ਗੋਆ ਵਿੱਚ ਆਯੋਜਿਤ 57ਵੇਂ ਭਾਰਤੀ ਅੰਤਰਰਾਸ਼ਟਰੀ ਫ਼ਿਲਮ ਮਹੋਤਸਵ (ਇੱਫੀ) ਦੇ ਅੰਤਰਰਾਸ਼ਟਰੀ ਸਿਨੇਮਾ ਸੈਕਸ਼ਨ ਅਧੀਨ ਪ੍ਰਦਰਸ਼ਿਤ ਦੋ ਫ਼ਿਲਮਾਂ ਨਾਲ ਜੁੜੇ ਫ਼ਿਲਮ ਨਿਰਮਾਤਾਵਾਂ ਦੀ ਪ੍ਰੈੱਸ ਕਾਨਫਰੰਸ ਵਿੱਚ ਮਾਂ ਦੀ ਮਮਤਾ, ਦਇਆ, ਮਨੁੱਖੀ ਸੰਵੇਦਨਸ਼ੀਲਤਾ ਅਤੇ ਜੀਵਨ ਦੀ ਸ਼ਾਨ ਵਰਗੇ ਵਿਸ਼ੇ ਪ੍ਰਮੁੱਖਤਾ ਨਾਲ ਉਭਰ ਕੇ ਸਾਹਮਣੇ ਆਏ। ‘ਰਹਿਮਾ’ ਅਤੇ ‘ਦ ਫਾਰਮ’ ਦੋਵੇਂ ਫ਼ਿਲਮਾਂ ਵੱਖ-ਵੱਖ, ਪਰ ਇੱਕ-ਦੂਜੇ ਨਾਲ ਡੂੰਘਾਈ ਨਾਲ ਜੁੜੇ ਵਿਸ਼ਿਆਂ ਨੂੰ ਪੇਸ਼ ਕਰਦੀਆਂ ਹਨ। ਇਹ ਫ਼ਿਲਮਾਂ ਦਰਸ਼ਕਾਂ ਨੂੰ ਆਪਣੇ ਸੰਘਰਸ਼ਾਂ ਤੋਂ ਅੱਗੇ ਵਧ ਕੇ ਦੂਜਿਆਂ ਦੇ ਦਰਦ ਅਤੇ ਇੱਛਾਵਾਂ ਨੂੰ ਸਮਝਣ ਦਾ ਸੰਦੇਸ਼ ਦਿੰਦੀਆਂ ਹਨ।

ਪ੍ਰੈੱਸ ਕਾਨਫਰੰਸ ਵਿੱਚ ‘ਰਹਿਮਾ’ ਦੇ ਡਾਇਰੈਕਟਰ ਅਤੇ ਲੇਖਕ ਫੈਸਲ ਸੋਇਸਲ, ‘ਦ ਫਾਰਮ’ ਦੀ ਨਿਰਦੇਸ਼ਕ ਅਤੇ ਲੇਖਿਕਾ ਐਲਿਫ ਐਡਾ ਅਤੇ ‘ਦ ਫਾਰਮ’ ਦੇ ਸਿਨੇਮੈਟੋਗ੍ਰਾਫਰ ਐਮਰੇ ਪੇਕਾਕਿਰ ਸ਼ਾਮਲ ਹੋਏ। ਫ਼ਿਲਮ ਨਿਰਮਾਤਾਵਾਂ ਨੇ ਇਨ੍ਹਾਂ ਪ੍ਰਭਾਵਸ਼ਾਲੀ ਕਹਾਣੀਆਂ ਨੂੰ ਪਰਦੇ 'ਤੇ ਉਤਾਰਨ ਦੇ ਪਿੱਛੇ ਦੀ ਰਚਨਾਤਮਕ ਸੋਚ, ਵਿਸ਼ਾ-ਵਸਤੂ ਅਤੇ ਆਪਣੇ ਅਨੁਭਵ ਸਾਂਝੇ ਕੀਤੇ।
ਰਹਿਮਾ: ਮਾਂ ਦੀ ਮਮਤਾ, ਤੜਪ ਅਤੇ ਮਨੁੱਖੀ ਸਾਂਝ ਦੀ ਭਾਵੁਕ ਕਹਾਣੀ
ਫੈਸਲ ਸੋਇਸਲ ਦੁਆਰਾ ਲਿਖਤ ਅਤੇ ਨਿਰਦੇਸ਼ਿਤ ‘ਰਹਿਮਾ’ ਦੀ ਕਹਾਣੀ ਮਰੀਅਮ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਇੱਕ ਪੁਰਾਤੱਤਵ-ਵਿਗਿਆਨੀ ਹੈ। ਮਾਂ ਬਣਨ ਦੀ ਉਸ ਦੀ ਡੂੰਘੀ ਇੱਛਾ ਕਈ ਸਰਜਰੀਆਂ ਅਤੇ ਆਈਵੀਐੱਫ (IVF) ਇਲਾਜ ਦੀਆਂ ਅਸਫਲ ਯਤਨਾਂ ਦੇ ਬਾਵਜੂਦ ਪੂਰੀ ਨਹੀਂ ਹੋ ਪਾਉਂਦੀ। ਜਦੋਂ ਉਸ ਦੀਆਂ ਉਮੀਦਾਂ ਹੌਲੀ-ਹੌਲੀ ਟੁੱਟਣ ਲੱਗਦੀਆਂ ਹਨ, ਤਾਂ ਉਹ ਆਪਣੇ ਪਤੀ ਇਬਰਾਹਿਮ ਦੀ ਅਸਹਿਮਤੀ ਦੇ ਬਾਵਜੂਦ ਜਾਰਜੀਆ ਵਿੱਚ ਸਰੋਗੇਸੀ ਦੇ ਵਿਕਲਪ 'ਤੇ ਵਿਚਾਰ ਕਰਦੀ ਹੈ। ਇਸੇ ਦੌਰਾਨ ਉਸ ਦੀ ਮੁਲਾਕਾਤ ਨੌਂ ਸਾਲ ਸੀਰੀਆਈ ਅਨਾਥ ਬੱਚੀ ਰਹਿਮਾ ਨਾਲ ਹੁੰਦੀ ਹੈ, ਜੋ ਇਕੱਲੇ ਹੀ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰ ਰਹੀ ਹੈ। ਜਿਵੇਂ-ਜਿਵੇਂ ਮਰੀਅਮ ਨੂੰ ਰਹਿਮਾ ਦੀਆਂ ਸਥਿਤੀਆਂ ਦਾ ਪਤਾ ਚੱਲਦਾ ਹੈ, ਦੋਵਾਂ ਦਰਮਿਆਨ ਇੱਕ ਅਸਾਧਾਰਨ ਰਿਸ਼ਤਾ ਬਣਨ ਲੱਗਦਾ ਹੈ, ਜੋ ਮਰੀਅਮ ਦੀ ਜ਼ਿੰਦਗੀ ਵਿੱਚ ਸਕੂਨ ਅਤੇ ਭਾਵਨਾਤਮਕ ਸਹਾਰਾ ਲੈ ਕੇ ਆਉਂਦਾ ਹੈ।
ਫ਼ਿਲਮ ਦੀ ਪ੍ਰੇਰਨਾ ਬਾਰੇ ਦੱਸਦੇ ਹੋਏ ਫੈਸਲ ਸੋਇਸਲ ਨੇ ਕਿਹਾ ਕਿ ਇਸ ਕਹਾਣੀ ਦੀ ਕਲਪਨਾ ਉਨ੍ਹਾਂ ਜੋੜਿਆਂ ਦੇ ਡੂੰਘੇ ਸੰਘਰਸ਼ਾਂ ‘ਤੇ ਵਿਚਾਰ ਕਰਨ ਨਾਲ ਹੋਈ, ਜੋ ਔਲਾਦ ਪ੍ਰਾਪਤੀ ਦੀ ਇੱਛਾ ਰੱਖਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਕਈ ਬੱਚਿਆਂ ਦੀ ਸਥਿਤੀ ‘ਤੇ ਵੀ ਧਿਆਨ ਦਿਵਾਇਆ, ਜੋ ਬਿਨਾ ਪਰਿਵਾਰ ਦੇ ਵੱਡੇ ਹੁੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ‘ਰਹਿਮਾ’ ਰਾਹੀਂ ਉਨ੍ਹਾਂ ਦਾ ਉਦੇਸ਼ ਮਾਤਾ-ਪਿਤਾ ਬਣਨ ਦੀਆਂ ਭਾਵਨਾਤਮਕ ਜਟਿਲਤਾਵਾਂ, ਪਰਿਵਾਰ ਦੇ ਅਸਲ ਅਰਥ ਅਤੇ ਮਨੁੱਖੀ ਰਿਸ਼ਤਿਆਂ ਦੇ ਉਨ੍ਹਾਂ ਅਣਕਿਆਸੇ ਪਹਿਲੂਆਂ ਨੂੰ ਸਮਝਣਾ ਸੀ, ਜੋ ਸਾਡੀਆਂ ਡੂੰਘੀਆਂ ਭਾਵਨਾਤਮਕ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਨ।

ਦ ਫਾਰਮ: ਜੀਵਨ ਦੀ ਸ਼ਾਨ ਲਈ ਇੱਕ ਬੱਚੀ ਦਾ ਦਲੇਰਾਨਾ ਸੰਘਰਸ਼
ਐਲਿਫ ਐਡਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ‘ਦ ਫਾਰਮ’ 12 ਸਾਲ ਦੀ ਇਰੇਮ ਦੀ ਕਹਾਣੀ ਹੈ, ਜੋ ਆਪਣੇ ਮਾਤਾ-ਪਿਤਾ ਦੀ ਅਚਾਨਕ ਮੌਤ ਤੋਂ ਬਾਅਦ ਆਪਣੀ ਅਲੱਗ ਰਹਿ ਰਹੀ ਦਾਦੀ ਨਾਲ ਇੱਕ ਡੇਅਰੀ ਫਾਰਮ ਵਿੱਚ ਰਹਿਣ ਆਉਂਦੀ ਹੈ। ਦੁੱਧ ਦਾ ਉਤਪਾਦਨ ਵਧਾਉਣ ਲਈ ਨਵਜੰਮੇ ਵੱਛਿਆਂ ਨੂੰ ਉਨ੍ਹਾਂ ਦੀ ਮਾਂ ਤੋਂ ਵੱਖ ਕਰਨ ਦੀ ਪ੍ਰਥਾ ਦੇਖ ਕੇ ਇਰੇਮ ਵਿਆਕੁਲ ਹੋ ਜਾਂਦੀ ਹੈ। ਉਹ ਆਪਣੀਆਂ ਅੱਖਾਂ ਸਾਹਮਣੇ ਹੋ ਰਹੀ ਇਸ ਬੇਰਹਿਮੀ ਨੂੰ ਸਵੀਕਾਰ ਨਹੀਂ ਕਰ ਪਾਉਂਦੀ। ਫਾਰਮ ਦੇ ਪਸ਼ੂ ਡਾਕਟਰ ਦੇ ਸਹਾਇਕ ਵਜੋਂ ਕੰਮ ਕਰਨ ਵਾਲੇ ਅਨਾਥ ਬੱਚੇ ਹਲੀਦ ਦੀ ਮਦਦ ਨਾਲ ਉਹ ਗਰਭਵਤੀ ਗਾਵਾਂ ਨੂੰ ਮੁਕਤ ਕਰਵਾਉਣ ਦਾ ਦ੍ਰਿੜ੍ਹ ਸੰਕਲਪ ਲੈਕੇ ਮੁਹਿੰਮ ਸ਼ੁਰੂ ਕਰਦੀ ਹੈ।
ਐਲਿਫ ਐਡਾ ਨੇ ਫ਼ਿਲਮ ਦੇ ਮੂਲ ਦਰਸ਼ਨ ਬਾਰੇ ਗੱਲ ਕਰਦੇ ਹੋਏ ਹਰ ਤਰ੍ਹਾਂ ਦੇ ਜੀਵਨ ਦਾ ਸਨਮਾਨ ਕਰਨ ਅਤੇ ਦੂਜਿਆਂ ਦੇ ਦੁੱਖਾਂ ਪ੍ਰਤੀ ਸੰਵੇਦਨਸ਼ੀਲਤਾ ਵਿਕਸਿਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਸਲ ਖ਼ਤਰਾ ਸਿਰਫ਼ ਪੀੜ੍ਹਾ ਸਹਿਣ ਵਿੱਚ ਨਹੀਂ, ਸਗੋਂ ਦੂਜਿਆਂ ਦੀ ਪੀੜ੍ਹਾ ਪ੍ਰਤੀ ਉਦਾਸੀਨ ਹੋ ਜਾਣ ਵਿੱਚ ਹੈ। ਧਰਤੀ 'ਤੇ ਜੀਵਨ ਦੀ ਪਵਿੱਤਰਤਾ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਚੀਜ਼ 'ਤੇ ਕਾਬੂ ਪਾਉਣ ਦੀ ਮਨੁੱਖ ਦੀ ਇੱਛਾ ਅਕਸਰ ਹੋਰ ਜੀਵਾਂ ਲਈ ਪੀੜ੍ਹਾ ਦਾ ਕਾਰਨ ਬਣ ਜਾਂਦੀ ਹੈ।
ਡਾਇਰੈਕਟਰ ਨੇ ਦੱਸਿਆ ਕਿ ਇਸ ਫ਼ਿਲਮ ਰਾਹੀਂ ਉਹ ਜਾਨਵਰਾਂ ਦੀ ਉਸ ਪੀੜ੍ਹਾ ਨੂੰ ਆਵਾਜ਼ ਦੇਣਾ ਚਾਹੁੰਦੀ ਸੀ, ਜੋ ਅਕਸਰ ਅਣਦੇਖੀ ਰਹਿ ਜਾਂਦੀ ਹੈ। ਉਨ੍ਹਾਂ ਨੇ ਫ਼ਿਲਮ ਉਦਯੋਗ ਵਿੱਚ ਇੱਕ ਮਹਿਲਾ ਡਾਇਰੈਕਟਰ ਵਜੋਂ ਆਪਣੀ ਪਛਾਣ ਸਥਾਪਿਤ ਕਰਨ ਦੀਆਂ ਚੁਣੌਤੀਆਂ ਬਾਰੇ ਵੀ ਦੱਸਿਆ ਕਿ ਆਪਣੀਆਂ ਰਚਨਾਤਮਕ ਇੱਛਾਵਾਂ ਨੂੰ ਪੂਰਾ ਕਰਨ ਦੌਰਾਨ ਮਹਿਲਾਵਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
‘ਦ ਫਾਰਮ’ ਵਿੱਚ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਫ਼ਿਲਮ ਦੇ ਸਿਨੇਮੈਟੋਗ੍ਰਾਫਰ ਐਮਰੇ ਪੇਕਾਕਿਰ ਨੇ ਗਾਵਾਂ ਦੀ ਸ਼ੂਟਿੰਗ ਦੌਰਾਨ ਆਈਆਂ ਖ਼ਾਸ ਚੁਣੌਤੀਆਂ ਬਾਰੇ ਦੱਸਿਆ। ਫ਼ਿਲਮ ਨਿਰਮਾਣ ਦੇ ਅਨੁਭਵ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਾਨਵਰਾਂ ਦੇ ਵਿਵਹਾਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਮਾਹੌਲ ਦੀਆਂ ਬਾਰੀਕੀਆਂ ਨੂੰ ਕੈਮਰੇ ਵਿੱਚ ਕੈਦ ਕਰਨ ਲਈ ਉਨ੍ਹਾਂ ਨੇ ਫਾਰਮ 'ਤੇ ਕਾਫ਼ੀ ਸਮਾਂ ਬਿਤਾਇਆ ਅਤੇ ਜਾਨਵਰਾਂ ਦੇ ਨੇੜੇ ਰਹਿ ਕੇ ਉਨ੍ਹਾਂ ਦੇ ਵਿਵਹਾਰ ਨੂੰ ਸਮਝਿਆ। ਚੁਣੌਤੀਆਂ ਦੇ ਬਾਵਜੂਦ ਉਨ੍ਹਾਂ ਨੇ ਜਾਨਵਰਾਂ ਨਾਲ ਸ਼ੂਟਿੰਗ ਦੇ ਅਨੁਭਵ ਨੂੰ ਫ਼ਿਲਮ ਨਿਰਮਾਣ ਦਾ ਆਨੰਦਦਾਇਕ ਅਤੇ ਸਮ੍ਰਿੱਧ ਕਰਨ ਵਾਲਾ ਹਿੱਸਾ ਦੱਸਿਆ।
‘ਰਹਿਮਾ’ ਅਤੇ ‘ਦ ਫਾਰਮ’ ਦੋਵੇਂ ਫ਼ਿਲਮਾਂ ਦਇਆ, ਆਪਣਾਪਨ ਅਤੇ ਸੰਵੇਦਨਸ਼ੀਲਤਾ ਦੀ ਭਾਵੁਕ ਝਲਕ ਪੇਸ਼ ਕਰਦੀਆਂ ਹਨ। ਇਹ ਦਰਸ਼ਕਾਂ ਨੂੰ ਆਪਣੀ ਜ਼ਿੰਦਗੀ ਦੇ ਹਾਲਾਤਾਂ ਤੋਂ ਅੱਗੇ ਵਧ ਕੇ ਦੂਜਿਆਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਸੰਘਰਸ਼ਾਂ ਨੂੰ ਸਮਝਣ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਰੱਖਣ ਦੀ ਯਾਦ ਦਿਵਾਉਂਦੀਆਂ ਹਨ।
ਇਸ ਸੈਸ਼ਨ ਦਾ ਸੰਚਾਲਨ ਸੁਸ਼੍ਰੀ ਸ਼ਿਲਪਾ ਨੀਲਕੰਠ ਨੇ ਕੀਤਾ।
ਇੱਫੀਲੌਇਡ ਇੱਥੇ ਪੜ੍ਹੋ:
https://www.pib.gov.in/iffi/57/iffiLoid.aspx?yr=2026&lang=1®=48
* * *
ਪੀਆਈਬੀ ਇੱਫੀ ਟੀਮ/ ਰਬੀਹਾਸ਼ਮੀ/ ਸੁਪ੍ਰਿਆ/ ਗੋਪਿਕਾ/ ਦਰਸ਼ਨਾ/ਏਕੇ | IFFI 57 – 070