ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਖ਼ਿਲਾਫ਼ ਭਾਰਤ ਦੀ ਲੜਾਈ ਦੀ ਸਮੀਖਿਆ ਕੀਤੀ

Posted On: 13 JUN 2020 6:05PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਵਿਡ-19 ਮਹਾਮਾਰੀ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਦੀ ਸਮੀਖਿਆ ਲਈ ਸੀਨੀਅਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਵਿਸਤ੍ਰਿਤ ਬੈਠਕ ਕੀਤੀ। ਬੈਠਕ ਵਿੱਚ ਮਹਾਮਾਰੀ ਦੇ ਸੰਦਰਭ ਵਿੱਚ ਰਾਸ਼ਟਰੀ ਪੱਧਰ ਦੀ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕੀਤੀ ਗਈ। ਬੈਠਕ ਵਿੱਚ ਦਿੱਲੀ ਸਮੇਤ ਵਿਭਿੰਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਬੈਠਕ ਵਿੱਚ ਗ੍ਰਹਿ ਮੰਤਰੀ, ਸਿਹਤ ਮੰਤਰੀ, ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਸਿਹਤ ਸਕੱਤਰ, ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਅਤੇ ਅਧਿਕਾਰ ਪ੍ਰਾਪਤ ਗਰੁੱਪ ਦੇ ਸਬੰਧਿਤ ਸੰਯੋਜਕਾਂ ਨੇ ਹਿੱਸਾ ਲਿਆ।

 

ਨੀਤੀ ਦੇ ਮੈਂਬਰ, ਮੈਡੀਕਲ ਗਰੁੱਪ ਆਵ੍ ਐਮਰਜੈਂਸੀ ਮੈਨੇਜਮੈਂਟ ਪਲਾਨ ਦੇ ਕਨਵੀਨਰ ਡਾ. ਵਿਨੋਦ ਪਾਲ ਨੇ ਮੱਧਕਾਲੀ ਅਵਧੀ ਵਿੱਚ ਕੋਵਿਡ-19 ਮਾਮਲਿਆਂ ਦੀ ਮੌਜੂਦਾ ਸਥਿਤੀ ਅਤੇ ਸੰਭਾਵਿਤ ਸਥਿਤੀ ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਇਹ ਦੇਖਿਆ ਗਿਆ ਹੈ ਕਿ ਪੰਜ ਰਾਜਾਂ ਵਿੱਚ ਕੁੱਲ ਮਾਮਲਿਆਂ ਵਿੱਚੋਂ ਦੋ-ਤਿਹਾਈ ਅਨੁਪਾਤ ਵੱਡੇ ਸ਼ਹਿਰਾਂ ਵਿੱਚ ਹੈ। ਵਿਸ਼ੇਸ਼ ਰੂਪ ਨਾਲ ਵੱਡੇ ਸ਼ਹਿਰਾਂ ਦੁਆਰਾ ਸਾਹਮਣਾ ਕੀਤੀਆਂ ਜਾ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਇਸ ਦੇ ਟੈਸਟ ਵਧਾਉਣ ਦੇ ਨਾਲ ਨਾਲ ਰੋਜ਼ਾਨਾ ਕੇਸਾਂ ਦੇ ਸਿਖਰਲੇ ਵਾਧੇ ਨੂੰ ਪ੍ਰਭਾਵੀ ਢੰਗ ਨਾਲ ਸੰਭਾਲਣ ਲਈ ਬੈੱਡਾਂ ਦੀ ਸੰਖਿਆ ਅਤੇ ਸੇਵਾਵਾਂ ਤੇ ਚਰਚਾ ਕੀਤੀ ਗਈ।

 

ਪ੍ਰਧਾਨ ਮੰਤਰੀ ਨੇ ਹਸਪਤਾਲਾਂ ਵਿੱਚ ਬੈੱਡਾਂ/ਆਈਸੋਲੇਸ਼ਨ ਬੈੱਡਾਂ ਦੀਆਂ ਸ਼ਹਿਰ ਅਤੇ ਜ਼ਿਲ੍ਹਾਵਾਰ ਲੋੜਾਂ ਤੇ ਸਸ਼ਕਤ ਗਰੁੱਪ ਦੀਆਂ ਸਿਫਾਰਸ਼ਾਂ ਦਾ ਨੋਟਿਸ ਲਿਆ ਅਤੇ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀ ਸਲਾਹ ਨਾਲ ਐਮਰਜੈਂਸੀ ਯੋਜਨਾਬੰਦੀ ਕਰਨ ਦੀ ਹਿਦਾਇਤ ਕੀਤੀ। ਉਨ੍ਹਾਂ ਨੇ ਮੰਤਰਾਲੇ ਨੂੰ ਮੌਨਸੂਨ ਸੀਜ਼ਨ ਦੀ ਸ਼ੁਰੂਆਤ ਦੇ ਮੱਦੇਨਜ਼ਰ ਢੁਕਵੀਂ ਤਿਆਰੀ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ।

 

ਰਾਜਧਾਨੀ ਵਿੱਚ ਕੋਵਿਡ-19 ਦੀ ਮੌਜੂਦਾ ਅਤੇ ਉੱਭਰਦੀ ਹੋਈ ਸਥਿਤੀ ਤੇ ਚਰਚਾ ਕੀਤੀ ਗਈ ਅਤੇ ਅਗਲੇ 2 ਮਹੀਨੇ ਦੇ ਅਨੁਮਾਨਾਂ ਤੇ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਉਤਪੰਨ ਚੁਣੌਤੀ ਨਾਲ ਨਜਿੱਠਣ ਲਈ ਤਾਲਮੇਲ ਅਤੇ ਸਮੁੱਚੀ ਯੋਜਨਾ ਤਿਆਰ ਕਰਨ ਲਈ ਗ੍ਰਹਿ ਮੰਤਰੀ ਅਤੇ ਸਿਹਤ ਮੰਤਰੀ ਨੂੰ ਉਪ ਰਾਜਪਾਲ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਦੇ ਮੁੱਖ ਮੰਤਰੀ ਨਾਲ ਭਾਰਤ ਸਰਕਾਰ ਅਤੇ ਦਿੱਲੀ ਸਰਕਾਰ ਦੇ ਸਮੁੱਚੇ ਸੀਨੀਅਰ ਅਧਿਕਾਰੀਆਂ, ਦਿੱਲੀ ਨਗਰ ਨਿਗਮ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਐਮਰਜੈਂਸੀ ਬੈਠਕ ਬੁਲਾਉਣ ਦਾ ਸੁਝਾਅ ਦਿੱਤਾ।

 

ਮਹਾਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੇ ਸਫਲਤਾਪੂਰਬਕ ਕਾਬੂ ਪਾਉਣ ਲਈ ਅਨੇਕ ਰਾਜਾਂ, ਜ਼ਿਲ੍ਹਿਆਂ ਅਤੇ ਸ਼ਹਿਰਾਂ ਦੁਆਰਾ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਦੀਆਂ ਕਈ ਉਦਾਹਰਨਾਂ ਦਾ ਬੈਠਕ ਵਿੱਚ ਨੋਟਿਸ ਲਿਆ ਗਿਆ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। ਹੋਰ ਲੋਕਾਂ ਨੂੰ ਪ੍ਰੇਰਣਾ ਅਤੇ ਨਵੀਨ ਵਿਚਾਰ ਪ੍ਰਦਾਨ ਕਰਨ ਲਈ ਇਨ੍ਹਾਂ ਸਫਲਤਾ ਦੀਆ ਕਹਾਣੀਆਂ ਅਤੇ ਉੱਤਮ ਵਿਧੀਆਂ ਨੂੰ ਵਿਆਪਕ ਰੂਪ ਨਾਲ ਪ੍ਰਸਾਰਿਤ ਕਰਨ ਤੇ ਜ਼ੋਰ ਦਿੱਤਾ ਗਿਆ।

 

*****

 

ਵੀਆਰਆਰਕੇ/ਕੇਪੀ(Release ID: 1631459) Visitor Counter : 3