2025 ਦੀ ਗੁਜਰਾਤੀ ਅਧਿਆਤਮਕ ਫਿਲਮ ‘ਲਾਲੋ ਸਦਾ ਸਹਾਯਤੇ, ਜਿਸ ਦਾ ਨਿਰਦੇਸ਼ਨ ਅੰਕਿਤ ਭੂਪਤਭਾਈ ਸਖੀਆ ਨੇ ਕੀਤਾ ਹੈ, ਅੱਜ ਗੋਆ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਮਹੋਤਸਵ (ਇੱਫੀ) ਦੇ ਇੰਡੀਅਨ ਪੈਨੋਰਮਾ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤੀ ਗਈ। ਇਹ ਫਿਲਮ ਇੱਕ ਸੰਘਰਸ਼ਸ਼ੀਲ ਰਿਕਸ਼ਾ ਚਾਲਕ ਦੀ ਕਹਾਣੀ ਹੈ, ਜਿਸ ਦਾ ਅਤੀਤ ਪਰੇਸ਼ਾਨੀਆਂ ਨਾਲ ਭਰਿਆ ਹੈ ਅਤੇ ਗ਼ਰੀਬੀ ਵਿੱਚ ਜੀਵਨ ਗੁਜ਼ਾਰ ਰਿਹਾ ਹੈ। ਇਹ ਇੱਕ ਦੂਰ-ਦੁਰਾਡੇ ਦੇ ਫਾਰਮਹਾਊਸ ਵਿੱਚ ਫਸ ਜਾਂਦਾ ਹੈ, ਜਿੱਥੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਰਾਹੀਂ ਉਹ ਆਪਣੇ ਅਪਰਾਧਬੋਧ ਦਾ ਸਾਹਮਣਾ ਕਰਦਾ ਹੈ ਅਤੇ ਪਸ਼ਚਾਤਾਪ ਦਾ ਰਾਹ ਲੱਭਣਾ ਹੈ। ਅੱਜ ਇੱਫੀ ਵਿੱਚ ਪ੍ਰੈੱਸ ਨਾਲ ਗੱਲਬਾਤ ਦੌਰਾਨ ਡਾਇਰੈਕਟਰ ਸਖੀਆ ਨੇ ਫਿਲਮ ਦੇ ਨਿਰਮਾਣ, ਇਸ ਦੇ ਅਧਿਆਤਮਕ ਵਿਸ਼ਿਆਂ ਅਤੇ ਬਾਕਸ ਔਫਿਸ ‘ਤੇ ਅਣਕਿਆਸੀ ਸਫਲਤਾ ਤੱਕ ਦੇ ਸਫਰ ਬਾਰੇ ਗੱਲ ਕੀਤੀ।
ਫਿਲਮ ਮੂਲ ਰੂਪ ਨਾਲ ਆਸਥਾ ਅਤੇ ਵਿਪਰੀਤ ਸਥਿਤੀਆਂ ਵਿੱਚ ਵੀ ਡਟੇ ਰਹਿਣ ਦੇ ਭਾਵ ਨੂੰ ਦਰਸਾਉਂਦੀ ਹੈ। ਭਗਵਾਨ ਕ੍ਰਿਸ਼ਨ ਫਿਲਮ ਦੇ ਮੁੱਖ ਪਾਤਰ ਦੇ ਮੌਨ ਸਾਥੀ ਦੇ ਰੂਪ ਵਿੱਚ ਉਸ ਦੀ ਆਤਮ-ਚਿੰਤਨ ਅਤੇ ਆਤਮ-ਸੁਧਾਰ ਦੀ ਯਾਤਰਾ ਦਾ ਮਾਰਗਦਰਸ਼ਨ ਕਰਦੇ ਹਨ। ਡਾਇਰੈਕਟਰ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼, ਪਿਆਰ, ਆਸਥਾ ਅਤੇ ਅੰਦਰੂਨੀ ਬਦਲਾਅ ਵਰਗੇ ਸਰਵ-ਵਿਆਪਕ ਵਿਸ਼ਿਆਂ ਰਾਹੀਂ ਦਰਸ਼ਕਾਂ ਦੇ ਨਾਲ ਭਾਵਨਾਤਮਕ ਜੁੜਾਅ ਸਥਾਪਿਤ ਕਰਨਾ ਸੀ।

ਸਿਰਲੇਖ ਬਾਰੇ ਦੱਸਦੇ ਹੋਏ ਸਖੀਆ ਨੇ ਕਿਹਾ ਕਿ ‘ਲਾਲੋ’ ਭਗਵਾਨ ਕ੍ਰਿਸ਼ਨ ਦੇ ਲਈ ਪਿਆਰ ਨਾਲ ਵਰਤਿਆ ਜਾਣ ਵਾਲਾ ਨਾਮ ਹੈ। ਇਹ ਨਾਮ ਛੋਟੇ ਮੁੰਡਿਆਂ ਲਈ ਵੀ ਪਿਆਰ ਨਾਲ ਵਰਤਿਆ ਜਾਂਦਾ ਹੈ। ਫੀਚਰ ਫਿਲਮ ਡਾਇਰੈਕਟਰ ਦੇ ਰੂਪ ਵਿੱਚ ਸਖੀਆ ਦੀ ਪਹਿਲੀ ਫਿਲਮ, ਸੀਮਤ ਬਜਟ ਵਿੱਚ ਬਣਾਈ ਗਈ। ਇਸ ਵਿੱਚ ਉਨ੍ਹਾਂ ਦੇ ਦੋਸਤਾਂ ਨੇ ਆਰਥਿਕ ਸਹਿਯੋਗ ਦਿੱਤਾ ਅਤੇ ਉਹ ਖੁਦ ਵੀ ਫਿਲਮ ਦੀ ਕਾਸਟ ਦਾ ਹਿੱਸਾ ਬਣੇ।
ਸਖੀਆ ਨੇ ਦੱਸਿਆ ਕਿ ਫਿਲਮ ਨੂੰ ਹੌਲੀ-ਹੌਲੀ ਲੋਕਾਂ ਵਿੱਚ ਆਪਸੀ ਚਰਚਾ ਦੇ ਜ਼ਰੀਏ ਪ੍ਰਸਿੱਧੀ ਮਿਲੀ ਅਤੇ ਇਸ ਨੇ ਬਾਕਸ ਔਫਿਸ ‘ਤੇ ਕਥਿਤ ਤੌਰ ‘ਤੇ ਲਗਭਗ 130 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਉਨ੍ਹਾਂ ਨੇ ਫਿਲਮ ਦੀ ਪਹੁੰਚ ਵਧਾਉਣ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਦਰਸ਼ਕਾਂ ਦੀਆਂ ਪ੍ਰਤੀਕਿਰਿਆਵਾਂ ਵਾਲੇ ਵੀਡੀਓ ਰਾਹੀਂ ਫਿਲਮ ਨੂੰ ਵਿਆਪਕ ਪਛਾਣ ਮਿਲੀ। ਉਨ੍ਹਾਂ ਨੇ ਆਪਣੇ ਪਿੰਡ ਵਿੱਚ ਫਿਲਮ ਦੀ ਸਕ੍ਰੀਨਿੰਗ ਦੇ ਵਿਸ਼ੇਸ਼ ਅਨੁਭਵ ਨੂੰ ਵੀ ਸਾਂਝਾ ਕੀਤਾ, ਜਿੱਥੇ ਉਨ੍ਹਾਂ ਨੂੰ ਪਿੰਡ ਦੇ ਲੋਕਾਂ ਦਾ ਪਿਆਰ ਅਤੇ ਅਸ਼ੀਰਵਾਦ ਮਿਲਿਆ।
ਫ਼ਿਲਮ ਦੀ ਰਚਨਾਤਮਕ ਸ਼ੈਲੀ ਬਾਰੇ ਗੱਲ ਕਰਦੇ ਹੋਏ ਸਖੀਆ ਨੇ ਦੱਸਿਆ ਕਿ ਇਸ ਦੇ ਸੰਗੀਤ ‘ਤੇ ਗਰਬੇ ਦਾ ਪ੍ਰਭਾਵ ਹੈ ਅਤੇ ਭਾਵਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਕਲੋਜ਼-ਅੱਪ ਸ਼ੌਟਸ ਦੀ ਵਰਤੋਂ ‘ਤੇ ਜ਼ੋਰ ਦਿੱਤਾ ਗਿਆ ਹੈ। ਫ਼ਿਲਮ ਦੇ ਸੰਗੀਤ ਨਿਰਦੇਸ਼ਕ ਨੇ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਹੀ ਫ਼ਿਲਮ ਦੇ ਸੰਗੀਤ ‘ਤੇ ਕੰਮ ਕੀਤਾ। ਫ਼ਿਲਮ ਵਿੱਚ ਸ਼ਾਨਦਾਰ ਦ੍ਰਿਸ਼ਾਂ ਦੀ ਥਾਂ ਕੁਦਰਤੀ ਅਦਾਕਾਰੀ, ਸੰਵਾਦਾਂ ਅਤੇ ਭਾਵਨਾਤਮਕ ਡੂੰਘਾਈ ਨੂੰ ਤਰਜੀਹ ਦਿੱਤੀ ਗਈ ਹੈ। ਫ਼ਿਲਮ ਨੂੰ ਸਰਲ ਸ਼ੈਲੀ ਵਿੱਚ ਬਣਾਇਆ ਗਿਆ ਹੈ ਅਤੇ ਇਸ ਦੀ ਕਹਾਣੀ ਨੂੰ ਜ਼ਿਆਦਾਤਰ ਘਟਨਾਵਾਂ ਦੇ ਕ੍ਰਮ ਵਿੱਚ ਹੀ ਪੇਸ਼ ਕੀਤਾ ਗਿਆ ਹੈ। ਇਸ ਦੇ ਬਾਵਜੂਦ ਡਾਇਰੈਕਟਰ ਸਖੀਆ ਦਾ ਯਤਨ ਸੀ ਕਿ ਫ਼ਿਲਮ ਦਰਸ਼ਕਾਂ ਦੀ ਦਿਲਚਸਪੀ ਬਣਾਈ ਰੱਖੇ ਅਤੇ ਉਨ੍ਹਾਂ ਨੂੰ ਅੰਤ ਤੱਕ ਇਸ ਨਾਲ ਜੋੜੀ ਰੱਖੇ। ਉਨ੍ਹਾਂ ਨੇ ਦੱਸਿਆ ਕਿ ਕਹਾਣੀ ਵੀ ਸੁਭਾਵਿਕ ਤੌਰ ‘ਤੇ ਅੱਗੇ ਵਧਦੀ ਗਈ ਅਤੇ ਇਸ ਪ੍ਰਕਿਰਿਆ ਵਿੱਚ ਇਸ ਦਾ ਸਰੂਪ ਵਿਕਸਿਤ ਹੋਇਆ।

ਗੁਜਰਾਤੀ ਸਿਨੇਮਾ ਦੇ ਭਵਿੱਖ ਬਾਰੇ ਗੱਲ ਕਰਦੇ ਹੋਏ ਸਖੀਆ ਨੇ ਕਿਹਾ ਕਿ ਰਾਜ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਵਿੱਚ ਅਜਿਹੀਆਂ ਕਈ ਕਹਾਣੀਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਜਾਣਾ ਬਾਕੀ ਹੈ। ਉਨ੍ਹਾਂ ਨੇ ਖੇਤਰੀ ਸਿਨੇਮਾ ਦੀ ਵਧਦੀ ਲੋਕਪ੍ਰਿਯਤਾ ਨੂੰ ਲੈ ਕੇ ਉਮੀਦ ਪ੍ਰਗਟ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਪਾਰਕ ਸਫ਼ਲਤਾ ਦੇ ਨਾਲ-ਨਾਲ ਸਾਰਥਕ ਕਹਾਣੀਆਂ ਨੂੰ ਵੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਇਸ ਸੈਸ਼ਨ ਦਾ ਸੰਚਾਲਨ ਸ੍ਰੀ ਕੁਲਦੀਪ ਮੀਣਾ ਨੇ ਕੀਤਾ।
IFFILOID ਇੱਥੇ ਪੜ੍ਹੋ: https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ ਲਕਸ਼ਮੀਪ੍ਰਿਆ/ ਅਨੁਸ਼ਕਾ/ ਦਰਸ਼ਨਾ/ਏਕੇ | IFFI 57 – 090