ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਵਿਦੇਸ਼ੀਂ ਰਹਿੰਦੇ ਭਾਰਤੀ ਵਿਦਿਆਰਥੀਆਂ ਤੱਕ ਪਹੁੰਚ ਕਰ ਕੇ ਕੋਵਿਡ–19 ਮਹਾਮਾਰੀ ਨੂੰ ਇੱਕ ਮੌਕੇ ’ਚ ਤਬਦੀਲ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ


ਕਿਹਾ, ਸਮੁੱਚੇ ਦੇਸ਼ ’ਚ ਸੜਕਾਂ ਦੇ ਕੰਢੇ ਅਨੇਕ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਨਵੀਆਂ ਹਾਈਵੇਅ ਅਲਾਈਨਮੈਂਟਸ ਤੇ ਬਸ ਪੋਰਟਸ ਦੀ ਯੋਜਨਾਬੰਦੀ ਲਈ ਨਿਵੇਸ਼ ਦਾ ਸ਼ਾਨਦਾਰ ਮੌਕਾ ਹੋਵੇਗਾ

ਸ਼੍ਰੀ ਗਡਕਰੀ ਕੋਵਿਡ–19 ਦਾ ਫੈਲਣਾ ਰੋਕਣ ਹਿਤ ਮਨੋਬਲ ਵਧਾਉਣ ਤੇ ਸਰਕਾਰੀ ਯਤਨਾਂ ਬਾਰੇ ਜਾਣਕਾਰੀ ਦੇਣ ਲਈ ਹੁਣ ਤੱਕ ਵੈੱਬੀਨਾਰ, ਵੀਡੀਓ ਕਾਨਫ਼ਰੰਸਾਂ ਤੇ ਸੋਸ਼ਲ ਮੀਡੀਆ ਰਾਹੀਂ 1.3 ਕਰੋੜ ਲੋਕਾਂ ਤੱਕ ਪਹੁੰਚ ਕਰ ਚੁੱਕੇ ਹਨ

Posted On: 26 APR 2020 10:46PM by PIB Chandigarh


ਕੇਂਦਰੀ ਰੋਡ ਟਰਾਂਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਪਿਛਲੇ ਕੁਝ ਦਿਨਾਂ ਦੌਰਾਨ ਵੈਬੀਨਾਰਾਂ, ਵੀਡੀਓ ਕਾਨਫ਼ਰੰਸਾਂ ਤੇ ਸੋਸ਼ਲ ਮੀਡੀਆ ਦੇ ਹੋਰ ਮੰਚਾਂ ਰਾਹੀਂ ਸਮਾਜ ਦੇ ਵਿਭਿੰਨ ਵਰਗਾਂ ਤੇ ਖੇਤਰਾਂ ਨਾਲ ਵੱਡੇ ਪੱਧਰ ’ਤੇ ਪਹੁੰਚ ਕੀਤੀ ਹੈ। ਇੰਝ ਹੁਣ ਤੱਕ 1.30 ਕਰੋੜ ਲੋਕਾਂ ਤੱਕ ਪਹੁੰਚ ਕਰ ਕੇ ਗੱਲਬਾਤ ਕੀਤੀ ਗਈ ਹੈ।
ਇਸੇ ਲੜੀ ’ਚ, ਉਨ੍ਹਾਂ ਇੰਗਲੈਂਡ, ਕੈਨੇਡਾ, ਸਿੰਗਾਪੁਰ, ਹੋਰ ਯੂਰਪੀ ਦੇਸ਼ਾਂ ਤੇ ਆਸਟ੍ਰੇਲੀਆ ਜਿਹੇ ਹੋਰ ਵੱਖੋ–ਵੱਖਰੇ ਦੇਸ਼ਾਂ ’ਚ ਰਹਿੰਦੇ ਭਾਰਤੀ ਓਵਰਸੀਜ਼ ਵਿਦਿਆਰਥੀਆਂ ਨਾਲ ‘ਆਲਮੀ ਮਹਾਮਾਰੀ ਨੂੰ ਭਾਰਤ ਦਾ ਜਵਾਬ: ਭਾਰਤ ਲਈ ਵਿਸਤ੍ਰਿਤ ਯੋਜਨਾ’ ਵਿਸ਼ੇ ਉੱਤੇ ਗੱਲਬਾਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਲਈ ਅਗਲਾ ਰਾਹ ਸਪਸ਼ਟ ਤੌਰ ’ਤੇ ਸਾਡਾ ਸਕਾਰਾਤਮਕ ਰਹਿਣ ਅਤੇ ਇਸ ਔਕੜ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਲਈ ਇੱਕਜੁਟ ਜਤਨ ਕਰਨ ’ਚ ਨਿਹਿਤ ਹੈ। ਇਸ ਦੇ ਨਾਲ ਹੀ, ਹੁਣ ਜਦੋਂ ਅਸੀਂ ਵਿਭਿੰਨ ਗਤੀਵਿਧੀਆਂ ਮੁੜ ਅਰੰਭ ਕਰਨ ਵੱਲ ਵਧ ਰਹੇ ਹਾਂ, ਸਾਨੂੰ ਸਭ ਨੂੰ ਕੋਵਿਡ–19 ਵਾਇਰਸ ਦਾ ਫੈਲਣਾ ਰੋਕਣ ਲਈ ਸਿਹਤ ਪ੍ਰੋਟੋਕੋਲਾਂ ਨਾਲ ਜੁੜੀਆਂ ਸਾਰੀਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਸਾਡੇ ਵੱਡੇ, ਦਰਮਿਆਨੇ, ਛੋਟੇ ਜਾਂ ਸੂਖਮ ਹਰ ਤਰ੍ਹਾਂ ਦੇ ਉਦਯੋਗਾਂ ਨੂੰ ਕਾਰੋਬਾਰ ਕਰਨ ਲਈ ਪਹਿਲਾਂ ਦੇ ਮੁਕਾਬਲੇ ਮਿਸਾਲੀ ਤਬਦੀਲੀਆਂ ਕਰਨੀਆਂ ਹੋਣਗੀਆਂ; ਜਿਵੇਂ ਉਨ੍ਹਾਂ ਮਾਸਕਾਂ, ਸੈਨੀਟਾਈਜ਼ਰਾਂ ਦੀ ਵਰਤੋਂ ਤਾਂ ਯਕੀਨੀ ਬਣਾਉਣੀ ਹੀ ਹੋਵੇਗੀ ਤੇ ਨਾਲ ਹੀ ਸਮਾਜਕ–ਦੂਰੀ ਦਾ ਵੀ ਪੂਰਾ ਧਿਆਨ ਰੱਖਣਾ ਹੋਵੇਗਾ, ਸਮਾਜਕ–ਦੂਰੀ ਦੇ ਨਿਯਮਾਂ ਦਾ ਖ਼ਿਆਲ ਰੱਖਦਿਆਂ ਕਾਮਿਆਂ ਲਈ ਫ਼ੂਡ–ਸ਼ੈਲਟਰਜ਼ ਦੇ ਇੰਤਜ਼ਾਮ ਕਰਨੇ ਹੋਣਗੇ, ਉਨ੍ਹਾਂ ਨੂੰ ਦਰਾਮਦਾਂ ਦੇ ਬਦਲ ਲੱਭਣ ਨੂੰ ਉਤਸ਼ਾਹਿਤ ਕਰਨ ਦੀ ਲੋੜ ਪਵੇਗੀ, ਕਾਰੋਬਾਰ ਤੇ ਉਦਯੋਗ ਨਵੇਂ ਇਲਾਕਿਆਂ ’ਚ ਜਾ ਕੇ ਸਥਾਪਿਤ ਕਰਨੇ ਹੋਣਗੇ ਕਿ ਤਾਂ ਜੋ ਮੈਟਰੋ ਸ਼ਹਿਰਾਂ ਵਿੱਚੋਂ ਭੀੜ ਘਟ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਕੰਪਨੀਆਂ ਨੂੰ ਵਿਸ਼ਵ ਪੱਧਰੀ ਫ਼ਰਮਾਂ ਨਾਲ ਨਵੀਂਆਂ ਭਾਈਵਾਲੀਆਂ ਕਰਨੀਆਂ ਹੋਣਗੀਆਂ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਜੇਵੀਜ਼ (JVs) ਆਦਿ ਸਥਾਪਿਤ ਕਰਨ ਲਈ ਖਿੱਚਣਾ ਹੋਵੇਗਾ। ਸ਼੍ਰੀ ਗਡਕਰੀ ਨੇ ਕਿਹਾ ਕਿ ਸਾਡੇ ਜਤਨ ਸਿਰਫ਼ ਭਾਰਤੀ ਮੰਗ ਪੂਰੀ ਕਰਨ ਲਈ ਹੀ ਨਹੀਂ ਹੋਣਗੇ, ਸਗੋਂ ਸਾਨੂੰ ਵਿਸ਼ਵ–ਬਾਜ਼ਾਰ ਬਣਨ ਲਈ ਵੀ ਤਿਆਰ ਰਹਿਣਾ ਹੋਵੇਗਾ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਤੇ ਦੇਸ਼ ਹੁਣ ਚੀਨ ਤੋਂ ਆਪਣੇ ਕਾਰੋਬਾਰ ਬਦਲਣ ਬਾਰੇ ਵਿਚਾਰ ਕਰਨ ਲੱਗ ਪਏ ਹਨ। ਉਨ੍ਹਾਂ ਨੌਜਵਾਨ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ ’ਚ ਪੜੜ੍ਹਦਿਆਂ ਇਸ ਟੀਚੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਕਿਉਂਕਿ ਵਿਸ਼ਵ ’ਚ ਪ੍ਰਫ਼ੁੱਲਤ ਹੋ ਰਹੇ ਮੋਹਰੀ ਭਾਰਤ ਵਿੱਚ ਇਹ ਨੌਜਵਾਨ ਬਹੁਤ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ।
ਸ਼੍ਰੀ ਗਡਕਰੀ ਨੇ ਕਿਹਾ ਕਿ 22 ਗ੍ਰੀਨ ਐਕਸਪ੍ਰੈੱਸ ਹਾਈਵੇਅਜ਼ ਵਿਕਸਿਤ ਕੀਤੇ ਜਾ ਰਹੇ ਹਨ ਅਤੇ ਦਿੱਲੀ–ਮੁੰਬਈ ਐਕਸਪ੍ਰੈੱਸਵੇਅ ਦੀ ਨਵੀਂ ਰੂਪ–ਰੇਖਾ ਉੱਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਨਾਲ ਉਦਯੋਗਿਕ ਸਮੂਹਾਂ, ਉਦਯੋਗਿਕ ਪਾਰਕਾਂ, ਲੌਜਿਸਟਿਕਸ ਪਾਰਕਾਂ ਆਦਿ ਵਿੱਚ ਭਵਿੱਖ ਦੇ ਨਿਵੇਸ਼ ਕਰਨ ਲਈ ਉਦਯੋਗਾਂ ਵਾਸਤੇ ਹੁਣ ਕਈ ਤਰ੍ਹਾਂ ਦੇ ਮੌਕੇ ਖੁੱਲ੍ਹ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਾਈਵੇਅਜ਼ ਦੇ ਨਾਲ ਸੜਕਾਂ ਦੇ ਕੰਢੇ ਉੱਤੇ 2,000 ਸੁਵਿਧਾਵਾਂ ਵਿਕਸਿਤ ਕੀਤੀਆਂ ਜਾਣਗੀਆਂ ਤੇ ਇਸ ਦੇ ਨਾਲ ਹੀ ਉਨ੍ਹਾਂ ਦੀਆਂ ਦੇਸ਼ ਵਿੱਚ 2,000 ਬੱਸ ਪੋਰਟਸ ਸਥਾਪਿਤ ਕਰਨ ਦੀਆਂ ਯੋਜਨਾਵਾਂ ਵੀ ਹਨ।
ਸ਼੍ਰੀ ਨਿਤਿਨ ਗਡਕਰੀ ਨੇ ਹੋਣਹਾਰ ਨੌਜਵਾਨ ਵਿਦਿਆਰਥੀਆਂ ਅਤੇ ਵਿਦੇਸ਼ੀਂ ਰਹਿੰਦੇ ਭਾਰਤੀ ਮੂਲ ਦੇ ਵਿਗਿਆਨੀਆਂ ਨੂੰ ਭਾਰਤ ਦੀ ਵਿਕਾਸ ਕਹਾਣੀ ਅਤੇ ਖੋਜ, ਨਵੀਨਤਾ, ਪ੍ਰਬੰਧ, ਦਵਾ, ਉੱਚ ਸਿੱਖਿਆ ਆਦਿ ਜਿਹੇ ਖੇਤਰਾਂ ਵਿੱਚ ਨਵੇਂ ਮੌਕਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਵਿਭਿੰਨ ਦੇਸ਼ਾਂ ਦੀਆਂ 43 ਯੂਨੀਵਰਸਿਟੀਜ਼ ਦੇ ਓਵਰਸੀਜ਼ ਭਾਰਤੀ ਵਿਦਿਆਰਥੀਆਂ ਨਾਲ ਅੱਜ ਵੀਡੀਓ ਕਾਨਫ਼ਰਸਿੰਗ ਰਾਹੀਂ ਗੱਲਬਾਤ ਕਰਦਿਆਂ ਸ਼੍ਰੀ ਗਡਕਰੀ ਨੇ ਭਰੋਸਾ ਦਿਵਾਇਆ ਕਿ ਭਾਵੇਂ ਪੀਪੀਪੀ ਹੋਵੇ ਜਾਂ ਜੇਵੀ, ਵਿਭਿੰਨ ਵਿਧੀਆਂ ’ਚ ਅਜਿਹੇ ਉੱਦਮਾਂ ਦੀ ਸਰਕਾਰ ਬਹੁਤ ਸਹਾਇਤਾ ਕਰੇਗੀ।
ਸ਼੍ਰੀ ਗਡਕਰੀ ਹੁਣ ਤੱਕ ਲਗਭਗ 8,000 ਕਾਰੋਬਾਰੀ ਆਗੂਆਂ, ਉਦਯੋਗਪਤੀਆਂ, ਉੱਦਮੀਆਂ ਨਾਲ ਗੱਲਬਾਤ ਕਰ ਚੁੱਕੇ ਹਨ। ਇਸ ਦੌਰਾਨ ਮੰਤਰੀ ਨੇ ਉਨ੍ਹਾਂ ਦੇ ਸਾਰੇ ਮਸਲੇ ਸੁਣੇ, ਉਨ੍ਹਾਂ ਦੇ ਮਾਮਲੇ ਵਿੱਤ, ਵਣਜ ਤੇ ਉਦਯੋਗ, ਰੇਲਵੇ, ਕਿਰਤ ਤੇ ਰੋਜ਼ਗਾਰ ਆਦਿ ਜਿਹੇ ਸਬੰਧਿਤ ਮੰਤਰਾਲਿਆਂ ਤੇ ਵਿਭਾਗਾਂ ਤੱਕ ਪਹੁੰਚਾਏ।
ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਉੱਦਮਾਂ ਲਈ ਲੋੜੀਂਦੀਆਂ ਮਨਜ਼ੂਰੀਆਂ 3 ਮਹੀਨਿਆਂ ਅੰਦਰ ਲੈਣ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਗ੍ਰਾਮੀਣ, ਕਬਾਇਲੀ ਤੇ ਖੇਤੀਬਾੜੀ ਸੈਕਟਰਾਂ/ਖੇਤਰਾਂ ਦੇ ਵਾਧੇ ’ਤੇ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਸਾਰੀਆਂ ਸਬੰਧਿਤ ਧਿਰਾਂ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ ਤੇ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਅਸੀਂ ਆਰਥਿਕ ਮੋਰਚੇ ਦੀ ਜੰਗ ਦੇ ਨਾਲ–ਨਾਲ ਕੋਰੋਨਾ ਵਿਰੁੱਧ ਜੰਗ ਵੀ ਜ਼ਰੂਰ ਜਿੱਤਾਂਗੇ।
ਸ਼੍ਰੀ ਨਿਤਿਨ ਗਡਕਰੀ ਨੇ ਵਿਭਿੰਨ ਦੇਸ਼ਾਂ ਦੀਆਂ 43 ਯੂਨੀਵਰਸਿਟੀਆਂ ਦੇ ਓਵਰਸੀਜ਼ ਭਾਰਤੀ ਵਿਦਿਆਰਥੀਆਂ ਦੇ ਨਾਲ–ਨਾਲ ਨਾਸਾ (NASA) ’ਚ ਭਾਰਤੀ ਮੂਲ ਦੇ ਵਿਗਿਆਨੀ ਨਾਲ ਵੀ ਗੱਲਬਾਤ ਕੀਤੀ ਹੈ। ਜਿਹੜੇ ਸੰਗਠਨਾਂ ਦੇ ਮੈਂਬਰਾਂ ਤੇ ਪ੍ਰਤੀਨਿਧਾਂ ਨੇ ਸ਼੍ਰੀ ਗਡਕਰੀ ਨਾਲ ਪਹਿਲਾਂ ਗੱਲਬਾਤ ਕੀਤੀ ਹੈ, ਉਨ੍ਹਾਂ ਵਿੱਚ ਇਹ ਸ਼ਾਮਲ ਹਨ: ਫਿੱਕੀ (FICCI), ਐੱਸਐੱਮਈ (SME), ਸੀਆਰਈਡੀਏਆਈ (ਕ੍ਰੈਡਾਈ-CREDAI) ਮੁੰਬਈ, ਐੱਸਐੱਮਈਜ਼ (SMEs), ਕਲੱਬ ਆਵ੍ ਇੰਡੀਆ ਦੇ ਸੀਈਓਜ਼ (CEOs), ਏਆਈਪੀਐੱਮਏ (AIPMA), ਭਾਰਤੀ ਸ਼ਿਕਸ਼ਣ ਮੰਡਲ, ਯੰਗ ਪ੍ਰੈਜ਼ੀਡੈਂਟਸ ਆਰਗੇਨਾਇਜ਼ੇਸ਼ਨ, ਮਹਾਰਾਸ਼ਟਰ ਇਕਨੌਮਿਕ ਡਿਵੈਲਪਮੈਂਟ ਕੌਂਸਲ, ਐਸੋਚੈਮ (ASSOCHAM), ਪੀਐੱਚਡੀ ਚੈਂਬਰ ਆਵ੍ ਕਮਰਸ, ਭਾਰਤ ਚੈਂਬਰ ਆਵ੍ ਕਮਰਸ ਆਦਿ।
***
ਆਰਸੀਜੇ/ਐੱਮਐੱਸ/ਐੱਸਕੇਪੀ

 



(Release ID: 1618574) Visitor Counter : 175