ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮੰਤਰੀਆਂ ਦੇ ਗਰੁੱਪ ਨੇ ਕੋਵਿਡ–19 ਦੀ ਮੌਜੂਦਾ ਸਥਿਤੀ ਤੇ ਉਸ ਦੇ ਪ੍ਰਬੰਧ ਲਈ ਕੀਤੇ ਕਾਰਜਾਂ ਦੀ ਸਮੀਖਿਆ ਕੀਤੀ
ਡਾ. ਹਰਸ਼ ਵਰਧਨ ਨੇ ਕੋਵਿਡ–19 ਬਾਰੇ ਗ਼ਲਤ ਸੂਚਨਾ ਤੋਂ ਬਚਣ ਲਈ ਸਿਹਤ ਮੰਤਰਾਲੇ ਤੇ ਉਸ ਨਾਲ ਸਬੰਧਿਤ ਭਰੋਸੇਯੋਗ ਵੈੱਬਸਾਈਟਸ ਤੱਕ ਪਹੁੰਚ ਕਰਨ ’ਤੇ ਜ਼ੋਰ ਦਿੱਤਾ
Posted On:
09 APR 2020 5:54PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਨਿਰਮਾਣ ਭਵਨ ’ਚ ਕੋਵਿਡ–19 ਬਾਰੇ ਮੰਤਰੀਆਂ ਦੇ ਗਰੁੱਪ (ਜੀਓਐੱਮ) ਦੀ ਇੱਕ ਉੱਚ–ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ’ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ, ਗ੍ਰਹਿ ਰਾਜ ਮੰਤਰੀ ਸ਼੍ਰੀ ਨਿੱਤਯਾਨੰਦ ਰਾਏ, ਜਹਾਜ਼ਰਾਨੀ, ਰਸਾਇਣ ਤੇ ਖਾਦ ਰਾਜ ਮੰਤਰੀ ਸ਼੍ਰੀ ਮਨਸੁਖ ਮੰਡਾਵੀਆ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਅਸ਼ਵਨੀ ਕੁਮਾਰ ਚੌਬੇ ਨਾਲ ਮੈਂਬਰ (ਸਿਹਤ), ਨੀਤੀ ਆਯੋਗ ਡਾ. ਵਿਨੋਦ ਕੇ. ਪਾਲ ਅਤੇ ਚੀਫ਼ ਆਵ੍ ਡਿਫ਼ੈਂਸ ਸਟਾਫ਼ ਸ਼੍ਰੀ ਬਿਪਿਨ ਰਾਵਤ ਵੀ ਮੌਜੂਦ ਸਨ।
ਮੰਤਰੀਆਂ ਦੇ ਗਰੁੱਪ ਨੇ ਕੋਵਿਡ–19 ਦੇ ਨਿਯੰਤ੍ਰਣ ਤੇ ਪ੍ਰਬੰਧ ਬਾਰੇ ਵਿਸਤ੍ਰਿਤ ਵਿਚਾਰ–ਵਟਾਂਦਰਾ ਕੀਤਾ। ਮੰਤਰੀਆਂ ਦੇ ਗਰੁੱਪ ਨੇ ਹੁਣ ਤੱਕ ਚੁੱਕੇ ਗਏ ਕਦਮਾਂ, ਨਿਵਾਰਣ ਰਣਨੀਤੀ ਵਜੋਂ ਸਮਾਜਿਕ–ਦੂਰੀ ਦੇ ਉਪਾਵਾਂ ਦੀ ਮੌਜੂਦਾ ਹਾਲਤ ਤੇ ਕੋਵਿਡ–19 ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਤੇ ਨਾਲ ਹੀ ਰਾਜਾਂ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਬਾਰੇ ਵੀ ਚਰਚਾ ਕੀਤੀ। ਮੰਤਰੀਆਂ ਦੇ ਗਰੁੱਪ ਨੂੰ ਸੂਚਿਤ ਕੀਤਾ ਗਿਆ ਕਿ ਸਾਰੇ ਜ਼ਿਲ੍ਹਿਆਂ ਨੂੰ ਕੋਵਿਡ–19 ਦਾ ਮੁਕਾਬਲਾ ਕਰਨ ਲਈ ਆਪਣੀ ਹੰਗਾਮੀ ਯੋਜਨਾ ਤਿਆਰ ਕਰਨ ਤੇ ਉਸ ਨੂੰ ਮਜ਼ਬੂਤ ਕਰਨ ਲਈ ਕਿਹਾ ਗਿਆ ਹੈ। ਇਸ ਮੀਟਿੰਗ ’ਚ ਕੋਵਿਡ–19 ਲਈ ਸਮਰਪਿਤ ਹਸਪਤਾਲ ਬਣਾਉਣ ਲਈ ਵਾਜਬ ਵਸੀਲਿਆਂ ਨੂੰ ਸ਼ਾਮਲ ਕਰਨ, ਮੈਡੀਕਲ ਸੰਸਥਾਨਾਂ ਨੂੰ ਪੀਪੀਈ, ਵੈਂਟੀਲੇਟਰ ਤੇ ਹੋਰ ਜ਼ਰੂਰੀ ਉਪਕਰਣਾਂ ਆਦਿ ਨਾਲ ਲੈਸ ਕਰਨ ਸਮੇਤ ਰਾਜਾਂ ਦੀ ਸਮਰੱਥਾ ਮਜ਼ਬੂਤ ਬਣਾਉਣ ਦੇ ਕਈ ਹੋਰ ਉਪਾਵਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਰਾਜਾਂ ਨੂੰ ਪਹਿਲਾਂ ਤੋਂ ਨਿਰਧਾਰਿਤ ਦਿਸ਼ਾ–ਨਿਰਦੇਸ਼ਾਂ ਅਨੁਸਾਰ ਕੋਵਿਡ–19 ਕੇਂਦਰਾਂ–ਹਸਪਤਾਲਾਂ ਦੀ ਸ਼ਨਾਖ਼ਤ ਕਰਨ ਲਈ ਕਿਹਾ ਗਿਆ ਹੈ।
ਮੰਤਰੀਆਂ ਦੇ ਗਰੁੱਪ ਨੇ ਹੌਟ–ਸਪੌਟ ਅਤੇ ਕਲਸਟਰ ਪ੍ਰਬੰਧ ਦੀ ਰਣਨੀਤੀ ਦੇ ਨਾਲ–ਨਾਲ ਟੈਸਟਿੰਗ ਰਣਨੀਤੀ ਤੇ ਦੇਸ਼ ਭਰ ’ਚ ਟੈਸਟਿੰਗ ਕਿੱਟਾਂ ਦੀ ਉਪਲੱਬਧਤਾ ਦੀ ਵੀ ਸਮੀਖਿਆ ਕੀਤੀ। ਮੰਤਰੀਆਂ ਦੇ ਗਰੁੱਪ ਨੂੰ ਜ਼ਰੂਰਤ ਅਨੁਸਾਰ ਪੀਪੀਈ, ਮਾਸਕ, ਵੈਂਟੀਲੇਟਰ, ਦਵਾਈਆਂ ਤੇ ਹੋਰ ਜ਼ਰੂਰੀ ਉਪਕਰਣਾਂ ਦੀ ਉਚਿਤ ਮਾਤਰਾ ’ਚ ਉਪਲੱਬਧਤਾ ਤੋਂ ਜਾਣੂ ਕਰਵਾਇਆ ਗਿਆ। ਮੰਤਰੀਆਂ ਦੇ ਗਰੁੱਪ ਨੂੰ ਸੂਚਿਤ ਕੀਤਾ ਗਿਆ ਕਿ ਪੀਪੀਈ ਦੇ ਨਿਰਮਾਣ ਲਈ ਘਰੇਲੂ ਨਿਰਮਾਤਾਵਾਂ ਦੀ ਸ਼ਨਾਖ਼ਤ ਕੀਤੀ ਗਈ ਹੈ ਤੇ ਨਿਰਮਾਣ ਸਬੰਧੀ ਹੁਕਮ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵੈਂਟੀਲੇਟਰ ਲਈ ਵੀ ਹੁਕਮ ਦਿੱਤੇ ਗਏ ਹਨ। ਮੰਤਰੀਆਂ ਦੇ ਗਰੁੱਪ ਨੂੰ ਕੋਵਿਡ–19 ਲਈ ਇਸ ਵੇਲੇ ਟੈਸਟਿੰਗ ਕਰ ਰਹੀਆਂ ਪਬਲਿਕ ਤੇ ਪ੍ਰਾਈਵੇਟ ਪ੍ਰਯੋਗਸ਼ਾਲਾਵਾਂ ਦੀ ਗਿਣਤੀ ਤੇ ਨਾਲ ਹੀ ਪ੍ਰਯੋਗਸ਼ਾਲਾਵਾਂ ਦੇ ਇਸ ਨੈੱਟਵਰਕ ਰਾਹੀਂ ਰੋਜ਼ਾਨਾ ਕੀਤੇ ਜਾਣ ਵਾਲੇ ਪਰੀਖਣਾਂ ਦੀ ਗਿਣਤੀ ਬਾਰੇ ਜਾਣਕਾਰੀ ਦਿੱਤੀ ਗਈ। ਮੰਤਰੀਆਂ ਦੇ ਗਰੁੱਪ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਨੂੰ ਲਾਗੂ ਕਰਨ ਦੀ ਸਥਿਤੀ ਦੀ ਵੀ ਸਮੀਖਿਆ ਕੀਤੀ। ਮੰਤਰੀਆਂ ਦੇ ਗਰੁੱਪ ਨੇ ਮੰਤਰਾਲਿਆਂ ਤੇ ਅਧਿਕਾਰ–ਪ੍ਰਾਪਤ ਸਮੂਹਾਂ ਵੱਲੋਂ ਕੀਤੇ ਕੰਮਾਂ ਉੱਤੇ ਤਸੱਲੀ ਪ੍ਰਗਟਾਈ।
ਮੰਤਰੀਆਂ ਦੇ ਗਰੁੱਪ ਦੇ ਪ੍ਰਧਾਨ ਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਇਸ ਸਿਹਤ ਸਬੰਧੀ ਐਮਰਜੈਂਸੀ ’ਚ ਸਭ ਤੋਂ ਮੋਹਰੀ ਰਹਿਣ ਵਾਲੇ ਅਤੇ ਸਾਨੂੰ ਕੋਵਿਡ–19 ਤੋਂ ਬਚਾਉਣ ਲਈ ਸੇਵਾਵਾਂ ਮੁਹੱਈਆ ਕਰਵਾ ਰਹੇ ਡਾਕਟਰਾਂ ਤੇ ਹੋਰ ਮੈਡੀਕਲ ਕਰਮਚਾਰੀਆਂ ਦਾ ਬਾਈਕਾਟ ਨਾ ਕਰਨ ਦੀ ਅਪੀਲ ਦੁਹਰਾਈ। ਉਨ੍ਹਾਂ ਕਿਹਾ ਕਿ ਸਾਨੂੰ ਅਫ਼ਵਾਹਾਂ ਜਾਂ ਗ਼ੈਰ–ਪ੍ਰਮਾਣਿਕ ਸੂਚਨਾ ਫੈਲਾਉਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ,‘ਸਿਹਤ ਮੰਤਰਾਲੇ ਦੀ ਵੈੱਬਸਾਈਟ (www.mohfw.gov.in), ਆਈਸੀਐੱਮਆਰ ਦੀ ਵੈੱਬਸਾਈਟ (www.icmr.nic.in) ਪੀਆਈਬੀ ਦੀ ਵੈੱਬਸਾਈਟ (www.pib.gov.in) ਅਤੇ ਹੋਰ ਕੇਂਦਰੀ ਮੰਤਰਾਲਿਆਂ ਦੀਆਂ ਵੈੱਬਸਾਈਟਸ ਕੋਵਿਡ–19 ਬਾਰੇ ਜਾਣਕਾਰੀ ਦੇ ਪ੍ਰਮਾਣਿਕ ਸਰੋਤ ਹਨ ਅਤੇ ਕੋਵਿਡ–19 ਨਾਲ ਸਬੰਧਿਤ ਤਕਨੀਕੀ ਮੁੱਦਿਆਂ, ਦਿਸ਼ਾ–ਨਿਰਦੇਸ਼ਾਂ, ਸਲਾਹ ਤੇ ਪ੍ਰਬੰਧ ਬਾਰੇ ਕਿਸੇ ਵੀ ਜਾਣਕਾਰੀ ਲਈ ਇਨ੍ਹਾਂ ਨੂੰ ਹੀ ਅਕਸੈੱਸ ਕਰਨ (ਦੇਖਣ) ਦੀ ਜ਼ਰੂਰਤ ਹੈ। ਮੰਤਰਾਲੇ ਦੀ ਵੈੱਬਸਾਈਟ ਨਾਗਰਿਕਾਂ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾ, ਹਸਪਤਾਲਾਂ ਤੇ ਹੋਰ ਸਬੰਧਿਤ ਧਿਰਾਂ ਲਈ ਜਾਣਕਾਰੀ ਦਾ ਪ੍ਰਮਾਣਿਕ ਤੇ ਮੁਕੰਮਲ ਸਰੋਤ ਹੈ।’ ਉਨ੍ਹਾਂ ਕਿਹਾ ਕਿ ਕੋਵਿਡ–19 ਨਾਲ ਸਬੰਧਿਤ ਤਕਨੀਕੀ ਪ੍ਰਸ਼ਨ technicalquery.covid19[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਡਾ. ਹਰਸ਼ ਵਰਧਨ ਨੇ ਦੁਹਰਾਇਆ ਕਿ ਕਿਸ ਵਿਅਕਤੀ ਨੂੰ ਕਿਸ ਕਿਸਮ ਦੇ ਮਾਸਕ ਦਾ ਉਪਯੋਗ ਕਰਨਾ ਚਾਹੀਦਾ ਹੈ ਤੇ ਕਿਸ ਵਿਅਕਤੀ ਨੂੰ ਪੀਪੀਈ ਦਾ ਉਪਯੋਗ ਕਰਨਾ ਚਾਹੀਦਾ ਹੈ, ਇਸ ਬਾਰੇ ਵਿਸਤ੍ਰਿਤ ਸਲਾਹਾ ਤੇ ਦਿਸ਼ਾ–ਨਿਰਦੇਸ਼ ਮੰਤਰਾਲੇ ਦੀ ਵੈੱਬਸਾਈਟ ਉੱਤੇ ਉਪਲੱਬਧ ਕਰਵਾਏ ਗਏ ਹਨ ਤੇ ਆਈਸੀ ਮੁਹਿੰਮਾਂ ਰਾਹੀਂ ਇਸ ਬਾਰੇ ਜਾਗਰੂਕਤਾ ਵੀ ਫੈਲਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ–ਦੂਰੀ ਅਤੇ ਆਈਸੋਲੇਸ਼ਨ ਕੋਵਿਡ–19 ਵਿਰੁੱਧ ਸਭ ਤੋਂ ਪ੍ਰਭਾਵੀ ਸਮਾਜਿਕ ਵੈਕਸੀਨ ਹਨ। ਉਨ੍ਹਾਂ ਲੌਕਡਾਊਨ ਦੌਰਾਨ ਸਭ ਤੋਂ ਵਿਅਕਤੀਗਤ ਸਾਫ਼–ਸਫ਼ਾਈ ਦੇ ਪ੍ਰੋਟੋਕੋਲ ਅਤੇ ਸਾਹ–ਪ੍ਰਣਾਲੀ ਸਬੰਧੀ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ।
ਇਸ ਮੀਟਿੰਗ ’ਚ ਸੁਸ਼੍ਰੀ ਪ੍ਰੀਤੀ ਸੂਦਨ – ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ), ਸ਼੍ਰੀ ਰਵੀ ਕਪੂਰ – ਸਕੱਤਰ (ਕੱਪੜਾ), ਸ਼੍ਰੀ ਪ੍ਰਦੀਪ ਸਿੰਘ ਖਾਰੋਲਾ – ਸਕੱਤਰ (ਸ਼ਹਿਰੀ ਹਵਾਬਾਜ਼ੀ), ਸ਼੍ਰੀ ਸੀ.ਕੇ. ਮਿਸ਼ਰਾ – ਸਕੱਤਰ (ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ), ਸ਼੍ਰੀ ਪੀ.ਡੀ. ਵਾਘੇਲਾ – ਸਕੱਤਰ (ਫ਼ਾਰਮਾਸਿਊਟੀਕਲਜ਼), ਸ਼੍ਰੀ ਸੰਜੀਵ ਕੁਮਾਰ –ਵਿਸ਼ੇਸ਼ ਸਕੱਤਰ (ਸਿਹਤ), ਸ਼੍ਰੀ ਅਨਿਲ ਮਲਿਕ – ਅਪਰ ਸਕੱਤਰ (ਗ੍ਰਹਿ ਮੰਤਰਾਲਾ), ਸ਼੍ਰੀ ਕੇ. ਰਾਜਾਰਮਨ – ਅਪਰ ਸਕੱਤਰ (ਆਰਥਿਕ ਮਾਮਲੇ), ਡਾ. ਰਾਜੀਵ ਗਰਗ – ਡੀਜੀਐੱਚਐੱਸ, ਸ਼੍ਰੀ ਅਮਿਤ ਯਾਦਵ – ਡਾਇਰੈਕਟਰ ਜਨਰਲ (ਡੀਜੀਐੱਫ਼ਟੀ), ਡਾ. ਰਮਨ ਗੰਗਾਖੇਡਕਰ – ਮਹਾਮਾਰੀ ਵਿਗਿਆਨ ਤੇ ਛੂਤ ਦੇ ਰੋਗਾਂ ਬਾਰੇ ਮੁਖੀ–ਆਈਸੀਐੱਮਆਰ ਅਤੇ ਸ਼੍ਰੀ ਲਵ ਅਗਰਵਾਲ – ਸੰਯੁਕਤ ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ) ਤੋਂ ਇਲਾਵਾ ਫ਼ੌਜ, ਆਈਟੀਬੀਪੀ, ਫ਼ਾਰਮਾ, ਡੀਜੀਸੀ ਤੇ ਟੈਕਸਟਾਈਲਜ਼ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਕੋਵਿਡ–19 ਨਾਲ ਸਬੰਧਿਤ ਤਕਨੀਕੀ ਸੁਆਲ technicalquery.covid19[at]gov[dot]in ਉੱਤੇ ਅਤੇ ਹੋਰ ਸੁਆਲ ncov2019[at]gov[dot]in ਉੱਤੇ ਈਮੇਲ ਰਾਹੀਂ ਭੇਜੇ ਜਾ ਸਕਦੇ ਹਨ।
ਕੋਵਿਡ–19 ਬਾਰੇ ਕਿਸੇ ਵੀ ਤਰ੍ਹਾਂ ਦੇ ਸੁਆਲ ਹੋਣ, ਤਾਂ ਕਿਰਪਾ ਕਰਕੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੈਲਪਲਾਈਨ ਨੰਬਰ: +91-11-23978046 ਜਾਂ 1075 (ਟੋਲ–ਫ਼੍ਰੀ) ਜਾਂ 1075 (ਟੋਲ–ਫ਼੍ਰੀ) ਉੱਤੇ ਕਾੱਲ ਕਰੋ। ਕੋਵਿਡ–19 ਬਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹੈਲਪਲਾਈਨ ਨੰਬਰਾਂ ਦੀ ਸੂਚੀ ਵੀ ਇੱਥੇ ਉਪਲੱਬਧ ਹੈ https://www.mohfw.gov.in/pdf/coronvavirushelplinenumber.pdf
*****
ਐੱਮਵੀ
(Release ID: 1612773)
Visitor Counter : 212
Read this release in:
English
,
Gujarati
,
Urdu
,
Marathi
,
Hindi
,
Assamese
,
Manipuri
,
Bengali
,
Tamil
,
Telugu
,
Kannada