ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਡਾ. ਹਰਸ਼ ਵਰਧਨ ਨੇ ਕੋਵਿਡ–19 ਲਈ ਚੁੱਕੇ ਕਦਮਾਂ ਬਾਰੇ ਸਬੰਧਿਤ ਰਾਜਾਂ ਨਾਲ ਇੱਕ ਵੀਡੀਓ ਕਾਨਫ਼ਰੰਸ ਦੀ ਪ੍ਰਧਾਨਗੀ ਕੀਤੀ

ਕੋਵਿਡ–19 ਵਿਰੁੱਧ ਦ੍ਰਿੜ੍ਹ ਜੰਗ ’ਚ ਭਾਰਤ ਦੀ ਜਨਤਾ ਨੂੰ ਇੱਕਜੁਟ ਕਰਨ ਲਈ ਰਾਜਾਂ ਨੂੰ ਮੋਬਾਈਲ ਐਪ ‘ਆਰੋਗਯ–ਸੇਤੂ’ ਪ੍ਰਮੋਟ ਕਰਨ ਦੀ ਤਾਕੀਦ ਕੀਤੀ
ਸਥਿਤੀ ਨੂੰ ਕੰਟਰੋਲ ’ਚ ਰੱਖਣ ਦੇ ਤੁਹਾਡੇ ਸਮਰਪਣ ਲਈ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਹਾਂ: ਡਾ. ਹਰਸ਼ ਵਰਧਨ

Posted On: 10 APR 2020 7:18PM by PIB Chandigarh

ਮੈਂ ਤੁਹਾਡੇ ਸਬੰਧਿਤ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚ ਕੋਵਿਡ–19 ਵਿਰੁੱਧ ਸਾਡੀ ਜੰਗ ਦੌਰਾਨ ਯੋਗ ਇੰਤਜ਼ਾਮ ਕਰਨ ਤੇ ਹਾਲਾਤ ਨੂੰ ਕਾਬੂ ਹੇਠ ਰੱਖਣ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ। ਡਾ. ਹਰਸ਼ ਵਰਧਨ ਨੇ ਇਹ ਗੱਲ ਅੱਜ ਇੱਥੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ (ਸਿਹਤ ਤੇ ਪਰਿਵਾਰ ਭਲਾਈ) ਦੀ ਮੌਜੂਦਗੀ ਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ, ਮੁੱਖ ਸਕੱਤਰਾਂ / ਸਿਹਤ ਸਕੱਤਰਾਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਕੋਵਿਡ–19 ਘਟਾਉਣ ਲਈ ਕੀਤੇ ਕਾਰਜਾਂ ਤੇ ਤਿਆਰੀਆਂ ਦੀ ਸਮੀਖਿਆ ਲਈ ਹੋਈ ਬੈਠਕ ਨੂੰ ਸੰਬੋਧਨ ਕਰਦਿਆਂ ਆਖੀ।

ਇਸ ਵੀਡੀਓ ਕਾਨਫ਼ਰੰਸ ਚ ਮਹਾਰਾਸ਼ਟਰ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਕੇਰਲ, ਆਂਧਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਕਰਨਾਟਕ, ਪੰਜਾਬ, ਬਿਹਾਰ, ਤੇਲੰਗਾਨਾ, ਹਰਿਆਣਾ, ਓੜੀਸ਼ਾ, ਅਸਾਮ, ਚੰਡੀਗੜ੍ਹ, ਝਾਰਖੰਡ, ਅੰਡੇਮਾਨ ਤੇ ਨਿਕੋਬਾਰ, ਛੱਤੀਸਗੜ੍ਹ, ਮਣੀਪੁਰ, ਅਰੁਣਾਚਲ ਪ੍ਰਦੇਸ਼, ਗੋਆ, ਮਿਜ਼ੋਰਮ, ਤ੍ਰਿਪੁਰਾ, ਸਿੱਕਿਮ, ਨਾਗਾਲੈਂਡ, ਤਮਿਲ ਨਾਡੂ, ਮੇਘਾਲਿਆ ਤੇ ਦਾਦਰਾ ਅਤੇ ਨਗਰ ਹਵੇਲੀ ਦੇ ਨੁਮਾਇੰਦਿਆਂ ਨੇ ਭਾਗ ਲਿਆ।

ਡਾ. ਹਰਸ਼ ਵਰਧਨ ਨੇ ਕਿਹਾ ਕਿ ਇਸ ਮਹਾਮਾਰੀ ਵਿਰੁੱਧ ਜੰਗ ਹੁਣ ਤਿੰਨ ਮਹੀਨਿਆਂ ਤੋਂ ਵੱਧ ਪੁਰਾਣੀ ਹੋ ਚੁੱਕੀ ਹੈ ਅਤੇ ਦੇਸ਼ ਵਿੱਚ ਕੋਵਿਡ–19 ਦੀ ਰੋਕਥਾਮ, ਉਸ ਨੂੰ ਫੈਲਣ ਤੋਂ ਰੋਕਣ ਤੇ ਯੋਗ ਪ੍ਰਬੰਧਾਂ ਉੱਤੇ ਰਾਜਾਂ ਦੇ ਤਾਲਮੇਲ ਨਾਲ ਉੱਚਤਮ ਪੱਧਰ ਦੀ ਨਿਗਰਾਨੀ ਰੱਖੀ ਜਾ ਰਹੀ ਹੈ।ਉਨ੍ਹਾਂ ਅੱਗੇ ਕਿਹਾ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਦੇਸ਼ ਨੇ ਇਸ ਮਹਾਮਾਰੀ ਦੇ ਫੈਲਣ ਤੋਂ ਰੋਕਥਾਮ ਲਈ ਕਈ ਸਰਗਰਮ ਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ। ਸਮੇਂ ਸਿਰ ਚੁੱਕੇ ਗਏ ਇਨ੍ਹਾਂ ਕਦਮਾਂ ਨੇ ਹਾਲਾਤ ਨਾਲ ਸਿੱਝਣ ਤੇ ਹਰ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਵਿੱਚ ਸਾਡੀ ਮਦਦ ਕੀਤੀ ਹੈ।

ਇਸ ਰੋਗ ਦੇ ਫੈਲਣ ਦੀ ਲੜੀ ਤੋੜਨ ਲਈ ਅਗਲੇ ਕੁਝ ਹਫ਼ਤੇ ਬਹੁਤ ਅਹਿਮ ਹੋਣ ਵੱਲ ਇਸ਼ਾਰਾ ਕਰਦਿਆਂ ਡਾ. ਹਰਸ਼ ਵਰਧਨ ਨੇ ਸਭ ਨੂੰ ਬੇਨਤੀ ਕੀਤੀ ਕਿ ਸਮਾਜਿਕਦੂਰੀ ਨੂੰ ਯਕੀਨੀ ਬਣਾਇਆ ਜਾਵੇ ਤੇ ਨਿਜੀ ਸਫ਼ਾਈ ਰੱਖਣ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇ, ਇਸ ਨਾਲ ਕੋਵਿਡ–19 ਵਿਰੁੱਧ ਇੱਕ ਦ੍ਰਿੜ੍ਹ ਤੇ ਸਮੂਹਿਕ ਜੰਗ ਚ ਮਦਦ ਮਿਲੇਗੀ।

ਉਨ੍ਹਾਂ ਇਹ ਵੀ ਕਿਹਾ ਕਿ ਰਾਜਾਂ ਨੂੰ ਇਹ ਚੇਤੇ ਰੱਖਣ ਦੀ ਜ਼ਰੂਰਤ ਹੈ ਕਿ ਗਰਭਵਤੀ ਔਰਤਾਂ, ਡਾਇਲਿਸਿਸ ਰੋਗੀਆਂ ਤੇ ਥੈਲਾਸੀਮੀਆ ਜਿਹੇ ਰੋਗਾਂ ਦੇ ਮਰੀਜ਼ਾਂ ਦਾ ਖਾਸ ਖ਼ਿਆਲ ਰੱਖਣਾ ਹੈ। ਉਨ੍ਹਾਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨ ਨੂੰ ਹੁਲਾਰਾ ਦੇਣ ਅਤੇ ਕਿਸੇ ਵੀ ਸਮੇਂ ਖੂਨ ਦੀ ਵਾਜਬ ਸਪਲਾਈ ਲਈ ਸੁਰੱਖਿਅਤ ਖੂਨਦਾਨ ਹਿਤ ਮੋਬਾਈਲ ਇਕਾਈਆਂ ਦੇ ਇੰਤਜ਼ਾਮ ਕਰਨ ਤੇ ਜ਼ੋਰ ਦਿੱਤਾ।

ਡਾ. ਹਰਸ਼ ਵਰਧਨ ਨੇ ਦੇਸ਼ ਦੇ ਸਮਰਪਿਤ ਕੋਵਿਡ–19 ਹਸਪਤਾਲਾਂ ਦੀ ਤਾਜ਼ਾ ਸਥਿਤੀ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਕਿਹਾ,‘ਦੇਸ਼ ਦੇ ਹਰੇਕ ਜ਼ਿਲ੍ਹੇ ਚ ਸਮਰਪਿਤ ਕੋਵਿਡ–19 ਹਸਪਤਾਲ ਸਥਾਪਿਤ ਕਰਨ ਦੀ ਜ਼ਰੂਰਤ ਹੈ ਤੇ ਜਿੰਨੀ ਵੀ ਛੇਤੀ ਸੰਭਵ ਹੋਵੇ, ਉਨ੍ਹਾਂ ਬਾਰੇ ਨੋਟੀਫ਼ਾਈ ਕੀਤਾ ਜਾਵੇ, ਤਾਂ ਜੋ ਆਮ ਜਨਤਾ ਨੂੰ ਉਨ੍ਹਾਂ ਬਾਰੇ ਜਾਣਕਾਰੀ ਮਿਲ ਸਕੇ।

ਡਾ. ਹਰਸ਼ ਵਰਧਨ ਨੇ ਹਰੇਕ ਰਾਜ ਨਾਲ ਪੀਪੀਈਜ਼, ਐੱਨ95 ਮਾਸਕਾਂ, ਟੈਸਟਿੰਗ ਕਿੱਟਾਂ, ਦਵਾਈਆਂ ਤੇ ਵੈਂਟੀਲੇਟਰਾਂ ਦੀ ਜ਼ਰੂਰਤ ਤੇ ਉਨ੍ਹਾਂ ਦੀ ਉਚਿਤ ਸਪਲਾਈ ਦੀ ਸਮੀਖਿਆ ਕੀਤੀ ਤੇ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਇਨ੍ਹਾਂ ਅਹਿਮ ਵਸਤਾਂ ਦੀ ਸਪਲਾਈ ਵਿੱਚ ਕੋਈ ਕਮੀ ਨਾ ਆਉਣਾ ਯਕੀਨੀ ਬਣਾਉਣ ਲਈ ਬਿਹਤਰੀਨ ਯਤਨ ਕਰ ਰਹੀ ਹੈ; ਵਿਭਿੰਨ ਜ਼ਰੂਰਤਾਂ ਲਈ ਆਰਡਰ ਪਹਿਲਾਂ ਹੀ ਦੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਰਾਜਾਂ ਦੀਆਂ ਅੰਸ਼ਕ ਜ਼ਰੂਰਤਾਂ, ਜੋ ਵੀ ਉਨ੍ਹਾਂ ਵੱਲੋਂ ਦੱਸੀਆਂ ਗਈਆਂ ਸਨ, ਪੂਰੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਸਾਰੇ ਦਿਸ਼ਾਨਿਰਦੇਸ਼ ਵਿਸਤ੍ਰਿਤ ਰੂਪ ਵਿੱਚ ਮੰਤਰਾਲੇ ਦੀ ਵੈੱਬਸਾਈਟ (www.mohfw.gov.in) ’ਤੇ ਉਪਲਬਧ ਹਨ ਕਿ ਕਿਸ ਵਰਗ ਦੇ ਸਿਹਤ ਕਾਮਿਆਂ / ਪ੍ਰੋਫ਼ੈਸ਼ਨਲਾਂ ਲਈ ਕਿਸ ਵਰਗ ਦੇ ਪੀਪੀਈਜ਼ ਵਰਤਣ ਦੀ ਜ਼ਰੂਰਤ ਹੈ ਅਤੇ ਰਾਜਾਂ ਨੂੰ ਉਨ੍ਹਾਂ ਦੀ ਤਰਕਪੂਰਨ ਵਰਤੋਂ ਬਾਰੇ ਵੀ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਚਿਹਰਾ ਢਕਣ ਲਈ ਦਿਸ਼ਾਨਿਰਦੇਸ਼ ਵੀ ਮੰਤਰਾਲੇ ਦੀ ਵੈੱਬਸਾਈਟ ਉੱਤੇ ਉਪਲਬਧ ਹਨ ਤੇ ਭਾਈਚਾਰਿਆਂ ਚ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਖੋਵੱਖਰੇ ਰਾਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਇੱਕਦੂਜੇ ਦੀਆਂ ਬਿਹਤਰੀਨ ਪਿਰਤਾਂ ਦੀ ਰੀਸ ਵੀ ਕਰ ਸਕਦੇ ਹਨ।

ਉਨ੍ਹਾਂ ਸਾਰਿਆਂ ਨੂੰ ਆਰੋਗਯਸੇਤੂ ਐਪਡਾਊਨਲੋਡ ਕਰਨ ਤੇ ਵਰਤਣ ਦੀ ਬੇਨਤੀ ਵੀ ਕੀਤੀ ਹੈ ਕਿਉਂਕਿ ਇਸ ਨਾਲ ਲੋਕ ਆਪਣੇ ਕੋਰੋਨਾ ਵਾਇਰਸ ਦੀ ਛੂਤ ਫੜਨ ਦੇ ਖ਼ਤਰੇ ਦਾ ਮੁੱਲਾਂਕਣ ਕਰਨ ਦੇ ਯੋਗ ਹੋ ਸਕਣਗੇ। ਉਨ੍ਹਾਂ ਕਿਹਾ,‘ਸਮਾਰਟ ਫ਼ੋਨ ਵਿੱਚ ਇੱਕ ਵਾਰ ਇੰਸਟਾਲ ਹੋਣ ਤੋਂ ਬਾਅਦ ਇਹ ਐਪ ਅਤਿਆਧੁਨਿਕ ਮਾਪਦੰਡਾਂ ਦੇ ਅਧਾਰ ਤੇ ਛੂਤ ਦੇ ਖ਼ਤਰੇ ਦੀ ਗਿਣਤੀਮਿਣਤੀ ਕਰ ਸਕਦੀ ਹੈ।

ਸੁਸ਼੍ਰੀ ਪ੍ਰੀਤੀ ਸੂਦਨ, ਸਕੱਤਰ (ਸਿਹਤ ਤੇ ਪਰਿਵਾਰ ਭਲਾਈ), ਸ਼੍ਰੀ ਸੰਜੀਵ ਕੁਮਾਰ, ਵਿਸ਼ੇਸ਼ ਸਕੱਤਰ ਤੇ ਸਿਹਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਆਈਸੀਐੱਮਆਰ ਦੇ ਪ੍ਰਤੀਨਿਧ ਵੀ ਇਸ ਸਮੀਖਿਆ ਬੈਠਕ ਦੌਰਾਨ ਮੌਜੂਦ ਸਨ।

****

ਐੱਮਵੀ/ਐੱਮਆਰ



(Release ID: 1613110) Visitor Counter : 179