ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਅਤੇ ਟੈਕਨੋਲੋਜੀ ਜ਼ਰੀਏ ਅਰਥਵਿਵਸਥਾ ਨੂੰ ਮੁੜ ਚਾਲੂ ਕਰਨ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾਇਆ ਜਾਵੇਗਾ
ਇਹ ਕਾਨਫ਼ਰੰਸ ਵਿਗਿਆਨੀਆਂ, ਟੈਕਨੋਕ੍ਰੈਟਾਂ, ਸਰਕਾਰੀ ਅਧਿਕਾਰੀਆਂ, ਡਿਪਲੋਮੈਟਾਂ, ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਦਯੋਗ, ਖੋਜ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਦੀਆਂ ਸ਼ਖਸੀਅਤਾਂ ਨੂੰ ਇੱਕ ਮੰਚ ’ਤੇ ਲਿਆਵੇਗੀ
Posted On:
10 MAY 2020 4:12PM by PIB Chandigarh
‘ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਕਾਨੂੰਨੀ ਟੈਕਨੋਲੋਜੀ ਵਿਕਾਸ ਬੋਰਡ (ਟੀਡੀਬੀ) ਅਤੇ ਕਨਫੈਡਰੇਸ਼ਨ ਆਵ੍ ਇੰਡੀਅਨ ਇੰਡਸਟਰੀ (ਸੀਆਈਆਈ) ਦੀ ਤਰਫੋਂ 11 ਮਈ 2020 ਨੂੰ ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਮੌਕੇ ’ਤੇ ਇੱਕ ਉੱਚ ਪੱਧਰੀ ਡਿਜੀਟਲ ਕਾਨਫ਼ਰੰਸ ‘ਰੀਬੂਟਿੰਗ ਦਾ ਇਕੌਨਮੀ ਥਰੂ ਸਾਇੰਸ ਐਂਡ ਟੈਕਨਾਲੋਜੀ ਐਂਡ ਰਿਸਰਚ ਟਰਾਂਸਲੇਸ਼ਨਸ - ਰੀਸਟਾਰਟ’ ਦਾ ਆਯੋਜਨ ਕੀਤਾ ਜਾਵੇਗਾ।
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ, ਸਿਹਤ ਤੇ ਪਰਿਵਾਰ ਭਲਾਈ ਅਤੇ ਧਰਤੀ ਵਿਗਿਆਨ ਮੰਤਰੀ, ਡਾ. ਹਰਸ਼ ਵਰਧਨ ਇਸ ਮੌਕੇ ਮੁੱਖ ਮਹਿਮਾਨ ਹੋਣਗੇ ਅਤੇ ਰਾਸ਼ਟਰੀ ਟੈਕਨੋਲੋਜੀ ਦਿਵਸ ਨੂੰ ਸੰਬੋਧਨ ਕਰਨਗੇ। ਇਸ ਪ੍ਰੋਗਰਾਮ ਦੇ ਦੌਰਾਨ ਮੈਂਬਰ ਸਾਇੰਸ, ਨੀਤੀ ਆਯੋਗ ਡਾ. ਵੀ. ਕੇ. ਸਾਰਸਵਤ; ਪ੍ਰਿੰਸੀਪਲ ਵਿਗਿਆਨਕ ਸਲਾਹਕਾਰ, ਭਾਰਤ ਸਰਕਾਰ ਪ੍ਰੋ. ਕੇ. ਵਿਜੈ ਰਾਘਵਨ; ਵਿਸ਼ਵ ਸਿਹਤ ਸੰਗਠਨ ਵਿੱਚ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ; ਡੀਐੱਸਟੀ ਦੇ ਸਕੱਤਰ ਡਾ. ਆਸ਼ੂਤੋਸ਼ ਸ਼ਰਮਾ ਅਤੇ ਕੁਝ ਹੋਰ ਵੀ ਖ਼ਾਸ ਸੰਬੋਧਨ ਕਰਨਗੇ ਇਸ ਵਿੱਚ ਟੀਡੀਬੀ, ਡੀਐੱਸਟੀ ਅਤੇ ਸੀਆਈਆਈ ਦੇ ਹੋਰ ਅਧਿਕਾਰੀ ਹਿੱਸਾ ਲੈਣਗੇ। ਜੀਵ ਟੈਕਨੋਲੋਜੀ ਵਿਭਾਗ ਦੇ ਸਕੱਤਰ ਡਾ: ਰੇਣੂ ਸਵਰੂਪ, ਸੀਐੱਸਆਈਆਰ ਦੇ ਡਾਇਰੈਕਟਰ ਡਾ. ਸ਼ੇਖਰ ਸੀ ਮੰਡੇ ਅਤੇ ਡੀਜੀ, ਸੀਐੱਸਆਈਆਰ ਅਤੇ ਐੱਚ.ਈ. ਸ਼੍ਰੀਮਾਨ ਵਿਨੈਂਸੋ ਡੀ ਲੂਕਾ, ਭਾਰਤ ਵਿੱਚ ਇਟਲੀ ਦੇ ਰਾਜਦੂਤ ਮਾਣਯੋਗ ਸ਼੍ਰੀ ਵਿਨਸੇਨਜ਼ੋ ਡੀ ਲੁਕਾ ਵੱਖ-ਵੱਖ ਸੈਸ਼ਨਾਂ ਵਿੱਚ ਖ਼ਾਸ ਭਾਸ਼ਣ ਦੇਣਗੇ।
ਕੋਵਿਡ 19 ਸੰਕਟਕਾਲ ਵਿੱਚ, ਮਹਾਮਾਰੀ ਦੇ ਖ਼ਿਲਾਫ਼ ਜੰਗ ਵਿੱਚ ਟੈਕਨੋਲੋਜੀ ਸਭ ਤੋਂ ਅੱਗੇ ਰਹੀ ਹੈ। ਜਿੱਥੇ ਇੱਕ ਪਾਸੇ ਦੁਨੀਆਂ ਆਪਣੇ ਆਪ ਨੂੰ ਨਵੀਂ ਵਿਵਸਥਾ ਵਿੱਚ ਢਾਲ ਰਹੀ ਹੈ, ਉੱਥੇ ਹੀ ਦੁਨੀਆ ਭਰ ਵਿੱਚ ਮੁੱਖ ਕਾਰੋਬਾਰੀ ਹਸਤੀਆਂ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਪੁਨਰ ਵਿਚਾਰ ਕਰ ਰਹੀਆਂ ਹਨ ਅਤੇ ਨਵੀਆਂ ਰਣਨੀਤੀਆਂ ਤਿਆਰ ਕਰ ਰਹੀਆਂ ਹਨ ਜੋ ਲਚਕੀਲਾਪਣ ਲਿਆਉਣ ਵਿੱਚ ਮਦਦਗਾਰ ਹੋਣ ਅਤੇ ਉਹ ਸੰਕਟ ਵਿੱਚੋਂ ਮਜ਼ਬੂਤ ਹੋ ਕੇ ਉਭਰਨ।
ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਅਰਥਵਿਵਸਥਾ ਵਿੱਚ ਨਵੀਂ ਜਾਨ ਫੂਕਣ ਲਈ ਇੱਕ ਵਿਆਪਕ ਕਾਰਜ ਯੋਜਨਾ ਤਿਆਰ ਕਰਨਾ ਸਮੇਂ ਦੀ ਲੋੜ ਹੈ, ਟੀਡੀਬੀ ਇਸੇ ਦਿਸ਼ਾ ਵਿੱਚ ਟੈਕਨੋਲੋਜੀ ਉਪਾਵਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਰਾਸ਼ਟਰੀ ਟੈਕਨੋਲੋਜੀ ਦਿਵਸ ਮਨਾ ਰਿਹਾ ਹੈ। ਇਨ੍ਹਾਂ ਟੈਕਨੋਲੋਜੀਆਂ ਵਿੱਚ ਮੈਡੀਕਲ ਟੈਕਨੋਲੋਜੀਆਂ, ਉੱਨਤ ਟੈਕਨੋਲੋਜੀਆਂ ਅਤੇ ਨਿਰਮਾਣ ਸ਼ਾਮਲ ਹੋਣਗੇ ਜੋ ਭਾਰਤ ਨੂੰ ਕੋਵਿਡ - 19 ਦੇ ਬਾਅਦ ਦੇ ਸਮੇਂ ਲਈ ਤਿਆਰ ਕਰਨਗੇ।
ਇਹ ਕਾਨਫ਼ਰੰਸ ਵਿਗਿਆਨੀਆਂ, ਟੈਕਨੋਕ੍ਰੈਟਾਂ, ਸਰਕਾਰੀ ਅਧਿਕਾਰੀਆਂ, ਡਿਪਲੋਮੈਟਾਂ, ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਉਦਯੋਗ, ਖੋਜ ਸੰਸਥਾਵਾਂ ਅਤੇ ਅਕਾਦਮਿਕ ਸੰਸਥਾਵਾਂ ਦੀਆਂ ਸ਼ਖਸੀਅਤਾਂ ਨੂੰ ਇੱਕ ਮੰਚ ’ਤੇ ਲਿਆਵੇਗੀ, ਜੋ ਸੰਸਾਰਕ ਸਿਹਤ ਸੰਭਾਲ ਸੇਵਾ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੁਆਰਾ ਨਿਭਾਈ ਗਈ ਭੂਮਿਕਾ ’ਤੇ ਆਪਣੀ ਸੂਝ ਨੂੰ ਸਾਂਝਾ ਕਰਨਗੇ ਅਤੇ ਅਜਿਹੇ ਹੱਲ ਲੱਭਣਗੇ ਜੋ ਨਾ ਸਿਰਫ਼ ਮੌਜੂਦਾ ਮਹਾਮਾਰੀ ਨੂੰ ਦੂਰ ਕਰਨਗੇ ਬਲਕਿ ਅੱਗੇ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਵੀ ਸਾਡੀ ਮਦਦ ਕਰਨਗੇ।
ਕਾਨਫ਼ਰੰਸ ਵਿੱਚ ‘ਦਵਾਈਆਂ ਅਤੇ ਮੈਡੀਕਲ ਟੈਕਨੋਲੋਜੀ’; ‘ਉੱਨਤ ਸਮੱਗਰੀ – ਨਵੀਂ ਟੈਕਨੋਲੋਜੀ ਦੇ ਹੋਰੀਜ਼ਨਾਂ’, ‘ਟਿਕਾਊ ਭਵਿੱਖ ਅਤੇ ਸੰਸਾਰਕ ਨਵੀਨਤਾ ਦੇ ਲਈ ਉੱਨਤ ਨਿਰਮਾਣ ਟੈਕਨੋਲੋਜੀਆਂ’ ਅਤੇ ਸੰਸਾਰਕ ਆਰਥਿਕ ਅਗਵਾਈ ਦੇ ਲਈ ਟੈਕਨੋਲੋਜੀ ਗਠਜੋੜ ਵਿਸ਼ੇ ’ਤੇ ਤਕਨੀਕੀ ਸ਼ੈਸ਼ਨ ਹੋਣਗੇ।
ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਵੱਲੋਂ, ਟੀਡੀਬੀ, ਦੇਸ਼ ਵਿੱਚ ਨਵੀਨਤਾਵਾਂ ਅਤੇ ਟੈਕਨੋਲੋਜੀ ਉੱਤਮਤਾ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦੇ ਲਈ ਹਰ ਸਾਲ 11 ਮਈ ਨੂੰ ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਰੂਪ ਵਿੱਚ ਮਨਾਉਂਦਾ ਹੈ। ਇਸ ਦਿਨ ਦਾ ਇਤਿਹਾਸਕ ਨਜ਼ਰੀਆ ਵੀ ਹੈ, ਕਿਉਂਕਿ 11 ਮਈ 1998 ਨੂੰ ਹੀ ਭਾਰਤ ਨੇ ਪੋਖਰਨ ਵਿਖੇ ਸਫ਼ਲਤਾਪੂਰਵਕ ਪ੍ਰਮਾਣੂ ਪਰੀਖਿਆ ਨੂੰ ਨੇਪਰੇ ਚਾੜ ਕੇ ਇੱਕ ਵੱਡੀ ਤਕਨੀਕੀ ਸਫ਼ਲਤਾ ਹਾਸਲ ਕੀਤੀ ਸੀ। ਇਸ ਤੋਂ ਇਲਾਵਾ, ਇਸੇ ਦਿਨ ਬੰਗਲੌਰ ਵਿੱਚ ਪਹਿਲੇ ਸਵਦੇਸ਼ੀ ਜਹਾਜ਼ “ਹੰਸਾ – 3” ਨੇ ਟੈਸਟ ਉਡਾਨ ਭਰੀ ਸੀ; ਅਤੇ ਇਸੇ ਦਿਨ ਭਾਰਤ ਨੇ ਤ੍ਰਿਸ਼ੂਲ ਮਿਸਾਇਲ ਦਾ ਸਫ਼ਲ ਪ੍ਰੀਖਣ ਪ੍ਰਦਰਸ਼ਨ ਵੀ ਕੀਤਾ ਸੀ। ਇਸ ਦਨ ਨੂੰ 1999 ਤੋਂ, ਰਾਸ਼ਟਰੀ ਟੈਕਨੋਲੋਜੀ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ।
ਟੈਕਨੋਲੋਜੀ ਦਿਵਸ ਮਨਾਇਆ ਜਾਣਾ ਵਿਗਿਆਨਕ ਜਾਂਚ, ਤਕਨੀਕੀ ਰਚਨਾਤਮਕਤਾ ਅਤੇ ਇਨੋਵੇਸ਼ਨਾਂ ਲਈ ਭਾਰਤ ਦੀ ਜੱਦੋ-ਜਹਿਦ ਅਤੇ ਰਾਸ਼ਟਰੀ ਸਮਾਜਿਕ-ਆਰਥਿਕ ਲਾਭ ਅਤੇ ਸੰਸਾਰਕ ਮੌਜੂਦਗੀ ਵਿੱਚ ਇਨ੍ਹਾਂ ਘਟਨਾਵਾਂ ਦੇ ਏਕੀਕਰਣ ਦਾ ਪ੍ਰਤੀਕ ਹੈ।
ਡਿਜੀਟਲ ਕਾਨਫ਼ਰੰਸ ਤੋਂ ਇਲਾਵਾ, ਉਨ੍ਹਾਂ ਕੰਪਨੀਆਂ ਦੇ ਨਾਲ ਇੱਕ ਵਰਚੁਅਲ ਨੁਮਾਇਸ਼ ਦੀ ਯੋਜਨਾ ਬਣਾਈ ਗਈ ਹੈ ਜਿਨ੍ਹਾਂ ਦੀਆਂ ਟੈਕਨੋਲੋਜੀਆਂ ਦਾ ਟੀਡੀਬੀ ਸਮਰਥਨ ਕਰਦਾ ਹੈ। ਵੱਖ-ਵੱਖ ਸੰਸਥਾਵਾਂ ਅਤੇ ਕੰਪਨੀਆਂ ਦੁਆਰਾ ਡਿਜੀਟਲ ਬੀ 2 ਬੀ ਲਾਉਂਜ ਦੇ ਜ਼ਰੀਏ ਪ੍ਰਦਰਸ਼ਨੀ ਵਿੱਚ ਆਪਣੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਦੁਨੀਆ ਭਰ ਦੇ ਲੋਕ ਕਾਨਫ਼ਰੰਸ ਦੇ ਸਟਾਲਾਂ ਨੂੰ ਦੇਖ ਸਕਦੇ ਹਨ।
ਚਾਹਵਾਨ ਭਾਗੀਦਾਰ ਕਾਨਫ਼ਰੰਸ ਅਤੇ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਲਈ ਇਸ ਲਿੰਕ ਦੀ ਵਰਤੋਂ ਕਰਕੇ ਪਹਿਲਾਂ ਰਜਿਸਟਰ ਕਰ ਸਕਦੇ ਹਨ: https://www.ciidigitalevents.in/SignUp.aspx?EventId=E000000003
****
ਕੇਜੀਐੱਸ / (ਡੀਐੱਸਟੀ)
(Release ID: 1622774)
Visitor Counter : 232