Posted On:
20 NOV 2026 5:53PM by PIB Chandigarh
ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਅਤੇ ਕ੍ਰਾਂਤੀਕਾਰੀ ਕਦਮ ਵਧਾਉਂਦੇ ਹੋਏ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਭੋਪਾਲ ਵਿੱਚ ਬਰਡ ਫਲੂ (H5N1) ਦੀ ਦੇਸ਼ ਦੀ ਪਹਿਲੀ ਸਵਦੇਸ਼ੀ ਚਿਕਨ ਵੈਕਸੀਨ ਰਾਸ਼ਟਰ ਨੂੰ ਸਮਰਪਿਤ ਕੀਤੀ। ਇਸ ਮਾਣਮੱਤੇ ਮੌਕੇ 'ਤੇ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਭੋਪਾਲ ਵਿੱਚ 300 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਅਤਿ-ਆਧੁਨਿਕ ਪ੍ਰਯੋਗਸ਼ਾਲਾ (ਲੈਬ) ਸਥਾਪਿਤ ਕਰਨ ਦਾ ਵੱਡਾ ਐਲਾਨ ਕੀਤਾ, ਉੱਥੇ ਹੀ ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਅਤੇ ਵਿਗਿਆਨੀਆਂ ਦੀ ਸਮਰੱਥਾ 'ਤੇ ਸਵਾਲ ਚੁੱਕਣ ਵਾਲੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਤਿੱਖਾ ਰਾਜਨੀਤਕ ਹਮਲਾ ਵੀ ਕੀਤਾ। ਸਿਰਫ਼ 1 ਤੋਂ 2 ਰੁਪਏ ਦੀ ਬੇਹੱਦ ਕਿਫ਼ਾਇਤੀ ਕੀਮਤ ਵਾਲੀ ਇਹ ਵੈਕਸੀਨ ਬਰਡ ਫਲੂ ਦੇ ਇਸ ਵੇਰੀਐਂਟ ਦੀ ਦੁਨੀਆ ਦੀ ਪਹਿਲੀ ਵੈਕਸੀਨ ਹੈ, ਜੋ ਦੇਸ਼ ਦੇ ਲੱਖਾਂ ਪੋਲਟਰੀ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਪਸ਼ੂ ਪਾਲਣ ਖੇਤਰ ਨੂੰ ਸਲਾਨਾ ਹੋਣ ਵਾਲੇ ਹਜ਼ਾਰਾਂ ਕਰੋੜ ਰੁਪਏ ਦੇ ਨੁਕਸਾਨ ਤੋਂ ਬਚਾਏਗੀ।

ਵਿਦੇਸ਼ ਜਾ ਕੇ ਦੇਸ਼ ਨੂੰ ਬਦਨਾਮ ਕਰਨ ਵਾਲਿਆਂ ਨੂੰ ਸ਼ਿਵਰਾਜ ਦਾ ਕਰਾਰਾ ਜਵਾਬ
ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵਿਰੋਧੀ ਧਿਰ ‘ਤੇ ਸਿੱਧਾ ਹਮਲਾ ਬੋਲਿਆ। ਬਿਨਾ ਨਾਮ ਲਏ ਉਨ੍ਹਾਂ ਨੇ ਕਿਹਾ ਕਿ ਅੱਜ ਉਹ ਲੋਕ ਵੀ ਵੱਡੇ ਧਿਆਨ ਨਾਲ ਦੇਖਣ, ਜੋ ਦੁਨੀਆ ਵਿੱਚ ਜਾ ਕੇ ਆਪਣੇ ਹੀ ਦੇਸ਼ ਨੂੰ ਬਦਨਾਮ ਕਰਨ ਦਾ ਪਾਪ ਕਰਦੇ ਹਨ। ਉਨ੍ਹਾਂ ਨੇ ਤਿੱਖੇ ਸੁਰ ਵਿੱਚ ਕਿਹਾ ਕਿ ਜੋ ਲੋਕ ਸੰਵਿਧਾਨਕ ਅਹੁਦਿਆਂ ‘ਤੇ ਬੈਠ ਕੇ ਵਿਦੇਸ਼ਾਂ ਵਿੱਚ ਭਾਰਤ ਦੇ ਸੰਵਿਧਾਨ ‘ਤੇ ਟਿੱਪਣੀ ਕਰਦੇ ਹਨ, ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਦੇ ਹਨ, ਦੇਸ਼ ਦੀ ਸੈਨਾ, ਵਿਗਿਆਨੀਆਂ ਅਤੇ ਆਮ ਲੋਕਾਂ ਦੀ ਮਿਹਨਤ ‘ਤੇ ਸਵਾਲ ਖੜ੍ਹੇ ਕਰਦੇ ਹਨ, ਉਨ੍ਹਾਂ ਨੂੰ ਅੱਜ ਦਾ ਇਹ ਬਦਲਦਾ, ਆਤਮਨਿਰਭਰ ਅਤੇ ਵਿਕਸਿਤ ਭਾਰਤ ਦੇਖਣਾ ਚਾਹੀਦਾ ਹੈ। ਸ਼੍ਰੀ ਚੌਹਾਨ ਨੇ ਕਿਹਾ ਕਿ ਪਹਿਲਾਂ ਸਾਡੇ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਬਣੀ ਟਾਸਕ ਫੋਰਸ ਦੇ ਜ਼ਰੀਏ ਸਿਰਫ਼ 9 ਮਹੀਨਿਆਂ ਵਿੱਚ ਕੋਵਿਡ ਦੀਆਂ ਦੋ ਸਵਦੇਸ਼ੀ ਵੈਕਸੀਨ ਬਣਾ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਅੱਜ ਬਰਡ ਫਲੂ ਦੀ ਪਹਿਲੀ ਸਵਦੇਸ਼ੀ ਵੈਕਸੀਨ ਬਣਾ ਕੇ ਭਾਰਤ ਦੀ ਸਮਰੱਥਾ ਦਾ ਲੋਹਾ ਮਨਵਾਇਆ ਹੈ।

ਭੋਪਾਲ ਵਿੱਚ ਬਣੇਗੀ 300 ਕਰੋੜ ਰੁਪਏ ਦੀ ਨਵੀਂ ਲੈਬ, ਦਿੱਲੀ ਦੀ ਬਜਾਏ ਭੋਪਾਲ ਤੋਂ ਹੀ ਹੋਇਆ ਉਦਘਾਟਨ
ਭੋਪਾਲ ਸਥਿਤ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ICAR) ਦੇ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ (NIHSAD – ਨਿਸ਼ਾਦ) ਦੀਆਂ ਉਪਲਬਧੀਆਂ ਨੂੰ ਉਜਾਗਰ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਭੋਪਾਲ ਨੂੰ 300 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇੱਕ ਨਵੀਂ ਅਤਿ-ਆਧੁਨਿਕ ਲੈਬ ਦੀ ਸੌਗਾਤ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭੋਪਾਲ ਦਾ ਇਹ ਸੰਸਥਾਨ ਅੱਜ ਭਾਰਤ ਦਾ ਕੀਰਤੀ ਥੰਮ੍ਹ ਬਣ ਗਿਆ ਹੈ। ਸ਼੍ਰੀ ਚੌਹਾਨ ਨੇ ਦੱਸਿਆ ਕਿ ਪਹਿਲਾਂ ਇਸ ਵੈਕਸੀਨ ਦਾ ਉਦਘਾਟਨ ਦਿੱਲੀ ਤੋਂ ਕਰਨ ਦੀ ਯੋਜਨਾ ਬਣ ਰਹੀ ਸੀ, ਪਰ ਉਨ੍ਹਾਂ ਨੇ ਤੈਅ ਕੀਤਾ ਕਿ ਜਿਨ੍ਹਾਂ ਵਿਗਿਆਨੀਆਂ ਨੇ ਭੋਪਾਲ ਵਿੱਚ ਦਿਨ-ਰਾਤ ਇੱਕ ਕਰਕੇ ਇਸ ਨੂੰ ਬਣਾਇਆ ਹੈ, ਉਨ੍ਹਾਂ ਦੇ ਹੀ ਵਿਚਕਾਰ ਅਤੇ ਭੋਪਾਲ ਦੀ ਜਨਤਾ ਦੇ ਸਾਹਮਣੇ ਇਸ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਜਾਵੇਗਾ।
ਪਸ਼ੂ ਚੱਲਦੇ-ਫਿਰਦੇ ਏਟੀਐੱਮ, 56 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਤੋਂ ਬਚੇਗਾ ਦੇਸ਼
ਪਸ਼ੂ ਪਾਲਣ ਅਤੇ ਪੋਲਟਰੀ ਸੈਕਟਰ ਨੂੰ ਗ੍ਰਾਮੀਣ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਦੱਸਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪਸ਼ੂ ਕਿਸਾਨਾਂ ਲਈ 'ਚੱਲਦੇ-ਫਿਰਦੇ ਏਟੀਐੱਮ' ਹਨ, ਜੋ ਖੇਤੀ ਦੇ ਨਾਲ ਹਰ ਮਹੀਨੇ ਨਿਯਮਿਤ ਆਮਦਨ ਦਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਦੇ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿੱਚ ਪਸ਼ੂ ਪਾਲਣ ਦਾ 14 ਫੀਸਦੀ ਅਤੇ ਪੋਲਟਰੀ ਦਾ 1 ਫੀਸਦੀ ਯੋਗਦਾਨ ਹੈ। ਉਨ੍ਹਾਂ ਨੇ ਅੰਕੜਿਆਂ ਦੇ ਜ਼ਰੀਏ ਦੱਸਿਆ ਕਿ ਮੂੰਹ-ਖੁਰ ਦੀ ਬਿਮਾਰੀ (FMD – ਫੁੱਟ ਐਂਡ ਮਾਊਥ ਡਿਜ਼ੀਜ਼) ਕਾਰਨ ਔਸਤਨ 22,000 ਕਰੋੜ ਰੁਪਏ, ਲੰਪੀ ਵਾਇਰਸ ਕਾਰਨ 20,000 ਕਰੋੜ ਰੁਪਏ, ਬਰੂਸੈਲੋਸਿਸ ਕਾਰਨ 9,212 ਕਰੋੜ ਰੁਪਏ ਅਤੇ ਭੇਡ-ਬੱਕਰੀਆਂ ਦੀ ਬਿਮਾਰੀ ਪੀਪੀਆਰ (PPR – ਪੇਸਟ ਡੇਸ ਪੇਟਿਟਸ ਰੁਮੀਨੈਂਟਸ) ਕਾਰਨ 4,683 ਕਰੋੜ ਰੁਪਏ ਦਾ ਨੁਕਸਾਨ ਹੁੰਦਾ ਸੀ। ਇਸ ਤਰ੍ਹਾਂ ਕੁੱਲ 56,000 ਕਰੋੜ ਰੁਪਏ ਦਾ ਭਾਰੀ ਨੁਕਸਾਨ ਦੇਸ਼ ਅਤੇ ਕਿਸਾਨਾਂ ਨੂੰ ਝੱਲਣਾ ਪੈਂਦਾ ਸੀ, ਜਿਸ ਤੋਂ ਹੁਣ ਸਵਦੇਸ਼ੀ ਟੀਕਿਆਂ ਰਾਹੀਂ ਦੇਸ਼ ਨੂੰ ਬਚਾਉਣ ਦਾ ਪੁੰਨ ਦਾ ਕੰਮ ਹੋ ਰਿਹਾ ਹੈ।

1 ਤੋਂ 2 ਰੁਪਏ ਵਿੱਚ ਮਿਲੇਗਾ ਸੁਰੱਖਿਆ ਕਵਚ, 2006 ਤੋਂ ਹੁਣ ਤੱਕ ਝੱਲੇ 500 ਤੋਂ ਵੱਧ ਪ੍ਰਕੋਪ
ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਬਰਡ ਫਲੂ ਦਾ ਪਹਿਲਾ ਪ੍ਰਕੋਪ ਸਾਲ 2006 ਵਿੱਚ ਮਹਾਰਾਸ਼ਟਰ ਦੇ ਨਵਾਪੁਰ ਵਿੱਚ ਆਇਆ ਸੀ, ਜਿਸ ਵਿੱਚ 10 ਲੱਖ ਮੁਰਗੀਆਂ ਮਰੀਆਂ ਸਨ ਅਤੇ ਸੰਕ੍ਰਮਣ ਨੂੰ ਰੋਕਣ ਲਈ ਲੱਖਾਂ ਮੁਰਗੀਆਂ ਨੂੰ ਮਾਰ ਕੇ ਟੋਇਆਂ ਵਿੱਚ ਦੱਬਣਾ ਪਿਆ ਸੀ। ਇਸ ਤੋਂ ਬਾਅਦ 2021 ਵਿੱਚ 9 ਲੱਖ ਅਤੇ ਇਸ ਸਾਲ ਵੀ 2 ਲੱਖ ਮੁਰਗੀਆਂ ਦੀ ਮੌਤ ਹੋਈ। 2006 ਤੋਂ ਹੁਣ ਤੱਕ ਦੇਸ਼ ਵਿੱਚ ਬਰਡ ਫਲੂ ਦੇ 500 ਤੋਂ ਵੱਧ ਪ੍ਰਕੋਪ ਆ ਚੁੱਕੇ ਹਨ, ਜਿਸ ਨਾਲ ਨਾ ਸਿਰਫ਼ ਪੋਲਟਰੀ ਉਦਯੋਗ ਤਬਾਹ ਹੁੰਦਾ ਸੀ, ਸਗੋਂ ਇਸ ਦੇ ਥਣਧਾਰੀ ਪਸ਼ੂਆਂ ਅਤੇ ਮਨੁੱਖਾਂ ਵਿੱਚ ਫੈਲਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਸੀ। ਹੁਣ ਇਸ ਨਵੀਂ ਵੈਕਸੀਨ ਦੀ ਇੱਕ ਖੁਰਾਕ ਦੀ ਕੀਮਤ ਸਿਰਫ਼ 1 ਤੋਂ 2 ਰੁਪਏ ਦੇ ਦਰਮਿਆਨ ਰੱਖੀ ਗਈ ਹੈ, ਤਾਂ ਜੋ ਛੋਟੇ ਤੋਂ ਛੋਟਾ ਮੁਰਗੀ ਪਾਲਕ ਵੀ ਇਸ ਦਾ ਭਾਰ ਆਸਾਨੀ ਨਾਲ ਚੁੱਕ ਸਕੇ ਅਤੇ ਉਸ ਦੀ ਰੋਜ਼ੀ-ਰੋਟੀ ਸੁਰੱਖਿਅਤ ਰਹੇ।
ਮੋਦੀ ਸਰਕਾਰ ਦੀ ਟੀਕਾਕਰਣ ਮੁਹਿੰਮ ਨਾਲ ਪਸ਼ੂ ਰੋਗਾਂ ‘ਤੇ ਫ਼ੈਸਲਾਕੁੰਨ ਕੰਟਰੋਲ
ਸ਼੍ਰੀ ਚੌਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਧਰਤੀ ਮਥੁਰਾ ਤੋਂ ‘ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਪ੍ਰੋਗਰਾਮ’ ਸ਼ੁਰੂ ਕੀਤਾ ਸੀ, ਜਿਸ ਤਹਿਤ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਹੁਣ ਤੱਕ 147 ਕਰੋੜ 16 ਲੱਖ ਮੁਫ਼ਤ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਬਰੂਸੈਲੋਸਿਸ ‘ਤੇ ਕਾਬੂ ਪਾ ਲਿਆ ਗਿਆ ਹੈ। ਇਸੇ ਤਰ੍ਹਾਂ 2022 ਵਿੱਚ ਜਦੋਂ ਲੰਪੀ ਚਮੜੀ ਰੋਗ ਨਾਲ 32 ਲੱਖ 80 ਹਜ਼ਾਰ ਪਸ਼ੂ ਸੰਕਰਮਿਤ ਹੋਏ ਸਨ ਅਤੇ 1 ਲੱਖ 86 ਹਜ਼ਾਰ ਪਸ਼ੂਆਂ ਦੀ ਮੌਤ ਹੋਈ ਸੀ, ਉਦੋਂ ਹਿਸਾਰ ਅਤੇ ਇੱਜ਼ਤਨਗਰ ਦੇ ਵਿਗਿਆਨੀਆਂ ਨੇ ‘ਲੰਪੀ ਪ੍ਰੋਵੈਕਇੰਡ’ ਟੀਕਾ ਬਣਾਇਆ। ਭੋਪਾਲ ਦੇ ਇਸੇ ਸੰਸਥਾਨ ਨੇ ਪਹਿਲਾਂ ਵੀ ਗੰਬੇਰੋ ਵੈਕਸੀਨ, ਬਰੂਸੈਲਾ ਐਬੋਰਟਸ ਐੱਸ-19 ਡੈਲਟਾ ਵੈਕਸੀਨ, ਕਲਾਸੀਕਲ ਸਵਾਈਨ ਫੀਵਰ ਅਤੇ ਅਫਰੀਕਨ ਸਵਾਈਨ ਫੀਵਰ ਦੇ ਸਵਦੇਸ਼ੀ ਟੀਕੇ ਬਣਾ ਕੇ ਦੇਸ਼ ਦਾ ਮਾਣ ਵਧਾਇਆ ਹੈ।

ਸੈਨਿਕਾਂ ਵਰਗੀ ਤਪੱਸਿਆ: ਛੁੱਟੀਆਂ ਤਿਆਗ ਕੇ ਅਤੇ ਸਖ਼ਤ ਪ੍ਰੋਟੋਕੋਲ ਅਪਣਾ ਕੇ ਵਿਗਿਆਨੀਆਂ ਨੇ ਰਚਿਆ ਇਤਿਹਾਸ
ਵੈਕਸੀਨ ਬਣਾਉਣ ਵਾਲੇ ਵਿਗਿਆਨੀਆਂ- ਡਾ. ਐੱਸ. ਨਾਗਰਾਜਨ, ਡਾ. ਮਨੋਜ ਕੁਮਾਰ, ਡਾ. ਸੀ. ਤੋਸ਼, ਡਾ. ਐੱਚ ਵੀ. ਮੁਰਗਕਰ, ਡਾ. ਅਨਿਕੇਤ ਸਾਨਿਆਲ, ਡਾ. ਸੇਂਥਿਲ ਕੁਮਾਰ ਡੀ., ਡਾ. ਨਵੀਨ ਕੁਮਾਰ ਅਤੇ ਡਾ. ਯੋਗੀਸ਼ਾਰਾਧਿਆ ਆਰ. ਨੂੰ ‘ਰੀਅਲ ਹੀਰੋ’ ਦੱਸਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਚੌਹਾਨ ਨੇ ਉਨ੍ਹਾਂ ਦੇ ਸੰਘਰਸ਼ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਗਿਆਨੀਆਂ ਨੇ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਲਏ ਬਿਨਾਂ ਮਹੀਨਿਆਂ ਤੱਕ ਲਗਾਤਾਰ ਖੋਜ ਕੀਤੀ। ਲੈਬ ਦੇ ਸਖ਼ਤ ਜੈਵ-ਸੁਰੱਖਿਆ ਪ੍ਰੋਟੋਕੋਲ ਤਹਿਤ ਉਨ੍ਹਾਂ ਨੂੰ ਘਰ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੈਨੀਟਾਈਜ਼ੇਸ਼ਨ ਕਰਨੀ ਪੈਂਦੀ ਸੀ, ਰੋਜ਼ 120 ਲੀਟਰ ਪਾਣੀ ਨਾਲ ਨਹਾਉਣਾ ਪੈਂਦਾ ਸੀ ਅਤੇ ਪੂਰੀ ਰਿਸਰਚ ਦੌਰਾਨ ਉਹ ਆਪਣੇ ਘਰਾਂ ਵਿੱਚ ਕੋਈ ਪਾਲਤੂ ਪਸ਼ੂ ਵੀ ਨਹੀਂ ਰੱਖ ਸਕਦੇ ਸਨ। ਕੇਂਦਰੀ ਮੰਤਰੀ ਨੇ ਵਿਗਿਆਨੀਆਂ ਦੀ ਇਸ ਸਾਧਨਾ ਅਤੇ ਸੈਨਿਕ ਵਰਗੇ ਸਮਰਪਣ ਨੂੰ ਵਾਰ-ਵਾਰ ਪ੍ਰਣਾਮ ਕੀਤਾ।
ਇਸ ਮੌਕੇ ‘ਤੇ ਮੱਧ ਪ੍ਰਦੇਸ਼ ਸਰਕਾਰ ਦੇ ਯੁਵਾ, ਖੇਡ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਵਿਸ਼ਵਾਸ ਸਾਰੰਗ, ਭੋਪਾਲ ਦੇ ਸਾਸੰਦ ਸ਼੍ਰੀ ਆਲੋਕ ਸ਼ਰਮਾ, ਖਾਤੇਗਾਂਵ ਦੇ ਵਿਧਾਇਕ ਸ਼੍ਰੀ ਆਸ਼ੀਸ਼ ਸ਼ਰਮਾ, ਭੋਪਾਲ ਦੀ ਮੇਅਰ ਸ਼੍ਰੀਮਤੀ ਮਾਲਤੀ ਰਾਏ, ਸੀਨੀਅਰ ਜਨ ਪ੍ਰਤੀਨਿਧੀ ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਨਰੇਸ਼ ਮੇਵਾੜਾ, ਸ਼੍ਰੀ ਰਾਕੇਸ਼ ਜਾਦੌਨ, ਸ਼੍ਰੀ ਰਾਜੇਸ਼ ਚੌਕਸੇ, ਸੁਸ਼੍ਰੀ ਛਾਇਆ ਸਮੇਤ ਕੌਂਸਲਰ, ICAR ਦੇ ਡਾਇਰੈਕਟਰ ਜਨਰਲ ਡਾ. ਐੱਮ.ਐੱਲ. ਜਾਟ, ਸੰਸਥਾਨ ਦੇ ਡਾਇਰੈਕਟਰ ਡਾ. ਅਨਿਕੇਤ ਸਾਨਿਆਲ ਅਤੇ ਵੱਡੀ ਗਿਣਤੀ ਵਿੱਚ ਵਿਗਿਆਨੀ ਅਤੇ ਪਤਵੰਤੇ ਸੱਜਣ ਮੌਜੂਦ ਰਹੇ।
*****
ਐੱਸਐੱਸ/ਐੱਮਐੱਸ/ਏਕੇ