ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੂੰ 'ਸਟਰੈਂਡਡ ਇਨ ਇੰਡੀਆ' ਪੋਰਟਲ ‘ਤੇ ਵਿਦੇਸ਼ੀ ਸੈਲਾਨੀਆਂ ਤੋਂ ਪਿਛਲੇ ਦੋ ਦਿਨਾਂ ਦੌਰਾਨ ਮਦਦ ਲਈ 500 ਤੋਂ ਵੱਧ ਸਵਾਲ/ਬੇਨਤੀਆਂ ਪ੍ਰਾਪਤ ਹੋਈਆਂ

Posted On: 02 APR 2020 4:24PM by PIB Chandigarh

ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਨੇ 31 ਮਾਰਚ 2020 ਨੂੰ ਅੰਤਰਰਾਸ਼ਟਰੀ ਸੈਲਾਨੀਆਂ ਲਈ 'ਸਟਰੈਂਡਡ ਇਨ ਇੰਡੀਆ' ਨਾਮ ਦਾ ਪੋਰਟਲ ਲਾਂਚ ਕੀਤਾ ਸੀ। ਇਸ ਦੇ ਲਾਂਚ ਕੀਤੇ ਜਾਣ ਦੇ ਪਹਿਲੇ ਦੋ ਦਿਨਾਂ ਵਿੱਚ ਹੀ ਇਸ ਪੋਰਟਲ ਤੇ ਵਿਦੇਸ਼ੀ ਸੈਲਾਨੀਆਂ ਤੋਂ  ਪਿਛਲੇ ਦੋ ਦਿਨਾਂ ਦੌਰਾਨ ਮਦਦ ਲਈ 500 ਤੋਂ ਵੱਧ ਸਵਾਲ/ਬੇਨਤੀਆਂ ਪ੍ਰਾਪਤ ਹੋਈਆਂ ਹਨ। ਟੂਰਿਜ਼ਮ ਮੰਤਰਾਲਾ ਵਿਦੇਸ਼ ਮੰਤਰਾਲੇ ਅਤੇ ਰਾਜਾਂ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਇਨ੍ਹਾਂ ਸੈਲਾਨੀਆਂ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਤਾਲਮੇਲ ਕਰ ਰਿਹਾ ਹੈ। ਮੰਤਰਾਲਾ ਇਨ੍ਹਾਂ ਮਹਿਮਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਬੰਧ ਵਿੱਚ ਸਬੰਧਿਤ ਦੂਤਵਾਸਾਂ ਨਾਲ ਵੀ ਤਾਲਮੇਲ  ਕਰ ਰਿਹਾ ਹੈ।

ਵਿਦੇਸ਼ੀ ਸੈਲਾਨੀਆਂ ਤੋਂ ਪ੍ਰਾਪਤ ਹੋਈਆਂ ਬੇਨਤੀਆਂ ਵਿੱਚ ਜ਼ਿਆਦਾਤਰ ਸੈਲਾਨੀ ਆਪਣੀ ਵਤਨ ਵਾਪਸੀ ਦੀ ਯਾਤਰਾ ਬਾਰੇ ਜਾਣਕਾਰੀ ਮੰਗ ਰਹੇ ਹਨ ਅਤੇ ਵਾਪਸੀ ਯਾਤਰਾ ਨਾ ਕੀਤੇ ਜਾ ਸਕਣ ਦੀ ਸਥਿਤੀ ਵਿੱਚ ਭਾਰਤ ਵਿੱਚ ਸਟੇਅ ਲਈ ਵੀਜ਼ਿਆਂ ਦੀ ਮਿਆਦ ਵਧਾਉਣ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ। 

ਇਨ੍ਹਾਂ ਸੈਲਾਨੀਆਂ ਨੂੰ ਭਾਰਤ ਵਿੱਚ ਯਾਤਰਾ ਦੌਰਾਨ ਜਿਹੜੀ ਇੱਕ ਹੋਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਉਹ ਦਿੱਲੀ ਅਤੇ ਮੁੰਬਈ ਜਿਹੇ ਮੈਟਰੋ ਸ਼ਹਿਰਾਂ ਤੱਕ ਪਹੁੰਚਣ ਦੀ ਹੈ, ਜਿੱਥੋਂ ਇੱਕ ਵਾਰ ਲੌਕਡਾਊਨ ਹਟਾਏ ਜਾਣ ਤੇ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। 

 

ਟੂਰਿਜ਼ਮ ਮੰਤਰਾਲਾ ਰਾਜਾਂ ਦੇ ਅਧਿਕਾਰੀਆਂ ਨਾਲ ਪੂਰੀ ਸਰਗਰਮੀ ਨਾਲ ਇਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਕਰਵਾ ਰਿਹਾ ਹੈ।  ਇਸ ਤੋਂ ਇਲਾਵਾ ਭੋਜਨ, ਦਵਾਈਆਂ ਤੇ ਬਜ਼ੁਰਗਾਂ ਦੀ ਦੇਖਭਾਲ਼ ਆਦਿ ਜਿਹੀਆਂ ਸੈਲਾਨੀਆਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਕੰਮ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ।

ਮੰਤਰਾਲੇ ਦੀ ਹੋਟਲ ਤੇ ਰੈਸਟੋਰੈਂਟ ਡਿਵੀਜ਼ਨ ਕਈ ਹੋਟਲਾਂ ਦੇ ਲਗਾਤਾਰ ਸੰਪਰਕ ਵਿੱਚ ਹੈ, ਜੋ ਲੌਕਡਾਊਨ ਦੌਰਾਨ ਇਨ੍ਹਾਂ ਮਹਿਮਾਨਾਂ ਨੂੰ ਠਹਿਰਾਅ ਰਹੇ ਹਨ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ, ਜੇਕਰ ਕੋਈ ਹੋਵੇ ਤਾਂ ਉਸ ਦੇ ਸਬੰਧ ਵਿੱਚ ਸਬੰਧਿਤ ਦੂਤਾਵਾਸਾਂ ਨਾਲ ਤਾਲਮੇਲ ਕਰ ਰਹੇ ਹਨ। ਹੋਟਲਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਪ੍ਰੋਟੋਕੋਲ ਤੇ ਅਮਲ ਕਰਨ ਅਤੇ ਉਨ੍ਹਾਂ ਨੂੰ ਉਦੋਂ ਤੱਕ ਸਹਿਯੋਗ ਦੇਣ ਜਦੋਂ ਤੱਕ ਸਬੰਧਿਤ ਦੂਤਘਰਾਂ ਦੁਆਰਾ ਇਨ੍ਹਾਂ ਮਹਿਮਾਨਾਂ ਦੀ ਵਤਨ ਵਾਪਸੀ ਦਾ ਪ੍ਰਬੰਧ ਨਹੀਂ ਹੋ ਜਾਂਦਾ।

ਟੂਰਿਜ਼ਮ ਮੰਤਰਾਲੇ ਨੇ ਇੱਕ ਟਾਸਕ ਫੋਰਸ ਦਾ ਵੀ ਗਠਨ ਕੀਤਾ ਹੈ ਜਿਸ ਵਿੱਚ ਦੋਹਾਂ ਹੀ ਕੇਂਦਰੀ ਅਤੇ ਖੇਤਰੀ ਪੱਧਰ ਦੇ ਅਧਿਕਾਰੀਆਂ ਤੇ ਰਾਜਾਂ ਦੇ ਟੂਰਿਜ਼ਮ ਵਿਭਾਗਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮੇਂ ਤੇ ਹੱਲ ਕੀਤਾ ਜਾ ਸਕੇ। ਸੁਚਾਰੂ ਸੂਚਨਾ ਪ੍ਰਵਾਹ ਅਤੇ ਮੁੱਦਿਆਂ ਦੇ ਤੇਜ਼ ਨਿਪਟਾਰੇ ਨੂੰ ਸੁਨਿਸ਼ਚਿਤ ਕਰਨ ਲਈ, ਤਾਲਮੇਲ ਸਮੂਹ ਵਾਟਸਐਪ, ਈ-ਮੇਲ ਅਤੇ ਟੈਲੀਫੋਨ ਰਾਹੀਂ ਕੰਮ ਕਰ ਰਿਹਾ ਹੈ।

ਮੰਤਰਾਲੇ ਦੀ ਮੌਜੂਦਾ 24X 7 ਟੈਲੀਫੋਨ ਹੈਲਪਲਾਈਨ 1363 ਹੈ ਜੋ ਸੈਲਾਨੀਆਂ ਨੂੰ ਸਟੀਕ ਅਤੇ ਤਾਜ਼ਾ ਜਾਣਕਾਰੀ ਨੂੰ ਵੀ ਸੁਨਿਸ਼ਚਿਤ ਕਰਦੀ ਹੈ।

ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ strandedinindia.com ਜਾਂ incredibleindia.org ਉੱਤੇ ਜਾਓ।

****

ਐੱਨਬੀ/ਏਕੇ/ਓਏ



(Release ID: 1610555) Visitor Counter : 91