ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲਾ ਨੇ ਰਾਜਾਂ ਨੂੰ ਦੇਸ਼ ਭਰ ਵਿੱਚ ਮੈਡੀਕਲ ਆਕਸੀਜਨ ਦੀ ਨਿਰੰਤਰ ਅਤੇ ਪਰੇਸ਼ਾਨੀ- ਰਹਿਤ ਸਪਲਾਈ ਯਕੀਨੀ ਬਣਾਉਣ ਵੱਲ ਧਿਆਨ ਦੇਣ ਲਈ ਲਿਖਿਆ

Posted On: 06 APR 2020 5:47PM by PIB Chandigarh

ਦੇਸ਼ ਵਿੱਚ ਜ਼ਰੂਰੀ ਵਸਤਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਦੇ ਇੱਕ ਹਿੱਸੇ ਵਜੋਂ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਕੁਮਾਰ ਭੱਲਾ ਨੇ ਸਾਰੇ ਮੁੱਖ ਸਕੱਤਰਾਂ ਨੂੰ ਲਿਖਿਆ ਹੈ ਕਿ ਉਹ ਮੈਡੀਕਲ ਆਕਸੀਜਨ ਦੀ ਨਿਰੰਤਰ ਅਤੇ ਪਰੇਸ਼ਾਨੀ-ਰਹਿਤ ਸਪਲਾਈ ਯਕੀਨੀ ਬਣਾਉਣ ਵੱਲ ਧਿਆਨ ਦੇਣ। ਇਹ ਜ਼ੋਰ ਇਸ ਕਰਕੇ ਦਿੱਤਾ ਗਿਆ ਹੈ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਦੇਸ਼ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਦੀ ਭਾਰੀ ਲੋੜ ਹੈ ਅਤੇ ਇਹ ਵਿਸ਼ਵ ਸਿਹਤ ਸੰਗਠਨ ਦੀਆਂ ਜ਼ਰੂਰੀ ਦਵਾਈਆਂ ਦੀ ਰਾਸ਼ਟਰੀ ਲਿਸਟ ਵਿੱਚ ਸ਼ਾਮਲ ਹੈ।

 

ਕੇਂਦਰੀ ਗ੍ਰਹਿ ਮੰਤਰਾਲੇ ਨੇ ਲੌਕਡਾਊਨ ਦੌਰਾਨ ਭਾਰਤ ਸਰਕਾਰ ਦੇ ਮੰਤਰਾਲਿਆਂ /ਵਿਭਾਗਾਂ, ਰਾਜਾਂ /ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧਿਕਾਰੀਆਂ ਨੂੰ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਉੱਤੇ ਰੋਕ ਲਗਾਉਣ ਲਈ 24 ਮਾਰਚ, 2020 ਅਤੇ ਫਿਰ ਸੋਧ ਕੇ 25 ਮਾਰਚ, 2020, 26 ਮਾਰਚ, 2020, 2 ਅਪ੍ਰੈਲ, 2020 ਅਤੇ 3 ਅਪ੍ਰੈਲ, 2020 ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। 

 

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਤਹਿਤ ਮੈਡੀਕਲ ਉਪਕਰਣ ਬਣਾਉਣ ਵਾਲੀਆਂ ਯੂਨਿਟਾਂ, ਉਨ੍ਹਾਂ ਨੂੰ ਕੱਚਾ ਸਮਾਨ ਦੇਣ ਵਾਲਿਆਂ, ਉਨ੍ਹਾਂ ਦਾ ਪੈਕੇਜਿੰਗ ਮੈਟੀਰੀਅਲ ਤਿਆਰ ਕਰਨ ਵਾਲੀਆਂ ਯੂਨਿਟਾਂ, ਜ਼ਰੂਰੀ ਵਸਤਾਂ ਅਤੇ ਮੈਡੀਕਲ ਸਪਲਾਈਜ਼ ਦੀ ਟ੍ਰਾਂਸਪੋਰਟੇਸ਼ਨ, ਸੰਸਾਧਨਾਂ, ਵਰਕਰਾਂ ਅਤੇ ਸਮਾਨ  ਨੂੰ ਜੁਟਾਉਣ, ਹਸਪਤਾਲ ਢਾਂਚਿਆਂ ਦਾ ਪ੍ਰਸਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਇਲਾਵਾ  3 ਅਪ੍ਰੈਲ, 2020 ਦੀ ਚਿੱਠੀ ਵਿੱਚ ਸਾਰੇ ਰਾਜਾਂ ਨੂੰ ਛੂਟ ਵਾਲੀਆਂ ਵਸਤਾਂ ਦੀ ਸਪਲਾਈ ਚੇਨ ਨੂੰ ਬਰਕਰਾਰ ਰੱਖਣ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ।

 

ਇਨ੍ਹਾਂ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਹਿ ਸਕੱਤਰ ਨੇ ਦੁਹਰਾਇਆ ਅਤੇ ਸਪਸ਼ਟ ਕੀਤਾ ਹੈ ਕਿ ਲੌਕਡਾਊਨ ਸਬੰਧੀ ਦਿਸ਼ਾ-ਨਿਰਦੇਸ਼ਾਂ ਤੋਂ ਜਿਨ੍ਹਾਂ ਨੂੰ ਛੂਟਾਂ ਦਿੱਤੀਆਂ ਗਈਆਂ ਹਨ ਉਹ ਹੇਠ ਲਿਖੇ ਅਨੁਸਾਰ ਹਨ -

 

• ਸਾਰੀਆਂ ਨਿਰਮਾਣ ਯੂਨਿਟਾਂ - ਮੈਡੀਕਲ ਆਕਸੀਜਨ ਗੈਸ /ਤਰਲ ਅਤੇ ਮੈਡੀਕਲ ਆਕਸੀਜਨ ਦੇ ਸਿਲੰਡਰ ਤਰਲ ਆਕਸੀਜਨ ਨੂੰ ਸਟੋਰ ਕਰਨ ਲਈ ਕ੍ਰਾਇਓਜੈਨਿਕ ਟੈਂਕ, ਤਰਲ ਕ੍ਰਾਇਓਜੈਨਿਕ ਸਿਲੰਡਰ, ਤਰਲ ਆਕਸੀਜਨ ਕ੍ਰਾਇਓਜੈਨਿਕ ਟ੍ਰਾਂਸਪੋਰਟ ਟੈਂਕ, ਐਂਬੀਐਂਟ ਵੈਪੋਰਾਈਜ਼ਰ ਅਤੇ ਕ੍ਰਾਇਓਜੈਨਿਕ ਵਾਲਵਸ, ਸਿਲੰਡਰ ਵਾਲਵਸ  ਅਤੇ ਅਸੈਸਰੀਜ਼।

• ਉਪਰੋਕਤ ਵਸਤਾਂ ਦੀ ਟਰਾਂਸਪੋਰਟੇਸ਼ਨ,

• ਉਪਰੋਕਤ ਵਸਤਾਂ ਦਾ ਇੱਕ ਦੂਜੇ ਰਾਜ ਵਿੱਚ ਆਵਾਗਮਨ,

• ਉਪਰ ਦੱਸੇ ਨਿਰਮਾਣ ਯੂਨਿਟਾਂ ਦੇ ਵਰਕਰਾਂ ਅਤੇ ਉਨ੍ਹਾਂ ਦੀ ਢੁਆਈ ਦੀ ਇਜਾਜ਼ਤ  ਦਿੱਤੀ ਜਾਣੀ ਚਾਹੀਦੀ ਹੈ ਜਾਂ  ਘਰਾਂ ਤੋਂ ਫੈਕਟਰੀਆਂ ਤੱਕ ਜਾਣ ਲਈ  ਅਤੇ ਵਾਪਸ ਆਉਣ ਲਈ ਪਾਸ ਦਿੱਤੇ ਜਾਣੇ ਚਾਹੀਦੇ ਹਨ ਤਾਕਿ ਫੈਕਟਰੀਆਂ ਆਪਣੀ ਪੂਰੀ ਸਮਰੱਥਾ ਨਾਲ ਚਲ  ਸਕਣ।

 

ਪੱਤਰ ਵਿੱਚ ਜ਼ੋਰ ਦਿੱਤਾ ਗਿਆ ਹੈ ਕਿ ਲੌਕਡਾਊਨ ਦੇ ਕਦਮਾਂ ਅਨੁਸਾਰ ਸਮਾਜਿਕ ਦੂਰੀ ਅਤੇ ਸਹੀ ਸਫਾਈ ਕਾਇਮ ਰੱਖੀ ਜਾਣੀ ਚਾਹੀਦੀ ਹੈ। ਇਹ ਸੰਗਠਨ/ਅਦਾਰੇ ਦੇ ਮੁਖੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਇਨ੍ਹਾਂ ਨਿਯਮਾਂ ਦੀ ਪਾਲਣਾ  ਯਕੀਨੀ ਬਣਾਉਣ। ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਕਦਮਾਂ ਦੀ ਪਾਲਣਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਚਿੱਠੀ ਵਿੱਚ ਵਿਸ਼ੇਸ਼ ਤੌਰ ‘ਤੇ ਮੈਡੀਕਲ ਆਕਸੀਜਨ ਦੀ ਸਪਲਾਈ ਬਾਰੇ, ਜ਼ਿਲ੍ਹਾ ਅਧਿਕਾਰੀਆਂ ਅਤੇ ਫੀਲਡ ਏਜੰਸੀਆਂ ਨੂੰ ਉਪਰੋਕਤ ਸ਼ਰਤਾਂ ਨੂੰ ਸਖਤੀ ਨਾਲ ਲਾਗੂ ਕਰਨ ਬਾਰੇ ਕਿਹਾ ਗਿਆ ਹੈ।

 

****

 

ਵੀਜੀ/ਐੱਸਐੱਨਸੀ/ਵੀਐੱਮ



(Release ID: 1611826) Visitor Counter : 179