ਰੱਖਿਆ ਮੰਤਰਾਲਾ
ਭਾਰਤੀ ਜਲ ਸੈਨਾ ਨੇ ਅਪ੍ਰੇਸ਼ਨ ''ਸਮੁਦਰ ਸੇਤੂ'' ਲਾਂਚ ਕੀਤਾ
Posted On:
05 MAY 2020 7:18PM by PIB Chandigarh
ਭਾਰਤੀ ਜਲ ਸੈਨਾ ਨੇ ਭਾਰਤੀ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਦੇ ਰਾਸ਼ਟਰੀ ਉਪਰਾਲੇ ਦੇ ਹਿੱਸੇ ਵਜੋਂ ਅਪ੍ਰੇਸ਼ਨ ''ਸਮੁਦਰ ਸੇਤੂ'' ਯਾਨੀ ''ਸਮੁੰਦਰੀ ਪੁਲ'' ਲਾਂਚ ਕੀਤਾ ਹੈ। ਵਿਦੇਸ਼ਾਂ ਤੋਂ ਵਾਪਸੀ ਲਈ ਅੱਠ ਮਈ ਨੂੰ ਸ਼ੁਰੂ ਹੋਣ ਵਾਲੇ ਅਪ੍ਰੇਸ਼ਨ ਦੇ ਪਹਿਲੇ ਗੇੜ ਦੇ ਹਿੱਸੇ ਵਜੋਂ ਮੌਜੂਦਾ ਸਮੇਂ 'ਚ ਭਾਰਤੀ ਜਲ ਸੈਨਾ ਬੇੜਿਆਂ ਜਲਸ਼ਵਾ ਅਤੇ ਮਗਰ (Jalashwa and Magar) ਨੂੰ ਮਾਲੇ ਰਿਬਲਿਕ ਆਵ੍ ਮਾਲਦੀਵ ਰਵਾਨਾ ਕੀਤਾ ਗਿਆ ਹੈ।
ਸਰਕਾਰ ਵਿਦੇਸ਼ ਵਿੱਚ ਫਸੇ ਸਾਡੇ ਨਾਗਰਿਕਾਂ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਦੇ ਹਾਲਾਤ ਦੀ ਨੇੜਿਓਂ ਮਾਨੀਟਰਿੰਗ ਕਰ ਰਹੀ ਹੈ। ਭਾਰਤੀ ਜਲ ਸੈਨਾ ਨੂੰ ਇਨ੍ਹਾਂ ਨਾਗਰਿਕਾਂ ਨੂੰ ਸਮੁੰਦਰੀ ਰਸਤੇ ਰਾਹੀਂ ਵਾਪਸ ਲਿਆਉਣ ਲਈ ਲੋੜੀਂਦੀ ਤਿਆਰੀ ਕਰਨ ਦੀ ਹਿਦਾਇਤ ਦਿੱਤੀ ਜਾ ਚੁੱਕੀ ਹੈ।
ਰਿਪਬਲਿਕ ਮਾਲਦੀਵ ਵਿਖੇ ਭਾਰਤੀ ਮਿਸ਼ਨ ਜਲ ਸੈਨਾ ਦੇ ਜਹਾਜ਼ਾਂ ਰਾਹੀਂ ਲਿਆਂਦੇ ਜਾਣ ਵਾਲੇ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਲੋੜੀਂਦੀ ਮੈਡੀਕਲ ਸਕ੍ਰੀਨਿੰਗ ਤੋਂ ਬਾਅਦ ਲਿਆਂਦਾ ਜਾਵੇਗਾ। ਸਮੁੰਦਰੀ ਜਹਾਜ਼ਾਂ ਵਿੱਚ ਉਨ੍ਹਾਂ ਨੂੰ ਵਾਪਸ ਲਿਆਉਣ ਵੇਲੇ ਕੋਵਿਡ ਸਬੰਧੀ ਸਮਾਜਿਕ ਦੂਰੀ ਨਿਯਮਾਂ ਦੇ ਨਾਲ-ਨਾਲ ਉਨ੍ਹਾਂ ਨੂੰ ਲਿਆਉਣ ਦੀ ਸਮਰੱਥਾ ਅਤੇ ਮੈਡੀਕਲ ਸੁਵਿਧਾ ਦਾ ਧਿਆਨ ਰੱਖਦੇ ਹੋਏ,ਪਹਿਲੇ ਗੇੜ ਵਿੱਚ ਕੁੱਲ 1000 ਵਿਅਕਤੀਆਂ ਨੂੰ ਲਿਆਉਣ ਦੀ ਯੋਜਨਾ ਹੈ।
ਸਮੁੰਦਰੀ ਜਹਾਜਾਂ ਨੂੰ ਰਾਹਤ ਅਪ੍ਰੇਸ਼ਨ ਲਈ ਮੁਕੰਮਲ ਤੌਰ 'ਤੇ ਤਿਆਰ ਕਰ ਲਿਆ ਗਿਆ ਹੈ। ਬਾਹਰੋਂ ਲਿਆਉਣ ਵਾਲੇ ਲੋਕਾਂ ਨੂੰ ਸਮੁੰਦਰੀ ਰਾਹ ਵਿੱਚੋਂ ਆਉਣ ਸਮੇਂ ਮੁੱਢਲੀਆਂ ਲੋੜੀਂਦੀਆਂ ਵਸਤਾਂ ਤੇ ਮੈਡੀਕਲ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਕੋਵਿਡ-19 ਨਾਲ ਜੁੜੀਆਂ ਵਿਲੱਖਣ ਚੁਣੌਤੀਆਂ ਦੇ ਮੱਦੇਨਜ਼ਰ ਸਖ਼ਤ ਸਾਵਧਾਨੀਆਂ (ਪ੍ਰੋਟੋਕਾਲ) ਤੈਅ ਕੀਤੇ ਗਏ ਹਨ।
ਬਾਹਰੋਂ ਲਿਆਏ ਜਾਣ ਵਾਲੇ ਲੋਕਾਂ ਨੂੰ ਕੋਚੀ, ਕੇਰਲ ਵਿਖੇ ਛੱਡਿਆ ਜਾਵੇਗਾ, ਜਿੱਥੇ ਉਹ ਰਾਜ ਸਰਕਾਰ ਦੀ ਸੰਭਾਲ਼ ਵਿੱਚ ਰੱਖੇ ਜਾਣਗੇ। ਇਹ ਅਪ੍ਰੇਸ਼ਨ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ, ਸਿਹਤ ਮੰਤਰਾਲੇ ਤੇ ਭਾਰਤ ਸਰਕਾਰ ਦੀਆਂ ਹੋਰ ਏਜੰਸੀਆਂ ਅਤੇ ਰਾਜ ਸਰਕਾਰ ਦੇ ਤਾਲਮੇਲ ਨਾਲ ਚਲਾਇਆ ਜਾ ਰਿਹਾ ਹੈ।
****
ਵੀਐੱਮ/ਐੱਮਐੱਸ
(Release ID: 1621456)
Visitor Counter : 217