ਖੇਤੀਬਾੜੀ ਮੰਤਰਾਲਾ

ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ)’ਤੇ ਸਿੱਧੇ ਕਿਸਾਨਾਂ ਤੋਂ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਦਾ ਸੰਚਾਲਨ

Posted On: 18 APR 2020 6:03PM by PIB Chandigarh

ਭਾਰਤ ਸਰਕਾਰ, ਨੈਫੈਡ ਅਤੇ ਐੱਫਸੀਆਈ ਜਿਹੀਆਂ ਕੇਂਦਰੀ ਨੋਡਲ ਏਜੰਸੀਆਂ ਜ਼ਰੀਏ ਕਿਸਾਨਾਂ ਨੂੰ ਬਿਹਤਰ ਰਿਟਰਨ ਦੇਣ ਦਾ ਵਿਸ਼ਵਾਸ ਦਿੰਦੀ ਰਹੀ ਹੈ। ਰਬੀ 2020-21 ਸੀਜ਼ਨ ਵਿੱਚ ਕਈ ਰਾਜਾਂ ਵਿੱਚ ਕਿਸਾਨਾਂ ਨੂੰ ਨਿਊਨਤਮ ਸਮਰਥਨ ਮੁੱਲ (ਐੱਮਐੱਸਪੀ) ਤੇ ਅਧਿਸੂਚਿਤ ਵਸਤਾਂ ਦੀ ਖਰੀਦ ਸ਼ੁਰੂ ਹੋਈ ਹੈ। ਲੌਕਡਾਊਨ ਦੇ ਸਮੇਂ ਵਿੱਚ ਕਿਸਾਨਾਂ ਨੂੰ ਸਮੇਂ ਤੇ ਮਾਰਕਿਟਿੰਗ ਸਹਾਇਤਾ ਦਿੱਤੀ ਜਾ ਰਹੀ ਹੈ। ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਕੇ ਅਧਿਕ ਤੋਂ ਅਧਿਕ ਕਿਸਾਨਾਂ ਨੂੰ ਸਹਾਇਤਾ ਪਹੁੰਚਾਈ ਜਾ ਰਹੀ ਹੈ।

ਰਬੀ ਸੀਜ਼ਨ 2020-21 ਵਿੱਚ ਮੁੱਲ ਸਮਰਥਨ ਯੋਜਨਾ (ਪੀਐੱਸਐੱਸ) ਦੇ ਤਹਿਤ ਵਰਤਮਾਨ ਸਮੇਂ ਵਿੱਚ ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ, ਰਾਜਸਥਾਨ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਕਿਸਾਨਾਂ ਤੋਂ ਐੱਮਐੱਸਪੀ ਤੇ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਕੀਤੀ ਜਾ ਰਹੀ ਹੈ। 16 ਅਪ੍ਰੈਲ, 2020 ਤੱਕ ਨੈਫੈਡ/ਐੱਫਸੀਆਈ ਦੁਆਰਾ 1,33,987.65 ਮੀਟ੍ਰਿਕ ਟਨ ਦਾਲ਼ ਅਤੇ 29,264.17 ਮੀਟ੍ਰਿਕ ਟਨ ਤੇਲ ਬੀਜਾਂ ਦੀ ਕੁੱਲ 784.77 ਕਰੋੜ ਰੁਪਏ ਦੀ ਖਰੀਦ ਕੀਤੀ ਗਈ ਹੈ, ਜਿਸ ਜ਼ਰੀਏ 1,14,338 ਕਿਸਾਨਾਂ ਨੂੰ ਲਾਭ ਹੋਇਆ ਹੈ। ਲੌਕਡਾਊਨ ਮਿਆਦ ਦੇ ਦੌਰਾਨ ਪੀਐੱਸਐੱਸ ਯੋਜਨਾ ਤਹਿਤ ਰਬੀ ਦਾਲ਼ਾਂ ਅਤੇ ਤੇਲ ਬੀਜਾਂ ਦੀ 97,337.35 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ।

ਦਾਲ਼ਾਂ ਦੇ ਬਫ਼ਰ ਸਟਾਕ ਲਈ ਨੈਫੈਡ ਦੁਆਰਾ ਵੀ ਮੁੱਲ ਸਥਾਈਕਰਨ ਫੰਡ (ਪੀਐੱਸਐੱਫ) ਯੋਜਨਾ ਦੇ ਤਹਿਤ ਕਿਸਾਨਾਂ ਤੋਂ ਐੱਮਐੱਸਪੀ ਤੇ ਤੂਰ ਦੀ ਖਰੀਦ ਕੀਤੀ ਜਾ ਰਹੀ ਹੈ। ਪੀਐੱਸਐੱਸ/ਪੀਐੱਸਐੱਫ ਖਰੀਫ਼ 2019-20 ਸੀਜ਼ਨ ਦੇ ਤਹਿਤ ਮਹਾਰਾਸ਼ਟਰ, ਤਮਿਲ ਨਾਡੂ, ਗੁਜਰਾਤ, ਆਂਧਰ ਪ੍ਰਦੇਸ਼, ਕਰਨਾਟਕ ਅਤੇ ਤੇਲੰਗਾਨਾ ਵਿੱਚ ਵੱਡੇ ਪੈਮਾਨੇ ਤੇ ਤੂਰ ਦੀ ਖਰੀਦ ਕੀਤੀ ਜਾ ਰਹੀ ਹੈ। ਖ਼ਰੀਫ ਮਾਰਕਿਟਿੰਗ ਸੀਜ਼ਨ 2019-20 ਦੌਰਾਨ ਤੂਰ ਦੀ ਕੁੱਲ ਖਰੀਦ 5,32,849 ਮੀਟ੍ਰਿਕ ਟਨ ਹੈ, ਜਿਸ ਵਿੱਚੋਂ 29,328.62 ਮੀਟ੍ਰਿਕ ਟਨ ਤੂਰ ਦੀ ਖਰੀਦ ਲੌਕਡਾਊਨ ਦੇ ਬਾਅਦ ਕੀਤੀ ਗਈ ਹੈ।

ਰਾਜਸਥਾਨ ਦੀ ਕੋਟਾ ਡਿਵੀਜ਼ਨ ਵਿੱਚ ਲੌਕਡਾਊਨ ਦੇ ਐਲਾਨ ਦੇ ਬਾਅਦ ਦਾਲ਼ਾਂ ਅਤੇ ਤੇਲ ਬੀਜਾਂ ਦੀ ਖਰੀਦ ਬੰਦ ਕਰ ਦਿੱਤੀ ਗਈ। 15.04.2020 ਤੋਂ, ਕੋਟਾ ਡਿਵੀਜ਼ਨ ਦੇ 54 ਕੇਂਦਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਖਰੀਦ ਕੇਂਦਰਾਂ ਨੂੰ ਚਾਲੂ ਕੀਤਾ ਜਾਵੇਗਾ। ਰਾਜਸਥਾਨ ਦੇ ਬਾਕੀ ਹਿੱਸਿਆਂ ਵਿੱਚ ਮਈ 2020 ਦੇ ਪਹਿਲੇ ਹਫ਼ਤੇ ਤੋਂ ਖਰੀਦ ਕੀਤਾ ਜਾਣਾ ਪ੍ਰਸਤਾਵਿਤ ਹੈ। ਹਰੇਕ ਖਰੀਦ ਕੇਂਦਰ ਵਿੱਚ ਅਧਿਕਤਮ 10 ਕਿਸਾਨਾਂ ਨੂੰ ਰੋਜ਼ਾਨਾ ਬੁਲਾਇਆ ਜਾਂਦਾ ਹੈ ਅਤੇ ਇਸੇ ਅਨੁਸਾਰ ਕਿਸਾਨਾਂ ਨੂੰ ਸੂਚਨਾ ਭੇਜੀ ਜਾਂਦੀ ਹੈ।

ਹਰਿਆਣਾ ਦੇ 163 ਕੇਂਦਰਾਂ ਵਿੱਚ 15.04.2020 ਤੋਂ ਚਣੇ ਅਤੇ ਸਰਸੋਂ ਦੀ ਖਰੀਦ ਸ਼ੁਰੂ ਕੀਤੀ ਗਈ। ਆਪਸ ਵਿੱਚ ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਬਣਾਈ ਰੱਖਣ ਲਈ ਰੋਜ਼ਾਨਾ ਕਿਸਾਨਾਂ ਨੂੰ ਸੀਮਿਤ ਸੰਖਿਆ ਵਿੱਚ ਬੁਲਾਇਆ ਜਾ ਰਿਹਾ ਹੈ। ਪਹਿਲੇ ਦੋ ਦਿਨਾਂ ਵਿੱਚ ਲਗਭਗ 10,111 ਕਿਸਾਨਾਂ ਤੋਂ 27,276.77 ਮੀਟ੍ਰਿਕ ਟਨ ਸਰਸੋਂ ਦੀ ਖਰੀਦ ਕੀਤੀ ਗਈ ਹੈ।

ਮੱਧ ਪ੍ਰਦੇਸ਼ ਵਿੱਚ ਚਣੇ, ਮਸੂਰ ਅਤੇ ਸਰਸੋਂ ਦੀ ਖਰੀਦ ਲਈ ਤਿਆਰੀ ਕਰ ਲਈ ਗਈ ਹੈ ਅਤੇ ਕਿਸਾਨਾਂ ਨੂੰ ਆਪਣੀ ਉਪਜ ਖਰੀਦ ਕੇਂਦਰਾਂ ਤੇ ਪਹੁੰਚਾਉਣ ਲਈ ਸੂਚਿਤ ਕੀਤਾ ਗਿਆ ਹੈ।

 

*****

ਏਪੀਐੱਸ/ਪੀਕੇ/ਐੱਮਐੱਸ



(Release ID: 1615820) Visitor Counter : 184