ਕੀ ਹੋਵੇ ਜੇਕਰ ਜੀਵਨ ਦੇ ਸਭ ਤੋਂ ਗੁੰਝਲਦਾਰ ਸਵਾਲਾਂ ਦੇ ਜਵਾਬ ਸਾਡੇ ਆਲੇ-ਦੁਆਲੇ ਦੀਆਂ ਸਭ ਤੋਂ ਸਰਲ ਚੀਜ਼ਾਂ ਵਿੱਚ ਹੀ ਲੁਕੇ ਹੋਣ? ਨੀਮ ਕਰੋਲੀ ਬਾਬਾ ਦੀ ਅਧਿਆਤਮਿਕ ਯਾਤਰਾ ਰਾਹੀਂ ਇਸੇ ਵਿਚਾਰ ਦੀ ਪੜਚੋਲ ਕਰਦੀ ਫ਼ਿਲਮ ‘ਹਨੂੰਮਾਨ ਅੰਸ਼’—ਜਿਸ ਨੂੰ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) 2026 ਦੇ ਇੰਡੀਅਨ ਪੈਨੋਰਮਾ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ—ਦਰਸ਼ਕਾਂ ਨੂੰ ਠਹਿਰਨ, ਚਿੰਤਨ ਕਰਨ ਅਤੇ ਆਪਣੇ ਅੰਦਰ ਝਾਕਣ ਲਈ ਸੱਦਾ ਦਿੰਦੀ ਹੈ। ਡਾ. ਵਿਸ਼ਾਲ ਚਤੁਰਵੇਦੀ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਮੌਜੂਦਾ ਉੱਤਰ ਪ੍ਰਦੇਸ਼ ਦੇ ਇੱਕ ਪਿੰਡ ਵਿੱਚ ਜਨਮੇ ਲਕਸ਼ਮੀਨਾਰਾਇਣ ਦੇ ਜੀਵਨ ਨੂੰ ਦਰਸਾਉਂਦੀ ਹੈ, ਜਿਨ੍ਹਾਂ ਦੀ ਜੀਵਨ, ਮੌਤ ਅਤੇ ਮਨੁੱਖੀ ਪੀੜ੍ਹਾ ਨੂੰ ਸਮਝਣ ਦੀ ਜਿਗਿਆਸਾ (ਉਤਸੁਕਤਾ) ਉਨ੍ਹਾਂ ਨੂੰ ਹੌਲੀ-ਹੌਲੀ ਇੱਕ ਅਜਿਹੇ ਅਧਿਆਤਮਿਕ ਮਾਰਗ ‘ਤੇ ਲੈ ਜਾਂਦੀ ਹੈ ਜੋ ਅਣਗਿਣਤ ਲੋਕਾਂ ਦੇ ਜੀਵਨ ਨੂੰ ਛੂੰਹਦਾ ਹੈ।

ਅੱਜ ਪੀਆਈਬੀ (PIB) ਵੱਲੋਂ ਆਯੋਜਿਤ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਡਾਇਰੈਕਟਰ ਡਾ. ਵਿਸ਼ਾਲ ਚਤੁਰਵੇਦੀ ਨੇ ਫ਼ਿਲਮ ਦੇ ਪਿੱਛੇ ਦੀ ਪ੍ਰੇਰਨਾ ਅਤੇ ਇਸ ਦੇ ਨਿਰਮਾਣ ਨੂੰ ਆਕਾਰ ਦੇਣ ਵਾਲੇ ਰਚਨਾਤਮਕ ਦਰਸ਼ਨ ਬਾਰੇ ਗੱਲ ਕੀਤੀ। ਹੋਰ ਜਾਣਨ ਅਤੇ ਖੋਜਣ ਲਈ ਉਤਸ਼ਾਹਿਤ ਕਰਨ ਦਾ ਸਿਹਰਾ ਆਪਣੀ ਮਾਂ ਨੂੰ ਦਿੰਦੇ ਹੋਏ, ਉਨ੍ਹਾਂ ਨੇ ਇਸ ਫ਼ਿਲਮ ਨੂੰ ਅੰਤਰਮੁਖੀ ਹੋ ਕੇ ਖ਼ੁਦ ਨੂੰ ਦੇਖਣ ਦਾ ਇੱਕ ਸੱਦਾ ਦੱਸਿਆ। ਡਾ. ਚਤੁਰਵੇਦੀ ਨੇ ਫ਼ਿਲਮ ਦੀ ਕਥਾ ਅਤੇ ਜ਼ਮੀਨੀ ਹਕੀਕਤ ਦਰਮਿਆਨ ਪਾੜੇ ਨੂੰ ਪੂਰਾ ਕਰਨ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸਮਝਾਇਆ ਕਿ ਦਰਸ਼ਕਾਂ ਨਾਲ ਸਹਿਜ ਅਤੇ ਆਕਰਸ਼ਕ ਤਰੀਕੇ ਨਾਲ ਜੁੜਨ ਲਈ ਕਿਸੇ ਵੀ ਕਹਾਣੀ ਦਾ ਜੀਵੰਤ ਅਨੁਭਵਾਂ ਨਾਲ ਜੁੜਿਆ ਹੋਣਾ ਜ਼ਰੂਰੀ ਹੈ।
ਫ਼ਿਲਮ ਦੇ ਨਿਰਮਾਣ ਬਾਰੇ ਗੱਲ ਕਰਦੇ ਹੋਏ ਡਾ. ਚਤੁਰਵੇਦੀ ਨੇ ਦੱਸਿਆ ਕਿ ਇਸ ਨੂੰ ਇੱਕ ਆਮ ਦਰਮਿਆਨੇ ਬਜਟ ਦੀ ਹਿੰਦੀ ਫ਼ਿਲਮ ਦੇ ਲਗਭਗ ਦਸਵੇਂ ਹਿੱਸੇ ਦੇ ਬਜਟ ਵਿੱਚ ਬਣਾਇਆ ਗਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਦ੍ਰਿਸ਼ਟੀਕੋਣ ਸਾਦਗੀ ਅਤੇ ਮਿਨੀਮਲਿਸਟਿਕ ਸੈਂਸੀਬਿਲਿਟੀ ਤੋਂ ਪ੍ਰੇਰਿਤ ਸੀ, ਜੋ ਫ਼ਿਲਮ ਵਿੱਚ ਦਰਸਾਈ ਗਈ ਅਧਿਆਤਮਿਕ ਯਾਤਰਾ ਦੇ ਮੂਲ ਸਾਰ ਨੂੰ ਦਰਸਾਉਂਦਾ ਹੈ। ਜੀਵਨ ਨੂੰ ਸਰਲ ਬਣਾਉਣ ਅਤੇ ਬੇਲੋੜੀਆਂ ਗੁੰਝਲਾਂ ਤੋਂ ਦੂਰ ਰਹਿਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਡਾ. ਵਿਸ਼ਾਲ ਨੇ ਕਿਹਾ ਕਿ ਸਰਲ ਹੱਲ ਅਕਸਰ ਸਾਡੇ ਬਿਲਕੁਲ ਕੋਲ ਹੀ ਮੌਜੂਦ ਹੁੰਦੇ ਹਨ, ਪਰ ਆਧੁਨਿਕ ਜੀਵਨ ਦੀਆਂ ਗੁੰਝਲਾਂ ਵਿਚਕਾਰ ਉਹ ਅਣਦੇਖੇ ਰਹਿ ਜਾਂਦੇ ਹਨ।
ਡਾਇਰੈਕਟਰ ਨੇ ਸੰਗੀਤ ਅਤੇ ਅਦਾਕਾਰੀ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਰਚਨਾਤਮਕ ਪ੍ਰਤਿਭਾ ਨੂੰ ਫੁੱਲਣ-ਫਲਣ ਦਾ ਮੌਕਾ ਦੇਣ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਫ਼ਿਲਮ ਦੇ ਸੰਗੀਤ ਨਾਲ ਆਪਣੇ ਨਿਜੀ ਜੁੜਾਅ ਦਾ ਜ਼ਿਕਰ ਕਰਦੇ ਹੋਏ ਡਾ. ਚਤੁਰਵੇਦੀ ਨੇ ਕਿਹਾ ਕਿ ਗਾਇਕਾਂ ਦੀ ਪਛਾਣ ਬਹੁਤ ਪਹਿਲਾਂ ਹੀ ਕਰ ਲਈ ਗਈ ਸੀ, ਜਿਸ ਦਾ ਉਦੇਸ਼ ਉਨ੍ਹਾਂ ਨੂੰ ਆਪਣੀ ਸਮਰੱਥਾ ਨੂੰ ਪਛਾਣਨ ਅਤੇ ਫ਼ਿਲਮ ਦੀ ਰਚਨਾਤਮਕ ਯਾਤਰਾ ਵਿੱਚ ਸਾਰਥਕ ਯੋਗਦਾਨ ਪਾਉਣ ਦਾ ਮੌਕਾ ਪ੍ਰਦਾਨ ਕਰਨਾ ਸੀ। ਉਨ੍ਹਾਂ ਨੇ ਅਦਾਕਾਰਾਂ ਨੂੰ ਵੀ ਆਪਣੀਆਂ ਸਮਰੱਥਾਵਾਂ ਨੂੰ ਤਲਾਸ਼ਣ ਲਈ ਵਿਆਪਕ ਰਚਨਾਤਮਕ ਸੁਤੰਤਰਤਾ ਦੇਣ ਦਾ ਯਤਨ ਕੀਤਾ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਫ਼ਿਲਮ ਨਿਰਮਾਤਾ ਦੀ ਭੂਮਿਕਾ ਅਦਾਕਾਰ ਦੀ ਪ੍ਰਤਿਭਾ ਨੂੰ ਨਿਰਦੇਸ਼ਿਤ ਕਰਨ ਦੀ ਬਜਾਏ ਉਸ ਨੂੰ ਸਹੀ ਦਿਸ਼ਾ ਦੇਣ ਦੀ ਹੋਣੀ ਚਾਹੀਦੀ ਹੈ।

ਸੰਗੀਤ ਰਚਨਾ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਚਤੁਰਵੇਦੀ ਨੇ ਸਾਂਝਾ ਕੀਤਾ ਕਿ ‘ਪਾਰਵਤੀ’ ਗੀਤ ਦਾ ਸੰਗੀਤ ਕਾਫ਼ੀ ਹੱਦ ਤੱਕ ਇਸ ਦੇ ਮੂਲ ਸ਼ੁਰੂਆਤੀ ਸੰਸਕਰਣ ਵਿੱਚ ਹੀ ਰੱਖਿਆ ਗਿਆ ਹੈ, ਜਿਸ ਵਿੱਚ ਬਹੁਤ ਘੱਟ ਬਦਲਾਅ ਕੀਤੇ ਗਏ ਹਨ, ਤਾਂ ਜੋ ਸੰਗੀਤਕਾਰ ਦੀ ਆਵਾਜ਼ ਅਤੇ ਪ੍ਰਗਟਾਵਾ ਸੁਭਾਵਿਕ ਤੌਰ ‘ਤੇ ਉਭਰ ਕੇ ਸਾਹਮਣੇ ਆ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫ਼ਿਲਮ ਦਾ ਇੱਕ ਗੀਤ 11ਵੀਂ ਸਦੀ ਦੇ ਨਾਥ ਯੋਗੀ ਗੋਰਖਨਾਥ ਦੇ ਦੋਹਿਆਂ ਤੋਂ ਪ੍ਰੇਰਿਤ ਹੈ, ਜੋ ਫ਼ਿਲਮ ਦੇ ਅਧਿਆਤਮਿਕ ਵਿਸ਼ਿਆਂ ਅਤੇ ਭਾਰਤ ਦੀਆਂ ਦਾਰਸ਼ਨਿਕ ਪਰੰਪਰਾਵਾਂ ਦੀ ਸਮ੍ਰਿੱਧੀ ਨੂੰ ਆਪਸ ਵਿੱਚ ਜੋੜਦਾ ਹੈ। ਆਪਣੇ ਖ਼ੁਦ ਦੇ ਜੀਵਨ ਦਾ ਮਾਰਗਦਰਸ਼ਨ ਕਰਨ ਵਾਲੀਆਂ ਸਿੱਖਿਆਵਾਂ ‘ਤੇ ਵਿਚਾਰ ਕਰਦੇ ਹੋਏ ਚਤੁਰਵੇਦੀ ਨੇ ਭਗਵਦ ਗੀਤਾ ਵਿੱਚੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸੰਦੇਸ਼ ਦਾ ਜ਼ਿਕਰ ਕੀਤਾ ਅਤੇ ਫਲ ਦੀ ਇੱਛਾ (ਆਸਕਤੀ) ਤੋਂ ਬਿਨਾਂ ਕਰਮ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ।
ਪਰਦੇ ਦੇ ਪਿੱਛੇ ਦਾ ਇੱਕ ਰੋਚਕ ਕਿੱਸਾ ਸਾਂਝਾ ਕਰਦੇ ਹੋਏ ਡਾਇਰੈਕਟਰ ਨੇ ਦੱਸਿਆ ਕਿ ਚਿਤਰਕੂਟ ਦਾ ਉਹ ਕਮਰਾ ਜਿੱਥੇ ਨੀਮ ਕਰੋਲੀ ਬਾਬਾ ਨੂੰ ਭੋਜਨ ਵੰਡਦੇ ਹੋਏ ਦਿਖਾਇਆ ਗਿਆ ਹੈ, ਅਸਲ ਵਿੱਚ ਉਹੀ ਕਮਰਾ ਸੀ ਜਿੱਥੇ ਮਹਾਰਾਜ ਜੀ ਠਹਿਰਿਆ ਕਰਦੇ ਸਨ—ਜਿਸ ਨੇ ਸ਼ੂਟਿੰਗ ਦੇ ਅਨੁਭਵ ਨੂੰ ਬਹੁਤ ਖ਼ਾਸ ਅਤੇ ਡੂੰਘਾਈ ਨਾਲ ਨਿਜੀ ਬਣਾ ਦਿੱਤਾ।
ਹਨੂੰਮਾਨ ਅੰਸ਼’ ਤਿੰਨ ਫ਼ਿਲਮਾਂ ਦੀ ਲੜੀ (ਟ੍ਰਾਇਲੋਜੀ) ਦੀ ਪਹਿਲੀ ਕੜੀ ਹੈ, ਜੋ ਉੱਤਰੀ ਭਾਰਤ ਵਿੱਚ ਲਕਸ਼ਮੀਨਾਰਾਇਣ ਦੀ ਯਾਤਰਾ ਦਾ ਅਨੁਸਰਣ ਕਰਦੀ ਹੈ, ਜਿੱਥੇ ਸੰਤਾਂ ਅਤੇ ਆਮ ਲੋਕਾਂ ਨਾਲ ਹੋਣ ਵਾਲੀਆਂ ਮੁਲਾਕਾਤਾਂ ਜੀਵਨ ਅਤੇ ਅਧਿਆਤਮ ਪ੍ਰਤੀ ਉਨ੍ਹਾਂ ਦੀ ਸਮਝ ਨੂੰ ਆਕਾਰ ਦਿੰਦੀਆਂ ਹਨ। ਨੀਮ ਕਰੋਲੀ ਪਿੰਡ ਦੇ ਨੇੜੇ ਵਾਪਰੀ ਇੱਕ ਰਹੱਸਮਈ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਨੀਮ ਕਰੋਲੀ ਬਾਬਾ ਨਾਮ ਮਿਲਿਆ। ਇਹ ਫ਼ਿਲਮ ਇੱਕ ਸਤਿਕਾਰਯੋਗ ਅਧਿਆਤਮਿਕ ਸ਼ਖ਼ਸੀਅਤ ਵਜੋਂ ਉਨ੍ਹਾਂ ਦੇ ਵਿਕਾਸ ਨੂੰ ਦਰਸਾਉਂਦੀ ਹੈ, ਜਿਨ੍ਹਾਂ ਦੀਆਂ ਸਿੱਖਿਆਵਾਂ ਨੇ ਸਟੀਵ ਜੌਬਸ, ਮਾਰਕ ਜ਼ੁਕਰਬਰਗ ਅਤੇ ਜੂਲੀਆ ਰੌਬਰਟਸ ਸਮੇਤ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਆਪਣੀ ਕਹਾਣੀ ਅਤੇ ਆਤਮ-ਨਿਰੀਖਣ ‘ਤੇ ਜ਼ੋਰ ਦੇਣ ਰਾਹੀਂ, ‘ਹਨੂੰਮਾਨ ਅੰਸ਼’ ਦਰਸ਼ਕਾਂ ਨੂੰ ਇਹ ਯਾਦ ਦਿਵਾਉਣ ਦਾ ਯਤਨ ਕਰਦੀ ਹੈ ਕਿ ਦੁਨੀਆ ਨੂੰ ਸਮਝਣ ਦੀ ਯਾਤਰਾ ਅਕਸਰ ਖ਼ੁਦ ਨੂੰ ਸਮਝਣ ਤੋਂ ਸ਼ੁਰੂ ਹੁੰਦੀ ਹੈ।
ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਕੁਲਦੀਪ ਮੀਣਾ ਨੇ ਕੀਤਾ।
ਪੂਰੀ ਕਾਨਫਰੰਸ ਇੱਥੇ ਦੇਖੋ:
https://www.youtube.com/channel/UCGn6a5SI8SNlj7WylmPD6GQ
ਇੱਫੀਲੌਇਡ ਇੱਥੇ ਪੜ੍ਹੋ https://www.pib.gov.in/iffi/57/iffiLoid.aspx?yr=2026&lang=1®=48
******
ਪੀਆਈਬੀ ਇੱਫੀ ਟੀਮ/ਰਜਿਤ/ਲਕਸ਼ਮੀਪ੍ਰਿਆ/ਯਸ਼/ਦਰਸ਼ਨਾ/ਏਕੇ| IFFI 57 – 126