ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਖੂਨ ਸੰਗ੍ਰਹਿ ਮੋਬਾਈਲ ਵੈਨਾਂ ਅਤੇ ਲਿਆਉਣ-ਛੱਡਣ ਜਿਹੀਆਂ ਵਿਭਿੰਨ ਸੁਵਿਧਾਵਾਂ ਪ੍ਰਦਾਨ ਕਰਨ ਅਤੇ ਸਵੈ ਇਛੁੱਕ ਖੂਨਦਾਨੀਆਂ ਨੂੰ ਲਾਮਬੰਦ ਕਰਕੇ ਖੂਨ ਚੜ੍ਹਾਉਣ (ਟ੍ਰਾਂਸਫ਼ਿਊਜਨ) ਲਈ ਖੂਨ ਦਾ ਲੋੜੀਂਦਾ ਸਟਾਕ ਰੱਖੋ
ਕੋਵਿਡ-19 ਤੋਂ ਠੀਕ ਹੋਏ ਮਰੀਜ਼ਾਂ ਨੂੰ ਖੂਨਦਾਨ ਲਈ ਉਤਸ਼ਾਹਿਤ ਕਰੋ, ਤਾਕਿ ਉਨ੍ਹਾਂ ਦੇ ਖੂਨ ਵਿੱਚੋਂ ਸਿਹਤ ਦੇ ਪੱਖ ਤੋਂ ਲਾਭਕਾਰੀ ਪਲਾਜ਼ਮਾ ਦੀ ਵਰਤੋਂ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਨੂੰ ਛੇਤੀ ਠੀਕ ਕਰਨ ਵਿੱਚ ਕੀਤੀ ਜਾ ਸਕੇ: ਡਾ ਹਰਸ਼ ਵਰਧਨ
Posted On:
21 APR 2020 9:14PM by PIB Chandigarh
ਕੇਂਦਰੀ ਮੰਤਰੀ, ਡਾ ਹਰਸ਼ ਵਰਧਨ ਨੇ ਅੱਜ ਨਿਰਮਾਣ ਭਵਨ ਵਿੱਚ ਆਯੋਜਿਤ ਕੀਤੀ ਗਈ ਵੀਡੀਓ ਕਾਨਫ਼ਰੰਸ ਦੇ ਮਾਧਿਅਮ ਰਾਹੀਂ ਸਮੁੱਚੇ ਭਾਰਤ ਤੋਂ ਸਮਰਪਿਤ ਰੈੱਡ ਕ੍ਰੌਸ ਜੋਧਿਆਂ ਦਾ ਸੁਆਗਤ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕੋਵਿਡ19 ਦੇ ਨਿਪਟਾਰੇ ਲਈ ਸਰਕਾਰ ਦੁਆਰਾ ਕੀਤੇ ਗਏ ਯਤਨਾਂ ਦੀ ਜਾਣਕਾਰੀ ਦਿੱਤੀ।ਗੱਲਬਾਤ ਦੌਰਾਨ ਓਡੀਸ਼ਾ, ਤਮਿਲ ਨਾਡੂ, ਹਰਿਆਣਾ, ਆਂਧਰ ਪ੍ਰਦੇਸ਼, ਅਸਾਮ,ਤੇਲੰਗਾਨਾ, ਦਿੱਲੀ ਅਤੇ ਕਰਨਾਟਕ ਤੋਂ ਭਾਰਤੀ ਰੈੱਡ ਕ੍ਰੌਸ ਸੋਸਾਇਟੀ (ਆਈਆਰਸੀਐੱਸ) ਦੇ ਨੁਮਾਇੰਦਿਆਂ ਨੇ ਆਪਣੀਆਂ ਸਬੰਧਿਤ ਸ਼ਾਖਾਵਾਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਦੇ ਸਬੰਧ ਵਿੱਚ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਆਈਆਰਸੀਐੱਸ ਦੇ ਜਨਰਲ ਸਕੱਤਰ ਸ਼੍ਰੀ ਆਰ ਕੇ ਜੈਨ ਵੀ ਮੌਜੂਦ ਸਨ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਸਮੇਂ ਨੂੰ ਬਰਬਾਦ ਕੀਤੇ ਬਿਨਾ ਕੋਵਿਡ 19 ਸੰਕਟ ਨਾਲ ਨਜਿੱਠਣ ਦੀ ਤਿਆਰੀ ਕੀਤੀ। ਭਾਰਤ ਨੇ ਹੀ ਦੁਨੀਆ ਸਾਹਮਣੇ ਕੋਰੋਨਾ ਵਾਇਰਸ ਬਾਰੇ ਚੀਨ ਦੁਆਰਾ ਪਹਿਲੇ ਖੁਲਾਸੇ ਤੇ ਕਿਰਿਆਸ਼ੀਲ ਹੁੰਦਿਆਂ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਅਗਲੇ ਹੀ ਦਿਨ ਭਾਰਤ ਨੇ ਸਥਿਤੀ ਦੀ ਨਿਗਰਾਨੀ ਲਈ ਕਦਮ ਚੁੱਕੇ ਅਤੇ ਪਹਿਲੇ ਸੰਯੁਕਤ ਨਿਗਰਾਨੀ ਸਮੂਹ ਦੀ ਬੈਠਕ ਹੋਈ। ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼੍ਰੀ ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਇੱਕ ਮੰਤਰੀ ਸਮੂਹ ਦਾ ਵੀ ਗਠਨ ਕੀਤਾ ਗਿਆ, ਤਾਕਿ ਵਧਦੀ ਹੋਈ ਸਥਿਤੀ ਦੇ ਅਨੁਸਾਰ ਮਹੱਤਵਪੂਰਨ ਫ਼ੈਸਲੇ ਲਏ ਜਾ ਸਕਣ। ਉਨ੍ਹਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਘਾਤਕ ਵਾਇਰਸ ਨਾਲ ਨਜਿੱਠਣ ਲਈ ਤੀਬਰ ਸੰਘਰਸ਼ ਦੀ ਦਿਸ਼ਾ ਵਿੱਚ ਇਹ ਕਾਫ਼ੀ ਤੇ ਮਹੱਤਵਪੂਰਨ ਕਦਮ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਕੋਵਿਡ 19 ਮਹਾਮਾਰੀ ਖ਼ਿਲਾਫ਼ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਸਾਰੇ ਹਵਾਈ ਅੱਡੇ, ਬੰਦਰਗਾਹਾਂ, ਗੁਆਂਢੀ ਦੇਸ਼ਾਂ ਨਾਲ ਲੱਗੀਆਂ ਧਰਾਤਲੀ ਸਰਹੱਦਾਂ ਤੇ ਨਿਗਰਾਨੀ ਅਤੇ ਨਿਰੀਖਣ ਤੇ ਸੰਪਰਕ ਟਰੇਸਿੰਗ ਜਿਹੇ ਭਵਿੱਖ ਲਈ ਆਦਰਸ਼ ਸਾਵਧਾਨੀਆਂ ਵਾਲੇ ਕਦਮ ਚੁੱਕੇ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਨੂੰ 23 ਮਾਰਚ 2020 ਦੀ ਸਵੇਰ ਤੋਂ ਹੀ ਭਾਰਤ ਦੇ ਸਾਰੇ ਹਵਾਈ ਅੱਡਿਆਂ ‘ਤੇ ਨਾ ਉਤਰਨ ਦਾ ਨਿਰਦੇਸ਼ ਦਿੱਤਾ ਗਿਆ ਸੀ।
ਸ਼੍ਰੀ ਹਰਸ਼ ਵਰਧਨ ਕਿਹਾ ਕਿ ਪਹਿਲਾਂ ਕੋਵਿਡ 19 ਨਮੂਨਿਆਂ ਨੂੰ ਟੈਸਟਿੰਗ ਲਈ ਅਮਰੀਕਾ ਭੇਜਿਆ ਗਿਆ ਸੀ, ਜਿਸ ਨਾਲ ਨਤੀਜਿਆਂ ਨੂੰ ਕਾਫੀ ਸਮਾਂ ਲਗਦਾ ਸੀ, ਲੇਕਿਨ ਮੌਜੂਦਾ ਸਮੇਂ ਸੰਕਟ ਦੌਰਾਨ, ਭਾਰਤ ਨੇ ਨਮੂਨਿਆਂ ਦੀ ਟੈਸਟਿੰਗ ਲਈ ਲਗਭਗ 200 ਪ੍ਰਯੋਗਸ਼ਾਲਾਵਾਂ ਵਿਕਸਿਤ ਕਰ ਲਈਆਂ ਹਨ।ਇਸ ਤੋਂ ਇਲਾਵਾ ਭਾਰਤ ਨੇ ਇਸ ਖਤਰਨਾਕ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਸਹੀ ਸਮੇਂ ਤੇ ਲੌਕਡਾਊਨ ਲਾਗੂ ਕੀਤਾ। ਉਨ੍ਹਾਂ ਅੱਗੇ ਦਸਿਆ ਕਿ ਭਾਰਤ ਵਿੱਚ ਕੋਵਿਡ 19 ਨੂੰ ਸਮਰਪਿਤ ਹਸਪਤਾਲ, ਪੀਪੀਈ, ਏ ਐੱਨ-95 ਮਾਸਕ,ਵੈਂਟੀਲੇਟਰ ਅਤੇ ਦਵਾਈਆਂ ਲੋੜੀਂਦੀ ਮਾਤਰਾ ਵਿੱਚ ਹਨ। ਸ਼੍ਰੀ ਹਰਸ਼ ਵਰਧਨ ਨੇ ਕਿਹਾ ਕਿ ਬਾਕੀ ਦੁਨੀਆ ਦੀ ਤੁਲਨਾ ਵਿੱਚ ਅਸੀਂ ਬਿਹਤਰ ਸਥਿਤੀ ਵਿੱਚ ਹਾਂ।
ਉਨ੍ਹਾਂ ਨੇ ਸਵੈ ਇੱਛਾ ਨਾਲ ਖੂਨਦਾਨ ਨੂੰ ਉਤਸ਼ਾਹ ਦੇਣ ਅਤੇ ਖੂਨਦਾਨੀਆਂ ਨੂੰ ਲਿਆਉਣ ਅਤੇ ਛੱਡਣ ਦੀ ਸੁਵਿਧਾ ਪ੍ਰਦਾਨ ਕਰਦੇ ਹੋਏ ਲੋੜੀਂਦੀ ਮਾਤਰਾ ਵਿੱਚ ਖੂਨ ਦਾ ਸਟਾਕ ਰੱਖਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਨੇ ਭਾਰਤੀ ਰੈੱਡ ਕ੍ਰੌਸ ਸੁਸਾਇਟੀ ਨੂੰ ਨਿਯਮਿਤ ਖੂਨਦਾਨੀਆਂ ਦੇ ਘਰਾਂ ਵਿੱਚ ਹੀ ਮੋਬਾਈਲ ਖੂਨ ਸੰਗ੍ਰਹਿ ਵੈਨ ਭੇਜਣ ਲਈ ਕਿਹਾ। ਤਾਕਿ ਉਹ ਜ਼ਰੂਰਤ ਦੇ ਇਸ ਸਮੇਂ ਵਿੱਚ ਖੂਨਦਾਨ ਲਈ ਅੱਗੇ ਆ ਸਕਣ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸਵੈ ਇੱਛੁਕ ਖੂਨਦਾਨ ਨੂੰ ਹੁਲਾਰਾ ਦੇਣ ਲਈ ਰਾਜਾਂ ਦੇ ਸਿਹਤ ਮੰਤਰੀਆਂ ਨੂੰ ਵੀ ਲਿਖਿਆ ਹੈ।
ਡਾ ਹਰਸ਼ ਵਰਧਨ ਨੇ ਆਈਆਰਸੀਐੱਸ ਨੂੰ ਬੇਨਤੀ ਕੀਤੀ ਕਿ ਉਹ ਕੋਵਿਡ 19 ਤੋਂ ਠੀਕ ਹੋਏ ਰੋਗੀਆਂ ਨਾਲ ਖੂਨਦਾਨ ਲਈ ਅੱਗੇ ਆਉਣ ਲਈ ਸੰਪਰਕ ਕਰਨ, ਜਿਸ ਨਾਲ ਕਰੋਨਾ ਪ੍ਰਭਾਵਿਤ ਰੋਗੀਆਂ ਦਾ ਜਲਦੀ ਇਲਾਜ ਕਰਨ ਲਈ ਸਿਹਤ ਪੱਖੋਂ ਲਾਭਕਾਰੀ ਉਨ੍ਹਾਂ ਦੇ ਖੂਨ ਪਲਾਜ਼ਮਾ ਦੀ ਵਰਤੋਂ ਕੀਤੀ ਜਾ ਸਕੇ। ਆਈਆਰਸੀਐੱਸ ਇਸ ਦਿਸ਼ਾ ਵਿੱਚ ਜਲਦੀ ਨਾਲ ਸ਼ੁਰੂਆਤ ਕਰ ਸਕਦਾ ਹੈ ਤਾਕਿ ਠੀਕ ਹੋਏ ਰੋਗੀਆਂ ਤੋਂ ਇਕੱਠੇ ਖੂਨ ਨੂੰ ਕਰੋਨਾ ਰੋਗੀਆਂ ਦੇ ਲਾਭ ਲਈ ਖੂਨਦਾਨ ਲਈ ਵਰਤਿਆ ਜਾ ਸਕੇ।
ਉਨ੍ਹਾਂ ਨੇ ਕਿਹਾ ਅਸਲ ਵਿੱਚ ਕੋਵਿਡ 19 ਦੇ ਵਿਰੁੱਧ ਇਸ ਲੜਾਈ ਵਿੱਚ ਭਾਰਤੀ ਰੈੱਡ ਕ੍ਰੌਸ ਦੇ ਵੀਰਾਂ ਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ ਅਤੇ ਉਨ੍ਹਾਂ ਦਾ ਇਹ ਯੋਗਦਾਨ ਸ਼ਲਾਘਾਯੋਗ ਹੈ। ਇਸ ਦੇ ਨਾਲ- ਨਾਲ ਹਸਪਤਾਲਾਂ ਲਈ ਉਪਕਰਣ,ਸੈਨੀਟਾਈਜ਼ਰ,ਭੋਜਨ, ਪੀਪੀਆਈ ਕਿੱਟਾਂ ਅਤੇ ਐੱਨ 95 ਮਾਸਕ ਆਦਿ ਦੇਣ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ। ਕੇਂਦਰੀ ਸਿਹਤ ਮੰਤਰੀ ਨੇ ਕੋਵਿਡ 19 ਦੇ ਖ਼ਿਲਾਫ਼ ਲੜਾਈ ਵਿੱਚ ਵੱਧ ਤੋਂ ਵੱਧ ਸਬੰਧਿਤ ਲੋਕਾਂ ਨੂੰ ਸ਼ਾਮਲ ਕਰਨ ਲਈ ਸਹਾਇਤਾ ਕਰਨ ਦੇ ਉਦੇਸ਼ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਭਰ ਵਿੱਚ ਰੈੱਡ ਕ੍ਰੌਸ ਮੈਂਬਰਾਂ ਨਾਲ ਗੱਲਬਾਤ ਦੌਰਾਨ ਇਹ ਵਿਚਾਰ ਪੇਸ਼ ਕੀਤੇ।
ਆਈਆਰਸੀਐੱਸ ਦੇ ਜਨਰਲ ਸਕੱਤਰ, ਸ਼੍ਰੀ ਆਰ ਕੇ ਜੈਨ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਰੈੱਡ ਕ੍ਰੌਸ ਮੈਂਬਰਾਂ ਨੇ ਕੋਵਿਡ 19 ਦੇ ਪ੍ਰਭਾਵ ਨੂੰ ਘੱਟ ਕਰਨ ਦੀ ਇਸ ਚੁਣੌਤੀ ਨਾਲ ਨਜਿੱਠਣ ਲਈ ਭਾਰਤ ਸਰਕਾਰ ਨਾਲ ਕੰਮ ਕਰਨ ਦੀ ਆਪਣੀ ਦ੍ਰਿੜ੍ਹ ਵਚਨਬੱਧਤਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੇ 215 ਦੇਸ਼ਾਂ ਵਿੱਚ ਫੈਲੇ ਕੋਵਿਡ 19 ਸੰਕ੍ਰਮਣ ਨੂੰ ਖ਼ਤਮ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਰੈੱਡ ਕ੍ਰੌਸ ਇੱਕ ਸਵੈ ਇੱਛੁਕ ਮਾਨਵ ਸੰਗਠਨ ਹੈ, ਜਿਸ ਦਾ ਸਾਰੇ ਦੇਸ਼ ਵਿੱਚ 1100 ਤੋਂ ਵੱਧ ਸ਼ਾਖਾਵਾਂ ਦਾ ਨੈੱਟਵਰਕ ਹੈ ਅਤੇ ਇਹ ਆਫ਼ਤਾਂ/ਐਮਰਜੰਸੀ ਸਥਿਤੀਆਂ ਦੇ ਸਮੇਂ ਮਦਦ ਦੇਣ ਦੇ ਇਲਾਵਾ ਲੋਕਾਂ ਅਤੇ ਸਮਾਜ ਦੀ ਸਿਹਤ ਅਤੇ ਦੇਖਭਾਲ਼ ਨੂੰ ਹੁਲਾਰਾ ਦਿੰਦਾ ਹੈ ਭਾਰਤੀ ਰੈੱਡ ਕ੍ਰੌਸ ਮਿਸ਼ਨ ਦਾ ਸਹਾਇਕ ਮਾਨਵ ਗਤੀਵਿਧੀਆਂ ਦੇ ਰੂਪ ਵਿੱਚ ਪ੍ਰੇਰਿਤ,ਉਤਸ਼ਾਹਿਤ ਅਤੇ ਇਸ ਦਿਸ਼ਾ ਵਿੱਚ ਪਹਿਲ ਕਰਨਾ ਹੈ ਤਾਕਿ ਮਨੁੱਖੀ ਦੁਖ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ। ਗੱਲਬਾਤ ਦੀ ਸਮਾਪਤੀ ‘ਤੇ, ਡਾ ਹਰਸ਼ ਵਰਧਨ ਨੇ ਵੀਡੀਓ ਕਾਨਫ਼ਰੰਸ ਵਿੱਚ ਮੌਜੂਦ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਚੰਗੇ ਕੰਮਾਂ ਨੂੰ ਜਾਰੀ ਰੱਖਣ ਅਤੇ ਕੋਵਿਡ 19 ਦੇ ਖ਼ਿਲਾਫ਼ ਕੀਤੇ ਜਾ ਰਹੇ ਅਣਥੱਕ ਯਤਨਾਂ ਦੇ ਲਈ ਵਧਾਈ ਦਿੱਤੀ।
******
ਐੱਮ ਵੀ/ਐੱਮ ਆਰ
(Release ID: 1617357)
Visitor Counter : 201