ਸੈਰ ਸਪਾਟਾ ਮੰਤਰਾਲਾ
ਟੂਰਿਜ਼ਮ ਮੰਤਰਾਲੇ ਨੇ ਅੱਜ ਇੱਕ ਵੈਬੀਨਾਰ ਲੜੀ ‘ਦੇਖੋ ਅਪਨਾ ਦੇਸ਼’ ਜ਼ਰੀਏ ਮਨਾਇਆ ‘ਵਿਸ਼ਵ ਵਿਰਾਸਤ ਦਿਵਸ’
ਇਨਸਾਨੀਅਤ ਦੀਆਂ ਕਦਰਾਂ–ਕੀਮਤਾਂ ਤੇ ਨਿੱਘੀ ਪ੍ਰਾਹੁਣਚਾਰੀ ਸਾਡੇ ਦੇਸ਼ ਦੀ ਵਿਰਾਸਤੀ ਪਛਾਣ: ਸ਼੍ਰੀ ਪ੍ਰਹਲਾਦ ਸਿੰਘ ਪਟੇਲ
Posted On:
18 APR 2020 5:34PM by PIB Chandigarh
ਟੂਰਿਜ਼ਮ ਮੰਤਰਾਲੇ ਨੇ ਅੱਜ ਵੈਬੀਨਾਰ ਲੜੀ ਜ਼ਰੀਏ ‘ਵਿਸ਼ਵ ਵਿਰਾਸਤ ਦਿਵਸ 2020’ ਮਨਾਇਆ। ਕੇਂਦਰੀ ਟੂਰਿਜ਼ਮ ਤੇ ਸੱਭਿਆਚਾਰ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਮਾਮੱਲਾਪੁਰਮ ਦੇ ਪ੍ਰਾਚੀਨ ਮੰਦਿਰ ਸ਼ਹਿਰ ਉੱਤੇ ਵੈਬੀਨਾਰ ਜ਼ਰੀਏ ਸਿੱਧਿਆਂ (ਲਾਈਵ) ਸੰਬੋਧਨ ਕੀਤਾ, ਇਸ ਵਿੱਚ ਸਮੁੱਚੇ ਵਿਸ਼ਵ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਮਮੱਲਾਪੁਰਮ ਦੇ ਪ੍ਰਾਚੀਨ ਮੰਦਿਰ ਸ਼ਹਿਰ ਬਾਰੇ ਇਸ ਪਹਿਲੇ ਵੈਬੀਨਾਰ ’ਚ ਪੈਨਲ–ਮੈਂਬਰਾਂ ਨੇ ਮੰਦਿਰਾਂ ਦੀ ਵਾਸਤੂ–ਕਲਾ ਤੇ ਧਾਰਮਿਕ ਮਹੱਤਵ ਨੂੰ ਉਜਾਗਰ ਕੀਤਾ। ਦੂਜੇ ਵੈਬੀਨਾਰ ਦਾ ਸਿਰਲੇਖ ਸੀ ‘ਵਰਲਡ ਹੈਰਿਟੇਜ ਐਂਡ ਸਸਟੇਨੇਬਲ ਟੂਰਿਜ਼ਮ ਐਟ ਹਮਾਯੂੰ’ਜ਼ ਟੌਂਬ’ (ਹਮਾਯੂੰ ਦੇ ਮਕਬਰੇ ’ਤੇ ਵਿਸ਼ਵ ਵਿਰਾਸਤ ਤੇ ਟਿਕਾਊ ਟੂਰਿਜ਼ਮ)। ਇਸ ਵੈਬੀਨਾਰ ਵਿਸ਼ਵ ਵਿਰਾਸਤ ਦੇ ਸਥਾਨਾਂ ਦੀ ਅਹਿਮੀਅਤ ’ਤੇ ਚਾਨਣਾ ਪਾਇਆ ਅਤੇ ਭਾਗੀਦਾਰਾਂ ਨੂੰ ਹਮਾਯੂੰ ਦੇ ਮਕਬਰੇ ਤੇ ਕੰਪਲੈਕਸ ’ਚ ਮੌਜੂਦ ਹੋਰ ਸਮਾਰਕਾਂ ’ਤੇ ਕੀਤੇ ਸਾਂਭ–ਸੰਭਾਲ਼ ਦੇ ਕੰਮਾਂ ਬਾਰੇ ਸੂਚਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸ਼੍ਰੀ ਪਟੇਲ ਨੇ ਉਜਾਗਰ ਕੀਤਾ ਕਿ ਸਾਡੀ ਪਰੰਪਰਾ ਤੇ ਸੱਭਿਆਚਾਰ ਨਾ ਕੇਵਲ ਪ੍ਰਾਚੀਨ ਹਨ, ਸਗੋਂ ਉਹ ਬੇਹੱਦ ਵਡਮੁੱਲੇ ਵੀ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸੰਕਟ ਵਿੱਚ ਜਦੋਂ ਸਮੁੱਚਾ ਵਿਸ਼ਵ ਤੇ ਸਾਡਾ ਦੇਸ਼ ਕੋਵਿਡ–19 ਨਾਲ ਨਿਪਟ ਰਿਹਾ ਹੈ, ਇਹ ਸਾਡੀਆਂ ਇਨਸਾਨੀਅਤ ਦੀਆਂ ਕਦਰਾਂ–ਕੀਮਤਾਂ ਤੇ ਨਿੱਘੀ ਪ੍ਰਾਹੁਣਚਾਰੀ ਦੀ ਵਸਾਡੀ ਵਿਰਾਸਤ ਹੀ ਸਾਨੂੰ ਪਰਿਭਾਸ਼ਿਤ ਕਰਦੀ ਹੈ ਤੇ ਸਾਨੂੰ ਉਹ ਕੁਝ ਬਣਾਉਂਦੀ ਹੈ, ਜੋ ਅਸੀਂ ਹਾਂ। ਉਨ੍ਹਾਂ ਮਹਾਂ–ਉਪਨਿਸ਼ਦ ਦੇ ਸ਼ਲੋਕ ‘ਵਸੂਧੈਵ ਕੁਟੁੰਬਕਮ’ (ਪੂਰਾ ਸੰਸਾਰ ਸਾਡਾ ਪਰਿਵਾਰ ਹੈ) ਦਾ ਹਵਾਲਾ ਦਿੱਤਾ, ਜਿਸ ਤੋਂ ਭਾਰਤ ’ਚ ਫਸੇ ਸਾਰੇ ਸੈਲਾਨੀਆਂ ਦੀ ਮਦਦ ਕਰਨ ਦੀ ਨਿੱਘ ਤੇ ਨਿਮਰਤਾ ’ਤੇ ਅਧਾਰਿਤ ਭਾਰਤ ਦੀ ਭਾਵਨਾ ਪ੍ਰਦਰਸ਼ਿਤ ਹੁੰਦੀ ਹੈ।
ਪ੍ਰਾਚੀਨ ਭਾਰਤ ’ਚ ਜੀਵਨ ਦੇ ਸਾਡੇ ਸਿਧਾਂਤ ਕਿੰਨੇ ਵਿਗਿਆਨਕ ਹੁੰਦੇ ਸਨ, ਜੋ ਸਦਾ ਸਾਡੀ ਜ਼ਿੰਦਗੀ ਦਾ ਹਿੱਸਾ ਬਣੇ ਰਹਿੰਦੇ ਸਨ, ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਚੀਨ ਅਭਿਆਸਾਂ ਸਦਕਾ ਹੀ ਅਸੀਂ ਮਨੁੱਖਤਾ ਲਈ ਔਖੇ ਸਮਿਆਂ ਵੇਲੇ ਵੀ ਦ੍ਰਿੜ੍ਹਤਾਪੂਰਬਕ ਡਟੇ ਰਹੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਦ੍ਰਿੜ੍ਹ ਇਰਾਦੇ ਅਤੇ ਹਰ ਬਿਪਤਾ ’ਚ ਡਟੇ ਰਹਿਣ ਦੀਆਂ ਸਾਡੀਆਂ ਕਦਰਾਂ–ਕੀਮਤਾਂ ਨੇ ਹੀ ਸਾਨੂੰ ਆਪਸ ’ਚ ਇੱਕਜੁਟ ਕਰ ਕੇ ਰੱਖਿਆ ਹੋਇਆ ਹੈ।
ਉਨ੍ਹਾਂ ਚੇਤੇ ਕਰਵਾਇਆ ਕਿ ਪ੍ਰਾਚੀਨ ਭਾਰਤ ’ਚ ਧਰਮ ਦੇ ਸਿਧਾਂਤ ਵਿਗਿਆਨ ’ਤੇ ਅਧਾਰਿਤ ਹੁੰਦੇ ਸਨ ਅਤੇ ਆਪਣਾ ਇਹ ਨੁਕਤਾ ਮੋਧੇਰਾ, ਗੁਜਰਾਤ ਦੇ ਸੂਰਿਆ ਮੰਦਿਰ ਦੇ 52 ਥੰਮ੍ਹਾਂ ਦੇ ਹਵਾਲੇ ਨਾਲ ਸਮਝਾਇਆ, ਜਿਸ ਵਿੱਚ ਹਰੇਕ ਥੰਮ੍ਹ ਸਾਲ ਦੇ ਇੱਕ ਹਫ਼ਤੇ ਨੂੰ ਦਰਸਾਉਂਦਾ ਹੈ। ਇਹ ਸਿਰਫ਼ ਸਾਡੀ ਅਗਿਆਨਤਾ ਹੀ ਹੈ ਕਿ ਅਸੀਂ ਭਾਰਤ ਦੇ ਦਰਸ਼ਨ ਤੇ ਪਰੰਪਰਾਵਾਂ ਵਿੱਚ ਲੁਕੀ ਡੂੰਘੀ ਸੂਝਬੂਝ ਨੂੰ ਸਮਝ ਨਹੀਂ ਸਕਦੇ। ਮੋਧੇਰਾ ਦਾ ਸੂਰਯ ਮੰਦਿਰ ਅਤੇ ਮਮੱਲਾਪੁਰਮ ਦੋਵੇਂ ਹੀ ਯੂਨੈਸਕੋ ਨੇ ਵਿਸ਼ਵ ਵਿਰਾਸਤੀ ਸਥਾਨ ਐਲਾਨੇ ਹੋਏ ਹਨ।
ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਕਿਵੇਂ ‘ਨਮਸਤੇ’, ਜੁੱਤੀਆਂ ਲਾਹ ਕੇ ਘਰ ਅੰਦਰ ਜਾਣਾ, ਘਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਨਹਾਉਣ ਜਿਹੀਆਂ ਭਾਰਤੀ ਪਰੰਪਰਾਵਾਂ ਵੇਖਣ ਨੂੰ ਨਿੱਕੀਆਂ ਜਾਪਦੀਆਂ ਹਨ ਪਰ ਉਨ੍ਹਾਂ ਦੇ ਇੰਨੇ ਗੂੜ੍ਹ ਸੂਝਬੂਝ ਭਰਪੂਰ ਅਰਥ ਹਨ ਕਿ ਉਹ ਸਮੇਂ ਨਾਲ ਵੀ ਫਿੱਕੇ ਨਹੀਂ ਪੈ ਸਕੇ। ਭਾਸ਼ਾਵਾਂ ਵੱਖੋ–ਵੱਖਰੀਆਂ ਹੋ ਸਕਦੀਆਂ ਹਨ ਪਰ ਸਾਡੇ ਮਹਾਨ ਦੇਸ਼ ਦਾ ਤੱਤ–ਸਾਰ ਸਾਡੀਆਂ ਡੂੰਘੀਆਂ ਰਵਾਇਤਾਂ ’ਚ ਨਿਹਿਤ ਹੈ।
ਉਨ੍ਹਾਂ ਸਰੋਤਿਆਂ ਨੂੰ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ‘ਵਿਜ਼ਨ 2024’ (ਦ੍ਰਿਸ਼ਟੀ 2024) ਨੂੰ ਇੱਕ ਟਾਈਮਲਾਈਨ (ਘਟਨਾਕ੍ਰਮ) ਵਜੋਂ ਲਿਆ ਹੈ, ਜਿਸ ਨਾਲ ਅਸੀਂ ਆਪਣੇ ਮਹਾਨ ਦੇਸ਼ ਦੇ ਸਮਾਰਕਾਂ ਤੇ ਰਵਾਇਤਾਂ ਦੀ ਡੂੰਘੀ ਮੁੱਲਵਾਨ ਵਿਰਾਸਤ ਤੇ ਸੱਭਿਆਚਾਰ ਨੂੰ ਸੂਚੀਬੱਧ ਕਰ ਕੇ ਸੰਭਾਲ ਅਤੇ ਉਜਾਗਰ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਸਾਡੀ ਪ੍ਰਾਚੀਨ ਸਭਿਅਤਾ ਦੀ ਡੂੰਘਾਈ ਤੇ ਵਿਸ਼ਾਲਤਾ ਦੇ ਮੱਦੇਨਜ਼ਰ ਇਹ ਸੂਚੀ ਜ਼ਰੂਰੀ ਲੰਮੀ ਹੁੰਦੀ ਜਾਵੇਗੀ। ਮੰਤਰੀ ਨੇ ਇਸ ਸਬੰਧੀ ਤਕਨਾਲੋਜੀ ਜ਼ਰੀਏ ‘ਭਾਰਤ ਦੀ ਅਛੋਹ ਸੱਭਿਆਚਾਰਕ ਵਿਰਾਸਤ ਦੀ ਰਾਸ਼ਟਰੀ ਸੂਚੀ’ ਨੂੰ ਜੱਗ–ਜ਼ਾਹਿਰ ਕੀਤਾ ਤੇ ਉਸ ਨੂੰ ਦੇਸ਼ ਦੀ ਜਨਤਾ ਨੂੰ ਸਮਰਪਿਤ ਕੀਤਾ। ਇਹ ਸੂਚੀ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰਾਲੇ ਦੀ ਵੈੱਬਸਾਈਟ ਉੱਤੇ ਉਪਲਬਧ ਹੈ। ਉਨ੍ਹਾਂ ਕਿਹਾ ਕਿ ਕਲਾ, ਕਾਰੀਗਾਰੀ ਅਤੇ ਹੋਰ ਵਿਭਿੰਨ ਸਥਾਨਕ ਪਰੰਪਰਾਵਾਂ ਸਮੇਤ ਸਾਡੀ ਪ੍ਰਾਚੀਨ ਸਭਿਅਤਾ ਦੀ ਡੂੰਘਾਈ ਤੇ ਵਿਸ਼ਾਲਤਾ ਨੂੰ ਦੇਖਦਿਆਂ ਇਹ ਸੂਚੀ ਹੋਰ ਲੰਮੇਰੀ ਹੁੰਦੀ ਜਾਵੇਗੀ।
*******
ਐੱਨਬੀ/ਏਕੇਜੇ/ਓਏ
(Release ID: 1615819)
Visitor Counter : 209