ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਭੁਗਤਾਨ ਵਿੱਚ ਹੋਈ ਦੇਰੀ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਸਰਕਾਰ ਵੱਖਰੀ ਯੋਜਨਾ ’ਤੇ ਕੰਮ ਕਰ ਰਹੀ ਹੈ - ਸ਼੍ਰੀ ਨਿਤਿਨ ਗਡਕਰੀ
Posted On:
24 APR 2020 6:59PM by PIB Chandigarh
ਕੇਂਦਰੀ ਸੂਖਮ, ਲਘੂ ਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਅਤੇ ਰੋਡ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ, ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਸਰਕਾਰ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਭੁਗਤਾਨ ਵਿੱਚ ਦੇਰੀ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਵੱਖਰੀ ਯੋਜਨਾ ’ਤੇ ਕੰਮ ਕਰ ਰਹੀ ਹੈ ਜਿਸ ਵਿੱਚ ਐੱਮਐੱਸਐੱਮਈ ਦੇ ਭੁਗਤਾਨ ਲਈ ਇੱਕ ਸਮਰਪਿਤ ਫ਼ੰਡ ਬਣਾਇਆ ਜਾਵੇਗਾ।
ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਭੁਗਤਾਨ ਵਿੱਚ ਹੋਈ ਦੇਰੀ ’ਤੇ ਟਿੱਪਣੀ ਕਰਦਿਆਂ, ਗਡਕਰੀ ਨੇ ਕਿਹਾ ਕਿ ਭੁਗਤਾਨ ਤੁਰੰਤ ਕਰਨ ਲਈ ਸਾਰੇ ਯਤਨ ਕੀਤੇ ਜਾਣੇ ਚਾਹੀਦੇ ਹਨ ਅਤੇ ਸਾਰੇ ਸਰਕਾਰੀ ਵਿਭਾਗਾਂ ਨੂੰ ਇਸ ਤਰ੍ਹਾਂ ਦੇ ਨਿਰਦੇਸ਼ ਦਿੱਤੇ ਗਏ ਹਨ।
ਉਹ ਐਸੋਸੀਏਟਿਡ ਚੈਂਬਰਸ ਆਵ੍ ਕਮਰਸ ਆਵ੍ ਇੰਡੀਆ (ਐਸੋਚੈਮ) ਦੇ ਨੁਮਾਇੰਦਿਆਂ ਨਾਲ ਐੱਮਐੱਸਐੱਮਈ ’ਤੇ ਕੋਵਿਡ - 19 ਦੇ ਪ੍ਰਭਾਵ ਬਾਰੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕਰਦਿਆਂ ਬੋਲ ਰਹੇ ਸਨ।
ਸ਼੍ਰੀ ਗਡਕਰੀ ਨੇ ਉਦਯੋਗਾਂ ਦੇ ਨੁਮਾਇੰਦਿਆਂ ਨੂੰ ਸੱਦਾ ਦਿੱਤਾ ਕਿ ਜਿੱਥੇ ਸਰਕਾਰ ਨੇ ਕੁਝ ਉਦਯੋਗ ਖੇਤਰਾਂ ਨੂੰ ਕੰਮਕਾਜ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ, ਉੱਥੇ ਉਦਯੋਗਾਂ ਨੂੰ ਵੀ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਕੋਵਿਡ - 19 ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਰੋਕਥਾਮ ਉਪਾਅ ਕੀਤੇ ਜਾਣ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਮਜ਼ਦੂਰਾਂ ਅਤੇ ਕਾਰਜਕਾਰੀ ਅਧਿਕਾਰੀਆਂ ਨੂੰ ਭੋਜਨ, ਪਨਾਹ ਮੁਹੱਈਆ ਕਰਵਾ ਕੇ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਨੂੰ ਕਾਇਮ ਰੱਖਿਆ ਜਾਵੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਦੇਸ਼ੀ ਆਯਾਤ ਨੂੰ ਘਰੇਲੂ ਉਤਪਾਦਨ ਨਾਲ ਤਬਦੀਲ ਕਰਨ ਲਈ ਆਯਾਤ ਦੇ ਬਦਲ ’ਤੇ ਵੀ ਧਿਆਨ ਦੇਣ ਦੀ ਲੋੜ ਹੈ।ਉਸਨੇ ਉਦਯੋਗਾਂ ਨੂੰ ਟੈਕਨੋਲੋਜੀ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਜ਼ਿਕਰ ਕੀਤਾ ਕਿ ਖੋਜ, ਨਵੀਨਤਾ ਅਤੇ ਗੁਣਵੱਤਾ ਵਿੱਚ ਸੁਧਾਰ ਉਦਯੋਗਿਕ ਵਿਕਾਸ ਵਿੱਚ ਵੱਡੀ ਭੂਮਿਕਾ ਅਦਾ ਕਰ ਸਕਦੇ ਹਨ।
ਮੰਤਰੀ ਨੇ ਦੁਹਰਾਇਆ ਕਿ ਜਪਾਨ ਦੀ ਸਰਕਾਰ ਨੇ ਆਪਣੇ ਉਦਯੋਗਾਂ ਨੂੰ ਚੀਨ ਵਿੱਚੋਂ ਜਪਾਨੀ ਨਿਵੇਸ਼ ਨੂੰ ਬਾਹਰ ਕੱਢਣ ਅਤੇ ਹੋਰ ਕਿਤੇ ਨਿਵੇਸ਼ ਕਰਨ ਲਈ ਖ਼ਾਸ ਪੈਕੇਜ ਦੀ ਪੇਸ਼ਕਸ਼ ਕੀਤੀ ਹੈ।ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਇੱਕ ਮੌਕਾ ਹੈ ਅਤੇ ਇਸ ਨੂੰ ਵਰਤਣਾ ਚਾਹੀਦਾ ਹੈ।
ਉਨ੍ਹਾਂ ਨੇ ਜ਼ਿਕਰ ਕੀਤਾ ਕਿ ਗ੍ਰੀਨ ਐਕਸਪ੍ਰੈੱਸ ਹਾਈਵੇ ’ਤੇ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਅਤੇ ਉਦਯੋਗਾਂ ਲਈ ਉਦਯੋਗਿਕ ਕਲਸਟਰਾਂ, ਉਦਯੋਗਿਕ ਪਾਰਕਾਂ, ਲੌਜਿਸਟਿਕ ਪਾਰਕਾਂ ਵਿੱਚ ਭਵਿੱਖ ਲਈ ਨਿਵੇਸ਼ ਕਰਨ ਦਾ ਇੱਕ ਮੌਕਾ ਹੈ।ਉਨ੍ਹਾਂ ਸਪਸ਼ਟ ਕੀਤਾ ਕਿ ਮੈਟਰੋ ਸ਼ਹਿਰਾਂ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਇੰਡਸਟ੍ਰੀਅਲ ਕਲਸਟਰ ਨੂੰ ਵਧਾਉਣ ਦੀ ਜ਼ਰੂਰਤ ਹੈ ਅਤੇ ਅਪੀਲ ਕੀਤੀ ਗਈ ਕਿ ਅਜਿਹੀਆਂ ਤਜਵੀਜ਼ਾਂ ਸਰਕਾਰ ਨੂੰ ਸੌਂਪੀਆਂ ਜਾਣ।
ਸ਼੍ਰੀ ਗਡਕਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਸਬੰਧਿਤ ਹਿਤਧਾਰਕਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਜਦੋਂ ਕੋਵਿਡ - 19 ਸੰਕਟ ਖ਼ਤਮ ਹੋ ਗਿਆ ਤਾਂ ਉਨ੍ਹਾਂ ਮੌਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਪੈਦਾ ਹੋਣ ਵਾਲੇ ਹਨ।ਉਨ੍ਹਾਂ ਨੇ ਸਾਰੇ ਖੇਤਰਾਂ ਨੂੰ ਮੁਸੀਬਤ ਵਿੱਚ ਸਕਾਰਾਤਮਕ ਰਹਿਣ ਦਾ ਸੱਦਾ ਦਿੱਤਾ।
ਨੁਮਾਇੰਦਿਆਂ ਦੁਆਰਾ ਦਰਸਾਏ ਗਏ ਕੁਝ ਮੁੱਦਿਆਂ ਅਤੇ ਦਿੱਤੇ ਕੁਝ ਸੁਝਾਵਾਂ ਵਿੱਚ ਸ਼ਾਮਲ ਹਨ: ਵਿਆਜ ਸਹਾਇਤਾ ਸਕੀਮ ਦੀ ਸ਼ੁਰੂਆਤ ਨੂੰ ਤਰਜੀਹ ਦੇਣਾ, ਉਦਯੋਗਾਂ ਦੇ ਕੰਮਕਾਜ ਸ਼ੁਰੂ ਕਰਨ ਦੇ ਨਾਲ-ਨਾਲ ਬਾਜ਼ਾਰਾਂ ਨੂੰ ਖੋਲ੍ਹਣਾ, ਉਦਯੋਗਾਂ ਨੂੰ ਵਧੇਰੇ ਲਿਕੁਇਡਿਟੀ (ਤਰਲਤਾ) ਪ੍ਰਦਾਨ ਕਰਨ ਸੰਬੰਧੀ ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦਾ ਪ੍ਰਭਾਵਸ਼ਾਲੀ ਲਾਗੂ ਹੋਣਾ, ਆਦਿ।
ਸ਼੍ਰੀ ਗਡਕਰੀ ਨੇ ਨੁਮਾਇੰਦਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਸੁਝਾਅ ਭੇਜਣ ਲਈ ਬੇਨਤੀ ਕੀਤੀ ਅਤੇ ਸਰਕਾਰ ਤੋਂ ਹਰ ਸਹਾਇਤਾ ਦਾ ਭਰੋਸਾ ਦਿੱਤਾ।ਉਨ੍ਹਾਂ ਦੱਸਿਆ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਸਬੰਧਿਤ ਵਿਭਾਗਾਂ / ਹਿਤਧਾਰਕਾਂਨਾਲ ਗੱਲ ਕਰਨਗੇ।
ਇਸ ਵਿਚਾਰ-ਵਟਾਂਦਰੇ ਦੌਰਾਨ, ਐਸੋਚੈਮ ਦੇ ਨੁਮਾਇੰਦਿਆਂ ਨੇ ਕੁਝ ਸੁਝਾਵਾਂ ਦੇ ਨਾਲ ਕੋਵਿਡ - 19 ਮਹਾਮਾਰੀ ਦੌਰਾਨ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੇ ਸਾਹਮਣੇ ਆਈਆਂ ਵੱਖ-ਵੱਖ ਚੁਣੌਤੀਆਂ ਦੇ ਬਾਰੇ ਚਿੰਤਾ ਪ੍ਰਗਟਾਈ ਅਤੇ ਐੱਮਐੱਸਐੱਮਈ ਖੇਤਰ ਨੂੰ ਨਿਰੰਤਰ ਜਾਰੀ ਰੱਖਣ ਲਈ ਸਰਕਾਰ ਤੋਂ ਸਹਾਇਤਾ ਲਈ ਬੇਨਤੀ ਕੀਤੀ।
*****
ਆਰਸੀਜੇ/ਐੱਸਕੇਪੀ/ਆਈਏ
(Release ID: 1618005)
Visitor Counter : 122