ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਈਐੱਸਆਈ ਅੰਸ਼ਦਾਨ ਭਰਨ ਦੀ ਮਿਆਦ ਅੱਗੇ ਵਧਾਈ

3.49 ਕਰੋੜ ਬੀਮਾਕ੍ਰਿਤ ਵਿਅਕਤੀਆਂ ਤੇ 12,11,174 ਰੋਜ਼ਗਾਰਦਾਤਿਆਂ ਨੂੰ ਲਾਭ ਪੁੱਜੇਗਾ
ਲੌਕਡਾਊਨ ਦੌਰਾਨ ਪ੍ਰਾਈਵੇਟ ਕੈਮਿਸਟਾਂ ਤੋਂ ਦਵਾਈਆਂ ਖ਼ਰੀਦਣ ਦੀ ਇਜਾਜ਼ਤ

Posted On: 14 APR 2020 4:51PM by PIB Chandigarh

ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਕਾਰਨ ਦੇਸ਼ ਇੱਕ ਬਹੁਤ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਬਹੁਤ ਸਾਰੇ ਸੰਸਥਾਨ ਆਰਜ਼ੀ ਤੌਰ ਤੇ ਬੰਦ ਹਨ ਤੇ ਕਰਮਚਾਰੀ ਕੰਮ ਕਰਨ ਤੋਂ ਅਸਮਰੱਥ ਹਨ। ਅਜਿਹੇ ਸਮੇਂ ਜਦੋਂ ਸਰਕਾਰ ਦੁਆਰਾ ਵਪਾਰਕ ਇਕਾਈਆਂ ਤੇ ਕਰਮਚਾਰੀਆਂ ਲਈ ਕਈ ਰਾਹਤ ਕਦਮ ਚੁੱਕੇ ਜਾ ਰਹੇ ਹਨ, ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਕੋਵਿਡ–19 ਨਾਲ ਲੜਨ ਲਈ ਆਪਣੇ ਮੈਡੀਕਲ ਵਸੀਲੇ ਮਜ਼ਬੂਤ ਕਰਨ ਦੇ ਨਾਲਨਾਲ ਆਪਣੀਆਂ ਸਬੰਧਿਤ ਧਿਰਾਂ ਖਾਸ ਤੌਰ ਤੇ ਰੋਜ਼ਗਾਰਦਾਤਿਆਂ ਤੇ ਬੀਮਾਕ੍ਰਿਤ ਵਿਅਕਤੀਆਂ ਲਈ ਹੇਠ ਲਿਖੇ ਰਾਹਤ ਕਦਮ ਚੁੱਕੇ ਹਨ।

ਰਾਹਤ ਦੇ ਇੱਕ ਕਦਮ ਵਜੋਂ, ਫ਼ਰਵਰੀ ਤੇ ਮਾਰਚ ਮਹੀਨਿਆਂ ਲਈ ਈਐੱਸਆਈ ਅੰਸ਼ਦਨ ਭਰਨ ਦੀ ਮਿਆਦ ਪਹਿਲਾਂ ਕ੍ਰਮਵਾਰ 15 ਅਪ੍ਰੈਲ ਤੇ 15 ਮਈ ਤੱਕ ਅੱਗੇ ਵਧਾ ਦਿੱਤੀ ਗਈ ਸੀ। ਹੁਣ ਰੋਜ਼ਗਾਰਦਾਤਿਆਂ ਦੁਆਰਾ ਕਿਉਂਕਿ ਔਕੜਾਂ ਦਾ ਸਾਹਮਣਾ ਕੀਤਾ ਜਾ ਰਿਹਾ ਹੈ, ਇਸੇ ਲਈ ਫ਼ਰਵਰੀ ਮਹੀਨੇ ਲਈ ਈਐੱਸਆਈ ਅੰਸ਼ਦਾਨ ਭਰਨ ਦੀ ਮਿਆਦ ਜਿਹੜੀ ਪਹਿਲਾਂ 15 ਅਪ੍ਰੈਲ ਤੱਕ ਅੱਗੇ ਵਧਾਈ ਗਈ ਸੀ, ਉਹ ਹੁਣ ਹੋਰ ਅੱਗੇ ਵਧਾ ਕੇ 15 ਮਈ, 2020 ਕਰ ਦਿੱਤੀ ਗਈ ਹੈ। ਮਾਰਚ 2020 ਮਹੀਨੇ ਲਈ ਅੰਸ਼ਦਾਨ ਭਰਨ ਦੀ ਮਿਆਦ ਵੀ 15 ਮਈ, 2020 ਹੈ। ਕੋਈ ਜੁਰਮਾਨਾ ਜਾਂ ਵਿਆਜ ਜਾਂ ਹਰਜਾਨਾ ਇਸ ਵਧਾਈ ਹੋਈ ਮਿਆਦ ਦੌਰਾਨ ਸੰਸਥਾਨਾਂ ਤੋਂ ਵਸੂਲ ਨਹੀਂ ਕੀਤਾ ਜਾਵੇਗਾ। ਰਿਟਰਨ ਭਰਨ ਦੀ ਮਿਆਦ ਅੱਗੇ ਵਧਾਉਣ ਨਾਲ 3.49 ਕਰੋੜ ਬੀਮਾਕ੍ਰਿਤ ਵਿਅਕਤੀਆਂ (ਆਈਪੀਜ਼) ਅਤੇ 12,11,174 ਰੋਜ਼ਗਾਰਦਾਤਿਆਂ ਨੂੰ ਰਾਹਤ ਮਿਲੇਗੀ।

ਇਸ ਤੋਂ ਇਲਾਵਾ, ਬੀਮਾਕ੍ਰਿਤ ਵਿਅਕਤੀਆਂ ਤੇ ਲਾਭਾਰਥੀਆਂ ਲਈ ਹੇਠ ਲਿਖੇ ਰਾਹਤ ਕਦਮ ਚੁੱਕੇ ਗਏ ਹਨ।

ਈਐੱਸਆਈ ਲਾਭਾਰਥੀਆਂ ਦੀਆਂ ਔਕੜਾਂ ਘਟਾਉਣ ਲਈ, ਲੌਕਡਾਊਨ ਦੀ ਮਿਆਦ ਦੌਰਾਨ ਈਐੱਸਆਈ ਲਾਭਾਰਥੀਆਂ ਨੂੰ ਨਿਜੀ ਕੈਮਿਸਟਾਂ ਤੋਂ ਦਵਾਈਆਂ ਖ਼ਰੀਦਣ ਅਤੇ ਬਾਅਦ ਚ ਈਐੱਸਆਈਸੀ ਤੋਂ ਇਸ ਦੀ ਭਰੌਤੀ ਕਰਵਾਉਣ (ਅਦਾਇਗੀ ਲੈਣ) ਦੀ ਇਜਾਜ਼ ਦੇ ਦਿੱਤੀ ਗਈ ਹੈ।

ਬੀਮਾਕ੍ਰਿਤ ਵਿਅਕਤੀਆਂ ਤੇ ਲਾਭਾਰਥੀਆਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਉਨ੍ਹਾਂ ਨੂੰ ਉਸ ਹਾਲਤ ਵਿੱਚ ਟਾਈਅੱਪ ਹਸਪਤਾਲਾਂ ਚ ਜਾਣ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੈ, ਜੇ ਕੋਰੋਨਾ ਦੇ ਸ਼ੱਕੀ ਤੇ ਪੁਸ਼ਟੀ ਹੋਏ ਮਾਮਲਿਆਂ ਲਈ ਖਾਸ ਤੌਰ ਤੇ ਕਿਸੇ ਈਐੱਸਆਈਸੀ ਹਸਪਤਾਲ ਨੂੰ ਸਮਰਪਿਤ ਕੋਵਿਡ–19 ਹਸਪਤਾਲ ਐਲਾਨ ਦਿੱਤਾ ਗਿਆ ਹੈ। ਈਐੱਸਆਈ ਲਾਭਾਰਥੀਆਂ ਨੂੰ ਉਸ ਸਮੇਂ ਦੌਰਾਨ ਨਿਰਧਾਰਿਤ ਸੈਕੰਡਰੀ/ਐੱਸਐੱਸਟੀ ਕਨਸਲਟੇਸ਼ਨ / ਦਾਖ਼ਲ ਹੋਣ / ਜਾਂਚ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਟਾਈਅੱਪ ਹਸਪਤਾਲਾਂ ਚ ਰੈਫ਼ਰ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦਾ ਸਬੰਧਿਤ ਈਐੱਸਆਈਸੀ ਹਸਪਤਾਲ ਇੱਕ ਸਮਰਪਿਤ ਕੋਵਿਡ–19 ਹਸਪਤਾਲ ਵਜੋਂ ਕੰਮ ਕਰ ਰਿਹਾ ਹੈ। ਈਐੱਸਆਈ ਲਾਭਾਰਥੀ ਆਪਣੀ ਹੱਕਦਾਰੀ ਅਨੁਸਾਰ ਬਿਨਾ ਕਿਸੇ ਰੈਫ਼ਰਲ ਲੈਟਰ ਦੇ ਵੀ ਸਿੱਧਾ ਟਾਈਅੱਪ ਹਸਪਤਾਲ ਜਾ ਕੇ ਐਮਰਜੈਂਸੀ / ਗ਼ੈਰਐਮਰਜੈਂਸੀ ਮੈਡੀਕਲ ਇਲਾਜ ਕਰਵਾ ਸਕਦਾ ਹੈ।

ਮੈਡੀਕਲ ਲਾਭ ਨਿਯਮ 60–61 ਅਧੀਨ ਉਨ੍ਹਾਂ ਬੀਮਾਕ੍ਰਿਤ ਵਿਅਕਤੀਆਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ ਜਿਹੜੇ ਸਥਾਈ ਤੌਰ ਉੱਤੇ ਦਿੱਵਯਾਂਗ ਹੋਣ ਕਾਰਨ ਹੁਣ ਬੀਮਾਕ੍ਰਿਤ ਰੁਜ਼ਗਾਰ ਚ ਨਹੀਂ ਹਨ ਤੇ ਜਾਂ ਸੇਵਾਮੁਕਤ ਬੀਮਾਕ੍ਰਿਤ ਵਿਅਕਤੀ ਹਨ; ਇਸ ਲਈ ਉਨ੍ਹਾਂ ਨੂੰ 10/– ਰੁਪਏ ਪ੍ਰਤੀ ਮਹੀਨਾ ਦੀ ਦਰ ਉੱਤੇ ਇੱਕ ਸਾਲ ਦੇ ਇੱਕਮੁਸ਼ਤ ਅੰਸ਼ਦਾਨ ਦੇ ਭੁਗਤਾਨ ਕਰਨਾ ਹੋਵੇਗਾ। ਲੌਕਡਾਊਨ ਦੀਆਂ ਮੌਜੂਦਾ ਸਥਿਤੀਆਂ ਅਧੀਨ ਅਜਿਹੇ ਮਾਮਲੇ ਹੋ ਸਕਦੇ ਹਨ, ਜਿੱਥੇ ਜਾਰੀ ਹੋਏ ਮੈਡੀਕਲ ਬੈਨੇਫ਼ਿਟ ਕਾਰਡਾਂ ਦੀ ਵੈਧਤਾ ਦੀ ਮਿਆਦ ਖ਼ਤਮ ਹੋ ਗਈ ਹੈ ਕਿਉਂਕਿ ਉਹ ਲਾਭਾਰਥੀ ਲੌਕਡਾਊਨ ਕਾਰਨ ਅਗਾਊਂ ਸਲਾਨਾ ਇੱਕਮੁਸ਼ਤ ਅੰਸ਼ਦਾਨ ਜਮ੍ਹਾ ਕਰਵਾਉਣ ਤੋਂ ਅਸਮਰੱਥ ਰਹੇ ਸਨ। ਅਜਿਹੇ ਲਾਭਾਰਥੀਆਂ ਨੂੰ 30 ਜੂਨ, 2020 ਤੱਕ ਈਐੱਸਆਈ ਦੇ ਨਿਯਮ 60 ਤੇ 61 (ਕੇਂਦਰੀ ਨਿਯਮਾਂ) ਅਧੀਨ ਮੈਡੀਕਲ ਲਾਭ ਹਾਸਲ ਕਰਨ ਦੀ ਇਜਾਜ਼ਤ ਹੋਵੇਗੀ।

ਸਥਾਈ ਦਿੱਵਯਾਂਗਤਾ ਲਾਭ ਤੇ ਆਸ਼ਰਿਤਾਂ ਦੇ ਲਾਭ ਦੇ ਸਬੰਧ ਵਿੱਚ ਲਗਭਗ 41.00 ਕਰੋੜ ਰੁਪਏ ਮਾਰਚ, 2020 ਮਹੀਨੇ ਦੌਰਾਨ ਲਾਭਾਰਥੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ।

 

*****

ਆਰਸੀਜੇ/ਐੱਸਕੇਪੀ/ਆਈਏ



(Release ID: 1614447) Visitor Counter : 171