ਸਿੱਖਿਆ ਮੰਤਰਾਲਾ
azadi ka amrit mahotsav

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ ਕਾਸ਼ੀ ਤਮਿਲ ਸੰਗਮਮ ਦੇ ਪੰਜਵੇਂ ਐਡੀਸ਼ਨ (ਕੇਟੀਐੱਸ 5.0) ਦਾ ਉਦਘਾਟਨ ਕਰਨਗੇ


ਕਾਸ਼ੀ ਤਮਿਲ ਸੰਗਮਮ 5.0 ਦਾ ਆਯੋਜਨ 28 ਨਵੰਬਰ ਤੋਂ 12 ਦਸੰਬਰ, 2026 ਤੱਕ ਵਾਰਾਣਸੀ ਵਿੱਚ ਕੀਤਾ ਜਾਵੇਗਾ

Posted On: 27 NOV 2026 1:58PM by PIB Chandigarh

ਉਪ-ਰਾਸ਼ਟਰਪਤੀ ਸ਼੍ਰੀ ਸੀ.ਪੀ. ਰਾਧਾਕ੍ਰਿਸ਼ਣਨ 28 ਨਵੰਬਰ ਤੋਂ 12 ਦਸੰਬਰ, 2026 ਤੱਕ ਵਾਰਾਣਸੀ ਵਿਖੇ ਹੋਣ ਵਾਲੇ ਕਾਸ਼ੀ ਤਮਿਲ ਸੰਗਮਮ (ਕੇਟੀਐੱਸ) ਦੇ ਪੰਜਵੇਂ ਆਯੋਜਨ ਦਾ ਉਦਘਾਟਨ ਕਰਨਗੇ। ਕੇਂਦਰੀ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਸਮਾਪਤੀ ਸੈਸ਼ਨ ਵਿੱਚ ਸ਼ਾਮਲ ਹੋਣਗੇ।

ਇਸ ਆਯੋਜਨ ਵਿੱਚ 1,400 ਤੋਂ ਵੱਧ ਡੈਲੀਗੇਟ ਹਿੱਸਾ ਲੈਣਗੇ। ਇਸ ਦਾ ਉਦੇਸ਼ ਤਮਿਲ ਨਾਡੂ ਅਤੇ ਕਾਸ਼ੀ ਦਰਮਿਆਨ ਸਦੀਆਂ ਪੁਰਾਣੇ ਸੱਭਿਆਚਾਰਕ, ਭਾਸ਼ਾਈ ਅਤੇ ਸੱਭਿਅਤਾਗਤ ਸਬੰਧਾਂ ਦਾ ਉਤਸਵ ਮਨਾਉਣਾ ਅਤੇ ਇਨ੍ਹਾਂ ਇਤਿਹਾਸਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਇਹ ਪਹਿਲਕਦਮੀ ਦੋਵਾਂ ਖੇਤਰਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਯਤਨ ਹੈ। ਕਾਸ਼ੀ ਤਮਿਲ ਸੰਗਮਮ ਦਾ ਪੰਜਵਾਂ ਆਯੋਜਨ ਤਮਿਲ ਸਾਹਿਤ ਦੀਆਂ ਸਭ ਤੋਂ ਪ੍ਰਸਿੱਧ ਰਚਨਾਵਾਂ ਵਿੱਚੋਂ ਇੱਕ ‘ਤਿਰੂਕੁਰਲ’ ਦੇ ਸਦੀਵੀ ਗਿਆਨ ਅਤੇ ਨੈਤਿਕ ਸਿੱਖਿਆਵਾਂ ਤੋਂ ਭਾਗੀਦਾਰਾਂ ਨੂੰ ਜਾਣੂ ਕਰਵਾਏਗਾ।

ਇਸ ਆਯੋਜਨ ਦਾ ਸੰਚਾਲਨ ਕੇਂਦਰੀ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਵੱਲੋਂ ਆਈਆਈਟੀ ਮਦਰਾਸ, ਬਨਾਰਸ ਹਿੰਦੂ ਯੂਨੀਵਰਸਿਟੀ, ਸ਼ਾਸਤਰੀ ਤਮਿਲ ਕੇਂਦਰੀ ਸੰਸਥਾਨ, ਉੱਤਰ ਪ੍ਰਦੇਸ਼ ਸਰਕਾਰ ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਕੇਟੀਐੱਸ  5.0 ਦੀ ਥੀਮ – “ਤਿਰੂਕੁਰਲ ਪਯਿਲਵੋਮ – ਤਿਰੂਕੁਰਲ ਅਭਿਆਸ ਕਰੋ”

​ਕਾਸ਼ੀ ਤਮਿਲ ਸੰਗਮਮ 5.0 ਦੀ ਥੀਮ “ਤਿਰੂਕੁਰਲ ਪਯਿਲਵੋਮ – ਤਿਰੂਕੁਰਲ ਅਭਿਆਸ ਕਰੋ” ਹੈ, ਜਿਸ ਦਾ ਅਰਥ ਹੈ “ਆਓ, ਤਿਰੂਕੁਰਲ ਦਾ ਅਧਿਐਨ ਕਰੀਏ।” ਇਸ ਦਾ ਮੁੱਖ ਉਦੇਸ਼ ਤਿਰੂਕੁਰਲ ਦੇ ਸਦੀਵੀ ਗਿਆਨ ਪ੍ਰਤੀ ਖਾਸ ਤੌਰ ‘ਤੇ ਵਿਦਿਆਰਥੀਆਂ ਅਤੇ ਨੌਜਵਾਨਾਂ ਦਰਮਿਆਨ ਜਾਗਰੂਕਤਾ ਅਤੇ ਸਮਝ ਵਿਕਸਿਤ ਕਰਨਾ ਹੈ। ਇਸ ਦੇ ਨਾਲ ਹੀ ਭਾਰਤ ਦੀਆਂ ਸਮ੍ਰਿੱਧ ਸਾਹਿਤਕ ਪਰੰਪਰਾਵਾਂ ਅਤੇ ਕੀਮਤੀ ਸੱਭਿਆਚਾਰਕ ਵਿਰਾਸਤ ਪ੍ਰਤੀ ਸ਼ਲਾਘਾ ਨੂੰ ਉਤਸ਼ਾਹਿਤ ਕਰਨਾ ਵੀ ਇਸ ਦਾ ਪ੍ਰਮੁੱਖ ਉਦੇਸ਼ ਹੈ।

ਤਿਰੂਕੁਰਲ: ਤਮਿਲ ਸਾਹਿਤ ਦੀ ਅਣਮੁੱਲੀ ਵਿਰਾਸਤ

​ਪ੍ਰਸਿੱਧ ਤਮਿਲ ਕਵੀ ਅਤੇ ਦਾਰਸ਼ਨਿਕ ਤਿਰੂਵੱਲੂਵਰ ਵੱਲੋਂ ਰਚਿਤ ‘ਤਿਰੂਕੁਰਲ’ ਤਮਿਲ ਸਾਹਿਤ ਦੀਆਂ ਸਭ ਤੋਂ ਸਦੀਵੀ ਰਚਨਾਵਾਂ ਵਿੱਚੋਂ ਇੱਕ ਹੈ। ਇਹ ਗ੍ਰੰਥ ਪੀੜ੍ਹੀਆਂ ਤੋਂ ਮਨੁੱਖੀ ਜੀਵਨ ਨੂੰ ਮਾਰਗਦਰਸ਼ਨ ਪ੍ਰਦਾਨ ਕਰਦਾ ਆ ਰਿਹਾ ਹੈ।

ਇਸ ਵਿੱਚ ਕੁੱਲ 1,330 ਦੋਹੇ ਹਨ, ਜਿਨ੍ਹਾਂ ਵਿੱਚ ਨੈਤਿਕਤਾ, ਸ਼ਾਸਨ ਵਿਵਸਥਾ, ਮਨੁੱਖੀ ਸਬੰਧਾਂ, ਦਇਆ, ਅਨੁਸ਼ਾਸਨ ਅਤੇ ਜ਼ਿੰਮੇਵਾਰ ਜੀਵਨ ਜਿਊਣ ਦੇ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ।

ਤਿਰੂਕੁਰਲ ਨੂੰ ਤਿੰਨ ਪ੍ਰਮੁੱਖ ਹਿੱਸਿਆਂ—ਅਰਮ (ਸਦਾਚਾਰ ਅਤੇ ਨੈਤਿਕਤਾ), ਪੋਰੁਲ (ਧਨ ਅਤੇ ਸ਼ਾਸਨ) ਅਤੇ ਇਨਬਮ (ਪ੍ਰੇਮ ਅਤੇ ਮਨੁੱਖੀ ਸਬੰਧ)—ਵਿੱਚ ਵੰਡਿਆ ਗਿਆ ਹੈ।

​ਇਹ ਗ੍ਰੰਥ ਨੈਤਿਕ ਆਚਰਣ, ਸਮਾਜਿਕ ਜੀਵਨ ਅਤੇ ਮਨੁੱਖੀ ਸਬੰਧਾਂ ਦੇ ਆਦਰਸ਼ਾਂ ਨੂੰ ਪੇਸ਼ ਕਰਦਾ ਹੈ ਅਤੇ ਅੱਜ ਵੀ ਢੁਕਵਾਂ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ।

ਡੈਲੀਗੇਟ ਅਤੇ ਯਾਤਰਾ ਪ੍ਰੋਗਰਾਮ

​ਤਮਿਲ ਨਾਡੂ ਤੋਂ ਲਗਭਗ 1,400 ਭਾਗੀਦਾਰ ਸੱਤ ਸਮੂਹਾਂ ਵਿੱਚ ਵੰਡੇ ਜਾ ਕੇ ਕਾਸ਼ੀ ਤਮਿਲ ਸੰਗਮਮ 5.0 ਤਹਿਤ ਅੱਠ ਦਿਨਾਂ ਦੀ ਯਾਤਰਾ ਵਿੱਚ ਸ਼ਾਮਲ ਹੋਣਗੇ। ਹਰੇਕ ਸਮੂਹ ਵਿੱਚ ਲਗਭਗ 200 ਭਾਗੀਦਾਰ ਹੋਣਗੇ। ਇਸ ਯਾਤਰਾ ਵਿੱਚ ਚਾਰ ਦਿਨ ਆਉਣ-ਜਾਣ ਅਤੇ ਚਾਰ ਦਿਨ ਘੁੰਮਣ-ਫਿਰਨ ਅਤੇ ਸੁਚੱਜੇ ਪ੍ਰੋਗਰਾਮਾਂ ਲਈ ਨਿਰਧਾਰਿਤ ਕੀਤੇ ਗਏ ਹਨ। ਯਾਤਰਾ ਪ੍ਰੋਗਰਾਮ ਵਿੱਚ ਵਾਰਾਣਸੀ, ਪ੍ਰਯਾਗਰਾਜ ਅਤੇ ਅਯੁੱਧਿਆ ਸ਼ਾਮਲ ਹਨ, ਜਿੱਥੇ ਸੱਭਿਆਚਾਰਕ, ਅਕਾਦਮਿਕ, ਵਿਸ਼ਾ-ਵਿਸ਼ੇਸ਼ ਅਤੇ ਅਧਿਆਤਮਿਕ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ।

ਭਾਗੀਦਾਰਾਂ ਦੀਆਂ ਸੱਤ ਸ਼੍ਰੇਣੀਆਂ

​ਇਸ ਆਯੋਜਨ ਵਿੱਚ ਹੇਠ ਲਿਖੀਆਂ ਸੱਤ ਸ਼੍ਰੇਣੀਆਂ ਦੇ ਭਾਗੀਦਾਰ ਸ਼ਾਮਲ ਹੋਣਗੇ:

​• ਵਿਦਿਆਰਥੀ

• ਅਧਿਆਪਕ

​• ਲੇਖਕ ਅਤੇ ਮੀਡੀਆ ਪੇਸ਼ੇਵਰ

​• ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਪ੍ਰਤੀਨਿਧੀ

​• ਪੇਸ਼ੇਵਰ ਅਤੇ ਸ਼ਿਲਪਕਾਰ

​• ਮਹਿਲਾਵਾਂ

​• ਅਧਿਆਤਮਿਕ ਧਰਮ ਗੁਰੂ

ਵਾਰਾਣਸੀ ਪ੍ਰਵਾਸ ਦੌਰਾਨ ਪ੍ਰਤੀਨਿਧੀ ਕਾਸ਼ੀ ਵਿਸ਼ਵਨਾਥ ਮੰਦਿਰ, ਰਾਮਨਗਰ ਕਿਲ੍ਹਾ ਅਤੇ ਭਾਰਤ ਮਾਤਾ ਮੰਦਿਰ ਸਮੇਤ ਪ੍ਰਮੁੱਖ ਧਾਰਮਿਕ, ਇਤਿਹਾਸਕ ਅਤੇ ਸੱਭਿਆਚਾਰਕ ਸਥਾਨਾਂ ਦਾ ਦੌਰਾ ਕਰਨਗੇ।

​ਯਾਤਰਾ ਪ੍ਰੋਗਰਾਮ ਵਿੱਚ ਗੰਗਾ ਆਰਤੀ, ਗੰਗਾ ਇਸ਼ਨਾਨ, ਅਕਾਦਮਿਕ ਸੈਸ਼ਨਾਂ ਵਿੱਚ ਭਾਗੀਦਾਰੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਸ਼ਾਮਲ ਹੈ।

​ਇਸ ਤੋਂ ਬਾਅਦ ਪ੍ਰਤੀਨਿਧੀ ਪ੍ਰਯਾਗਰਾਜ ਸਥਿਤ ਤ੍ਰਿਵੇਣੀ ਸੰਗਮ ਅਤੇ ਅਯੁੱਧਿਆ ਸਥਿਤ ਸ਼੍ਰੀ ਰਾਮ ਮੰਦਿਰ ਦਾ ਵੀ ਦੌਰਾ ਕਰਨਗੇ।

ਤਮਿਲ ਨਾਡੂ ਅਤੇ ਕਾਸ਼ੀ ਦੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਵਿਸ਼ੇਸ਼ ਤੌਰ ‘ਤੇ ਉਜਾਗਰ ਕਰਨ ਲਈ ਇੱਕ ਵਿਸ਼ੇਸ਼ ‘ਤਮਿਲ ਵਿਰਾਸਤ ਸਰਕਿਟ’ ਤਿਆਰ ਕੀਤਾ ਗਿਆ ਹੈ।

​ਇਸ ਦੇ ਤਹਿਤ ਪ੍ਰਤੀਨਿਧੀ ਮਹਾਂਕਵੀ ਸੁਬਰਾਮਣਯਮ ਭਾਰਤੀ ਦੇ ਜੱਦੀ ਘਰ, ਕੇਦਾਰ ਘਾਟ, ਕਾਸ਼ੀ ਮੱਠਮ (ਲਿਟਲ ਤਮਿਲ ਨਾਡੂ) ਅਤੇ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਤਮਿਲ ਵਿਭਾਗ ਦਾ ਦੌਰਾ ਕਰਨਗੇ।

ਇਸ ਯਾਤਰਾ ਦਾ ਉਦੇਸ਼ ਤਮਿਲ ਨਾਡੂ ਅਤੇ ਕਾਸ਼ੀ ਦਰਮਿਆਨ ਸਦੀਆਂ ਪੁਰਾਣੇ ਸੱਭਿਆਚਾਰਕ, ਸਾਹਿਤਕ, ਅਕਾਦਮਿਕ ਅਤੇ ਅਧਿਆਤਮਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ।

ਵਿਦਿਆਰਥੀਆਂ ਦੇ ਸ਼ਮੂਲੀਅਤ ਪ੍ਰੋਗਰਾਮ

​ਤਿਰੂਕੁਰਲ (Thirukkural) ਬਾਰੇ ਵੱਖ-ਵੱਖ ਅਕਾਦਮਿਕ ਵਿਸ਼ਿਆਂ ਅਤੇ ਭਾਸ਼ਾਈ ਪਿਛੋਕੜ ਵਾਲੇ ਵਿਦਿਆਰਥੀਆਂ ਵਿੱਚ ਵਿਆਪਕ ਸਮਝ ਵਿਕਸਿਤ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਦੀਆਂ 1,000 ਉੱਚ ਸਿੱਖਿਆ ਸੰਸਥਾਵਾਂ ਰਾਹੀਂ ਰਾਸ਼ਟਰੀ ਪੱਧਰ ‘ਤੇ ਵਿਦਿਆਰਥੀ ਸ਼ਮੂਲੀਅਤ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਯੋਜਨਾਬੱਧ ਅਧਿਐਨ, ਖੋਜ ਅਤੇ ਕੈਂਪਸ-ਅਧਾਰਿਤ ਗਤੀਵਿਧੀਆਂ ਸ਼ਾਮਲ ਹੋਣਗੀਆਂ।

  • ਹਰੇਕ ਭਾਗੀਦਾਰ ਸੰਸਥਾਨ ਤਿਰੂਕੁਰਲ (Thirukkural) ‘ਤੇ ਆਪਣੇ ਇੱਛੁਕ ਵਿਦਿਆਰਥੀਆਂ ਦਾ ਮੁਲਾਂਕਣ ਕਰੇਗਾ ਅਤੇ ਯੋਗਤਾ ਦੇ ਅਧਾਰ ‘ਤੇ ਇੱਕ ਵਿਦਿਆਰਥੀ ਨੂੰ ਨਾਮਜ਼ਦ ਕਰੇਗਾ।
  • ​ਚੁਣੇ ਗਏ ਵਿਦਿਆਰਥੀਆਂ ਨੂੰ ਔਨਲਾਈਨ ਅਕਾਦਮਿਕ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਹ ਪ੍ਰੋਗਰਾਮ 22 ਭਾਸ਼ਾਵਾਂ ਅਤੇ ਅੰਗਰੇਜ਼ੀ ਵਿੱਚ ਆਯੋਜਿਤ ਕੀਤਾ ਜਾਵੇਗਾ।
  • ਇਸ ਤੋਂ ਬਾਅਦ ਇੱਕ ਮਹੀਨੇ ਦਾ ਖੋਜ ਅਤੇ ਅਕਾਦਮਿਕ ਸ਼ਮੂਲੀਅਤ ਪ੍ਰੋਗਰਾਮ ਆਯੋਜਿਤ ਹੋਵੇਗਾ। ਇਸ ਦੇ ਲਈ ਸ਼ਾਸਤਰੀ ਤਮਿਲ ਕੇਂਦਰੀ ਸੰਸਥਾਨ ਵੱਲੋਂ ਬਹੁ-ਭਾਸ਼ਾਈ ਅਧਿਐਨ ਸਮੱਗਰੀ ਉਪਲਬਧ ਕਰਵਾਈ ਜਾਵੇਗੀ। ਪ੍ਰੋਗਰਾਮ ਦੇ ਦਿਸ਼ਾ-ਨਿਰਦੇਸ਼ਾਂ ਅਤੇ ਨਿਰਧਾਰਿਤ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਹਰੇਕ ਯੋਗ ਚੁਣੇ ਗਏ ਵਿਦਿਆਰਥੀ ਨੂੰ 10,000 ਰੁਪਏ ਦੀ ਸਕੌਲਰਸ਼ਿਪ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
  • ​ਹਰੇਕ ਵਿਦਿਆਰਥੀ ਨੂੰ ਫੈਕਲਟੀ ਗਾਈਡ (ਮਾਰਗਦਰਸ਼ਕ) ਦੇ ਨਿਰਦੇਸ਼ਨ ਹੇਠ 4 ਤੋਂ 10 ਪੰਨਿਆਂ ਦਾ ਲੇਖ ਜਾਂ ਖੋਜ-ਪੱਤਰ ਤਿਆਰ ਕਰਨਾ ਹੋਵੇਗਾ ਅਤੇ ਆਪਣੇ ਸੰਸਥਾਨ ਵਿੱਚ ਤਿਰੂਕੁਰਲ ‘ਤੇ ਇੱਕ ਘੰਟੇ ਦੀ ਪੇਸ਼ਕਾਰੀ ਦੇਣੀ ਹੋਵੇਗੀ।

ਉੱਤਰ ਪ੍ਰਦੇਸ਼ ਦੇ ਸਕੂਲਾਂ ਵਿੱਚ ਤਿਰੂਕੁਰਲ ਦੀ ਸਿੱਖਿਆ

​ਕਾਸ਼ੀ ਤਮਿਲ ਸੰਗਮਮ ਦੌਰਾਨ ਤਮਿਲ ਨਾਡੂ ਦੇ 50 ਅਧਿਆਪਕ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ ਅਤੇ ਇੱਥੋਂ ਦੇ ਸਕੂਲਾਂ ਵਿੱਚ ਤਿਰੂਕੁਰਲ ਦਾ ਅਧਿਐਨ ਕਰਨਗੇ।

​ਇਸ ਤੋਂ ਇਲਾਵਾ, ਤਮਿਲ ਨਾਡੂ ਦੇ ਤਿਰੂਕੁਰਲ ਮਾਹਿਰ ਵਾਰਾਣਸੀ ਦੇ ਸਕੂਲਾਂ ਦਾ ਵੀ ਦੌਰਾ ਕਰਨਗੇ। ਉਹ ਓਰੀਐਂਟੇਸ਼ਨ ਮੌਡਿਊਲ, ਸੰਵਾਦਪੂਰਨ ਸੈਸ਼ਨਾਂ ਅਤੇ ਕੁਇਜ਼ ਰਾਹੀਂ ਵਿਦਿਆਰਥੀਆਂ ਨੂੰ ਇਸ ਮਹਾਨ ਗ੍ਰੰਥ ਦੀਆਂ ਬੁਨਿਆਦੀ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਉਣਗੇ।

ਸਕੂਲਾਂ ਵਿੱਚ ਪੜ੍ਹਨ ਸੈਸ਼ਨ

ਨੈਸ਼ਨਲ ਬੁੱਕ ਟਰੱਸਟ, ਨੈਸ਼ਨਲ ਈ-ਲਾਇਬ੍ਰੇਰੀ ਦੇ ਸਹਿਯੋਗ ਨਾਲ ਵਾਰਾਣਸੀ ਦੇ ਸਕੂਲਾਂ ਵਿੱਚ ਸੰਵਾਦਪੂਰਨ ਸੈਸ਼ਨ ਆਯੋਜਿਤ ਕਰੇਗਾ।

ਇਨ੍ਹਾਂ ਸੈਸ਼ਨਾਂ ਵਿੱਚ ਹੇਠ ਲਿਖੇ ਵਿਸ਼ਿਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ:

  • ​ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਵਿਕਸਿਤ ਕਰਨਾ।
  • ​ਕਹਾਣੀ ਸੁਣਾਉਣ ਦੀ ਕਲਾ ਨੂੰ ਉਤਸ਼ਾਹਿਤ ਕਰਨਾ।
  • ਰਚਨਾਤਮਕ ਗਤੀਵਿਧੀਆਂ ਰਾਹੀਂ ਸਿੱਖਣ ਦੇ ਮੌਕੇ ਪ੍ਰਦਾਨ ਕਰਨ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ।

ਅਕਾਦਮਿਕ ਗਤੀਵਿਧੀਆਂ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਖੇਤਰੀ ਦਸਤਕਾਰੀ ਪ੍ਰਦਰਸ਼ਨੀਆਂ

​ਬਨਾਰਸ ਹਿੰਦੂ ਯੂਨੀਵਰਸਿਟੀ, ਭਾਰਤੀ ਭਾਸ਼ਾ ਸਮਿਤੀ ਦੇ ਸਹਿਯੋਗ ਨਾਲ ਤਿਰੂਕੁਰਲ (Thirukkural) 'ਤੇ ਇੱਕ ਰਾਸ਼ਟਰੀ ਸੰਮੇਲਨ ਦਾ ਸਹਿ-ਆਯੋਜਨ ਕਰੇਗੀ।

​ਇਸ ਵਿੱਚ ਤਿਰੂਕੁਰਲ 'ਤੇ ਅਧਾਰਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਤਿਰੂਕੁਰਲ 'ਤੇ ਲਘੂ ਫਿਲਮਾਂ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ ਜਾਵੇਗਾ।

​ਮੁੱਖ ਆਯੋਜਨ ਵਾਲੀ ਥਾਂ 'ਤੇ ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਦੇ ਦਸਤਕਾਰੀ ਅਤੇ ਹੈਂਡਲੂਮ ਉਤਪਾਦਾਂ ਦੇ ਸਟਾਲ ਲਗਾਏ ਜਾਣਗੇ।

ਡਿਜੀਟਲ ਅਤੇ ਜਨ ਸੰਪਰਕ ਗਤੀਵਿਧੀਆਂ

ਕਾਸ਼ੀ ਤਮਿਲ ਸੰਗਮਮ 5.0 ਵਿੱਚ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਤਿਰੂਕੁਰਲ (Thirukkural) ਦੀਆਂ ਸਿੱਖਿਆਵਾਂ ਨੂੰ ਦੇਸ਼ ਭਰ ਦੇ ਵਿਆਪਕ ਜਨਤਕ ਭਾਈਚਾਰੇ ਤੱਕ ਪਹੁੰਚਾਉਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਇਸ ਦਿਸ਼ਾ ਵਿੱਚ ਸ਼ਾਸਤਰੀ ਤਮਿਲ ਕੇਂਦਰੀ ਸੰਸਥਾਨ (ਸੀਆਈਸੀਟੀ) ਦੀਆਂ ਪ੍ਰਮੁੱਖ ਪਹਿਲਕਦਮੀਆਂ ਹੇਠ ਲਿਖੇ ਅਨੁਸਾਰ ਹਨ:

​• ਬਹੁ-ਭਾਸ਼ਾਈ ਤਿਰੂਕੁਰਲ ਐਪ: ਇਸ ਵਿੱਚ ਤਿਰੂਕੁਰਲ ਦੇ ਸਾਰੇ 1,330 ਦੋਹੇ 22 ਅਨੁਸੂਚਿਤ ਭਾਸ਼ਾਵਾਂ ਵਿੱਚ ਅਨੁਵਾਦ ਸਮੇਤ ਉਪਲਬਧ ਹਨ।

​• ਲਘੂ ਐਨੀਮੇਟਿਡ ਵੀਡੀਓ ਅਤੇ ਫਿਲਮਾਂ: ਤਿਰੂਕੁਰਲ ਦੇ ਚੋਣਵੇਂ ਦੋਹਿਆਂ ਦੀਆਂ ਸਿੱਖਿਆਵਾਂ ਨੂੰ ਸਰਲ ਅਤੇ ਦਿਲਚਸਪ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ।

​• ਤਿਰੂਕੁਰਲ ਆਡੀਓਬੁੱਕ: ਲੋਕਾਂ ਨੂੰ ਆਡੀਓ ਮਾਧਿਅਮ ਰਾਹੀਂ ਇਸ ਮਹਾਨ ਸਾਹਿਤਕ ਗ੍ਰੰਥ ਦਾ ਅਧਿਐਨ ਕਰਨ ਦੀ ਸਹੂਲਤ ਮਿਲੇਗੀ।

ਵਧੇਰੇ ਜਾਣਕਾਰੀ ਅਤੇ ਸ਼ਮੂਲੀਅਤ ਲਈ

ਮਾਈ ਗੋਵ ਤਿਰੂਕੁਰੁਲ ਕੁਇਜ਼ ਵਿੱਚ ਹਿੱਸਾ ਲਵੋ:

https://quiz.mygov.in/quiz/kashi-tamil-sangamam-5-0-quiz-on-thirukkural/

***

ਆਰਆਰਟੀਐੱਨ
 


(Release ID: 2343316) ਵਿਜ਼ੀਟਰ ਕਾਊਂਟਰ : 14