57th International Film Festival of India 2026
20 – 28 Nov 2026

ਭਾਈ ਬੈਂਡ’ ਨੇ ਇੱਫੀ (IFFI) 2026 ਵਿੱਚ ਭਾਈਚਾਰੇ, ਪਰੰਪਰਾ ਅਤੇ ਬਦਲਦੇ ਸਮੇਂ ਦੀ ਇੱਕ ਸੁਰੀਲੀ ਗਾਥਾ ਪੇਸ਼ ਕੀਤੀ

Posted On: 25 NOV 2026 3:17PMby PIB ChandigarhRelease ID: 2341594Views: 2

ਗੁਜਰਾਤੀ ਫ਼ਿਲਮ ‘ਭਾਈ ਬੈਂਡ’ ਦਾ ਨਿਰਦੇਸ਼ਨ ਮਨੀਸ਼ ਸੈਣੀ ਨੇ ਕੀਤਾ ਹੈ। ਇਹ ਫ਼ਿਲਮ ਬੁੱਧਵਾਰ ਨੂੰ ਗੋਆ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) 2026 ਦੇ ਗਾਲਾ ਪ੍ਰੀਮੀਅਰ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤੀ ਗਈ। ਫ਼ਿਲਮ ਦੀ ਕਹਾਣੀ ਦੋ ਭਰਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੇ ਪਿੰਡ ਵਿੱਚ ਰਵਾਇਤੀ ਵਿਆਹ-ਸ਼ਾਦੀਆਂ ਵਿੱਚ ਬੈਂਡ ਵਜਾਉਣ ਦਾ ਕੰਮ ਕਰਦੇ ਹਨ। ਦੋਵਾਂ ਦੀ ਜ਼ਿੰਦਗੀ ਵਿੱਚ ਉਸ ਸਮੇਂ ਅਣਕਿਆਸਿਆ ਮੋੜ ਆਉਂਦਾ ਹੈ, ਜਦੋਂ ਆਪਸੀ ਮਤਭੇਦਾਂ ਕਾਰਨ ਉਹ ਇੱਕ-ਦੂਜੇ ਤੋਂ ਵੱਖ ਹੋ ਜਾਂਦੇ ਹਨ। ਕੁਝ ਹਫ਼ਤਿਆਂ ਬਾਅਦ ਜਦੋਂ ਉਨ੍ਹਾਂ ਵਿੱਚੋਂ ਇੱਕ ਭਰਾ ਆਪਣੇ ਨਾਲ ਡੀ.ਜੇ. (DJ) ਸਿਸਟਮ ਅਤੇ ਵੱਡੇ-ਵੱਡੇ ਸਪੀਕਰ ਲੈ ਕੇ ਵਾਪਸ ਆਉਂਦਾ ਹੈ, ਤਾਂ ਰਵਾਇਤੀ ਬੈਂਡ ਦੇ ਸਾਹਮਣੇ ਇੱਕ ਨਵੀਂ ਚੁਣੌਤੀ ਖੜ੍ਹੀ ਹੋ ਜਾਂਦੀ ਹੈ। ਉਸ ਕੋਲ ਸਿਰਫ਼ ਆਪਣੇ ਮੋਬਾਈਲ ਫ਼ੋਨ ਵਿੱਚ ਗੀਤਾਂ ਦੀ ਇੱਕ ਪਲੇਲਿਸਟ ਹੁੰਦੀ ਹੈ। ਇਸ ਤੋਂ ਬਾਅਦ ਦੀ ਕਹਾਣੀ ਵਿੱਚ ਫ਼ਿਲਮ ਇਹ ਦਰਸਾਉਂਦੀ ਹੈ ਕਿ ਤਕਨੀਕੀ ਤਰੱਕੀ ਕਿਸ ਤਰ੍ਹਾਂ ਰਵਾਇਤੀ ਕਾਰੋਬਾਰਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਪਰਿਵਾਰ ਨੂੰ ਇਕਜੁੱਟ ਰੱਖਣ ਵਾਲੇ ਰਿਸ਼ਤਿਆਂ ‘ਤੇ ਇਸ ਦਾ ਕੀ ਅਸਰ ਪੈਂਦਾ ਹੈ।

 

ਫ਼ਿਲਮ ਦੇ ਨਿਰਦੇਸ਼ਕ ਮਨੀਸ਼ ਸੈਣੀ ਨੇ ਬੁੱਧਵਾਰ ਨੂੰ ਪੱਤਰ ਸੂਚਨਾ ਦਫ਼ਤਰ (ਪੀਆਈਬੀ) ਵੱਲੋਂ ਆਯੋਜਿਤ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫ਼ਿਲਮ ਦੀਆਂ ਜੜ੍ਹਾਂ ਭਾਵੇਂ ਗੁਜਰਾਤੀ ਭਾਸ਼ਾ ਅਤੇ ਉਸ ਦੇ ਸੱਭਿਆਚਾਰਕ ਮਾਹੌਲ ਵਿੱਚ ਹੋਣ, ਪਰ ਇਸ ਦਾ ਮੂਲ ਸੁਨੇਹਾ ਅਤੇ ਕਥਾਨਕ ਸਰਵਵਿਆਪੀ ਹੈ, ਜਿਸ ਨਾਲ ਦੇਸ਼ ਭਰ ਦੇ ਦਰਸ਼ਕ ਜੁੜਾਅ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਨੇ ਖੇਤਰੀ ਸਿਨੇਮਾ ਨਾਲ ਜੁੜੀਆਂ ਕਲਾਤਮਕ ਪੇਸ਼ਕਾਰੀਆਂ ਅਤੇ ਕਹਾਣੀਆਂ ਨੂੰ ਲੋਕਪ੍ਰਿਅ ਬਣਾਉਣ ਦੇ ਮਹੱਤਵ ‘ਤੇ ਵੀ ਜ਼ੋਰ ਦਿੱਤਾ, ਤਾਂ ਜੋ ਇਨ੍ਹਾਂ ਨੂੰ ਵਿਆਪਕ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕੇ। ਸ਼੍ਰੀ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਫ਼ਿਲਮ ਦਾ ਸਿਰਲੇਖ ਵਿਸ਼ੇਸ਼ ਤੌਰ ‘ਤੇ ਪਸੰਦ ਹੈ ਕਿਉਂਕਿ ਇਸ ਦੀ ਵਿਆਖਿਆ ਦੋ ਭਰਾਵਾਂ ਦਰਮਿਆਨ ਆਪਸੀ ਪਿਆਰ ਅਤੇ ਸਦਭਾਵਨਾ ਦੇ ਨਾਲ-ਨਾਲ ਵਿਆਹ-ਸ਼ਾਦੀਆਂ ਵਿੱਚ ਵੱਜਣ ਵਾਲੇ ਬੈਂਡ ਦੇ ਸੰਦਰਭ ਵਿੱਚ ਵੀ ਕੀਤੀ ਜਾ ਸਕਦੀ ਹੈ।

ਅਦਾਕਾਰ ਪ੍ਰੀਤ ਕਮਾਨੀ ਨੇ ‘ਭਾਈ ਬੈਂਡ’ ਨੂੰ ਰੰਗਾਂ ਅਤੇ ਉਤਸ਼ਾਹ ਨਾਲ ਭਰਪੂਰ ਇੱਕ ਵਿਲੱਖਣ ਫ਼ਿਲਮ ਦੱਸਿਆ। ਉਨ੍ਹਾਂ ਨੇ ਆਪਣੀ ਪਹਿਲੀ ਗੁਜਰਾਤੀ ਫ਼ਿਲਮ ਦੇ ਅਨੁਭਵ ਸਾਂਝੇ ਕਰਦੇ ਹੋਏ ਡਾਇਰੈਕਟਰ ਮਨੀਸ਼ ਸੈਣੀ ਨਾਲ ਕੰਮ ਕਰਨ ਦੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਅਤੇ ਫ਼ਿਲਮ ਨਿਰਮਾਣ ਦੌਰਾਨ ਮਿਲੇ ਸਹਿਜ ਮਾਹੌਲ ਅਤੇ ਰਚਨਾਤਮਕ ਸੁਤੰਤਰਤਾ ਦੀ ਸ਼ਲਾਘਾ ਕੀਤੀ। ਅਦਾਕਾਰ ਨੇ ਫ਼ਿਲਮ ਦੀ ਕਾਸਟਿੰਗ ਪ੍ਰਕਿਰਿਆ ਨਾਲ ਜੁੜਿਆ ਇੱਕ ਦਿਲਚਸਪ ਕਿੱਸਾ ਵੀ ਸਾਂਝਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਭੂਮਿਕਾ ਲਈ ਅੰਤਿਮ ਰੂਪ ਦਿੱਤੇ ਜਾਣ ਤੋਂ ਪਹਿਲਾਂ ਉਨ੍ਹਾਂ ਨੇ ਖ਼ੁਦ ਡਾਇਰੈਕਟਰ ਨੂੰ ਸਕ੍ਰੀਨ ਟੈਸਟ ਲੈਣ ਦੀ ਬੇਨਤੀ ਕੀਤੀ ਸੀ।

ਅਦਾਕਾਰ ਚਿਰਾਗ ਕਟਰੇਚਾ ਨੇ ਆਪਣੇ ਕਿਰਦਾਰ ਨੂੰ ਸਮਝਣ ਅਤੇ ਉਸ ਵਿੱਚ ਪੂਰੀ ਤਰ੍ਹਾਂ ਢਲਣ ਦੀ ਪ੍ਰਕਿਰਿਆ ਬਾਰੇ ਦੱਸਿਆ, ਤਾਂ ਜੋ ਉਹ ਆਪਣੇ ਅਦਾਕਾਰੀ ਵਿੱਚ ਅਸਲੀਅਤ ਅਤੇ ਸੁਭਾਵਕਤਾ ਲਿਆ ਸਕਣ। ਉਨ੍ਹਾਂ ਨੇ ਗਾਇਕ ਦੀ ਭੂਮਿਕਾ ਨਿਭਾਉਣ ਨਾਲ ਜੁੜੀਆਂ ਚੁਣੌਤੀਆਂ ‘ਤੇ ਵੀ ਚਾਨਣਾ ਪਾਇਆ ਅਤੇ ਇਸ ਨੂੰ ਚੁਣੌਤੀਪੂਰਨ ਹੋਣ ਦੇ ਨਾਲ-ਨਾਲ ਇੱਕ ਦਿਲਚਸਪ ਅਨੁਭਵ ਦੱਸਿਆ।

​ਅਦਾਕਾਰਾ ਸ਼ਰਧਾ ਡਾਂਗਰ ਨੇ ਆਪਣੇ ਕਿਰਦਾਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਸ ਨੂੰ ਇੱਕ ਪਿਆਰੀ ਅਤੇ ਖ਼ੁਸ਼ਮਿਜ਼ਾਜ ਸ਼ਖ਼ਸੀਅਤ ਦੱਸਿਆ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਪੂਰੀ ਟੀਮ ਨਾਲ ਕੰਮ ਕਰਨ ਦੌਰਾਨ ਮਿਲੇ ਸਹਿਯੋਗ ਅਤੇ ਬਿਤਾਏ ਗਏ ਆਨੰਦਦਾਇਕ ਸਮੇਂ ਦਾ ਜ਼ਿਕਰ ਕੀਤਾ।

ਹਾਸੇ, ਸੰਗੀਤ ਅਤੇ ਦਿਲਚਸਪ ਕਥਾਨਕ ਰਾਹੀਂ ‘ਭਾਈ ਬੈਂਡ’ ਅਜਿਹੀ ਕਹਾਣੀ ਪੇਸ਼ ਕਰਦੀ ਹੈ, ਜੋ ਵਿਆਹ-ਸ਼ਾਦੀਆਂ ਦੇ ਸਮਾਰੋਹਾਂ ਵਿੱਚ ਬਦਲਦੀਆਂ ਸੰਗੀਤ ਪਰੰਪਰਾਵਾਂ ਤੋਂ ਕਿਤੇ ਅੱਗੇ ਜਾਂਦੀ ਹੈ। ਇਹ ਫ਼ਿਲਮ ਤਕਨਾਲੋਜੀ, ਰਵਾਇਤੀ ਰੋਜ਼ੀ-ਰੋਟੀ ਅਤੇ ਮਨੁੱਖੀ ਰਿਸ਼ਤਿਆਂ ਦੇ ਆਪਸੀ ਜੁੜਾਅ ਨਾਲ ਜੁੜੇ ਸਵਾਲ ਉਠਾਉਣ ਦੇ ਨਾਲ-ਨਾਲ ਖੇਤਰੀ ਕਹਾਣੀਆਂ ਦੀ ਸੱਭਿਆਚਾਰਕ ਜੀਵੰਤਤਾ ਦਾ ਵੀ ਜਸ਼ਨ ਮਨਾਉਂਦੀ ਹੈ।

​ਸ਼੍ਰੀ ਕਿਰਨ ਮੁਰਲੀ ਨੇ ਇਸ ਪ੍ਰੈੱਸ ਕਾਨਫਰੰਸ ਦਾ ਸੰਚਾਲਨ ਕੀਤਾ।

ਪੂਰੀ ਪ੍ਰੈੱਸ ਕਾਨਫ਼ਰੰਸ ਇੱਥੇ ਦੇਖੋ:

 

ਇੱਫੀਲੌਇਡ ਇੱਥੇ ਪੜ੍ਹੋ:

 https://www.pib.gov.in/iffi/57/iffiLoid.aspx?yr=2026&lang=1&reg=48

* * *

ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ ਲਕਸ਼ਮੀਪ੍ਰਿਆ/ ਯਸ਼/ ਦਰਸ਼ਨਾ/ ਏਕੇ | IFFI 57 – 093


Great films resonate through passionate voices. Share your love for cinema with #IFFI2026 and #StoriesWithoutBorders. Tag us @pibindia on Instagram and @PIB_India on X, and we will help amplify your festival moments!

For accredited journalists, critics, bloggers, and vloggers seeking 1-on-1 interviews with filmmakers and festival juries, write to us at:
iffi.mediadesk@pib.gov.in with the subject line: Take One with PIB.


Official Release ID: 2341594
•
Media Centre: Goa
•
Festival Dates: Nov 20 – 28, 2026