ਰੱਖਿਆ ਮੰਤਰਾਲਾ

ਭਾਰਤੀ ਜਲ ਸੈਨਾ ਨੇ ਅਪ੍ਰੇਸ਼ਨ "ਸਮੁਦਰ ਸੇਤੂ" ਦੇ ਅਗਲੇ ਪੜਾਅ ਦੀ ਸ਼ੁਰੂਆਤ ਕੀਤੀ

Posted On: 30 MAY 2020 6:53PM by PIB Chandigarh

ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਲਈ ਅਪ੍ਰੇਸ਼ਨ "ਸਮੁਦਰ ਸੇਤੂ" ਦੇ ਅਗਲੇ ਪੜਾਅ ਦੀ ਸ਼ੁਰੂਆਤ  01 ਜੂਨ 2020 ਤੋਂ ਹੋਵੇਗੀ।  

 

 

ਇਸ ਪੜਾਅ ਵਿਚ ਭਾਰਤੀ ਜਲ ਸੈਨਾ ਦਾ ਜਹਾਜ਼ ਜਲ-ਅਸ਼ਵ ਗਣਰਾਜ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ 700 ਲੋਕਾਂ ਨੂੰ ਤਮਿਲ ਨਾਡੂ ਦੇ ਤੂਤੀਕੋਰਿਨ (Tuticorin) ਵਾਪਸ ਪਹੁੰਚਾਏਗਾ ਅਤੇ ਬਾਅਦ ਵਿਚ 700 ਹੋਰ ਲੋਕਾਂ ਨੂੰ ਗਣਰਾਜ ਮਾਲਦੀਵ ਦੇ ਮਾਲੇ ਤੋਂ ਦੇਸ਼ ਵਿਚ ਵਾਪਸ ਭੇਜਿਆ ਜਾਵੇਗਾ।

 

 

ਭਾਰਤੀ ਜਲ ਸੈਨਾ ਪਹਿਲਾਂ ਹੀ 1488 ਭਾਰਤੀ ਨਾਗਰਿਕਾਂ ਨੂੰ ਪਿਛਲੇ ਪੜਾਅ ਦੀਆਂ ਮੁਹਿੰਮਾਂ ਦੌਰਾਨ ਮਾਲੇ ਤੋਂ ਕੋਚੀ ਤੱਕ ਵਾਪਸ ਦੇਸ਼ ਭੇਜ ਚੁੱਕੀ ਹੈ।     

 

 

ਸ੍ਰੀਲੰਕਾ ਅਤੇ ਮਾਲਦੀਵ ਵਿਚ ਸਥਿਤ ਭਾਰਤੀ ਮਿਸ਼ਨ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਉਨ੍ਹਾਂ ਦੀਆਂ ਸੂਚੀਆਂ ਤਿਆਰ ਕਰ ਰਹੇ ਹਨ ਅਤੇ ਲੋੜੀਂਦੀ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਜਹਾਜ਼ ਵਿਚ ਸਵਾਰ ਹੋਣ ਦੀ  ਸੁਵਿਧਾ  ਪ੍ਰਦਾਨ ਕੀਤੀ ਜਾਵੇਗੀ। ਕੋਵਿਡ-19 ਨਾਲ ਸਬੰਧਿਤ ਸਮਾਜਿਕ ਦੂਰੀ ਦੇ ਨਿਯਮਾਂ ਦੀ ਜਹਾਜ਼ ਵਿਚ ਪਾਲਣਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਮੁਦਰੀ ਯਾਤਰਾ ਦੌਰਾਨ ਮੁੱਢਲੀਆਂ ਸੁਵਿਧਾਵਾਂ ਤੇ ਡਾਕਟਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। 

 

 

ਤੂਤੀਕੋਰਿਨ ਵਿਚ ਜਹਾਜ਼ ਤੋਂ ਉਤਰਣ ਉਪਰੰਤ ਵਾਪਸ ਲਿਆਂਦੇ ਗਏ ਲੋਕਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੂਬੇ ਦੇ ਅਧਿਕਾਰੀਆਂ ਨੂੰ ਸੌਂਪ ਦਿਤੀ ਜਾਵੇਗੀ।  ਇਸ ਮੁਹਿੰਮ ਨੂੰ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਸਿਹਤ ਮੰਤਰਾਲੇ ਅਤੇ ਭਾਰਤ ਸਰਕਾਰ ਤੇ ਰਾਜ ਸਰਕਾਰਾਂ ਦੀਆਂ ਕਈ ਹੋਰ ਏਜੰਸੀਆਂ ਦੇ ਨੇੜਲੇ ਤਾਲਮੇਲ ਨਾਲ ਅੱਗੇ ਵਧਾਇਆ ਜਾ ਰਿਹਾ ਹੈ।   

 

 

*****

 

ਵੀਐੱਮ/ਐੱਮਐੱਸ


(Release ID: 1628066) Visitor Counter : 190