਾਤ ਕੀਤੇ



503 ਡੱਬੇ ਦਿੱਲੀ ਦੀਆਂ 9 ਥਾਵਾਂ ਉੱਤੇ ਤੈਨਾਤ ਕੀਤੇ ਗਏ


ਭਾਰਤੀ ਰੇਲਵੇ ਨੇ ਰਾਸ਼ਟਰੀ ਹਿਤ ਵਿੱਚ ਹਿੱਸਾ ਪਾਉਂਦੇ ਹੋਏ ਰੇਲਵੇ ਡੱਬਿਆਂ ਨੂੰ ਕੋਵਿਡ ਸੰਭਾਲ਼ ਕੇਂਦਰਾਂ ਵਿੱਚ ਤਬਦੀਲ ਕੀਤਾ


ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ 6 ਮਈ, 2020 ਨੂੰ ਜਾਰੀ ਮਿਆਰੀ ਸੰਚਾਲਨ ਪ੍ਰਕਿਰਿਆ ਅਨੁਸਾਰ ਰਾਜ ਸਰਕਾਰਾਂ ਦੁਆਰਾ ਡਾਕਟਰ ਅਤੇ ਪੈਰਾਮੈਡਿਕਸ ਪ੍ਰਦਾਨ ਕੀਤੇ ਜਾਣਗੇ


ਰੇਲਵੇ ਡੱਬਿਆਂ ਦੇ ਹਰ ਟਿਕਾਣੇ ਉੱਤੇ 2 ਤਾਲਮੇਲ ਅਫਸਰ ਪ੍ਰਤੀ ਇੱਕ ਟਿਕਾਣੇ ਲਈ ਤੈਨਾਤ ਕਰੇਗਾ ਜੋ ਕਿ ਰਾਜ ਸਰਕਾਰ ਦੇ ਅਧਿਕਾਰੀਆਂ ਦੀ ਮਦਦ ਕਰਨਗੇ


ਮੌਸਮ ਜਿਹੋ-ਜਿਹਾ ਵੀ ਹੋਵੇ ਪਰ ਡੱਬਿਆਂ ਦੇ ਅੰਦਰ ਸੁਖਾਵਾਂ ਤਾਪਮਾਨ ਪ੍ਰਦਾਨ ਕਰਨ ਦੇ ਸਾਰੇ ਯਤਨ ਹੋਣਗੇ


ਕੋਵਿਡ-19 ਮਰੀਜ਼ਾਂ ਦੀ ਹਰ ਸੰਭਵ ਢੰਗ ਨਾਲ ਦੇਖਭਾਲ਼ ਲਈ ਰੇਲਵੇ ਦੁਆਰਾ ਰਾਜ ਸਰਕਾਰਾਂ ਦੀ ਸਹਾਇਤਾ ਕੀਤੀ ਜਾਵੇਗੀ

Posted On: 17 JUN 2020 5:45PM by PIB Chandigarh

ਕੋਵਿਡ-19 ਵਿਰੁੱਧ ਸੰਘਰਸ਼ ਨੂੰ ਜਾਰੀ ਰੱਖਦੇ ਹੋਏ  ਮਰੀਜ਼ਾਂ ਦੀ ਸਿਹਤ ਸੰਭਾਲ਼ ਲਈ ਭਾਰਤੀ ਰੇਲਵੇ ਦੁਆਰਾ ਰਾਜ ਸਰਕਾਰਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਭਾਰਤੀ ਰੇਲਵੇ ਨੇ 5231 ਕੋਵਿਡ ਕੇਅਰ ਕੋਚ ਪ੍ਰਦਾਨ ਕਰਨ ਦੀ ਤਿਆਰੀ ਕਸ ਲਈ ਹੈ। ਜ਼ੋਨਲ ਰੇਲਵੇਜ਼ ਨੇ ਇਨ੍ਹਾਂ ਡੱਬਿਆਂ ਨੂੰ ਕੋਵਿਡ-ਸੰਭਾਲ਼ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਇਨ੍ਹਾਂ ਦੀ ਵਰਤੋਂ ਬਹੁਤ ਜ਼ਿਆਦਾ ਹਲਕੇ / ਹਲਕੇ ਕੇਸਾਂ ਵਿੱਚ ਕੀਤੀ ਜਾਵੇਗੀ।

ਹੁਣ ਤੱਕ ਭਾਰਤੀ ਰੇਲਵੇ ਨੇ ਕੁਲ 960 ਕੋਵਿਡ ਕੇਅਰ ਕੋਚ 5 ਰਾਜਾਂ, ਜਿਵੇਂ ਕਿ ਦਿੱਲੀ, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਵਿੱਚ ਤੈਨਾਤ ਕੀਤੇ ਹਨ। ਇਨ੍ਹਾਂ 960 ਡੱਬਿਆਂ ਵਿਚੋਂ 503 ਕੋਵਿਡ ਕੇਅਰ ਕੋਚ ਦਿੱਲੀ ਵਿੱਚ, 20 ਆਂਧਰ ਪ੍ਰਦੇਸ਼, 60 ਤੇਲੰਗਾਨਾ, 372 ਉੱਤਰ ਪ੍ਰਦੇਸ਼ ਅਤੇ 5 ਮੱਧ ਪ੍ਰਦੇਸ਼ ਵਿੱਚ ਤੈਨਾਤ ਕੀਤੇ ਗਏ ਹਨ।

ਦਿੱਲੀ ਵਿੱਚ ਜੋ 503 ਡੱਬੇ ਤੈਨਾਤ ਕੀਤੇ ਗਏ ਹਨ ਉਹ 9 ਸਥਾਨਾਂ ‘ਤੇ ਤੈਨਾਤ ਕੀਤੇ ਗਏ ਹਨ। 50 ਕੋਵਿਡ ਕੇਅਰ ਕੋਚ ਸ਼ਕੂਰ ਬਸਤੀ, 267 ਆਨੰਦ ਵਿਹਾਰ, 21 ਦਿੱਲੀ ਸਫਦਰਜੰਗ, 50 ਸਰਾਏ ਰੋਹਿਲਾ, 33 ਦਿੱਲੀ ਛਾਉਣੀ, 30 ਆਦਰਸ਼ ਨਗਰ, 13 ਦਿੱਲੀ ਸ਼ਾਹਦਰਾ, 13 ਤੁਗਲਕਾਬਾਦ ਅਤੇ 26 ਪਟੇਲ ਨਗਰ ਵਿੱਚ ਤੈਨਾਤ ਕੀਤੇ ਗਏ ਹਨ।

ਉੱਤਰ ਪ੍ਰਦੇਸ਼ ਵਿੱਚ ਕੁਲ 372 ਕੋਵਿਡ ਕੇਅਰ ਕੋਚ 23 ਵੱਖ-ਵੱਖ ਟਿਕਾਣਿਆਂ ਉੱਤੇ ਤੈਨਾਤ ਕੀਤੇ ਗਏ ਹਨ। ਇਹ ਥਾਵਾਂ ਹਨ - ਪੰਡਿਤ ਦੀਨਦਿਆਲ ਉਪਾਧਿਆਏ ਜੰਕਸ਼ਨ, ਲਖਨਊ, ਵਾਰਾਣਸੀ, ਭਦੋਹੀ, ਫੈਜ਼ਾਬਾਦ, ਸਹਾਰਨਪੁਰ, ਮਿਰਜ਼ਾਪੁਰ, ਸੂਬੇਦਾਰਗੰਜ, ਕਾਨਪੁਰ, ਝਾਂਸੀ, ਝਾਂਸੀ ਵਰਕਸ਼ਾਪ, ਆਗਰਾ, ਨਖ਼ਾ ਜੰਗਲ, ਗੌਂਡਾ, ਨੌਤਨਵਾ, ਬਹਰਾਇਚ, ਵਾਰਾਣਸੀ ਸ਼ਹਿਰ, ਮੰਡੂਆਦੀਹ, ਮਊ, ਭਟਨੀ, ਬਰੇਲੀ ਸਿਟੀ, ਫਰੂਖਾਬਾਦ ਅਤੇ ਕਾਸਗੰਜ।

ਮੱਧ ਪ੍ਰਦੇਸ਼ ਵਿਖੇ ਕੁਲ 5 ਕੋਵਿਡ ਕੇਅਰ ਕੋਚ ਗਵਾਲੀਅਰ ਵਿਖੇ ਤੈਨਾਤ ਕੀਤੇ ਗਏ ਹਨ। ਆਂਧਰ ਪ੍ਰਦੇਸ਼ ਵਿੱਚ ਕੁਲ 20 ਕੋਵਿਡ ਕੇਅਰ ਕੋਚ ਵਿਜੈਵਾੜਾ ਵਿੱਚ ਜਦਕਿ ਤੇਲੰਗਾਨਾ ਵਿੱਚ 60 ਕੋਵਿਡ ਕੇਅਰ ਕੋਚ 3 ਵੱਖ-ਵੱਖ ਟਿਕਾਣਿਆਂ ਜਿਵੇਂ ਕਿ ਸਿਕੰਦਰਾਬਾਦ, ਕੱਚਗੁਡਾ ਅਤੇ ਆਦਿਲਾਬਾਦ ਵਿੱਚ ਤੈਨਾਤ ਕੀਤੇ ਗਏ ਹਨ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਨ੍ਹਾਂ ਰਾਜ ਸਰਕਾਰਾਂ ਨੇ ਭਾਰਤੀ ਰੇਲਵੇ ਨੂੰ ਇਸ ਸਬੰਧੀ ਬੇਨਤੀ ਕੀਤੀ ਸੀ ਅਤੇ ਰੇਲਵੇ ਨੇ ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਡੱਬੇ ਪ੍ਰਦਾਨ ਕੀਤੇ ਹਨ।

ਇੱਥੇ ਇਹ ਵਰਣਨਯੋਗ ਹੈ ਕਿ ਭਾਰਤੀ ਰੇਲਵੇ ਰਾਸ਼ਟਰੀ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਕ ਸੇਵਾ ਪ੍ਰਦਾਤਾ ਦੇ ਰੂਪ ਵਿੱਚ ਇਹ ਕੋਵਿਡ ਕੇਅਰ ਕੋਚ ਪ੍ਰਦਾਨ ਕਰ ਰਿਹਾ ਹੈ। ਡਾਕਟਰ ਅਤੇ ਪੈਰਾਮੈਡਿਕਸ ਰਾਜ ਸਰਕਾਰਾਂ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਸਭ ਕੁਝ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ 6 ਮਈ, 2020 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੋ ਰਿਹਾ ਹੈ। 

ਰੇਲਵੇ ਦੁਆਰਾ ਹਰ ਟਿਕਾਣੇ ਉੱਤੇ 2 ਤਾਲਮੇਲ ਅਫਸਰ ਤੈਨਾਤ ਕੀਤੇ ਜਾਣਗੇ ਜੋ ਕਿ ਰਾਜ ਸਰਕਾਰ ਦੇ ਅਧਿਕਾਰੀਆਂ ਦੀ ਮਦਦ ਕਰਨਗੇ। ਪੂਰੇ ਯਤਨ ਕੀਤੇ ਜਾ ਰਹੇ ਹਨ ਕਿ ਮੌਸਮ, ਜਿਵੇਂ ਦਾ ਵੀ ਹੋਵੇ, ਡੱਬਿਆਂ ਵਿੱਚ ਗਰਮੀ ਨੂੰ ਘੱਟ ਤੋਂ ਘੱਟ ਰੱਖਿਆ ਜਾਵੇ। ਰੇਲਵੇ ਦੁਆਰਾ ਹਰ ਸੰਭਵ ਢੰਗ ਨਾਲ ਕੋਵਿਡ-19 ਮਰੀਜ਼ਾਂ ਦੀ ਮਦਦ ਲਈ ਰਾਜ ਸਰਕਾਰਾਂ ਦੀ ਸਹਾਇਤਾ ਕੀਤੀ ਜਾਵੇਗੀ।

ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਡੱਬੇ ਬਹੁਤ ਹੀ ਸਾਧਾਰਨ ਕੇਸਾਂ ਵਿੱਚ ਵਰਤੇ ਜਾਣਗੇ ਜਿਨ੍ਹਾਂ ਨੂੰ ਕਿ ਡਾਕਟਰੀ ਤੌਰ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੀਆਂ ਹਿਦਾਇਤਾਂ ਅਨੁਸਾਰ ਕੋਵਿਡ ਸੰਭਾਲ਼ ਕੇਂਦਰਾਂ ਵਜੋਂ ਵਰਤਿਆ ਜਾ ਸਕੇਗਾ। ਇਹ ਡੱਬੇ ਉਨ੍ਹਾਂ ਇਲਾਕਿਆਂ ਵਿੱਚ ਵਰਤੇ ਜਾਣਗੇ ਜਿਥੇ ਕਿ ਰਾਜ ਸਰਕਾਰਾਂ ਦੀਆਂ ਸੁਵਿਧਾਵਾਂ ਖਤਮ ਹੋ ਚੁੱਕੀਆਂ ਹੋਣਗੀਆਂ ਅਤੇ ਸ਼ੱਕੀ ਅਤੇ ਤਸਦੀਕਸ਼ੁਦਾ ਕੋਵਿਡ ਕੇਸਾਂ ਲਈ ਸਮਰੱਥਾ ਵਧਾਉਣ ਦੀ ਲੋੜ ਹੋਵੇਗੀ। ਇਹ ਸੁਵਿਧਾਵਾਂ ਸੰਗਠਤ ਕੋਵਿਡ ਯੋਜਨਾ ਦਾ ਹਿੱਸਾ ਹੋਣਗੀਆਂ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਅਤੇ ਨੀਤੀ ਆਯੋਗ ਦੁਆਰਾ ਵਿਕਸਿਤ ਕੀਤੀਆਂ ਗਈਆਂ ਹਨ।

****

ਡੀਜੇਐੱਨ/ ਐੱਸਜੀ /ਐੱਮਕੇਵੀ



(Release ID: 1632245) Visitor Counter : 182